ਕੀ ਕਿੰਗ ਮੇਕਰ ਤੋਂ ਕਿੰਗ ਬਣਨ ਵੱਲ ਪ੍ਰਸ਼ਾਂਤ ਕਿਸ਼ੋਰ?
Thursday, Jul 09, 2026 - 04:24 PM (IST)
ਤਾਮਿਲਨਾਡੂ ਦੇ ਮੁੱਖ ਮੰਤਰੀ ਜੋਸਫ਼ ਵਿਜੇ ਦੀ ਜਿੱਤ ਦੇ ਰਣਨੀਤੀਕਾਰ ਮੰਨੇ ਜਾਣ ਵਾਲੇ ਪ੍ਰਸ਼ਾਂਤ ਕਿਸ਼ੋਰ ਹੁਣ ਖ਼ੁਦ ਪਹਿਲੀ ਵਾਰ ਚੋਣ ਮੈਦਾਨ ’ਚ ਉਤਰ ਗਏ ਹਨ। ਉਹ ਬਿਹਾਰ ਦੇ ਬਾਂਕੀਪੁਰ ਤੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜਨਗੇ। ਇਹ ਸੀਟ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਅਸਤੀਫ਼ੇ ਨਾਲ ਖ਼ਾਲੀ ਹੋਈ ਹੈ। ਤਾਮਿਲਨਾਡੂ ’ਚ ਚਮਤਕਾਰੀ ਢੰਗ ਨਾਲ ਵਿਜੇ ਦੀ ਪਾਰਟੀ ਟੀ.ਵੀ.ਕੇ. ਦੀ ਜਿੱਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਖ਼ੂਬ ਵਾਹ-ਵਾਹੀ ਲੁੱਟੀ। ਵੈਸੇ ਇਸ ਤਰ੍ਹਾਂ ਦਾ ਚਮਤਕਾਰ ਪਹਿਲਾਂ ਵੀ ਉਹ ਬੰਗਾਲ, ਬਿਹਾਰ, ਪੰਜਾਬ ਅਤੇ ਕਈ ਹੋਰ ਰਾਜਾਂ ’ਚ ਦਿਖਾ ਚੁੱਕੇ ਹਨ। ਉਨ੍ਹਾਂ ਦੀ ਰਣਨੀਤੀ ਨੂੰ ਖੇਤਰੀ ਪਾਰਟੀਆਂ ਦੀ ਜਿੱਤ ਦੀ ਗਾਰੰਟੀ ਮੰਨਿਆ ਜਾਂਦਾ ਹੈ ਪਰ ਉਨ੍ਹਾਂ ਦੀ ਆਪਣੀ ਜਨ ਸੁਰਾਜ ਪਾਰਟੀ ਦਾ ਰਿਕਾਰਡ ਕੁਝ ਚੰਗਾ ਨਹੀਂ ਰਿਹਾ। 2025 ’ਚ ਉਨ੍ਹਾਂ ਦੀ ਪਾਰਟੀ ਵੱਡੇ ਜੋਸ਼ੋ-ਖ਼ਰੋਸ਼ ਦੇ ਨਾਲ ਪਹਿਲੀ ਵਾਰ ਬਿਹਾਰ ਵਿਧਾਨ ਸਭਾ ਚੋਣਾਂ ’ਚ ਉਤਰੀ ਅਤੇ ਬੁਰੀ ਤਰ੍ਹਾਂ ਹਾਰ ਗਈ। ਪ੍ਰਸ਼ਾਂਤ ਹੁਣ ਜ਼ਿਮਨੀ ਚੋਣ ’ਚ ਕੋਈ ਕਮਾਲ ਦਿਖਾ ਸਕਣਗੇ?
ਦਾਅ ’ਤੇ ਰਾਜਨੀਤੀ
ਬਾਂਕੀਪੁਰ ਜ਼ਿਮਨੀ ਚੋਣ ’ਚ ਪ੍ਰਸ਼ਾਂਤ ਕਿਸ਼ੋਰ ਦੇ ਮੈਦਾਨ ’ਚ ਆਉਣ ਨਾਲ ਮੁਕਾਬਲਾ ਦਿਲਚਸਪ ਜ਼ਰੂਰ ਹੋ ਗਿਆ ਹੈ। ਕਰੀਬ 30 ਸਾਲਾਂ ਤੋਂ ਇਸ ਸੀਟ ’ਤੇ ਨਿਤਿਨ ਨਬੀਨ ਪਰਿਵਾਰ ਦਾ ਕਬਜ਼ਾ ਰਿਹਾ ਹੈ। ਨਿਤਿਨ ਨਬੀਨ 5 ਵਾਰ ਅਤੇ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ 4 ਵਾਰ ਇਸ ਖੇਤਰ ਤੋਂ ਜਿੱਤ ਚੁੱਕੇ ਹਨ। ਭਾਜਪਾ ਨੇ ਇਸ ਵਾਰ ਇਕ ਨਵੇਂ ਚਿਹਰੇ ਅਭਿਸ਼ੇਕ ਕੁਮਾਰ ਨੂੰ ਮੈਦਾਨ ’ਚ ਉਤਾਰਨ ਦਾ ਐਲਾਨ ਕੀਤਾ ਹੈ। ਅਭਿਸ਼ੇਕ ਕੁਮਾਰ ਕਾਇਸਥ ਹਨ ਅਤੇ ਨਿਤਿਨ ਨਬੀਨ ਦੇ ਕਰੀਬੀ ਮੰਨੇ ਜਾਂਦੇ ਹਨ। ਉਹ ਭਾਜਪਾ ਯੁਵਾ ਮੋਰਚਾ ਦੇ ਮਹਾਨਗਰ ਪ੍ਰਧਾਨ ਰਹਿ ਚੁੱਕੇ ਹਨ। ਰਾਜਦ ਨੇ ਆਪਣੀ ਪੁਰਾਣੀ ਉਮੀਦਵਾਰ ਰੇਖਾ ਕੁਮਾਰੀ ਗੁਪਤਾ ਨੂੰ ਫਿਰ ਟਿਕਟ ਦਿੱਤੀ ਹੈ, ਜੋ 2025 ਦੀਆਂ ਚੋਣਾਂ ’ਚ ਦੂਜੇ ਨੰਬਰ ’ਤੇ ਰਹੀ ਸੀ।
2025 ਦੀਆਂ ਚੋਣਾਂ ’ਚ ਭਾਜਪਾ ਦੇ ਮੌਜੂਦਾ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੂੰ ਇਸ ਖੇਤਰ ’ਚ 98,299 ਵੋਟਾਂ ਮਿਲੀਆਂ ਸਨ। ਉਨ੍ਹਾਂ ਦਾ ਵੋਟ ਸ਼ੇਅਰ ਲਗਭਗ 62.66 ਫੀਸਦੀ ਸੀ। ਰੇਖਾ ਕੁਮਾਰੀ 46,363 ਵੋਟਾਂ ਦੇ ਨਾਲ ਦੂਜੇ ਨੰਬਰ ’ਤੇ ਰਹੀ ਪਰ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦੀ ਉਮੀਦਵਾਰ ਵੰਦਨਾ ਕੁਮਾਰੀ ਨੂੰ ਸਿਰਫ਼ 7,717 ਵੋਟਾਂ ਮਿਲੀਆਂ ਸਨ। ਉਨ੍ਹਾਂ ਦਾ ਵੋਟ ਸ਼ੇਅਰ ਲਗਭਗ 4.9 ਫੀਸਦੀ ਸੀ। ਅਜਿਹੇ ’ਚ ਚਰਚਾ ਹੋ ਰਹੀ ਹੈ ਕਿ ਜਨ ਸੁਰਾਜ ਲਈ ਅਤਿਅੰਤ ਕਮਜ਼ੋਰ ਸਾਬਤ ਹੋਈ ਸੀਟ ’ਤੇ ਪ੍ਰਸ਼ਾਂਤ ਕਿਸ਼ੋਰ ਖ਼ੁਦ ਨੂੰ ਦਾਅ ’ਤੇ ਕਿਉਂ ਲਗਾ ਰਹੇ ਹਨ। ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 2025 ਦੀਆਂ ਵਿਧਾਨ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਦਾ ਰਾਜਨੀਤਕ ਭਵਿੱਖ ਹਾਸ਼ੀਏ ’ਤੇ ਜਾ ਚੁੱਕਾ ਹੈ। ਅਜਿਹੇ ’ਚ ਖ਼ੁਦ ਨੂੰ ਪ੍ਰਾਸੰਗਿਕ ਬਣਾਈ ਰੱਖਣਾ ਪ੍ਰਸ਼ਾਂਤ ਦੀ ਸਭ ਤੋਂ ਵੱਡੀ ਚੁਣੌਤੀ ਹੈ।
ਕਿੰਗ ਮੇਕਰ ਸੀਟ
ਬਾਂਕੀਪੁਰ, ਜਿਸ ਦਾ ਨਾਮ ਪਹਿਲਾਂ ਪਟਨਾ ਵੈਸਟ ਸੀ, ਬਿਹਾਰ ਦੀ ਰਾਜਨੀਤਕ ਰੂਪ ਤੋਂ ਬਹੁਤ ਮਹੱਤਵਪੂਰਨ ਸੀਟ ਮੰਨੀ ਜਾਂਦੀ ਹੈ। ਕਹਿੰਦੇ ਹਨ ਕਿ ਇਸ ਸੀਟ ਤੋਂ ਜਿੱਤਣ ਵਾਲੇ ਦੇ ਸਿਰ ’ਤੇ ਤਾਜ ਜ਼ਰੂਰ ਸਜਦਾ ਹੈ। ਨਿਤਿਨ ਨਬੀਨ ਇਸ ਸੀਟ ਤੋਂ ਵਿਧਾਇਕ ਬਣੇ, ਉਸੇ ਨਾਲ ਉਨ੍ਹਾਂ ਦੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣਨ ਦਾ ਰਸਤਾ ਖੁੱਲ੍ਹਿਆ। 1962 ’ਚ ਇਸ ਸੀਟ ਤੋਂ ਕਾਂਗਰਸ ਦੇ ਕ੍ਰਿਸ਼ਨ ਬੱਲਭ ਸਹਾਏ ਜਿੱਤੇ ਅਤੇ ਬਾਅਦ ’ਚ ਮੁੱਖ ਮੰਤਰੀ ਬਣੇ। 1967 ’ਚ ਇਸੇ ਸੀਟ ਤੋਂ ਮਹਾਮਾਇਆ ਪ੍ਰਸਾਦ ਸਿਨਹਾ ਜਿੱਤੇ ਅਤੇ ਮੁੱਖ ਮੰਤਰੀ ਬਣੇ। 1977 ’ਚ ਇਸ ਸੀਟ ’ਤੇ ਭਾਜਪਾ ਦੇ ਠਾਕੁਰ ਪ੍ਰਸਾਦ ਜਿੱਤੇ, ਬਾਅਦ ’ਚ ਉਨ੍ਹਾਂ ਨੂੰ ਰਾਜ ’ਚ ਮੰਤਰੀ ਬਣਨ ਦਾ ਮੌਕਾ ਮਿਲਿਆ। ਉਹ ਭਾਜਪਾ ਦੇ ਵੱਡੇ ਨੇਤਾਵਾਂ ’ਚ ਸ਼ੁਮਾਰ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਬੇਟੇ ਰਵੀਸ਼ੰਕਰ ਪ੍ਰਸਾਦ ਨੂੰ ਵੀ ਕੇਂਦਰ ’ਚ ਮੰਤਰੀ ਬਣਨ ਦਾ ਮੌਕਾ ਮਿਲਿਆ।
ਇਹ ਵੱਖਰੀ ਗੱਲ ਹੈ ਕਿ 2020 ’ਚ ਮਸ਼ਹੂਰ ਅਭਿਨੇਤਾ ਸ਼ਤਰੂਘਨ ਸਿਨਹਾ ਦੇ ਬੇਟੇ ਲਵ ਸਿਨਹਾ ਨੇ ਵੀ ਕਾਂਗਰਸ ਦਾ ਪੱਲਾ ਫੜ ਕੇ ਜਿੱਤ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਇਸ ਸੀਟ ’ਤੇ ਕਾਇਸਥਾਂ ਦਾ ਬੋਲਬਾਲਾ ਰਿਹਾ ਹੈ। ਅਨੁਮਾਨ ਹੈ ਕਿ ਇਸ ਖੇਤਰ ’ਚ ਕਾਇਸਥ ਕਰੀਬ 13 ਫੀਸਦੀ ਦੇ ਆਸ-ਪਾਸ ਹਨ ਪਰ ਰਾਜਪੂਤ 8 ਫੀਸਦੀ, ਭੂਮੀਹਾਰ 7 ਫੀਸਦੀ, ਬ੍ਰਾਹਮਣ 5 ਫੀਸਦੀ ਮਿਲਾ ਕੇ ਸਵਰਨ ਆਬਾਦੀ ਕਰੀਬ 35 ਫੀਸਦੀ ਹੋ ਜਾਂਦੀ ਹੈ। 1995 ਤੋਂ ਬਾਅਦ ਭਾਜਪਾ ਦੀ ਜਿੱਤ ’ਚ ਸਵਰਨ ਵੋਟਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆਏ ਹਨ। ਦਲਿਤ ਆਬਾਦੀ ਲਗਭਗ 8 ਫੀਸਦੀ, ਮੁਸਲਿਮ 8 ਫੀਸਦੀ ਅਤੇ ਯਾਦਵ 12 ਫੀਸਦੀ ਹਨ (ਲਗਭਗ30 ਫੀਸਦੀ)। ਇਸ ਲਈ ਅੱਜਕੱਲ ਮੁਕਾਬਲਾ ਭਾਜਪਾ ਅਤੇ ਰਾਜਦ ਦੇ ਵਿਚਕਾਰ ਹੀ ਹੁੰਦਾ ਹੈ। ਕੁੱਲ ਵੋਟਰ ਕਰੀਬ 3.80 ਲੱਖ ਹਨ ਪਰ 2025 ਦੀਆਂ ਚੋਣਾਂ ’ਚ 1 ਲੱਖ 55 ਹਜ਼ਾਰ, ਭਾਵ ਲੱਗਭਗ 41 ਫੀਸਦੀ ਨੇ ਹੀ ਮਤਦਾਨ ਕੀਤਾ।
ਜਿੱਤ ਬਨਾਮ ਰਣਨੀਤੀ
ਪ੍ਰਸ਼ਾਂਤ ਕਿਸ਼ੋਰ ਕਈ ਰਾਜਾਂ ’ਚ ਖੇਤਰੀ ਨੇਤਾਵਾਂ ਨੂੰ ਰਣਨੀਤੀਕਾਰ ਦੇ ਰੂਪ ’ਚ ਚੋਣ ਜਿੱਤਣ ’ਚ ਮਦਦ ਕਰ ਚੁੱਕੇ ਹਨ। 2012 ’ਚ ਗੁਜਰਾਤ ’ਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਵਿਧਾਨ ਸਭਾ ਚੋਣ ਤੋਂ ਉਨ੍ਹਾਂ ਦਾ ਰਣਨੀਤੀਕਾਰ ਦਾ ਸਫ਼ਰ ਸ਼ੁਰੂ ਹੋਇਆ। 2014 ’ਚ ਉਨ੍ਹਾਂ ਨੇ ਨਰਿੰਦਰ ਮੋਦੀ ਦੀ ਰਾਸ਼ਟਰੀ ਚੋਣ ਮੁਹਿੰਮ ਦਾ ਮੋਰਚਾ ਸੰਭਾਲਿਆ ਅਤੇ ਦੇਸ਼ ਭਰ ’ਚ ਚਰਚਿਤ ਹੋਏ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਚੋਣ ਰਣਨੀਤੀ 2015 ’ਚ ਪ੍ਰਸ਼ਾਂਤ ਕਿਸ਼ੋਰ ਨੇ ਹੀ ਬਣਾਈ ਸੀ। ਉਦੋਂ ਨਿਤਿਸ਼ ਭਾਜਪਾ ਦਾ ਸਾਥ ਛੱਡ ਕੇ ਰਾਜਦ ਗਠਜੋੜ ਦੇ ਨਾਲ ਚੋਣ ਲੜੇ ਸਨ। ਸਭ ਤੋਂ ਤਾਜ਼ੀ ਉਦਾਹਰਣ ਤਾਮਿਲਨਾਡੂ ਦੀ ਹੈ, ਜਿੱਥੇ ਨਵੀਂ-ਨਵੇਲੀ ਪਾਰਟੀ ਟੀ. ਵੀ. ਕੇ. ਦੀ ਜਿੱਤ ਦਾ ਸਿਹਰਾ ਵੀ ਪ੍ਰਸ਼ਾਂਤ ਕਿਸ਼ੋਰ ਦੇ ਸਿਰ ’ਤੇ ਬੰਨ੍ਹਿਆ ਗਿਆ।
ਪ੍ਰਸ਼ਾਂਤ ਹੁਣ ਤੱਕ 9 ਚੋਣਾਂ ਦੀ ਵਾਗਡੋਰ ਸੰਭਾਲ ਚੁੱਕੇ ਹਨ, ਜਿਨ੍ਹਾਂ ਵਿਚੋਂ 8 ’ਚ ਜਿੱਤ ਮਿਲੀ ਪਰ 2025 ਬਿਹਾਰ ਵਿਧਾਨ ਸਭਾ ਚੋਣਾਂ ’ਚ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਨੂੰ ਵੋਟਰਾਂ ਨੇ ਨਕਾਰ ਦਿੱਤਾ। ਉਸ ਤੋਂ ਬਾਅਦ ਵੀ ਪ੍ਰਸ਼ਾਂਤ ਨੇ ਅਜਿਹੇ ਖੇਤਰ ਤੋਂ ਚੋਣ ਲੜਨ ਦਾ ਫੈਸਲਾ ਕੀਤਾ, ਜਿਸ ਨੂੰ ਉਨ੍ਹਾਂ ਦੇ ਅਨੁਕੂਲ ਨਹੀਂ ਕਿਹਾ ਜਾ ਸਕਦਾ। ਇਸ ਸੀਟ ਨੂੰ ਬਿਹਾਰ ’ਚ ਬਹੁਤ ਕਿਸਮਤ ਵਾਲਾ ਮੰਨਿਆ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸੀਟ ਦੇ ਜ਼ਰੀਏ ਪ੍ਰਸ਼ਾਂਤ ਕਿੰਗ ਮੇਕਰ ਤੋਂ ਕਿੰਗ ਬਣਨ ਵੱਲ ਕਦਮ ਵਧਾਉਣਾ ਚਾਹੁੰਦੇ ਹਨ।
- ਸ਼ੈਲੇਸ਼ ਕੁਮਾਰ
shaileshkm@outlook.com
