ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
Sunday, Jul 26, 2026 - 05:22 PM (IST)
ਅਸੀਂ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਵਿਰੁੱਧ ਅੰਦੋਲਨ ਕੀਤਾ ਸੀ। ਉਸ ਸਮੇਂ ਵੀ ਕਿਹਾ ਗਿਆ ਸੀ ਕਿ ਜੈਪ੍ਰਕਾਸ਼ ਨਾਰਾਇਣ ਦੇਸ਼ ਵਿਰੋਧੀ ਹਨ। ਨਵ-ਨਿਰਮਾਣ ਅੰਦੋਲਨ ਦੀ ਵੀ ਯਾਦ ਹੋਵੇਗੀ। ਉਸ ਸਮੇਂ ਨੌਜਵਾਨ ਨੇਤਾ ਸਵੈ-ਇੱਛਤ ਜਨ-ਉਭਾਰ ਨੂੰ ਸੰਪੂਰਨ ਕ੍ਰਾਂਤੀ ਲਈ ਅੱਗੇ ਵਧਾ ਰਹੇ ਸਨ।
ਉਨ੍ਹਾਂ ਨੂੰ ਵਿਦੇਸ਼ਾਂ ਤੋਂ ਜਾਂ ਵਿਦੇਸ਼ੀ ਸੰਗਠਨਾਂ ਤੋਂ ਜੋ ਭਾਰਤ ’ਚ ਸਰਗਰਮ ਰਾਸ਼ਟਰ-ਵਿਰੋਧੀ ਅਤੇ ਸ਼ੱਕੀ ਵਫ਼ਾਦਾਰੀ ਵਾਲੇ ਲੋਕ ਹਨ, ਕਦੇ ਸਮਰਥਨ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਨੇ ਅੰਦੋਲਨ ਨੂੰ ਆਪਣੇ ਨਿੱਜੀ ਸਵਾਰਥਾਂ ਅਤੇ ਰਾਜਨੀਤਿਕ ਇੱਛਾਵਾਂ ਦੀ ਪੂਰਤੀ ਦਾ ਸਾਧਨ ਬਣਾਇਆ। ਉਨ੍ਹਾਂ ’ਚ ਸ਼ਾਹੀਨ ਬਾਗ਼ ਦੇ ਜਿਹਾਦੀ, ਟੁਕੜੇ-ਟੁਕੜੇ ਮਾਫ਼ੀਆ, ਦੁਬਈ ਦਾ ਧਨ ਜਾਂ ਖਾਲਿਸਤਾਨੀ ਤਲਵਾਰਾਂ ਲਹਿਰਾਉਣ ਵਾਲੇ ਨਹੀਂ ਸਨ। ਉਨ੍ਹਾਂ ’ਚ ਮਾਓਵਾਦੀਆਂ ਦੇ ਸਮਰਥਕ, ਹਿੰਸਕ ਅਤੇ ਰਾਸ਼ਟਰ-ਵਿਰੋਧੀ ਜ਼ਹਿਰੀਲੇ ਤੱਤ ਨਹੀਂ ਸਨ।
ਸੋਨਮ ਵਾਂਗਚੁਕ ਨੂੰ ਮੈਂ ਬਹੁਤ ਸਮੇਂ ਤੋਂ ਜਾਣਦਾ ਹਾਂ। ਉਨ੍ਹਾਂ ਨੂੰ ਇਕ ਵਾਰ ਲੱਦਾਖ ਪ੍ਰਸ਼ਾਸਨ ਨੇ ਚੀਨ ਸਮਰਥਿਤ ਸਰਗਰਮੀਅਾਂ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਨੋਟਿਸ ਦਿੱਤਾ ਸੀ। ਉਨ੍ਹਾਂ ਨੂੰ ਜੋਧਪੁਰ ਜੇਲ ’ਚ ਰੱਖਿਆ ਗਿਆ। ਉਨ੍ਹਾਂ ਨੂੰ ਵਿਦੇਸ਼ਾਂ ਤੋਂ ਕਿੰਨੀ ਸਹਾਇਤਾ ਮਿਲੀ ਅਤੇ ਉਨ੍ਹਾਂ ’ਚ ਕੀ-ਕੀ ਗੜਬੜ ਹੋਈ, ਉਨ੍ਹਾਂ ਸਭ ਦੇ ਵੇਰਵੇ ਮੀਡੀਆ ’ਚ ਭੇਜੇ ਗਏ। ਮੈਂ ਉਨ੍ਹਾਂ ਦੀ ਜੇਲ ਤੋਂ ਰਿਹਾਈ ਦਾ ਸਮਰਥਨ ਕੀਤਾ ਸੀ।
ਹੁਣ ਜਦੋਂ ਉਹ ਭੁੱਖ ਹੜਤਾਲ ’ਤੇ ਬੈਠੇ ਅਤੇ ਮਾਮਲਾ ਵਿਗੜ ਗਿਆ, ਤਾਂ ਉਨ੍ਹਾਂ ਨੂੰ ਮਿਲਣ ਵੱਡੇ-ਵੱਡੇ ਮੰਤਰੀ ਹਸਪਤਾਲ ਪਹੁੰਚੇ, ਉਨ੍ਹਾਂ ਨੂੰ ਫਲਾਂ ਦਾ ਰਸ ਪਿਲਾਇਆ ਅਤੇ ਉਨ੍ਹਾਂ ਪ੍ਰਤੀ ਸਤਿਕਾਰ ਪ੍ਰਗਟ ਕੀਤਾ। ਇਸ ਲਈ ਜੋ ਲੋਕ ਸਰਕਾਰ ਦਾ ਵਿਰੋਧ ਕਰਨ ਵਾਲਿਆਂ ’ਤੇ ਤੁਰੰਤ ਹਮਲਾ ਕਰਨ ਲੱਗਦੇ ਹਨ, ਉਨ੍ਹਾਂ ਨੂੰ ਰਾਸ਼ਟਰ-ਵਿਰੋਧੀ ਦੱਸਣ ਲੱਗਦੇ ਹਨ, ਉਨ੍ਹਾਂ ਨੂੰ ਥੋੜ੍ਹਾ ਧੀਰਜ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਪਤਾ ਨਹੀਂ ਕਦੋਂ ਰੰਗ ਬਦਲ ਜਾਵੇ।
ਦਿੱਲੀ ’ਚ ਜੋ ਹੋਇਆ, ਉਸ ’ਚ ਬਹੁਤ ਸਾਰੇ ਅਜਿਹੇ ਵਿਦਿਆਰਥੀ ਵੀ ਸਨ ਜਿਨ੍ਹਾਂ ਨੂੰ ਅਸਲ ਅਤੇ ਸੱਚੀਆਂ ਸ਼ਿਕਾਇਤਾਂ ਸਨ। ਉਹ ਇਮਾਨਦਾਰੀ ਨਾਲ ਇਹ ਸੋਚ ਕੇ ਆਏ, ਕਈ ਆਪਣੇ ਮਾਤਾ-ਪਿਤਾ ਨਾਲ ਵੀ ਪਹੁੰਚੇ, ਕਿ ਇਹ ਅਸਲ ਵਿਦਿਆਰਥੀ ਅੰਦੋਲਨ ਹੈ। ਉਨ੍ਹਾਂ ਦਾ ਦੁੱਖ ਅਤੇ ਪੀੜਾ ਇਕ ਪਿਤਾ ਹੀ ਸਮਝ ਸਕਦਾ ਹੈ।
ਉਹ ਬੱਚੇ ਆਪਣੀ ਜਾਨ ਲਗਾ ਕੇ ਮਿਹਨਤ ਕਰਦੇ ਹਨ, ਪੜ੍ਹਾਈ ਕਰਦੇ ਹਨ ਪਰ ਸਕੂਲਾਂ-ਕਾਲਜਾਂ ’ਚ ਪੜ੍ਹਾਈ ਹੁੰਦੀ ਨਹੀਂ, ਅਧਿਆਪਕ ਕੋਚਿੰਗ ਕਲਾਸਾਂ ਚਲਾਉਣ ’ਚ ਦਿਲਚਸਪੀ ਲੈਂਦੇ ਹਨ। ਉੱਥੇ ਹਜ਼ਾਰਾਂ ਰੁਪਏ ਦੀ ਫ਼ੀਸ ਦੇ ਕੇ ਅਲੱਗ ਤੋਂ ਪੜ੍ਹਨਾ ਪੈਂਦਾ ਹੈ ਅਤੇ ਫਿਰ ਪੇਪਰ ਲੀਕ ਹੋਣ ਦੀਆਂ ਲਗਾਤਾਰ ਘਟਨਾਵਾਂ ਨਾਲ ਜੋ ਅਨੇਕਾਂ ਸੂਬਿਆਂ ’ਚ ਹੋ ਰਹੀਆਂ ਹਨ, ਬੱਚੇ ਦੀ ਮਿਹਨਤ ’ਤੇ ਪਾਣੀ ਫਿਰ ਜਾਂਦਾ ਹੈ।
ਉਹ ਕਿਸ ਦੇ ਕੋਲ ਜਾਣ?
ਉਨ੍ਹਾਂ ਦੇ ਮਾਤਾ-ਪਿਤਾ ਅਤੇ ਬੱਚੇ ਕਿਸੇ ਨੇਤਾ ਜਾਂ ਅਫ਼ਸਰ ਕੋਲ ਨਹੀਂ ਜਾ ਸਕਦੇ। ਉਨ੍ਹਾਂ ਦੇ ਚਾਰੇ ਪਾਸੇ ਦਾ ਵਾਤਾਵਰਣ ਅਜਿਹਾ ਹੈ ਕਿ ਹਰ ਨੇਤਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ,ਸਿਰਫ ਇਕ ਪਛਾਣ ਨਾਲ ਜਾਣਿਆ ਜਾਂਦਾ ਹੈ। ਕਿਸੇ ਅਧਿਆਪਕ, ਦੁਕਾਨਦਾਰ, ਆਮ ਨੌਕਰੀ ਜਾਂ ਵਪਾਰ ਕਰਨ ਵਾਲੇ ਦੀ ਉਨ੍ਹਾਂ ਤੱਕ ਪਹੁੰਚ ਦਾ ਸਵਾਲ ਹੀ ਨਹੀਂ ਉੱਠਦਾ।
ਉਸ ’ਤੇ ਚੰਗੇ ਅੰਕ ਲਿਆਉਣ ’ਤੇ ਵੀ ਰਾਖਵੇਂਕਰਨ ਦਾ ਵਿਤਕਰਾ ਬੱਚੇ ਦਾ ਮਨੋਬਲ ਤੋੜ ਦਿੰਦਾ ਹੈ। ਉਹ ਦੇਖਦਾ ਹੈ ਕਿ ਉਸ ਤੋਂ ਅੱਧੇ ਤੋਂ ਵੀ ਘੱਟ ਅੰਕ ਲਿਆਉਣ ਵਾਲਾ ਉਸ ਤੋਂ ਬਿਹਤਰ ਕਾਲਜ ਅਤੇ ਉਸ ਤੋਂ ਬਾਅਦ ਉਸ ਤੋਂ ਬਿਹਤਰ ਨੌਕਰੀ ਪ੍ਰਾਪਤ ਕਰ ਲੈਂਦਾ ਹੈ।
ਫਿਰ ਉਹ ਆਪਣੀਆਂ ਅੱਖਾਂ ਨਾਲ ਦੇਖਦਾ ਹੈ ਕਿ ਹਰ ਮੰਤਰੀ, ਸੰਸਦ ਮੈਂਬਰ , ਵਿਧਾਇਕ ਦੇ ਬੱਚੇ ਵਿਦੇਸ਼ ਪੜ੍ਹਨ ਗਏ ਹਨ। ਅਜਿਹਾ ਸ਼ਾਇਦ ਹੀ ਕੋਈ ਨੇਤਾ ਜਾਂ ਅਫ਼ਸਰ ਮਿਲੇ ਜਿਸ ਦਾ ਬੇਟਾ, ਬੇਟੀ ਜਾਂ ਜਵਾਈ ਵਿਦੇਸ਼ ’ਚ ਨਾ ਪੜ੍ਹ ਰਹੇ ਹੋਣ ਜਾਂ ਉੱਥੇ ਨੌਕਰੀ ਨਾ ਕਰ ਰਹੇ ਹੋਣ।
ਮਾਤਾ-ਪਿਤਾ ਜ਼ਮੀਨ-ਜਾਇਦਾਦ ਗਹਿਣੇ ਰੱਖ ਕੇ ਜਾਂ ਵੇਚ ਕੇ, ਆਪਣੇ ਸੁੱਖ ਘਟਾ ਕੇ ਬੱਚੇ ਦੇ ਭਵਿੱਖ ਲਈ ਸਭ ਕੁਝ ਕਰਨ ਨੂੰ ਤਿਆਰ ਰਹਿੰਦੇ ਹਨ। ਸਭ ਜਾਣਦੇ ਹਨ ਕਿ ਅੱਜ-ਕੱਲ ਸ਼ਹਿਰ-ਸ਼ਹਿਰ ’ਚ ਨੌਜਵਾਨਾਂ ਦਾ ‘ਭਾਰਤ ਛੱਡੋ’ ਅੰਦੋਲਨ ਚੱਲ ਰਿਹਾ ਹੈ।
ਕੀ ਕਿਸੇ ਅਧਿਕਾਰੀ ਜਾਂ ਨੇਤਾ ਨੇ ਬਾਕੀ ਸਾਰੇ ਕੰਮ ਛੱਡ ਕੇ ਇਸ ਵਿਸ਼ੇ ’ਤੇ ਸੋਚਿਆ ਕਿ ਅਜਿਹਾ ਕਿਉਂ ਹੁੰਦਾ ਹੈ? ਅਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਭਿਆਨਕ ਤਣਾਅ ਅਤੇ ਪੀੜਾ ਤੋਂ ਮੁਕਤ ਕਰਨ ਦਾ ਰਾਹ ਕੀ ਹੋ ਸਕਦਾ ਹੈ?
ਜਦੋਂ ਤੱਕ ਉਹ ਧਰਨੇ, ਪ੍ਰਦਰਸ਼ਨ, ਭੁੱਖ ਹੜਤਾਲ ਨਾ ਕਰਨ ਅਤੇ ਉਨ੍ਹਾਂ ’ਚੋਂ ਅਨੇਕਾਂ ਤਾਂ ਹਰ ਹੱਦ ਤੋੜ ਕੇ ਵੀ ਵਧ ਜਾਂਦੇ ਹਨ, ਤਦ ਤੱਕ ਨਾ ਕੋਈ ਹੱਲ ਦੀ ਗੱਲ ਕਰਦਾ ਹੈ, ਨਾ ਗੱਲ ਕਰਨ ਆਉਂਦਾ ਹੈ।
ਇਹੋ ਸਭ ਤੋਂ ਵੱਡਾ ਦੁੱਖ ਹੈ। 22 ਬੱਚਿਆਂ ਨੇ ਆਤਮਹੱਤਿਆ ਕਰ ਲਈ। ਕੋਈ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪੁੱਛਣ ਗਿਆ? 15, 18, 20 ਸਾਲ ਦਾ ਬੱਚਾ ਜਦੋਂ ਆਪਣੀ ਜਾਨ ਲੈਣ ਦਾ ਫ਼ੈਸਲਾ ਕਰਦਾ ਹੈ ਤਾਂ ਧਰਤੀ ਫਟ ਜਾਣੀ ਚਾਹੀਦੀ ਹੈ ਪਰ ਉਸ ਸ਼ਹਿਰ ਦੇ ਅਫ਼ਸਰ, ਨੇਤਾ, ਵਿਧਾਇਕ, ਸੰਸਦ ਮੈਂਬਰ, ਮੰਤਰੀ ਕਿਸੇ ਨੂੰ ਇਸ ਗੱਲ ਦੀ ਪੀੜਾ ਨਹੀਂ ਹੁੰਦੀ ਕਿ ਅਜਿਹਾ ਕਿਉਂ ਹੋਇਆ ਅਤੇ ਜੇ ਹੋਇਆ ਤਾਂ ਉਸ ਦੇ ਹੱਲ ਲਈ ਉਹ ਝੂਠੀ ਚਾਪਲੂਸੀ ਛੱਡ ਕੇ ਆਵਾਜ਼ ਉਠਾਉਣ, ਜਿੱਥੋਂ ਤੱਕ ਉਨ੍ਹਾਂ ਦੀ ਆਵਾਜ਼ ਉੱਪਰ ਜਾ ਸਕੇ ਉੱਥੋਂ ਤੱਕ ਜਾਵੇ ਪਰ ਉਹ ਬੱਚੇ ’ਤੇ ਹੀ ਦੋਸ਼ ਮੜ੍ਹਦੇ ਰਹਿੰਦੇ ਹਨ, ਉਨ੍ਹਾਂ ਨੂੰ ਵਿਵਸਥਾ ’ਚ ਕੋਈ ਦੋਸ਼ ਨਹੀਂ ਦਿਸਦਾ।
ਜਿਨ੍ਹਾਂ ਲੋਕਾਂ ਨੇ ਜੰਤਰ-ਮੰਤਰ ਅੰਦੋਲਨ ਦੀਆਂ ਖ਼ਬਰਾਂ ਨੇੜਿਓਂ ਦੇਖੀਆਂ ਹਨ, ਉਨ੍ਹਾਂ ਦੇ ਸਾਹਮਣੇ ਅਨੇਕਾਂ ਖ਼ਤਰਨਾਕ ਸਵਾਲ ਵੀ ਖੜ੍ਹੇ ਹੋਏ ਹਨ। ਜਿਸ ਤਰ੍ਹਾਂ ਸਕੂਲ-ਕਾਲਜ ਜਾਣ ਵਾਲੀਆਂ ਬੱਚੀਆਂ ਨੇ ਅਪਸ਼ਬਦ ਅਤੇ ਅਸ਼ਲੀਲ ਸ਼ਬਦ ਬੋਲੇ; ਪੜ੍ਹੀਆਂ-ਲਿਖੀਆਂ ਔਰਤਾਂ ਨੇ ਵੀਡੀਓ ’ਚ ਕਿਹਾ ਕਿ ਜੇ ਤੁਹਾਨੂੰ ਪੁਲਸ ਵਾਲਾ ਦਿਸੇ ਤਾਂ ਉਸ ਨੂੰ ਥੱਪੜ ਮਾਰੋ, ਉਸ ਦੀ ਵਰਦੀ ਪਾੜ ਦਿਓ; ਜਮਾਤ-ਏ-ਇਸਲਾਮੀ ਅਤੇ ਅਨੇਕਾਂ ਜਿਹਾਦੀ ਸੰਗਠਨਾਂ ਵਲੋਂ ਉੱਥੇ ਭੋਜਨ ਪਰੋਸਿਆ ਗਿਆ, ਵਿਦੇਸ਼ਾਂ ਤੋਂ ਹਜ਼ਾਰਾਂ ਥਾਲੀਆਂ ਭੋਜਨ ਦੇ ਆਰਡਰ ਆਏ।
ਜਿਸ ਤਰ੍ਹਾਂ ਨਿਹੰਗਾਂ ਨੇ ਪੰਜਾਬ ’ਚ ਇਕ ਪੰਜਾਬੀ ਔਰਤ ਨੂੰ ਘੇਰ ਕੇ ਉਸ ’ਤੇ ਹਮਲਾ ਕੀਤਾ ਸੀ ਪਰ ਉਸ ਦੀ ਉਨ੍ਹਾਂ ਨੇ ਕਦੇ ਨਿੰਦਾ ਜਾਂ ਵਿਰੋਧ ਨਹੀਂ ਕੀਤਾ, ਅਜਿਹੇ ਲੋਕ ਜੰਤਰ-ਮੰਤਰ ’ਤੇ ਗੱਡੀਆਂ ਦੇ ਉੱਪਰ ਤਲਵਾਰਾਂ ਲਹਿਰਾਉਂਦੇ ਹੋਏ ਸਰਕਾਰ ਅਤੇ ਪੁਲਸ ਦੇ ਖ਼ਿਲਾਫ਼ ਨਾਅਰੇ ਲਗਾ ਰਹੇ ਸਨ, ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰ ਰਹੇ ਸਨ, ਪ੍ਰਧਾਨ ਮੰਤਰੀ ਨੂੰ ਅਪਸ਼ਬਦ ਬੋਲ ਰਹੇ ਸਨ। ਉਹ ਨੀਟ ਪ੍ਰੀਖਿਆ ਤੋਂ ਪੀੜਤ ਵਿਦਿਆਰਥੀ ਨਹੀਂ ਸਨ। ਇਹ ਡੂੰਘੀ ਜਾਂਚ ਦਾ ਵਿਸ਼ਾ ਹੈ। ਇਹ ਗੱਲਾਂ ਬੱਚਿਆਂ ਦੇ ਮਾਪਿਆਂ ਦੇ ਪਾਲਣ-ਪੋਸ਼ਣ ’ਤੇ ਵੀ ਸਵਾਲ ਖੜ੍ਹੇ ਕਰਦੀਆਂ ਹਨ।
ਇਕ ਪਾਸੇ ਜੰਮੂ-ਕਸ਼ਮੀਰ ’ਚ ਹੌਲਦਾਰ ਅਸ਼ਫ਼ਾਕ ਹੁਸੈਨ ਭਾਰਤ ਮਾਤਾ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਜਾਂਦਾ ਹੈ, ਦੂਜੇ ਪਾਸੇ ਸਿੱਖਿਆ ਪ੍ਰਣਾਲੀ ਦੀ ਅਸਲੀਅਤ ਤੋਂ ਪੀੜਤ ਵਿਦਿਆਰਥੀਆਂ ਨਾਲ ਅਨੇਕਾਂ ਪ੍ਰਕਾਰ ਦੇ ਤੱਤ ਮਿਲ ਕੇ ਇਕ ਨਵਾਂ ਨਰੇਟਿਵ ਬਣਾ ਦਿੰਦੇ ਹਨ। ਜੇਕਰ ਇਹ ਸਥਿਤੀ ਵੀ ਸਾਨੂੰ ਸਖਤ ਆਤਮ-ਨਿਰੀਖਣ, ਵਿਵਹਾਰ ਤੇ ਆਚਰਨ ’ਚ ਤਬਦੀਲੀ ਵੱਲ ਨਾ ਲੈ ਕੇ ਜਾਵੇ, ਤਾਂ ਇਸ ਦੇਸ਼ ਦੀ ਰੱਖਿਆ ਕਰਨਾ ਔਖਾ ਹੋਵੇਗਾ।
-ਤਰੁਣ ਵਿਜੇ
