ਸੁਰੱਖਿਆ ਬਲਾਂ ਦੇ ਵਾਹਨਾਂ ਤੇ ਐਂਬੂਲੈਂਸਾਂ ’ਚ ਨਸ਼ਾ ਸਮੱਗਲਿੰਗ ਦਾ ਸਾਮਾਨ ਇਧਰ-ਓਧਰ

Thursday, Sep 26, 2024 - 04:02 AM (IST)

ਨਸ਼ਾ ਸਮੱਗਲਿੰਗ ਦਾ ਧੰਦਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਲਈ ਨਸ਼ਾ ਸਮੱਗਲਰ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ ਤਾਂਕਿ ਫੜੇ ਨਾ ਜਾ ਸਕਣ। ਇਥੋਂ ਤਕ ਕਿ ਸੁਰੱਖਿਆ ਬਲਾਂ ਦੇ ਵਾਹਨਾਂ ਅਤੇ ਐਂਬੂਲੈਂਸਾਂ ਤਕ ਦੀ ਵਰਤੋਂ ਨਸ਼ਾ ਸਮੱਗਲਿੰਗ ਲਈ ਕੀਤੀ ਜਾ ਰਹੀ ਹੈ। ਇਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 3 ਜਨਵਰੀ, 2024 ਨੂੰ ਨੀਮਚ (ਮੱਧ ਪ੍ਰਦੇਸ਼) ’ਚ ਐਂਬੂਲੈਂਸ ਦੀ ਆੜ ’ਚ ਡੋਡਾ-ਚੂਰਾ ਦੀ ਸਮੱਗਲਿੰਗ ਕਰਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 840 ਕਿਲੋਗ੍ਰਾਮ ਡੋਡਾ-ਚੂਰਾ ਜ਼ਬਤ ਕੀਤਾ ਗਿਆ।
* 13 ਜੂਨ ਨੂੰ ਦਿਸਪੁਰ (ਅਸਾਮ) ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਆਪਣੇ ਹੀ ਵਿਭਾਗ ਦੀ ਪੈਟਰੋਲਿੰਗ ਕਾਰ ਦੇ ਡਰਾਈਵਰ ਨੂੰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਸਪਲਾਈ ਕਰਨ ਜਾਂਦੇ ਹੋਏ ਗ੍ਰਿਫਤਾਰ ਕੀਤਾ।
* 15 ਜੂਨ ਨੂੰ ਸ਼ਹਿਡੋਲ (ਮੱਧ ਪ੍ਰਦੇਸ਼) ਜ਼ਿਲੇ ’ਚ ਐਂਬੂਲੈਂਸ ’ਚ ਵਿਕਰੀ ਲਈ ਪੂਰੀ ਤਰ੍ਹਾਂ ਪਾਬੰਦੀਸ਼ੁਦਾ 10 ਲੱਖ ਰੁਪਏ ਮੁੱਲ ਦੇ 255 ਨਸ਼ੀਲੇ ਇੰਜੈਕਸ਼ਨ ਲੈ ਕੇ ਜਾ ਰਹੇ 4 ਨਸ਼ਾ ਸਮੱਗਲਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।
* 30 ਜੁਲਾਈ ਨੂੰ ਸ਼ਿਮਲਾ (ਹਿਮਾਚਲ ਪ੍ਰਦੇਸ਼) ’ਚ ਪੁਲਸ ਨੇ ਇਕ ਐਂਬੂਲੈਂਸ ਨੂੰ ਕਬਜ਼ੇ ’ਚ ਲੈ ਕੇ ਤਲਾਸ਼ੀ ਦੌਰਾਨ ਉਸ ਦੀ ਡੈਸ਼ਬੋਰਡ ਸਮੇਤ ਥਾਂ-ਥਾਂ ਲੁਕੋਈ ਚਰਸ ਬਰਾਮਦ ਕੀਤੀ।
* 2 ਅਗਸਤ ਨੂੰ ਰਾਵਤਭਾਟਾ (ਰਾਜਸਥਾਨ) ’ਚ ਇਕ ਐਂਬੂਲੈਂਸ ’ਚ ਰੱਖੇ ਪਲਾਸਟਿਕ ਦੇ ਗੱਟਿਆਂ ’ਚ ਭਰ ਕੇ ਲਿਜਾਇਆ ਜਾ ਰਿਹਾ ਲਗਭਗ 1 ਕਰੋੜ ਰੁਪਏ ਮੁੱਲ ਦਾ ਡੋਡਾ ਪੋਸਤ ਫੜਿਆ ਗਿਆ।
* 22 ਅਗਸਤ ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ਪੁਲਸ ਵਲੋਂ ਇਕ ਐਂਬੂਲੈਂਸ ਦੀ ਤਲਾਸ਼ੀ ਲੈਣ ’ਤੇ ਉਸ ’ਚ ਬੈਠੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ 10 ਪੇਟੀਆਂ ਦੇਸੀ ਸ਼ਰਾਬ ਅਤੇ 4 ਪੇਟੀਆਂ ਬੀਅਰ ਬਰਾਮਦ ਕੀਤੀ ਗਈ।
* 21 ਸਤੰਬਰ ਨੂੰ ਨਾਗਪੁਰ (ਮਹਾਰਾਸ਼ਟਰ) ਪੁਲਸ ਨੇ ‘ਗੜ੍ਹਚਿਰੌਲੀ’ ’ਚ ਸ਼ੱਕ ਦੇ ਆਧਾਰ ’ਤੇ ਇਕ ਐਂਬੂਲੈਂਸ ਦੀ ਤਲਾਸ਼ੀ ਦੌਰਾਨ ਉਸ ’ਚ ਲਿਜਾਈ ਜਾ ਰਹੀ 96 ਬੋਤਲ ਸ਼ਰਾਬ ਨਾਲ ਪਿਪਲੀ ਬੁਰਗੀ ਪ੍ਰਾਇਮਰੀ ਹੈਲਥ ਸੈਂਟਰ ਦੇ ਇੰਚਾਰਜ ‘ਡਾ. ਬ੍ਰਹਮਾਨੰਦ ਪੁੰਗਾਤੀ’ ਨੂੰ ਗ੍ਰਿਫਤਾਰ ਕੀਤਾ।
* ਅਤੇ ਹੁਣ 24 ਸਤੰਬਰ ਨੂੰ ਜਲੰਧਰ ਦਿਹਾਤੀ ਪੁਲਸ ਵਲੋਂ ਬਿਧੀਪੁਰ ਰੇਲਵੇ ਕ੍ਰਾਸਿੰਗ ਨੇੜੇ ਫੌਜ ਦਾ ਸਾਮਾਨ ਲੈ ਕੇ ਜਾ ਰਹੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਉਸ ’ਚੋਂ 150 ਕਿਲੋ ਚੂਰਾ-ਪੋਸਤ ਬਰਾਮਦ ਕਰ ਕੇ ਇਕ ਅੰਤਰਰਾਜੀ ਨਸ਼ਾ ਸਮੱਗਲਰ ਗਿਰੋਹ ਦਾ ਪਰਦਾਫਾਸ਼ ਕੀਤਾ।
ਇਸ ਸੰਬੰਧ ’ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਵਲੋਂ ਫੌਜ ਨਾਲ ਜੁੜੇ ਦਸਤਾਵੇਜ਼ਾਂ ਦੀ ਵਰਤੋਂ ਨੂੰ ਦੇਖਦੇ ਹੋਏ ਪੁਲਸ ਨੇ ਅੱਗੇ ਦੀ ਜਾਂਚ ਲਈ ਫੌਜ ਦੀ ਸੂਹੀਆ ਏਜੰਸੀ ਨਾਲ ਸੰਪਰਕ ਕੀਤਾ।
ਕਈ ਸੂਬਿਆਂ ਅਤੇ ਨਾਕਿਆਂ ਤੋਂ ਲੰਘਣ ਦੇ ਦੌਰਾਨ ਜਦ ਵੀ ਟਰੱਕ ਨੂੰ ਚੈਕਿੰਗ ਲਈ ਰੋਕਿਆ ਜਾਂਦਾ ਤਾਂ ਟਰੱਕ ਡਰਾਈਵਰ ਫੌਜ ਦਾ ਸਾਮਾਨ ਹੋਣ ਦੀ ਗੱਲ ਕਹਿ ਦਿੰਦੇ ਜਿਸ ਕਾਰਨ ਬਿਨਾਂ ਤਲਾਸ਼ੀ ਦਿੱਤੇ ਹੀ ਟਰੱਕ ਝਾਰਖੰਡ ਤੋਂ ਜਲੰਧਰ ਪਹੁੰਚ ਗਿਆ। ਉਕਤ ਟਰੱਕ ਡਰਾਈਵਰ ਪਹਿਲਾਂ ਵੀ ਪੰਜਾਬ ਦੇ ਕਈ ਚੱਕਰ ਲਾ ਚੁੱਕੇ ਹਨ। ਪੁਲਸ ਅਧਿਕਾਰੀਆਂ ਨਾਲ ਆਰਮੀ ਇੰਟੈਲੀਜੈਂਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਕੋਈ ਧਮਾਕਾਖੇਜ਼ ਸਾਮਾਨ ਅਤੇ ਹਥਿਆਰ ਤਾਂ ਟਰੱਕ ਸਵਾਰਾਂ ਨੇ ਡਲਿਵਰ ਨਹੀਂ ਕੀਤੇ?
ਸੁਰੱਖਿਆ ਬਲਾਂ ਦੇ ਵਾਹਨਾਂ ਜਾਂ ਉਨ੍ਹਾਂ ਨਾਲ ਮਿਲਦੇ-ਜੁਲਦੇ ਵਾਹਨਾਂ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਇਹੀ ਇਕ ਇਕੱਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਸੁਰੱਖਿਆ ਬਲਾਂ ਦੇ ਵਾਹਨਾਂ ਅਤੇ ਐਂਬੂਲੈਂਸਾਂ ’ਚ ਨਸ਼ਿਆਂ ਦੀ ਸਮੱਗਲਿੰਗ ਬੇਹੱਦ ਗੰਭੀਰ ਜੁਰਮ ਹੈ। ਇਸ ਲਈ ਅਜਿਹੇ ਕਾਰਿਆਂ ’ਚ ਸ਼ਾਮਲ ਹੋਣ ਵਾਲਿਆਂ ’ਤੇ ਦੇਸ਼-ਧ੍ਰੋਹ ਦੇ ਦੋਸ਼ ’ਚ ਮੁਕੱਦਮਾ ਚਲਾ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ।

–ਵਿਜੇ ਕੁਮਾਰ


Inder Prajapati

Content Editor

Related News