‘ਹਸਪਤਾਲਾਂ ’ਚ ਜਬਰ-ਜ਼ਨਾਹ’ ‘ਡਾਕਟਰਾਂ ਅਤੇ ਸਟਾਫ ’ਤੇ ਹਮਲੇ’

Thursday, Apr 17, 2025 - 06:54 AM (IST)

‘ਹਸਪਤਾਲਾਂ ’ਚ ਜਬਰ-ਜ਼ਨਾਹ’ ‘ਡਾਕਟਰਾਂ ਅਤੇ ਸਟਾਫ ’ਤੇ ਹਮਲੇ’

ਦੇਸ਼ ’ਚ ਔਰਤਾਂ ਵਿਰੁੱਧ ਅਪਰਾਧ ਲਗਾਤਾਰ ਜਾਰੀ ਹੈ ਅਤੇ ਕੋਈ ਵੀ ਥਾਂ ਅਜਿਹੀ ਨਹੀਂ ਹੈ ਜਿਸ ਨੂੰ ਔਰਤਾਂ ਲਈ ਸੁਰੱਖਿਅਤ ਕਿਹਾ ਜਾ ਸਕੇ। ਇਥੋਂ ਤਕ ਕਿ ਲੋਕਾਂ ਨੂੰ ਜੀਵਨ ਦਾਨ ਦੇਣ ਵਾਲੇ ਹਸਪਤਾਲਾਂ ਤਕ ਕੰਮ ਕਰਦੀਆਂ ਔਰਤ ਡਾਕਟਰਾਂ ਅਤੇ ਨਰਸਾਂ ਆਦਿ ਅਤੇ ਉਥੇ ਇਲਾਜ ਲਈ ਆਉਣ ਵਾਲੀਆਂ ਔਰਤਾਂ ਨਾਲ ਜਬਰ-ਜ਼ਨਾਹ ਅਤੇ ਡਾਕਟਰਾਂ ’ਤੇ ਹਮਲੇ ਹੋ ਰਹੇ ਹਨ।

ਬੀਤੇ ਸਾਲ 9 ਅਗਸਤ ਨੂੰ ‘ਕੋਲਕਾਤਾ’ ਦੇ ‘ਰਾਧਾ ਗੋਵਿੰਦ ਕਰ ਮੈਡੀਕਲ ਕਾਲਜ ਅਤੇ ਹਸਪਤਾਲ’ ਵਿਚ 31 ਸਾਲਾ ਪੋਸਟ ਗ੍ਰੈਜੂਏਟ ਔਰਤ ਡਾਕਟਰ ਨਾਲ ਜਬਰ-ਜ਼ਨਾਹ ਅਤੇ ਨਿਰਦਈ ਹੱਤਿਆ ਇਸ ਦੀ ਬਲ਼ਦੀ ਮਿਸਾਲ ਹੈ। ਇਸ ਪਿਛੋਂ ਵੀ ਹਸਪਤਾਲਾਂ ’ਚ ਜਬਰ-ਜ਼ਨਾਹ ਅਤੇ ਡਾਕਟਰਾਂ ’ਤੇ ਹਮਲੇ ਦੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੀਆਂ ਇਸੇ ਸਾਲ ਦੇ 3 ਮਹੀਨਿਆਂ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :

* 7 ਜਨਵਰੀ ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ਦੇ ਇਕ ਸਰਕਾਰੀ ਮੈਡੀਕਲ ਕਾਲਜ ਦੇ ਹੋਸਟਲ ’ਚ ਅਾਪਣੀ ਔਰਤ ਸਹਿਕਰਮੀ ਨੂੰ ਬਹਾਨੇ ਨਾਲ ਬੁਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ।

* 17 ਜਨਵਰੀ ਨੂੰ ‘ਵਡੋਦਰਾ’ (ਗੁਜਰਾਤ) ਦੇ ਇਕ ਪ੍ਰਾਈਵੇਟ ਹਸਪਤਾਲ ਦੇ ਰੇਡੀਓਲਾਜੀ ਵਿਭਾਗ ’ਚ ਕੰਮ ਕਰਨ ਵਾਲੇ ਇਕ ਵਰਕਰ ਨੇ ਉਸੇ ਹਸਪਤਾਲ ਦੀ ਇਕ ਨਰਸ ਨੂੰ ਜ਼ਬਰਦਸਤੀ ਹਸਪਤਾਲ ਦੀ ਉਪਰਲੀ ਮੰਜ਼ਿਲ ’ਤੇ ਲਿਜਾ ਕੇ ਉਸ ਦੇ ਨਾਲ ਜਬਰ-ਜ਼ਨਾਹ ਕਰ ਦਿੱਤਾ।

* 10 ਮਾਰਚ ਨੂੰ ‘ਫਰੀਦਾਬਾਦ’ (ਹਰਿਆਣਾ) ਦੇ ਇਕ ਸਰਕਾਰੀ ਹਸਪਤਾਲ ਦੀ ਔਰਤ ਮੁਲਾਜ਼ਮ ਨੇ 3 ਮਰਦ ਸਹਿਕਰਮੀਆਂ ’ਤੇ ਉਸ ਦੇ ਨਾਲ ਜਬਰ-ਜ਼ਨਾਹ ਅਤੇ ਛੇੜਛਾੜ ਕਰਨ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।

* 19 ਮਾਰਚ ਨੂੰ ‘ਲਖਨਊ’ ਵਿਚ ‘ਕੁਰਸੀ ਰੋਡ’ ਸਥਿਤ ਇਕ ਹਸਪਤਾਲ ’ਚ ਇਲਾਜ ਕਰਵਾਉਣ ਲਈ ਆਈ ਇਕ ਲੜਕੀ ਨੂੰ ‘ਰੇਹਾਨ’ ਨਾਂ ਦੇ ਵਾਰਡ ਬੁਆਏ ਵਲੋਂ ਸਟੱਡੀ ਰੂਮ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਕੇ ਗਰਭਵਤੀ ਕਰ ਦੇਣ ਦਾ ਮਾਮਲਾ ਸਾਹਮਣੇ ਆਉਣ ’ਤੇ ਵਾਰਡ ਬੁਆਏ ਨੂੰ ਗ੍ਰਿਫਤਾਰ ਕਰ ਲਿਆ ਗਿਆ।

* 13 ਅਪ੍ਰੈਲ ਨੂੰ ‘ਮੁੰਬਈ’ ਦੇ ‘ਲੋਕਮਾਨਯ ਤਿਲਕ ਮਿਊਂਸੀਪਲ ਜਨਰਲ ਹਸਪਤਾਲ’ ਦੇ ਕੈਜ਼ੂਐਲਿਟੀ ਵਾਰਡ ’ਚ ਇਕ ਔਰਤ ਡਾਕਟਰ ਜਦੋਂ ਉਥੇ ਇਲਾਜ ਅਧੀਨ ਇਕ ਰੋਗੀ ਦੇ ਕੰਨ ਦਾ ਇਲਾਜ ਕਰ ਰਹੀ ਸੀ, ਉਦੋਂ ਕਿਸੇ ਗੱਲ ’ਤੇ ਝਗੜਾ ਹੋ ਗਿਆ।

ਇਸ ’ਤੇ ਰੋਗੀ ਦੇ ਨਾਲ ਆਏ ਲਗਭਗ ਅੱਧੀ ਦਰਜਨ ਲੋਕਾਂ ਨੇ ਔਰਤ ਡਾਕਟਰ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਭੰਨ-ਤੋੜ ਕਰ ਕੇ ਹਸਪਤਾਲ ਦੀ ਜਾਇਦਾਦ ਨੂੰ ਵੀ ਹਾਨੀ ਪਹੁੰਚਾਈ।

* ਅਤੇ ਹੁਣ 15 ਅਪ੍ਰੈਲ ਨੂੰ ‘ਗੁੜਗਾਓਂ’ (ਹਰਿਆਣਾ) ਦੇ ਸਦਰ ਥਾਣਾ ਏਰੀਆ ਸਥਿਤ ਇਕ ਪ੍ਰਸਿੱਧ ਹਸਪਤਾਲ ’ਚ ਇਲਾਜ ਦੌਰਾਨ ਵੈਂਟੀਲੇਟਰ ’ਤੇ ਬੇਹੋਸ਼ ਪਈ ਏਅਰ ਹੋਸਟੈੱਸ ਨਾਲ ਹਸਪਤਾਲ ਦੇ ਹੀ ਸਟਾਫ ਦੇ ਕਿਸੇ ਮੈਂਬਰ ਵਲੋਂ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰ ਹੋਸਟੈੱਸ ਨੇ ਮਹਿਲਾ ਸਦਰ ਥਾਣਾ ਪੁਲਸ ਕੋਲ ਸ਼ਿਕਾਇਤ ਦਿੱਤੀ। ਪੁਲਸ ਨੇ ਅਣਪਛਾਤੇ ’ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੰਪਨੀ ਵਲੋਂ ਗੁਰੂਗ੍ਰਾਮ ’ਚ ਟ੍ਰੇਨਿੰਗ ਲਈ ਆਈ ਉਕਤ 46 ਸਾਲਾ ਪੀੜਤਾ ਇਕ ਹੋਟਲ ’ਚ ਰੁਕੀ ਸੀ। ਇਸੇ ਦੌਰਾਨ ਤਬੀਅਤ ਖਰਾਬ ਹੋ ਜਾਣ ’ਤੇ ਉਹ ਉਕਤ ਹਸਪਤਾਲ ’ਚ ਇਲਾਜ ਕਰਵਾਉਣ ਲਈ ਭਰਤੀ ਹੋਈ ਸੀ।

ਹਸਪਤਾਲਾਂ ’ਚ ਹੋਣ ਵਾਲੀਆਂ ਅਜਿਹੀਆਂ ਹੀ ਘਟਨਾਵਾਂ ’ਤੇ ਟਿੱਪਣੀ ਕਰਦੇ ਹੋਏ ਭਾਰਤ ’ਚ ਡਾਕਟਰਾਂ ਦੇ ਸਭ ਤੋਂ ਵੱਡੇ ਸੰਗਠਨਾਂ ’ਚੋਂ ਇਕ ‘ਇੰਡੀਅਨ ਮੈਡੀਕਲ ਐਸੋਸੀਏਸ਼ਨ’ ਨੇ ਹਸਪਤਾਲਾਂ ’ਚ ਵੱਧ ਸਖਤ ਸੁਰੱਖਿਆ ਲਾਗੂ ਕਰਨ ਅਤੇ ਇਸ ਮੰਤਵ ਲਈ ਵੱਧ ਮੁਲਾਜ਼ਮ ਅਤੇ ‘ਕਲੋਜ਼ ਸਰਕਟ ਕੈਮਰੇ’ ਲਾਉਣ ਦੀ ਮੰਗ ਕੀਤੀ ਹੈ।

ਦਿੱਲੀ ਦੇ ਇਕ ਹਸਪਤਾਲ ’ਚ ਕੰਮ ਕਰਦੀ ਇਕ ਔਰਤ ਰੈਜ਼ੀਡੈਂਟ ਡਾਕਟਰ ਅਨੁਸਾਰ ਹਸਪਤਾਲਾਂ ਦੀ ਇਕ ਅਜਿਹੇ ਸਥਾਨ ਦੇ ਰੂਪ ’ਚ ਕਲਪਨਾ ਕੀਤੀ ਜਾਂਦੀ ਹੈ ਜੋ ਸੁਰੱਖਿਅਤ ਹੋਣ, ਪਰ ਅਜਿਹਾ ਨਹੀਂ ਹੈ। ਇਸ ਦੇ ਲਈ ਤੁਰੰਤ ਪ੍ਰਭਾਵੀ ਕਦਮ ਚੁੱਕਣ ਦੀ ਲੋੜ ਹੈ, ਤਾਂਕਿ ਹਸਪਤਾਲਾਂ ’ਚ ਕੰਮ ਕਰਨ ਵਾਲੇ ਸਟਾਫ ਅਤੇ ਇਲਾਜ ਲਈ ਆਉਣ ਵਾਲਿਆਂ ਨੂੰ ਸੁਰੱਖਿਅਤ ਮਾਹੌਲ ਮਿਲੇ।

–ਵਿਜੇ ਕੁਮਾਰ


author

Sandeep Kumar

Content Editor

Related News