‘‘ਈਥੇਨੌਲ ਮਿਸ਼ਰਿਤ ਫਿਊਲ : ਖਦਸ਼ਿਆਂ ਦਰਮਿਆਨੇ ਸਤੁੰਲਨ ਦੀ ਚੁਣੌਤੀ
Sunday, Jul 19, 2026 - 02:25 PM (IST)
ਭਾਰਤ ਅੱਜ ਊਰਜਾ ਸੁਰੱਖਿਆ, ਵਾਤਾਵਰਣ ਸੰਭਾਲ ਅਤੇ ਆਰਥਿਕ ਆਤਮ-ਨਿਰਭਰਤਾ ਵਰਗੇ ਤਿੰਨ ਵੱਡੇ ਟੀਚਿਆਂ ਨੂੰ ਇਕੋ ਸਮੇਂ ਹਾਸਲ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਪੈਟਰੋਲ ’ਚ ਈਥੇਨੌਲ ਮਿਸ਼ਰਣ ਦੀ ਨੀਤੀ ਇਸੇ ਵਿਆਪਕ ਰਣਨੀਤੀ ਦਾ ਹਿੱਸਾ ਹੈ। ਪਿਛਲੇ ਕੁਝ ਦਿਨਾਂ ’ਚ ਸੋਸ਼ਲ ਮੀਡੀਆ ’ਤੇ ਅਜਿਹੇ ਅਨੇਕਾਂ ਵੀਡੀਓ ਅਤੇ ਦਾਅਵੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਕਿਹਾ ਗਿਆ ਕਿ ਈਥੇਨੌਲ ਮਿਸ਼ਰਿਤ ਪੈਟਰੋਲ ਨਾਲ ਵਾਹਨਾਂ ਦੇ ਇੰਜਣ ਖ਼ਰਾਬ ਹੋ ਰਹੇ ਹਨ, ਮਾਈਲੇਜ ਘੱਟ ਹੋ ਰਹੀ ਹੈ ਅਤੇ ਇਸ ਨਾਲ ਵਾਹਨ ਮਾਲਕਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਦੂਜੇ ਪਾਸੇ, ਸਰਕਾਰ, ਪੈਟਰੋਲੀਅਮ ਮੰਤਰਾਲਾ ਅਤੇ ਆਟੋਮੋਬਾਈਲ ਉਦਯੋਗ ਨਾਲ ਜੁੜੇ ਮਾਹਿਰ ਇਨ੍ਹਾਂ ਦਾਅਵਿਆਂ ਨੂੰ ਮਿੱਥਕ ਅਤੇ ਭਰਮਾਊ ਜਾਣਕਾਰੀ ਦੱਸਦੇ ਹੋਏ ਈਥੇਨੌਲ ਮਿਸ਼ਰਣ ਨੂੰ ਭਾਰਤ ਦੇ ਊਰਜਾ ਭਵਿੱਖ ਲਈ ਜ਼ਰੂਰੀ ਕਦਮ ਮੰਨ ਰਹੇ ਹਨ। ਅਜਿਹੇ ’ਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਭਾਵਨਾਵਾਂ ਅਤੇ ਅਫ਼ਵਾਹਾਂ ਤੋਂ ਉੱਪਰ ਉੱਠ ਕੇ ਤੱਥਾਂ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਆਧਾਰ ’ਤੇ ਇਸ ਵਿਸ਼ੇ ਨੂੰ ਸਮਝਿਆ ਜਾਵੇ।
ਭਾਰਤ ਆਪਣੀਆਂ ਕੁੱਲ ਪੈਟਰੋਲੀਅਮ ਲੋੜਾਂ ਦਾ ਵੱਡਾ ਹਿੱਸਾ ਦਰਾਮਦ ਕਰਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਦਾ ਸਿੱਧਾ ਪ੍ਰਭਾਵ ਦੇਸ਼ ਦੀ ਅਰਥਵਿਵਸਥਾ ਅਤੇ ਆਮ ਨਾਗਰਿਕਾਂ ਦੀ ਜੇਬ ’ਤੇ ਪੈਂਦਾ ਹੈ। ਹਾਲ ਦੇ ਸਾਲਾਂ ’ਚ ਕੌਮਾਂਤਰੀ ਸੰਘਰਸ਼ਾਂ ਅਤੇ ਭੂ-ਰਾਜਨੀਤਕ ਤਣਾਅ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਊਰਜਾ ਲਈ ਵਿਦੇਸ਼ੀ ਸੋਮਿਆਂ ’ਤੇ ਬਹੁਤ ਜ਼ਿਆਦਾ ਨਿਰਭਰਤਾ ਕਿਸੇ ਵੀ ਦੇਸ਼ ਲਈ ਜੋਖ਼ਮ ਭਰੀ ਹੋ ਸਕਦੀ ਹੈ।
ਈਥੇਨੌਲ ਇਕ ਜੈਵ ਫਿਊਲ ਹੈ ਜਿਸ ਨੂੰ ਮੁੱਖ ਤੌਰ ’ਤੇ ਗੰਨੇ, ਮੱਕੀ ਅਤੇ ਹੋਰ ਖੇਤੀ ਉਤਪਾਦਾਂ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਜੀਵਾਸ਼ਮ ਫਿਊਲ ਦੀ ਖਪਤ ਘਟਦੀ ਹੈ ਅਤੇ ਕਾਰਬਨ ਧੂੰਏਂ ਦੇ ਨਿਕਾਸ ’ਚ ਕਮੀ ਆਉਂਦੀ ਹੈ। ਇਹੀ ਕਾਰਨ ਹੈ ਕਿ ਅਮਰੀਕਾ, ਬ੍ਰਾਜ਼ੀਲ, ਕੈਨੇਡਾ, ਜਰਮਨੀ ਅਤੇ ਅਨੇਕਾਂ ਹੋਰ ਦੇਸ਼ ਸਾਲਾਂ ਤੋਂ ਵੱਖ-ਵੱਖ ਅਨੁਪਾਤਾਂ ’ਚ ਈਥੇਨੌਲ ਮਿਸ਼ਰਿਤ ਫਿਊਲ ਦੀ ਵਰਤੋਂ ਕਰ ਰਹੇ ਹਨ।
ਫਿਰ ਵੀ ਲੋਕਾਂ ਦੀਆਂ ਚਿੰਤਾਵਾਂ ਪੂਰੀ ਤਰ੍ਹਾਂ ਨਿਰਾਧਾਰ ਨਹੀਂ ਕਹੀਆਂ ਜਾ ਸਕਦੀਆਂ। ਵਿਸ਼ੇਸ਼ ਰੂਪ ’ਚ ਉਨ੍ਹਾਂ ਲੋਕਾਂ ਦੇ ਮਨ ’ਚ ਜ਼ਿਆਦਾ ਪ੍ਰਸ਼ਨ ਹਨ ਜਿਨ੍ਹਾਂ ਨੇ ਸਾਲ 2023 ਤੋਂ ਪਹਿਲਾਂ ਆਪਣੇ ਵਾਹਨ ਖ਼ਰੀਦੇ ਸਨ। ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਈਥੇਨੌਲ ਵਾਲੇ ਫਿਊਲ ਦੇ ਨਾਲ ਪੁਰਾਣੇ ਇੰਜਣਾਂ ਦੇ ਕੁਝ ਪੁਰਜ਼ਿਆਂ, ਜਿਵੇਂ ਫਿਊਲ ਪਾਈਪ, ਗੈਸਕੇਟ ਅਤੇ ਪੈਟਰੋਲ ਟੈਂਕੀ ਦੇ ਕੁਝ ਹਿੱਸਿਆਂ ਦੀ ਅਨੁਕੂਲਤਾ ਇਕ ਮਹੱਤਵਪੂਰਨ ਵਿਸ਼ਾ ਹੈ। ਈਥੇਨੌਲ ’ਚ ਨਮੀ ਸੋਖਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ ਅਤੇ ਇਹ ਕੁਝ ਕਿਸਮਾਂ ਦੇ ਪਦਾਰਥਾਂ ’ਤੇ ਲੰਮੇ ਸਮੇਂ ਦਾ ਪ੍ਰਭਾਵ ਪਾ ਸਕਦਾ ਹੈ।
ਹਾਲਾਂਕਿ ਵਾਹਨ ਨਿਰਮਾਤਾਵਾਂ ਅਤੇ ਪ੍ਰੀਖਣ ਏਜੰਸੀਆਂ ਦਾ ਦਾਅਵਾ ਹੈ ਕਿ ਵਿਆਪਕ ਵਿਗਿਆਨਕ ਪ੍ਰੀਖਣਾਂ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਭਾਰਤ ’ਚ ਚੱਲ ਰਹੀਆਂ ਜ਼ਿਆਦਾਤਰ ਗੱਡੀਆਂ ਈ-20 ਫਿਊਲ ਦੇ ਨਾਲ ਸੁਰੱਖਿਅਤ ਰੂਪ ’ਚ ਸੰਚਾਲਿਤ ਹੋ ਸਕਦੀਆਂ ਹਨ। ਵਿਸ਼ੇਸ਼ ਰੂਪ ’ਚ ਸਾਲ 2023 ਤੋਂ ਬਾਅਦ ਬਣੇ ਅਤੇ ਵੇਚੇ ਗਏ ਸਾਰੇ ਵਾਹਨਾਂ ਨੂੰ ਈ-20 ਅਨੁਕੂਲ ਬਣਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਮਾਈਲੇਜ ’ਚ ਕਮੀ ਦਾ ਪ੍ਰਸ਼ਨ ਵੀ ਚਰਚਾ ਦਾ ਮੁੱਖ ਵਿਸ਼ਾ ਹੈ। ਵਿਗਿਆਨਕ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਈਥੇਨੌਲ ਦੀ ਊਰਜਾ ਘਣਤਾ ਪੈਟਰੋਲ ਦੀ ਤੁਲਨਾ ’ਚ ਘੱਟ ਹੁੰਦੀ ਹੈ। ਇਸਦਾ ਅਰਥ ਹੈ ਕਿ ਬਰਾਬਰ ਮਾਤਰਾ ’ਚ ਈਥੇਨੌਲ ਮਿਸ਼ਰਿਤ ਫਿਊਲ ਨਾਲ ਕੁਝ ਘੱਟ ਦੂਰੀ ਤੈਅ ਹੋ ਸਕਦੀ ਹੈ। ਵੱਖ-ਵੱਖ ਅਧਿਐਨਾਂ ਅਤੇ ਉਦਯੋਗ ਮਾਹਿਰਾਂ ਅਨੁਸਾਰ ਈ-20 ਫਿਊਲ ਦੀ ਵਰਤੋਂ ਨਾਲ ਫਿਊਲ ਸਮਰੱਥਾ ’ਚ ਲਗਭਗ ਦੋ ਤੋਂ ਚਾਰ ਫ਼ੀਸਦੀ ਤੱਕ ਦੀ ਕਮੀ ਸੰਭਵ ਹੈ।
ਈਥੇਨੌਲ ਮਿਸ਼ਰਣ ਦੇ ਆਰਥਿਕ ਲਾਭ ਵੀ ਮਹੱਤਵਪੂਰਨ ਹਨ। ਭਾਰਤ ਹਰ ਸਾਲ ਅਰਬਾਂ ਡਾਲਰ ਦਾ ਕੱਚਾ ਤੇਲ ਦਰਾਮਦ ਕਰਦਾ ਹੈ। ਜੇਕਰ ਦੇਸ਼ ’ਚ ਉਤਪਾਦਿਤ ਜੈਵ ਫਿਊਲ ਦੀ ਵਰਤੋਂ ਵਧਦੀ ਹੈ ਤਾਂ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ। ਨਾਲ ਹੀ ਗੰਨਾ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਇਕ ਨਵਾਂ ਬਾਜ਼ਾਰ ਮਿਲੇਗਾ, ਜਿਸ ਨਾਲ ਪੇਂਡੂ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ।
ਵਾਤਾਵਰਣ ਦੀ ਦ੍ਰਿਸ਼ਟੀ ਤੋਂ ਵੀ ਈਥੇਨੌਲ ਮਿਸ਼ਰਣ ਇਕ ਹਾਂਪੱਖੀ ਕਦਮ ਮੰਨਿਆ ਜਾਂਦਾ ਹੈ। ਜੀਵਾਸ਼ਮ ਫਿਊਲ ਦੇ ਬਲਣ ਨਾਲ ਨਿਕਲਣ ਵਾਲੇ ਕਾਰਬਨ ਦੀ ਨਿਕਾਸੀ ਨੂੰ ਘੱਟ ਕਰਨ ’ਚ ਜੈਵ ਫਿਊਲ ਸਹਾਇਕ ਹੋ ਸਕਦੇ ਹਨ।
ਹਾਲਾਂਕਿ ਸਰਕਾਰ ਅਤੇ ਉਦਯੋਗ ਜਗਤ ਦੀ ਜ਼ਿੰਮੇਵਾਰੀ ਸਿਰਫ ਨੀਤੀ ਲਾਗੂ ਕਰਨ ਤੱਕ ਸੀਮਤ ਨਹੀਂ ਹੈ। ਜਨਤਾ ਦੇ ਵਿਚਾਲੇ ਜਾਗਰੂਕਤਾ ਵਧਾਉਣਾ, ਪਾਰਦਰਸ਼ੀ ਵਿਗਿਆਨਕ ਅੰਕੜੇ ਉਪਲਬਧ ਕਰਵਾਉਣਾ ਅਤੇ ਪੁਰਾਣੇ ਵਾਹਨਾਂ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਜੇਕਰ ਕਿਸੇ ਵਿਸ਼ੇਸ਼ ਸ਼੍ਰੇਣੀ ਦੇ ਵਾਹਨਾਂ ’ਚ ਤਕਨੀਕੀ ਸੋਧ ਦੀ ਲੋੜ ਹੈ ਤਾਂ ਉਸ ਦੇ ਬਾਰੇ ਸਪੱਸ਼ਟ ਜਾਣਕਾਰੀ ਅਤੇ ਉਚਿਤ ਹੱਲ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ।
ਭਵਿੱਖ ’ਚ ਡੀਜ਼ਲ ’ਚ ਆਈਸੋਬਿਊਟੇਨੌਲ ਮਿਸ਼ਰਣ ਦੀ ਤਿਆਰੀ ਇਹ ਸੰਕੇਤ ਦਿੰਦੀ ਹੈ ਕਿ ਭਾਰਤ ਜੈਵ ਫਿਊਲ ਦੀ ਵਰਤੋਂ ਨੂੰ ਹੋਰ ਜ਼ਿਆਦਾ ਵਿਆਪਕ ਬਣਾਉਣ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਇਹ ਤਬਦੀਲੀ ਊਰਜਾ ਖੇਤਰ ’ਚ ਇਕ ਵੱਡੇ ਬਦਲਾਅ ਦਾ ਹਿੱਸਾ ਹੈ, ਜਿਸ ’ਚ ਰਵਾਇਤੀ ਫਿਊਲ ਦੇ ਨਾਲ-ਨਾਲ ਜੈਵ ਫਿਊਲ, ਇਲੈਕਟ੍ਰਿਕ ਵਾਹਨ ਅਤੇ ਹੋਰ ਬਦਲਵੇਂ ਊਰਜਾ ਦੇ ਸੋਮੇ ਬਰਾਬਰ ਢੰਗ ਨਾਲ ਵਿਕਸਿਤ ਹੋਣਗੇ।
ਅਸਲ ’ਚ ਈਥੇਨੌਲ ਮਿਸ਼ਰਿਤ ਫਿਊਲ ਨਾ ਤਾਂ ਕੋਈ ਚਮਤਕਾਰੀ ਹੱਲ ਹੈ ਅਤੇ ਨਾ ਹੀ ਕੋਈ ਭਿਆਨਕ ਖ਼ਤਰਾ। ਇਹ ਇਕ ਤਕਨੀਕੀ ਅਤੇ ਨੀਤੀਗਤ ਤਬਦੀਲੀ ਹੈ, ਜਿਸ ਦੇ ਲਾਭ ਅਤੇ ਚੁਣੌਤੀਆਂ ਦੋਵੇਂ ਮੌਜੂਦ ਹਨ। ਲੋੜ ਇਸ ਗੱਲ ਦੀ ਹੈ ਕਿ ਸਰਕਾਰ, ਉਦਯੋਗ, ਵਿਗਿਆਨਕ ਭਾਈਚਾਰਾ ਅਤੇ ਖਪਤਕਾਰ ਮਿਲ ਕੇ ਇਸ ਤਬਦੀਲੀ ਨੂੰ ਸਫ਼ਲ ਬਣਾਉਣ। ਜੇਕਰ ਇਹ ਸੰਤੁਲਨ ਸਥਾਪਤ ਕੀਤਾ ਜਾ ਸਕਿਆ, ਤਾਂ ਈਥੇਨੌਲ ਨੀਤੀ ਭਾਰਤ ਨੂੰ ਊਰਜਾ ਆਤਮਨਿਰਭਰਤਾ, ਵਾਤਾਵਰਣ ਸੰਭਾਲ ਅਤੇ ਆਰਥਿਕ ਸਸ਼ਕਤੀਕਰਨ ਦੀ ਦਿਸ਼ਾ ’ਚ ਮਹੱਤਵਪੂਰਨ ਚੜ੍ਹਤ ਦਿਵਾ ਸਕਦੀ ਹੈ।
–ਰਿਸ਼ਭ ਮਿਸ਼ਰਾ
