ਹਸਪਤਾਲਾਂ ਦੀ ਸੁਰੱਖਿਆ ਵਿਵਸਥਾ ਵਿਚ ਕਮੀ, ਰਾਤ ਤਾਂ ਕੀ ਦਿਨੇ ਵੀ ਡਾਕਟਰ ਸੁਰੱਖਿਅਤ ਨਹੀਂ

Friday, Nov 15, 2024 - 01:48 AM (IST)

ਹਸਪਤਾਲਾਂ ਦੀ ਸੁਰੱਖਿਆ ਵਿਵਸਥਾ ਵਿਚ ਕਮੀ, ਰਾਤ ਤਾਂ ਕੀ ਦਿਨੇ ਵੀ ਡਾਕਟਰ ਸੁਰੱਖਿਅਤ ਨਹੀਂ

ਇਸੇ ਸਾਲ 9 ਅਗਸਤ ਨੂੰ ਕੋਲਕਾਤਾ ਦੇ ਇਕ ਹਸਪਤਾਲ ਵਿਚ ਰਾਤ ਦੀ ਡਿਊਟੀ ਕਰ ਰਹੀ ਟ੍ਰੇਨੀ ਡਾਕਟਰ ਨਾਲ ਜਬਰ-ਜ਼ਨਾਹ ਅਤੇ ਕਤਲ ਦੇ ਬਾਅਦ ਹਸਪਤਾਲਾਂ ਵਿਚ ਸਿਹਤ ਮੁਲਾਜ਼ਮਾਂ ਦੀ ਸੁਰੱਖਿਆ ਬਾਰੇ ਕਰਵਾਏ ਸਰਵੇਖਣਾਂ ਵਿਚ ਚਿੰਤਾਜਨਕ ਤੱਥ ਸਾਹਮਣੇ ਆਏ ਹਨ।

‘ਇੰਡੀਅਨ ਮੈਡੀਕਲ ਐਸੋਸੀਏਸ਼ਨ’ (ਆਈ.ਐੱਮ.ਏ.) ਦੇ ਇਕ ਅਧਿਐਨ ਦੇ ਅਨੁਸਾਰ ਇਕ-ਤਿਹਾਈ ਡਾਕਟਰ ਰਾਤ ਦੀ ਡਿਊਟੀ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਜਦ ਕਿ ਹਸਪਤਾਲ ਤਾਂ ਦਿਨ ਦੇ ਸਮੇਂ ਵੀ ਸੁਰੱਖਿਅਤ ਨਹੀਂ ਰਹੇ ਹਨ।

‘ਏਮਸ’ ਦਿੱਲੀ ਅਤੇ ਕੁਝ ਹੋਰ ਪ੍ਰਮੁੱਖ ਹਸਪਤਾਲਾਂ ਦੇ ਮਾਹਿਰਾਂ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ 58.2 ਫੀਸਦੀ ਸਿਹਤ ਮੁਲਾਜ਼ਮਾਂ ਨੇ ਕਿਹਾ ਕਿ ਉਹ ਕੰਮ ਵਾਲੀ ਥਾਂ ’ਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ।

ਇਸਦਾ ਤਾਜ਼ਾ ਸਬੂਤ 13 ਨਵੰਬਰ, 2024 ਨੂੰ ਮਿਲਿਆ ਜਦੋਂ ਸਵੇਰੇ ਲੱਗਭਗ 10.15 ਵਜੇ ਚੇਨਈ (ਤਾਮਿਲਨਾਡੂ) ਸਥਿਤ ‘ਸਰਕਾਰੀ ਕਲੈਈਗਨਾਰ ਸੇਂਟੇਨਰੀ ਸੁਪਰ ਸਪੈਸ਼ਲਿਸਟੀ ਹਸਪਤਾਲ (ਕੇ. ਸੀ. ਐੱਸ. ਐੱਸ. ਐੱਚ.)’ ਵਿਚ ਆਪਣੀ ਕੈਂਸਰ ਪੀੜਤ ਮਾਂ ਦੇ ਇਲਾਜ ਨੂੰ ਲੈ ਕੇ ਪ੍ਰਸਿੱਧ ਕੈਂਸਰ ਰੋਗ ਮਾਹਿਰ ਡਾ. ਬਾਲਾਜੀ ਜਗਨਾਥਨ ਨਾਲ ਨਾਰਾਜ਼ ਵਿਗਨੇਸ਼ ਨਾਂ ਦੇ ਨੌਜਵਾਨ ਨੇ ਉਨ੍ਹਾਂ ਦੀ ਛਾਤੀ, ਗਰਦਨ, ਮੱਥੇ, ਕੰਨ, ਪਿੱਠ, ਢਿੱਡ ਅਤੇ ਸਿਰ ’ਤੇ ਚਾਕੂ ਨਾਲ ਅੰਨ੍ਹੇਵਾਹ 7 ਹਮਲੇ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।

ਡਾ. ਬਾਲਾਜੀ ਜਗਨਾਥਨ ’ਤੇ ਹਮਲੇ ਤੋਂ ਨਾਰਾਜ਼ ਤਾਮਿਲਨਾਡੂ ਵਿਚ ਡਾਕਟਰਾਂ ਦੇ ਵੱਖ-ਵੱਖ ਸੰਗਠਨਾਂ ਨੇ ਮੁਲਜ਼ਮ ਵਿਗਨੇਸ਼ ਨੂੰ ਸਖ਼ਤ ਸਜ਼ਾ ਦੇਣ ਅਤੇ ਲੋੜੀਂਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹੜਤਾਲ ਕਰ ਦਿੱਤੀ, ਜਿਸ ਨਾਲ ਸੂਬੇ ਦੇ 45 ਹਜ਼ਾਰ ਸਰਕਾਰੀ ਅਤੇ 8 ਹਜ਼ਾਰ ਨਿੱਜੀ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਸੁਰੱਖਿਆ ਸਬੰਧੀ ਮੰਗਾਂ ਪੂਰੀਆਂ ਹੋਣ ਤਕ ਅੰਦੋਲਨ ਜਾਰੀ ਰਹੇਗਾ।

ਹਾਲਾਂਕਿ ਹਸਪਤਾਲ ਦੇ ਮੁਲਾਜ਼ਮਾਂ ਨੇ ਮੁਲਜ਼ਮ ਵਿਗਨੇਸ਼ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ। ਮੁਲਜ਼ਮ ਨੌਜਵਾਨ ਵਿਰੁੱਧ ਸਖ਼ਤ ਐਕਸ਼ਨ ਲੈਣ ਅਤੇ ਹਸਪਤਾਲਾਂ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਕਿ ਡਾਕਟਰ ਬੇਖੌਫ ਆਪਣੀਆਂ ਸੇਵਾਵਾਂ ਜਨਤਾ ਨੂੰ ਦੇ ਸਕਣ।

-ਵਿਜੇ ਕੁਮਾਰ


author

Harpreet SIngh

Content Editor

Related News