ਸੈਫ ਅਲੀ ਖਾਨ ’ਤੇ ਹਮਲਾ, ਸੁਰੱਖਿਆ ’ਚ ਕੁਤਾਹੀ ਜਾਂ ਘਰ ਦਾ ਭੇਤੀ

Saturday, Jan 18, 2025 - 02:39 AM (IST)

ਸੈਫ ਅਲੀ ਖਾਨ ’ਤੇ ਹਮਲਾ, ਸੁਰੱਖਿਆ ’ਚ ਕੁਤਾਹੀ ਜਾਂ ਘਰ ਦਾ ਭੇਤੀ

ਦੇਸ਼ ਦੀ ਆਰਥਿਕ ਰਾਜਧਾਨੀ ਹੋਣ ਦੇ ਨਾਲ-ਨਾਲ ਮਾਇਆਨਗਰੀ ਮੁੰਬਈ ਫਿਲਮ ਨਿਰਮਾਣ ਦਾ ਪ੍ਰਮੁੱਖ ਕੇਂਦਰ ਹੈ। ਇਥੇ ਸੁਰੱਖਿਆ ਪ੍ਰਬੰਧ ਬੜੇ ਹੀ ਸਖਤ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਆਮ ਲੋਕਾਂ ਦੀ ਗੱਲ ਤਾਂ ਇਕ ਪਾਸੇ, ਫਿਲਮ ਅਤੇ ਉਦਯੋਗ-ਕਾਰੋਬਾਰ ਜਗਤ ਅਤੇ ਸਿਆਸਤ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਵੀ ਅਪਰਾਧਿਕ ਤੱਤਾਂ ਤੋਂ ਸੁਰੱਖਿਅਤ ਨਹੀਂ ਹਨ।

ਬੀਤੇ ਸਾਲ 12 ਅਕਤੂਬਰ ਨੂੰ ਮੁੰਬਈ ’ਚ ਰਾਕਾਂਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ‘ਬਾਬਾ ਸਿੱਦੀਕੀ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦਕਿ ਗੈਂਗਸਟਰਾਂ ਦੀਆਂ ਵਾਰ-ਵਾਰ ਦੀਆਂ ਧਮਕੀਆਂ ਤੋਂ ਤੰਗ ਆ ਕੇ ਅਭਿਨੇਤਾ ਸਲਮਾਨ ਖਾਨ ਨੇ ਤਾਂ ਆਪਣੇ ਫਲੈਟ ਦੀ ਬਾਲਕੋਨੀ ’ਚ ‘ਬੁਲੇਟਪਰੂਫ ਗਲਾਸ ਪੈਨਲ’ ਲਗਵਾ ਲਿਆ ਹੈ।

ਮੁੰਬਈ ਦੇ ਅਪਰਾਧਿਕ ਤੱਤਾਂ ਦਾ ਨਵਾਂ ਸ਼ਿਕਾਰ 54 ਸਾਲਾ ਫਿਲਮ ਅਭਿਨੇਤਾ ਸੈਫ ਅਲੀ ਖਾਨ ਹੋਏ ਹਨ ਜਿਨ੍ਹਾਂ ’ਤੇ 15 ਜਨਵਰੀ ਨੂੰ ਰਾਤ ਲਗਭਗ 2.30 ਵਜੇ ‘ਸਤਗੁਰੂ ਸ਼ਰਨ ਅਪਾਰਟਮੈਂਟ’ ਸਥਿਤ ਉਨ੍ਹਾਂ ਦੇ ਘਰ ’ਚ ਦਾਖਲ ਹੋ ਕੇ ਹਮਲਾਵਰ ਨੇ ਚਾਕੂ ਨਾਲ 6 ਵਾਰ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।

‘ਸਤਗੁਰੂ ਸ਼ਰਨ ਅਪਾਰਟਮੈਂਟ’ ਦੇ ਉੱਪਰ ਵਾਲੇ 4 ਫਲੋਰ ਸੈਫ ਦੇ ਕੋਲ ਹਨ ਅਤੇ 12ਵੀਂ ਮੰਜ਼ਿਲ ’ਤੇ ਸੈਫ ਰਹਿੰਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਉਥੇ ਸਕਿਓਰਿਟੀਗਾਰਡ ਨਹੀਂ ਰੱਖਦੇ। ਉਨ੍ਹਾਂ ਦੀ ਸੁਸਾਇਟੀ ਦੇ ਐਟਰੀ ਗੇਟ ਅਤੇ ਪਿਛਵਾੜੇ ’ਚ ਵੀ ਸਿਰਫ 2-4 ਸਕਿਓਰਿਟੀਗਾਰਡ ਹੀ ਰਹਿੰਦੇ ਹਨ।

ਪੁਲਸ ਨੇ ਸੀ. ਸੀ. ਟੀ. ਵੀ. ’ਚ ਇਮਾਰਤ ਦੀ 6ਵੀਂ ਮੰਜ਼ਿਲ ਦੀਆਂ ਪੌੜੀਆਂ ’ਤੇ ਦੇਖੇ ਗਏ ਵਿਅਕਤੀ ਨਾਲ ਮਿਲਦੇ-ਜੁਲਦੇ ਚਿਹਰੇ ਵਾਲੇ ਸ਼ੱਕੀ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਯੋਗੇਸ਼ ਕਦਮ ਦੇ ਅਨੁਸਾਰ ਹਿਰਾਸਤ ’ਚ ਲਿਆ ਗਿਆ ਸ਼ੱਕੀ ਕਿਸੇ ‘ਅੰਡਰ ਵਰਲਡ ਗਿਰੋਹ’ ਦਾ ਮੈਂਬਰ ਨਹੀਂ ਹੈ।

ਸੈਫ ਦੇ ਘਰ ’ਚ ਬੱਚਿਆਂ ਨੂੰ ਸੰਭਾਲਣ ਵਾਲੀ ਇਕ ਨਰਸ ਦੇ ਅਨੁਸਾਰ ਹਮਲਾਵਰ ਸਭ ਤੋਂ ਪਹਿਲਾਂ ਸੈਫ-ਕਰੀਨਾ ਦੇ ਛੋਟੇ ਬੇਟੇ ‘ਜੇਹ’ ਦੇ ਕਮਰੇ ’ਚ ਦਾਖਲ ਹੋਇਆ। ਰਾਤ ਲਗਭਗ 2 ਵਜੇ ਕੁਝ ਆਵਾਜ਼ ਆਉਣ ’ਤੇ ਨੀਂਦ ਖੁੱਲ੍ਹਣ ’ਤੇ ਉਸ ਨੇ ਬਾਥਰੂਮ ਦੀ ਲਾਈਟ ਜਗਦੀ ਦੇਖੀ। ਉਸ ਨੇ ਛੋਟੇ ਕੱਦ ਵਾਲੇ ਇਕ ਆਦਮੀ ਨੂੰ ਉਥੋਂ ਬਾਹਰ ਆ ਕੇ ‘ਜੇਹ’ ਦੇ ਬਿਸਤਰ ਵੱਲ ਵਧਦੇ ਦੇਖਿਆ ਤਾਂ ਉਹ ਇਕਦਮ ਉੱਠ ਕੇ ਬੈਠ ਗਈ।

ਉਸ ਆਦਮੀ ਨੇ ਉਂਗਲੀ ਦੇ ਇਸ਼ਾਰੇ ਨਾਲ ਉਸ ਨੂੰ ਚੁੱਪ ਰਹਿਣ ਨੂੰ ਕਿਹਾ। ਉਸ ਨੇ ਸਟਾਫ ਨਰਸ ’ਤੇ ਵਾਰ ਕੀਤਾ ਜਿਸ ਨਾਲ ਉਸ ਦਾ ਗੁੱਟ ਵੱਢਿਆ ਗਿਆ। ਜਦੋਂ ਸਟਾਫ ਨਰਸ ਨੇ ਉਸ ਕੋਲੋਂ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ? ਤਾਂ ਉਸ ਨੇ ਕਿਹਾ ਕਿ ਉਸ ਨੂੰ ਇਕ ਕਰੋੜ ਰੁਪਏ ਦੀ ਲੋੜ ਹੈ। ਇਸ ’ਤੇ ਸਟਾਫ ਨਰਸ ਨੇ ਰੌਲਾ ਪਾਇਆ ਤਾਂ ਸੈਫ ਅਤੇ ਕਰੀਨਾ ਤੇਜ਼ੀ ਨਾਲ ਉਥੇ ਆਏ ਅਤੇ ਹਮਲਾਵਰ ਨੇ ਸੈਫ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।

ਜਿਥੋਂ ਤਕ ਹਾਈਰਾਈਜ਼ ਬਿਲਡਿੰਗਾਂ ਅਤੇ ਕਾਲੋਨੀਆਂ ’ਚ ਸੁਰੱਖਿਆ ਵਿਵਸਥਾ ਦਾ ਸੰਬੰਧ ਹੈ, ਇਨ੍ਹਾਂ ’ਚ ਸੁਰੱਖਿਆ ਦਾ ਪਹਿਲਾ ਪੜਾਅ ਕਾਲੋਨੀ ਦਾ ਐਂਟਰੀ ਗੇਟ ਹੁੰਦਾ ਹੈ। ਉਥੇ ਮੌਜੂਦ ਸਕਿਓਰਿਟੀਗਾਰਡ ਉਥੇ ਆਉਣ ਵਾਲੇ ਲੋਕਾਂ ਦਾ ਆਈ. ਡੀ. ਪਰੂਫ, ਨਾਂ-ਪਤਾ, ਮੋਬਾਈਲ ਨੰਬਰ, ਗੱਡੀ ਦਾ ਨੰਬਰ ਅਤੇ ਆਉਣ-ਜਾਣ ਵਾਲੇ ਦਾ ਸਮਾਂ ਆਦਿ ਨੋਟ ਕਰਦੇ ਹਨ। ਇਸ ਦੇ ਬਾਅਦ ਉਹ ਅਪਾਰਟਮੈਂਟ ’ਚ ਰਹਿਣ ਵਾਲੇ ਵਿਅਕਤੀ ਨੂੰ ਫੋਨ ਕਰਕੇ ਉਸ ਦੇ ਬਾਰੇ ’ਚ ਸੂਚਿਤ ਕਰ ਕੇ ਪੁੱਛਦੇ ਹਨ ਅਤੇ ਪੁਸ਼ਟੀ ਕਰਨ ’ਤੇ ਹੀ ਉਸ ਨੂੰ ਅੰਦਰ ਭੇਜਦੇ ਹਨ।

ਕਾਲੋਨੀ ਦੇ ਅੰਦਰ ਲੱਗੀਆਂ ਲਿਫਟਾਂ ’ਚ ਵੀ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੁੰਦੇ ਹਨ ਅਤੇ ਕਈ ਥਾਵਾਂ ’ਤੇ ਲਿਫਟ ਦੀ ਵਰਤੋਂ ਕਰਨ ਵਾਲਿਆਂ ਦੀ ਸਹਾਇਤਾ ਲਈ ਅਟੈਂਡੈਂਟ ਵੀ ਹੁੰਦੇ ਹਨ। ਅਜਿਹੇ ’ਚ ਸੈਫ ਅਲੀ ਖਾਨ ਦੇ ਘਰ ’ਚ ਹਮਲਾਵਰ ਦਾ ਦਾਖਲ ਹੋਣਾ ਅਤੇ ਅੰਦਰ ਪਹੁੰਚ ਕਰ ਕੇ ਹਮਲੇ ਨੂੰ ਅੰਜਾਮ ਦੇਣਾ ਕਈ ਸਵਾਲ ਖੜ੍ਹੇ ਕਰਦਾ ਹੈ।

ਕੀ ਉਹ ਸੈਫ ਅਲੀ ਖਾਨ ਦਾ ਕੋਈ ਜਾਣੂ ਸੀ ਜਾਂ ਉਸ ਦੇ ਸੈਫ ਦੇ ਘਰ ਦੇ ਅੰਦਰ ਤਕ ਪਹੁੰਚਣ ਦੇ ਪਿੱਛੇ ਸੈਫ ਦੇ ਕਿਸੇ ਸਟਾਫ ਦਾ ਹੱਥ ਹੈ? ਇਨ੍ਹਾਂ ਸਾਰੀਆਂ ਗੱਲਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਇਸ ਦਰਮਿਆਨ ਨਵੀਆਂ ਖਬਰਾਂ ਦੇ ਅਨੁਸਾਰ ਸੈਫ ’ਤੇ ਹਮਲੇ ਦੇ ਸੰਬੰਧ ’ਚ ਮੁੰਬਈ ਪੁਲਸ ਨੇ ਵਾਰਿਸ ਅਲੀ ਸਲਮਾਨੀ ਨਾਂ ਦੇ ਇਕ ਤਰਖਾਣ ਕੋਲੋਂ ਪੁੱਛਗਿੱਛ ਕੀਤੀ ਹੈ ਜਿਸ ਨੇ ਘਟਨਾ ਤੋਂ 2 ਦਿਨ ਪਹਿਲਾਂ ਉਨ੍ਹਾਂ ਦੇ ਫਲੈਟ ’ਚ ਕੰਮ ਕੀਤਾ ਸੀ।

ਵਰਣਨਯੋਗ ਹੈ ਕਿ ਅੱਜ ਦੇ ਜ਼ਮਾਨੇ ’ਚ ਲੋਕ ਭੀੜ-ਭੜੱਕੇ ਅਤੇ ਰੌਲੇ-ਰੱਪੇ ਵਾਲੀਆਂ ਗਲੀਆਂ ’ਚੋਂ ਨਿਕਲ ਕੇ ਖੁੱਲ੍ਹੇ ਸ਼ਾਂਤ ਵਾਤਾਵਰਣ ਵਾਲੇ ਇਲਾਕਿਆਂ ’ਚ ਬਣੀਆਂ ਕਾਲੋਨੀਆਂ ’ਚ ਰਹਿਣ ਨੂੰ ਤਰਜੀਹ ਦੇਣ ਲੱਗੇ ਹਨ ਅਤੇ ਅਜਿਹੀਆਂ ਕਾਲੋਨੀਆਂ ਦੇ ਨੇੜੇ-ਤੇੜੇ ਸ਼ਾਪਿੰਗ ਸੈਂਟਰ ਤੇ ਸਕੂਲ ਆਦਿ ਵੀ ਖੁੱਲ੍ਹ ਗਏ ਹਨ। ਇਕ-ਇਕ ਕਾਲੋਨੀ ’ਚ ਅਣਗਿਣਤ ਪਰਿਵਾਰ ਰਹਿੰਦੇ ਹਨ। ਜੇਕਰ ਅਜਿਹੇ ਅਪਾਰਟਮੈਂਟਾਂ ਅਤੇ ਹਾਈਰਾਈਜ਼ ਕਾਲੋਨੀਆਂ ’ਚ ਸੁਰੱਖਿਆ ਦਾ ਢੁੱਕਵਾਂ ਪ੍ਰਬੰਧ ਨਹੀਂ ਹੋਵੇਗਾ ਤਾਂ ਲੋਕ ਉਥੇ ਰਹਿਣਾ ਹੀ ਬੰਦ ਕਰ ਦੇਣਗੇ।

-ਵਿਜੇ ਕੁਮਾਰ


author

Harpreet SIngh

Content Editor

Related News