ਸ਼੍ਰੀਰਾਮ ਜਨਮਭੂਮੀ ਦਾਨ ’ਚ ਸੰਨ੍ਹ
Friday, Jul 03, 2026 - 05:38 PM (IST)
ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਸ਼ੱਕ ਦੇ ਘੇਰੇ ’ਚ ਆਉਣ ਤੋਂ ਵੱਧ ਮੰਦਭਾਗਾ ਕੁਝ ਨਹੀਂ ਹੋ ਸਕਦਾ। ਲਗਭਗ 500 ਸਾਲਾਂ ਦੇ ਸੰਘਰਸ਼, ਹਜ਼ਾਰਾਂ ਕੁਰਬਾਨੀਆਂ ਅਤੇ ਆਜ਼ਾਦੀ ਤੋਂ ਬਾਅਦ ਵੀ ਲੰਬੇ ਅਦਾਲਤੀ ਸੰਘਰਸ਼ ਤੋਂ ਬਾਅਦ ਸ਼੍ਰੀਰਾਮ ਜਨਮਭੂਮੀ ਮੁਕਤ ਹੋਈ, ਸ਼੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ। ਜੇਕਰ ਉੱਥੋਂ ਦੇ ਚੜ੍ਹਾਵੇ ਅਤੇ ਚੰਦੇ ’ਚ ਵੀ ਲੋਕ ਸੰਨ੍ਹ ਲਗਾ ਰਹੇ ਹਨ, ਤਾਂ ਇਹ ਸਾਡੇ ਸਾਰਿਆਂ ਲਈ ਡੁੱਬ ਕੇ ਮਰਨ ਵਾਲੀ ਗੱਲ ਹੈ। ਸਾਡੇ ਧਰਮ ’ਚ ਦਾਨ ਨੂੰ ਤਪੱਸਿਆ ਮੰਨਿਆ ਗਿਆ ਹੈ। ਦਾਨ ਚੋਰੀ ਕਰਨ ਵਾਲੇ ਲਈ ਤਿੰਨਾਂ ਲੋਕਾਂ ’ਚ ਮਾੜਾ ਹਸ਼ਰ ਹੋਣ ਦੀ ਗੱਲ ਕਹੀ ਗਈ ਹੈ।
ਇਹ ਅਜਿਹਾ ਸੰਵੇਦਨਸ਼ੀਲ ਮਾਮਲਾ ਹੈ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਪੂਰੀ ਜਾਣਕਾਰੀ ਬਾਹਰ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸਿਆਸਤਦਾਨਾਂ ਦੇ ਸਿਆਸੀ ਬਿਆਨਾਂ ਅਤੇ ਮੀਡੀਆ ਦੀ ਲਗਾਤਾਰ ਕਵਰੇਜ ਨਾਲ ਕੁਝ ਅਜਿਹਾ ਮਾਹੌਲ ਬਣ ਰਿਹਾ ਹੈ, ਜਿਸ ’ਚ ਸੱਚ ਤੱਕ ਪਹੁੰਚਣਾ ਲਗਭਗ ਅਸੰਭਵ ਹੈ।
ਸੱਚ ਇਹ ਹੈ ਕਿ ਸ਼੍ਰੀਰਾਮ ਜਨਮਭੂਮੀ ਚੰਦਾ ਚੋਰੀ ਮਾਮਲੇ ਦੀ ਅਸਲ ਜਾਣਕਾਰੀ ਬਿਆਨ ਦੇਣ ਵਾਲਿਆਂ ਕੋਲ ਬਿਲਕੁਲ ਨਹੀਂ ਹੋ ਸਕਦੀ। ਜਿੰਨੀ ਰਕਮ ਦੱਸੀ ਜਾ ਰਹੀ ਹੈ, ਪਤਾ ਨਹੀਂ ਓਨਾ ਚੰਦਾ ਆਇਆ ਵੀ ਹੋਵੇਗਾ ਜਾਂ ਨਹੀਂ। ਇਕ ਸੀਨੀਅਰ ਆਗੂ ਦਾ ਬਿਆਨ ਹੈ ਕਿ 20,000 ਕਰੋੜ ਰੁਪਏ ਤੋਂ ਵੱਧ ਦੀ ਚੋਰੀ ਹੋਈ। ਕੀ ਸ਼੍ਰੀਰਾਮ ਮੰਦਰ ’ਚ ਇੰਨਾ ਦਾਨ ਆਇਆ? ਕੋਈ ਕਹਿ ਰਿਹਾ ਹੈ ਕਿ ਅਸੀਂ ਚਾਂਦੀ ਦੀਆਂ ਫਲਾਣੀਆਂ ਚੀਜ਼ਾਂ ਦਿੱਤੀਆਂ ਸਨ ਅਤੇ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਹੈ। ਇਹ ਜਾਣਕਾਰੀ ਕਿੱਥੋਂ ਮਿਲੀ ਕਿ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਹੈ? ਕੀ ਦਾਨ ਦੇਣ ਵਾਲਿਆਂ ਨੂੰ ਵਾਰ-ਵਾਰ ਬੁਲਾ ਕੇ ਦਿਖਾਇਆ ਜਾਵੇਗਾ ਕਿ ਤੁਸੀਂ ਜੋ ਕੁਝ ਦਿੱਤਾ ਸੀ, ਉਹ ਇੱਥੇ ਰੱਖਿਆ ਹੋਇਆ ਹੈ?
ਕਿਉਂਕਿ ਚੰਪਤ ਰਾਏ ਟਰੱਸਟ ਦੇ ਜਨਰਲ ਸਕੱਤਰ ਹਨ, ਇਸ ਲਈ ਸਿਆਸਤਦਾਨਾਂ ਦੇ ਸਭ ਤੋਂ ਵੱਧ ਨਿਸ਼ਾਨੇ ’ਤੇ ਉਹੀ ਹਨ। ਗੋਪਾਲ ਰਾਓ ਅਤੇ ਅਨਿਲ ਮਿਸ਼ਰਾ ਦੋਵੇਂ ਸੰਘ ਪਰਿਵਾਰ ਨਾਲ ਜੁੜੇ ਰਹੇ ਹਨ, ਇਸ ਲਈ ਸੁਭਾਵਿਕ ਹੀ ਵਿਰੋਧੀ ਆਗੂਆਂ ਦੇ ਨਿਸ਼ਾਨੇ ’ਤੇ ਹਨ। ਜਿਨ੍ਹਾਂ ਆਗੂਆਂ ਕੋਲ ਖ਼ੁਦ ਆਮਦਨ ਤੋਂ ਵੱਧ ਜਾਇਦਾਦ ਦਿਖਾਈ ਦਿੰਦੀ ਹੈ, ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਹੋਣ ਦੇ ਬਾਵਜੂਦ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਨਹੀਂ ਸਨ, ਉਨ੍ਹਾਂ ਤੋਂ ਸੁੱਚਾਈ ਅਤੇ ਇਮਾਨਦਾਰੀ ਦੀ ਗੱਲ ਕੌਣ ਸੁਣੇਗਾ? ਇਸ ਲਈ ਉਨ੍ਹਾਂ ਦੇ ਬਿਆਨਾਂ ’ਤੇ ਜਾਣ ਦੀ ਲੋੜ ਨਹੀਂ ਹੈ। ਇਸ ’ਚ ਵੀ ਕੋਈ ਦੋ-ਰਾਵਾਂ ਨਹੀਂ ਹਨ ਕਿ ਚੰਦੇ ਦਾ ਇਕ-ਇਕ ਪੈਸਾ ਸੁਰੱਖਿਅਤ ਰਹੇ, ਇਸਦੇ ਲਈ ਜਿਸ ਤਰ੍ਹਾਂ ਦੀ ਨਿਗਰਾਨੀ ਹੋਣੀ ਚਾਹੀਦੀ ਸੀ, ਉਸ ’ਚ ਕਮੀ ਰਹੀ, ਤਾਂ ਹੀ ਇਹ ਸੰਭਵ ਹੋ ਸਕਿਆ।
ਸ਼੍ਰੀਰਾਮ ਜਨਮਭੂਮੀ ਨੂੰ ਮਹੱਤਵ ਮਿਲਣ ਕਾਰਨ ਉਸ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਅਜਿਹੇ ਲੋਕਾਂ, ਜਿਨ੍ਹਾਂ ਨੂੰ ਸਮਾਜ ਥੋੜ੍ਹਾ-ਬਹੁਤ ਜਾਣਦਾ ਹੈ, ਦਾ ਸਤਿਕਾਰ ਵਧਿਆ ਹੈ। ਆਮ ਤੌਰ ’ਤੇ ਪ੍ਰਸ਼ਾਸਨ ਵੀ ਅਜਿਹੇ ਲੋਕਾਂ ਨਾਲ ਸਤਿਕਾਰਯੋਗ ਵਿਵਹਾਰ ਕਰਦਾ ਹੈ। ਇਨ੍ਹਾਂ ਦੁਸ਼ਟਾਂ ਨੇ ਇਸ ਸਭ ਦਾ ਫਾਇਦਾ ਉਠਾਇਆ ਅਤੇ ਮਹਾਪਾਪ ਕੀਤਾ। ਇਨ੍ਹਾਂ ’ਚੋਂ ਕਈਆਂ ਦੀਆਂ ਜਾਇਦਾਦਾਂ ਅਤੇ ਰਹਿਣ-ਸਹਿਣ ਦੇ ਸਬੰਧ ’ਚ ਆਈਆਂ ਜਾਣਕਾਰੀਆਂ ਇਸ ਦਾ ਸਬੂਤ ਹਨ।
ਪਰ ਇਸ ਦੇ ਲਈ ਅਸੀਂ ਪੂਰੇ ਟਰੱਸਟ, ਮੰਦਰ ਪ੍ਰਬੰਧਨ, ਸੂਬਾ ਅਤੇ ਕੇਂਦਰ ਸਰਕਾਰ ਸਭ ਨੂੰ ਅਪਰਾਧੀ ਨਹੀਂ ਮੰਨ ਸਕਦੇ। ਨਿਰਪੱਖ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਇਹ ਜਾਣਕਾਰੀ ਸਾਹਮਣੇ ਆਉਣ ਲੱਗੀ, ਟਰੱਸਟ ਦੇ ਉੱਚ ਅਹੁਦੇਦਾਰ ਸਰਗਰਮ ਹੋ ਗਏ ਅਤੇ ਸ਼ੱਕੀ ਲੋਕਾਂ ਦੇ ਘਰ ਜਾ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅਨੁਸਾਰ ਖ਼ੁਦ ਚੰਪਤ ਰਾਏ ਨੇ ਅਜਿਹਾ ਕੀਤਾ। ਸਵਾਲ ਉਠਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਖ਼ੁਦ ਜਾਂਚ-ਪੜਤਾਲ ਕਰਨ ਦੀ ਬਜਾਏ ਪੁਲਸ ਨੂੰ ਮਾਮਲਾ ਕਿਉਂ ਨਹੀਂ ਸੌਂਪਿਆ? ਚੰਪਤ ਰਾਏ ਜੇਕਰ ਸ਼ਾਮਲ ਹਨ ਤਾਂ ਉਨ੍ਹਾਂ ਨੂੰ ਕੋਈ ਬਚਾ ਨਹੀਂ ਸਕਦਾ। ਤੱਥ ਇਹ ਵੀ ਹੈ ਕਿ ਉਨ੍ਹਾਂ ਨੇ ਖ਼ੁਦ ਸੂਬਾ ਸਰਕਾਰ ਨੂੰ ਐੱਸ. ਆਈ. ਟੀ. ਜਾਂਚ ਕਰਨ ਲਈ ਲਿਖਤੀ ਬੇਨਤੀ ਕੀਤੀ, ਪੁਲਸ ਨੂੰ ਵੀ ਸੂਚਨਾ ਦਿੱਤੀ ਅਤੇ ਅਗਲੇ ਹੀ ਦਿਨ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਅਸਤੀਫ਼ਾ ਦੇ ਦਿੱਤਾ।
ਪਰ ਜੇਕਰ ਚੋਰੀ ਕਰਨ ਵਾਲਾ ਕਿਸੇ ਦਾ ਨਜ਼ਦੀਕੀ ਮੰਨਿਆ ਜਾਂਦਾ ਹੋਵੇ, ਤਾਂ ਕੀ ਉਸ ’ਚ ਦੋਵਾਂ ਦੀ ਮਿਲੀਭੁਗਤ ਮੰਨੀ ਜਾਵੇਗੀ? ਉਂਝ ਸੱਚਾਈ ਇਹੀ ਹੈ ਕਿ ਚੰਦੇ ਜਾਂ ਚੜ੍ਹਾਵੇ ਦੀ ਗਿਣਤੀ ਲਈ ਭਾਰਤੀ ਸਟੇਟ ਬੈਂਕ ਦੇ ਕਰਮਚਾਰੀ ਹੀ ਲੱਗੇ ਹੋਏ ਹਨ। ਇਸ ’ਚ ਟਰੱਸਟ ਦੀ ਕੋਈ ਭੂਮਿਕਾ ਨਹੀਂ ਹੈ। ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਹੋਏ ਹਨ ਅਤੇ ਉਨ੍ਹਾਂ ’ਚ ਕਈ ਵਾਰ ਸੁਧਾਰ ਵੀ ਕੀਤੇ ਗਏ, ਤਾਂ ਜੋ ਕੋਈ ਗੜਬੜ ਕਰਨ ਵਾਲਾ ਉਨ੍ਹਾਂ ਦੀ ਨਜ਼ਰ ਤੋਂ ਬਚ ਨਾ ਸਕੇ। ਜਦੋਂ ਚੋਰਾਂ-ਬੇਈਮਾਨਾਂ ਵਿਚਾਲੇ ਤਾਲਮੇਲ ਹੋ ਜਾਂਦਾ ਹੈ, ਤਾਂ ਉਹ ਉਸ ਦਾ ਵੀ ਤੋੜ ਲੱਭ ਲੈਂਦੇ ਹਨ। ਇੱਥੇ ਵੀ ਕੁਝ ਅਜਿਹਾ ਹੀ ਹੋਇਆ। ਕੋਈ ਸੀ. ਸੀ. ਟੀ. ਵੀ. ਕੈਮਰੇ ਦੇ ਸਾਹਮਣੇ ਥੋੜ੍ਹੀ ਦੇਰ ਲਈ ਖੜ੍ਹਾ ਹੋ ਗਿਆ ਅਤੇ ਚੋਰੀ ਹੋ ਗਈ। ਪੂਰੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜੇ-ਕਿਹੜੇ ਤਰੀਕਿਆਂ ਨਾਲ ਚੋਰੀ ਹੋਈ।
ਮੰਦਰਾਂ ਨੂੰ ਸਰਕਾਰ ਦੇ ਕੰਟਰੋਲ ਤੋਂ ਮੁਕਤ ਕਰਾਉਣ ਦਾ ਸੰਘਰਸ਼ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਹ ਜ਼ਰੂਰੀ ਵੀ ਹੈ। ਮਾਹੌਲ ਅਜਿਹਾ ਬਣਾਇਆ ਜਾ ਰਿਹਾ ਹੈ ਕਿ ਭਵਿੱਖ ’ਚ ਸ਼੍ਰੀਰਾਮ ਜਨਮਭੂਮੀ ਮੰਦਰ ਸਰਕਾਰੀ ਕੰਟਰੋਲ ’ਚ ਜਾ ਸਕਦਾ ਹੈ। ਸੁਝਾਅ ਆ ਰਿਹਾ ਹੈ ਕਿ ਕਿਸੇ ਸਾਬਕਾ ਆਈ. ਏ. ਐੱਸ. ਅਧਿਕਾਰੀ ਦੇ ਹੱਥਾਂ ’ਚ ਟਰੱਸਟ ਦਾ ਸੰਚਾਲਨ ਦੇ ਦਿੱਤਾ ਜਾਵੇ। ਕੀ ਇਸ ਦੇ ਲਈ ਸਿਰਫ਼ ਆਈ. ਏ. ਐੱਸ. ਹੀ ਯੋਗ ਹੋ ਸਕਦੇ ਹਨ? ਕੀ ਆਈ. ਏ. ਐੱਸ. ਭ੍ਰਿਸ਼ਟ ਹੁੰਦੇ ਹੀ ਨਹੀਂ? ਧਾਰਮਿਕ ਸੰਸਥਾਵਾਂ ਦਾ ਸੰਚਾਲਨ ਧਰਮ ਖੇਤਰ ਅਤੇ ਸਮਾਜ ਖੇਤਰ ਦੇ ਹੱਥਾਂ ’ਚ ਰਹੇ, ਇਹੀ ਉਚਿਤ ਹੈ।
ਇਸ ਦਾ ਹੱਲ ਤਾਂ ਸਾਡੇ ਧਰਮਨਿਸ਼ਠ, ਸੱਤਿਆਨਿਸ਼ਠ ਅਤੇ ਨੈਤਿਕ ਹੋਣ ’ਚ ਹੀ ਹੈ। ਜਿਸ ਸਮਾਜ ਦਾ ਇਕ ਬਹੁਤ ਵੱਡਾ ਹਿੱਸਾ ਸੱਭਿਆਚਾਰਕ ਅਤੇ ਅਧਿਆਤਮਿਕ ਤੌਰ ’ਤੇ ਲੰਬੇ ਸਮੇਂ ਤੋਂ ਭਟਕਿਆ ਹੋਇਆ ਹੋਵੇ, ਅਗਿਆਨੀ ਹੋਵੇ, ਉਨ੍ਹਾਂ ਨੂੰ ਦੁਬਾਰਾ ਧਰਮ ਦੀ ਦ੍ਰਿਸ਼ਟੀ ਦੇਣਾ ਸੌਖਾ ਨਹੀਂ, ਪਰ ਰਸਤਾ ਇਹੀ ਹੈ। ਧਾਰਮਿਕ ਪੱਖੋਂ ਸੁਚੇਤ ਸਮਾਜ ਹੀ ਇਸ ਨੂੰ ਰੋਕ ਸਕਦਾ ਹੈ।
—ਅਵਧੇਸ਼ ਕੁਮਾਰ
