ਆਰ. ਐੱਸ. ਐੱਸ. ਦਾ ਟੀਚਾ ਸੱਤਾ ਨਹੀਂ ਸਗੋਂ ਹਿੰਦੂ ਸਮਾਜ ਹੈ

Tuesday, Oct 07, 2025 - 02:59 PM (IST)

ਆਰ. ਐੱਸ. ਐੱਸ. ਦਾ ਟੀਚਾ ਸੱਤਾ ਨਹੀਂ ਸਗੋਂ ਹਿੰਦੂ ਸਮਾਜ ਹੈ

ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ) ਦੀ ਸਥਾਪਨਾ ਡਾ. ਕੇਸ਼ਵ ਬਲੀਰਾਮ ਹੇਡਗੇਵਾਰ ਨੇ ਨਾਗਪੁਰ ’ਚ ਕੀਤੀ ਸੀ। ਆਰ. ਐੱਸ. ਐੱਸ. ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਹਿੰਦੂ ਰਾਸ਼ਟਰਵਾਦੀ ਸੰਗਠਨਾਂ ’ਚੋਂ ਇਕ ਹੈ ਅਤੇ ਅਕਸਰ ਵੰਡਕਾਰੀ ਵਿਚਾਰਾਂ ਨੂੰ ਉਤਸ਼ਾਹ ਦੇਣ ਦੇ ਲਈ ਵਿਰੋਧੀ ਦੀ ਆਲੋਚਨਾ ਦਾ ਸਾਹਮਣਾ ਕਰਦਾ ਹੈ, ਜਿਸ ਦਾ ਉਹ ਖੰਡਨ ਕਰਦਾ ਹੈ।

ਇਹ ਸੰਗਠਨ ਮੂਲ ਤੌਰ ’ਤੇ ਹਿੰਦੂ ਪੁਨਰ ਸੁਰਜੀਤੀਵਾਦ ਅਤੇ ਸਮਾਜਿਕ ਮੁੱਦਿਆਂ ’ਤੇ ਕ੍ਰੇਂਦਰਿਤ ਇਕ ਅੰਦੋਲਨ ਹੈ। ਹਾਲਾਂਕਿ ਮੁਸਲਮਾਨਾਂ ਨੂੰ ਆਪਣਾ ਵਿਰੋਧੀ ਮੰਨਣ ਦੇ ਲਈ ਇਸ ਦੀ ਆਲੋਚਨਾ ਵੀ ਕੀਤੀ ਜਾਂਦੀ ਰਹੀ ਹੈ।

ਦਿੱਲੀ ’ਚ ਇਕ ਪ੍ਰੋਗਰਾਮ ’ਚ ਮੋਦੀ ਨੇ ਪ੍ਰਚਾਰਕ ਦੇ ਰੂਪ ’ਚ ਆਪਣੇ ਸ਼ੁਰੂਆਤੀ ਦਿਨਾਂ ਦੇ ਕਿੱਸੇ ਸਾਂਝੇ ਕੀਤੇ ਅਤੇ ਆਰ. ਐੱਸ. ਐੱਸ. ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਕ ਨਵਾਂ ਸਿੱਕਾ ਜਾਰੀ ਕੀਤਾ ਜਿਸ ਦੇ ਇਕ ਪਾਸੇ ਰਾਸ਼ਟਰੀ ਪ੍ਰਤੀਕ ਅਤੇ ਦੂਜੇ ਪਾਸੇ ‘ਵਰਦ ਮੁਦਰਾ’ ’ਚ ਭਾਰਤ ਮਾਤਾ ਦੀ ਤਸਵੀਰ ਸੀ। ਜਿਵੇਂ ਕਿ ਮੋਦੀ ਨੇ ਦੱਸਿਆ, ਇਹ ਸਿੱਕਾ ਖਾਸ ਸੀ। ਇਹ ਪਹਿਲੀ ਵਾਰ ਸੀ ਜਦ ਭਾਰਤ ਮਾਤਾ ਕਿਸੇ ਮੁਦਰਾ ’ਤੇ ਦਿਖਾਈ ਦਿੱਤੀ। ਉਨ੍ਹਾਂ ਨੇ 2047 ਤੱਕ ਭਾਰਤ ਦੇ ਵਿਕਾਸ ’ਚ ਆਰ. ਐੱਸ. ਐੱਸ. ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ।

ਹਾਲਾਂਕਿ ਆਰ. ਐੱਸ. ਐੱਸ. ਗੈਰ-ਸਿਆਸੀ ਹੋਣ ਦਾ ਦਾਅਵਾ ਕਰਦਾ ਹੈ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਇਸ ਦਾ ਚੰਗਾ-ਖਾਸਾ ਪ੍ਰਭਾਵ ਹੈ ਅਤੇ ਕਈ ਰਾਜਨੇਤਾ ਇਸ ਸੰਗਠਨ ਤੋਂ ਟ੍ਰੇਂਡ ਹੋਏ ਹਨ। ਆਰ. ਐੱਸ. ਐੱਸ. ਦਾ ਵਿਰੋਧੀ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਇਹ ਬ੍ਰਿਟਿਸ਼ ਕਾਲ ਤੋਂ ਚੱਲਿਆ ਆ ਰਿਹਾ ਹੈ ਅਤੇ ਅਕਸਰ ਸਿਆਸੀ ਉਦੇਸ਼ਾਂ ਦਾ ਹਵਾਲਾ ਦਿੱਤਾ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਆਰ. ਐੱਸ. ਐੱਸ. ਦਾ ਲਕਸ਼ ਰਾਜ ਨਹੀਂ ਸਗੋਂ ਹਿੰਦੂ ਸਮਾਜ ਹੈ।

ਰਾਸ਼ਟੀ ਸਵੈਮ-ਸੇਵਕ ਸੰਘ ਆਧੁਨਿਕ ਭਾਰਤੀ ਇਤਿਹਾਸ ’ਚ ਕਈ ਵਿਵਾਦਾਂ ਨਾਲ ਜੁੜਿਆ ਰਿਹਾ ਹੈ। ਇਨ੍ਹਾਂ ’ਚੋਂ ਇਕ 1948 ’ਚ ਮਹਾਤਮਾ ਗਾਂਧੀ ਦੀ ਹੱਤਿਆ ਸੀ। ਦੂਜਾ 1992 ’ਚ ਬਾਬਰੀ ਮਸਜਿਦ ਦੀ ਤਬਾਹੀ ਸੀ। ਇਹ ਤਰਕ ਦਿੱਤਾ ਗਿਆ ਕਿ ਮਸਜਿਦ ਉਸ ਰਾਮ ਮੰਦਰ ਦੀ ਜਗ੍ਹਾ ’ਤੇ ਬਣਾਈ ਗਈ ਸੀ ਜਿਸ ਨੂੰ ਪਹਿਲਾਂ ਤੋੜਿਆ ਗਿਆ ਸੀ। ਜਿਵੇਂ ਕਿ ਭਾਜਪਾ ਅਤੇ ਆਰ. ਐੱਸ. ਐੱਸ. ਚਾਹੁੰਦੇ ਸਨ, ਮੋਦੀ ਨੇ ਪਿਛਲੇ ਸਾਲ ਰਾਮ ਮੰਦਰ ਦਾ ਉਦਘਾਟਨ ਕੀਤਾ, ਜਿਸ ਨਾਲ ਉਨ੍ਹਾਂ ਦਾ ਇਕ ਮੁੱਖ ਮੁੱਦਾ ਪੂਰਾ ਹੋਇਆ।

ਇਨ੍ਹਾਂ ਵਿਵਾਦਾਂ ਦੇ ਬਾਵਜੂਦ, ਆਰ. ਐੱਸ. ਐੱਸ. ਬਦਲਾਅ ਲਿਆਉਣ ਨੂੰ ਤਿਆਰ ਹੈ। ਇਸ ਦਾ ਉਦੇਸ਼ ਭਾਰਤ ਦੇ ਮੌਜੂਦਾ ਮੁੱਦਿਆਂ, ਜਿਵੇਂ ਆਰਥਿਕ ਵਿਕਾਸ ਅਤੇ ਸਮਾਜਿਕ ਅਸਮਾਨਤਾ ਦਾ ਹੱਲ ਕਰਨਾ ਹੈ। ਆਰ. ਐੱਸ. ਐੱਸ. ਮੁਖੀ ਨੇ ਆਪਣੇ ਸੰਬੋਧਨ ’ਚ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਇਨ੍ਹਾਂ ’ਚ ਭਾਰਤ-ਪਾਕਿ ਸੰਘਰਸ਼, ਜਲਵਾਯੂ ਤਬਦੀਲੀ, ਆਰਥਿਕ ਅਸਮਾਨਤਾ ਅਤੇ ਗੁਆਂਢੀ ਦੇਸ਼ਾਂ ’ਚ ਸਿਆਸੀ ਅਸ਼ਾਂਤੀ ਸ਼ਾਮਲ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਰ. ਐੱਸ. ਐਸ. ਦੀ 100ਵੀਂ ਸਾਲਾਨਾ ਦਾ ਮੁੱਖ ਲਕਸ਼ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਕਰਕੇ ਅਤੇ ਏਕਤਾ, ਦੇਸ਼ ਭਗਤੀ ਅਤੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹ ਦੇ ਕੇ ਇਕ ਮਜ਼ਬੂਤ ਅਤੇ ਅਨੁਸ਼ਾਸਿਤ ਹਿੰਦੂ ਸਮਾਜ ਦੀ ਸਥਾਪਨਾ ਕਰਨਾ ਹੈ।

ਭਾਗਵਤ ਨੇ ਇਕ ਲਚੀਲੇ ਭਾਰਤ ਦਾ ਸੱਦਾ ਦਿੱਤਾ ਅਤੇ ਆਰ. ਐੱਸ. ਐੱਸ. ਦੇ ਸਮਾਵੇਸ਼ੀਆਂ ਦੇ ਦ੍ਰਿਸ਼ਟੀਕੋਣ ਅਤੇ ਇਕ ਹਿੰਦੂ ਰਾਸ਼ਟਰ ਦੀ ਧਾਰਨਾ ’ਤੇ ਰੌਸ਼ਨੀ ਪਾਈ ਜੋ ਇਕ ਅਜਿਹਾ ਰਾਸ਼ਟਰ ਹੈ ਜਿੱਥੇ ਹਿੰਦੂ ਧਰਮ ਦੇ ਸਿਧਾਂਤ ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਜੀਵਨ ਦਾ ਮਾਰਗਦਰਸ਼ਨ ਕਰਦੇ ਹਨ ਜੋ ਏਕਤਾ, ਪਛਾਣ ਅਤੇ ਆਤਮਨਿਰਭਰਤਾ ’ਤੇ ਕੇਂਦ੍ਰਿਤ ਹੈ। ਸੰਗਠਨ ਨੇ ਆਪਣੀ ਸਥਾਪਨਾ ਦੇ ਲਗਭਗ 6 ਮਹੀਨਿਆਂ ਬਾਅਦ ਆਪਣਾ ਮੌਜੂਦਾ ਨਾਂ, ਰਾਸ਼ਟਰੀ ਸਵੈਮ-ਸੇਵਕ ਸੰਘ ਅਪਣਾਇਆ।

ਹਾਲ ਦੇ ਸਾਲਾਂ ’ਚ ਆਰ. ਐੱਸ. ਐੱਸ. ਨੇ ਵਰਣਨਯੋਗ ਵਾਧੇ ਦਾ ਅਨੁਭਵ ਕੀਤਾ ਹੈ ਅਤੇ ਪੂਰੇ ਭਾਰਤ ’ਚ ਆਪਣੀ ਹਾਜ਼ਰੀ ਦਾ ਵਿਸਤਾਰ ਕੀਤਾ ਹੈ। ਆਰ. ਐੱਸ. ਐੱਸ. ਮੌਜੂਦਾ ’ਚ 45,411 ਸਥਾਨਾਂ ’ਤੇ 72,354 ਸ਼ਾਖਾਵਾਂ ਸੰਚਾਲਿਤ ਕਰਦਾ ਹੈ ਅਤੇ ਹਜ਼ਾਰਾਂ ਖੇਤਰਾਂ ’ਚ ਦੈਨਿਕ ਸਰਗਰਮੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਪਿਛਲੇ ਸਾਲ ਸੰਗਠਨ ਨੇ ਆਪਣੀ ਸ਼ਤਾਬਦੀ ਦੀ ਤਿਆਰੀ ’ਚ 6,645 ਨਵੀਆਂ ਸ਼ਾਖਾਵਾਂ ਸ਼ੁਰੂ ਕੀਤੀਆਂ, ਿਜਸ ਦਾ ਉਦੇਸ਼ ਹਰ ਪਿੰਡ ਨਾਲ ਜੁੜਨਾ ਹੈ।

ਭਾਜਪਾ ਦੇ ਪ੍ਰਧਾਨ ਮੰਤਰੀਆਂ ਅਤੇ ਮੁੱਖ ਮੰਤਰੀਆਂ ’ਚ ਚੰਗਾ ਤਾਲਮੇਲ ਹੈ। ਆਰ. ਐੱਸ. ਐੱਸ. ਅਮਰੀਕਾ ਅਤੇ ਬ੍ਰਿਟੇਨ ਵਰਗੇ ਹੋਰਨਾਂ ਦੇਸ਼ਾਂ ’ਚ ਵੀ ਫੈਲ ਚੁੱਕਾ ਹੈ। ਇਸ ਨੇ ਭਾਰਤ ਦੇ ਬਾਹਰ ਇਕ ਸ਼ਕਤੀਸ਼ਾਲੀ ਲਾਬੀ ਬਣਾਈ ਹੈ। ਇਹ ਭਾਰਤ ਸਰਕਾਰ ਵਲੋਂ ਲਾਬਿੰਗ ਕਰਦਾ ਹੈ। ਇਹ ਭਾਰਤ ਦੇ ਬਾਹਰ ਦੀਆਂ ਸਰਕਾਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਆਰ.ਐੱਸ.ਐੱਸ. ਦੇ ਮੁੱਖ ਪੱਤਰ, ਆਰਗਨਾਈਜ਼ਰ’ ਦੇ ਅਨੁਸਾਰ ਆਉਣ ਵਾਲੇ ਸਾਲਾਂ ’ਚ 5 ਤਬਦੀਲੀਆਂ ਦੀ ਪਹਿਲ ਇਕ ਪ੍ਰਮੁੱਖ ਕੇਂਦਰ ਬਿੰਦੂ ਹੋਵੇਗੀ। ਕਾਸ਼ੀ ਅਤੇ ਮਥੁਰਾ ’ਚ ਹਾਲ ਹੀ ’ਚ ਹੋਈ ਬੈਠਕਾਂ ’ਚ ਸੰਗਠਨ ਨੇ ਕਾਨੂੰਨੀ ਚਰਚਾਵਾਂ ਅਤੇ ਗੱਲਬਾਤ ਸਮੇਤ ਸ਼ਾਂਤੀਪੂਰਨ ਤਰੀਕਿਆਂ ਨਾਲ ਵਿਵਾਦਾਂ ਨੂੰ ਸੁਲਝਾਉਣ ਦੀ ਆਪਣੀ ਵਚਨਬੱਧਤਾ ਦੋਹਰਾਈ। ਮੋਹਨ ਭਾਗਵਤ ਨੇ ਭਾਈਚਾਰੇ ਅਤੇ ਸ਼ਾਂਤੀ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਆਰ. ਐੱਸ. ਐੱਸ. ਨੂੰ ‘ਅਪਣਾਪਨ’ ਸ਼ਬਦ ਨਾਲ ਪਰਿਭਾਸ਼ਿਤ ਕੀਤਾ।

ਆਰ. ਐੱਸ. ਐੱਸ. ਹੁਣ ਇਹ ਕਹਿੰਦਾ ਹੈ ਕਿ ਕ੍ਰਿਸ਼ਨ ਜਨਮਭੂਮੀ ਅਤੇ ਕਾਸ਼ੀ ਦੇ ਮੰਦਰ ਦੇ ਵਿਵਾਦਾਂ ਦਾ ਸ਼ਾਂਤੀਪੂਰਵਕ ਹੱਲ ਹੋਣਾ ਚਾਹੀਦਾ ਹੈ। ਸਿਵਲ ਸਮਾਜ ’ਤੇ ਆਰ. ਐੱਸ. ਐੱਸ. ਦਾ ਵਿਚਾਰਧਾਰਕ ਪ੍ਰਭਾਵ ਪਹਿਲਾਂ ਆਫ਼ਤ ਰਾਹਤ, ਪੇਂਡੂ ਵਿਕਾਸ ਪ੍ਰਾਜੈਕਟਾਂ, ਸੱਭਿਆਚਾਰਕ ਏਕੀਕਰਨ ਲਈ ਕਬਾਇਲੀ ਪਹੁੰਚ, ਹਿੰਦੂ ਤਿਉਹਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਸੰਸਕ੍ਰਿਤ ਦੀ ਸਿੱਖਿਆ ਵਿਚ ਹਿੱਸੇਦਾਰੀ ਦੁਆਰਾ ਪਾਇਆ ਜਾਂਦਾ ਸੀ। ਹਿੰਦੂਤਵ ਅਤੇ ਭਾਰਤੀ ਸੱਭਿਆਚਾਰ ਪ੍ਰਤੀ ਵਚਨਬੱਧ ਰੱਖਦੇ ਹੋਏ ਸੰਘ ਨੇ ਆਧੁਨਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਬਦਲ ਲਿਆ ਹੈ। ਸੰਘ ਕੋਲ ਨਾ ਤਾਂ ਮੈਂਬਰਸ਼ਿਪ ਕਾਰਡ ਸਨ ਅਤੇ ਨਾ ਹੀ ਰਸਮੀ ਰਿਕਾਰਡ। ਸੰਪਰਕ ਅਤੇ ਪਤੇ ਰਜਿਸਟਰਾਂ ਜਾਂ ਡਾਇਰੀਆਂ ਵਿਚ ਰੱਖੇ ਗਏ ਸਨ। ਇਸ ਨੇ ਆਪਣੀ ਵਰਦੀ ਨੂੰ ਅਪਡੇਟ ਕੀਤਾ ਹੈ ਅਤੇ ਸਮੇਂ ਦੇ ਨਾਲ ਢਲਣ ਦੀ ਇੱਛਾ ਦਿਖਾਈ ਹੈ। ਅੱਗੇ ਦੇਖਦੇ ਹੋਏ ਆਰ. ਐੱਸ. ਐੱਸ. ਨੇ ਸਮਾਜਿਕ ਅਤੇ ਰਾਜਨੀਤਿਕ ਮੁਹਿੰਮਾਂ ਅਤੇ ਪ੍ਰੋਗਰਾਮਾਂ ਲਈ ਆਪਣੇ ਫੋਕਸ ਖੇਤਰਾਂ ਦੀ ਪਛਾਣ ਕੀਤੀ ਹੈ ਅਤੇ ਆਪਣੇ ਨੇਤਾਵਾਂ ਦੁਆਰਾ ਕੀਤੇ ਗਏ ਯਤਨਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਕੰਮ ਕਰੇਗਾ। ਇਹ ਪਰਦੇ ਪਿੱਛੇ ਕੰਮ ਕਰਨਾ ਜਾਰੀ ਰੱਖੇਗਾ ਅਤੇ ਭਾਜਪਾ ਸਰਕਾਰ ਅਤੇ ਪਾਰਟੀ ਨੂੰ ਪ੍ਰਭਾਵਿਤ ਕਰੇਗਾ।

- ਕਲਿਆਣੀ ਸ਼ੰਕਰ


author

Anmol Tagra

Content Editor

Related News