‘ਆਈ.ਐੱਨ.ਐੱਸ. ਮਹਿੰਦਰਗਿਰੀ’ ਨਾਲ ਬਦਲੇਗਾ ਹਿੰਦ ਮਹਾਸਾਗਰ ਦਾ ਸਮੀਕਰਨ
Sunday, Jul 12, 2026 - 02:58 PM (IST)
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 11 ਜੁਲਾਈ ਨੂੰ ਵਿਸ਼ਾਖਾਪਟਨਮ ਡਾਕਯਾਰਡ ਵਿਖੇ ਭਾਰਤੀ ਸਮੁੰਦਰੀ ਫੌਜ ਨੂੰ ਅਤਿ-ਆਧੁਨਿਕ ਸਟੀਲਥ ਫ੍ਰੀਗੇਟ ‘ਆਈ. ਐੱਨ. ਐੱਸ. ਮਹਿੰਦਰਗਿਰੀ’ ਸਮਰਪਿਤ ਕੀਤਾ। ਭਾਰਤੀ ਸਮੁੰਦਰੀ ਫੌਜ ਦੇ ਬੇੜੇ ’ਚ ਇਸ ਸਟੀਲਥ ਫ੍ਰੀਗੇਟ ਦੇ ਸ਼ਾਮਲ ਹੋਣ ਨਾਲ ਭਾਰਤ ਨੇ ਨਾ ਸਿਰਫ਼ ਇਕ ਨਵਾਂ ਜੰਗੀ ਜਹਾਜ਼ ਹਾਸਲ ਕੀਤਾ ਹੈ, ਸਗੋਂ ਸਮੁੰਦਰੀ ਸ਼ਕਤੀ, ਤਕਨੀਕੀ ਆਤਮਨਿਰਭਰਤਾ ਅਤੇ ਰਣਨੀਤਕ ਸਮਰੱਥਾ ਦੇ ਇਕ ਨਵੇਂ ਯੁੱਗ ’ਚ ਫੈਸਲਾਕੁੰਨ ਪ੍ਰਵੇਸ਼ ਕੀਤਾ ਹੈ। ਇਹ ਭਾਰਤ ਦੀ ਅਭਿਲਾਸ਼ੀ ਪ੍ਰਾਜੈਕਟ-17ਏ ਲੜੀ ਦਾ ਛੇਵਾਂ ਸਟੀਲਥ ਫ੍ਰੀਗੇਟ ਹੈ। ਇਹ ਪ੍ਰਾਪਤੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਹਿੰਦ ਮਹਾਸਾਗਰ ਖੇਤਰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਰਣਨੀਤਕ ਮੁਕਾਬਲਿਆਂ ਦਾ ਕੇਂਦਰ ਬਣ ਚੁੱਕਾ ਹੈ।
ਸਮੁੰਦਰੀ ਵਪਾਰਕ ਰੂਟਾਂ ਦੀ ਸੁਰੱਖਿਆ, ਇੰਡੋ-ਪੈਸੀਫਿਕ ’ਚ ਸ਼ਕਤੀ ਸੰਤੁਲਨ ਅਤੇ ਉੱਭਰਦੀਆਂ ਸਮੁੰਦਰੀ ਚੁਣੌਤੀਆਂ ਦਰਮਿਆਨ ਆਈ. ਐੱਨ. ਐੱਸ. ਮਹਿੰਦਰਗਿਰੀ ਭਾਰਤ ਦੀ ਸਮੁੰਦਰੀ ਫੌਜ ਦੀ ਸਮਰੱਥਾ ਨੂੰ ਇਕ ਨਵਾਂ ਆਯਾਮ ਪ੍ਰਦਾਨ ਕਰਦਾ ਹੈ।
ਮਹਿੰਦਰਗਿਰੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੂਰੀ ਤਰ੍ਹਾਂ ਭਾਰਤੀ ਸਮੁੰਦਰੀ ਫੌਜ ਦੇ ਵਾਰਸ਼ਿਪ ਡਿਜ਼ਾਈਨ ਬਿਊਰੋ ਵੱਲੋਂ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਮਝਗਾਂਵ ਡਾਕ ਸ਼ਿਪਬਿਲਡਰਜ਼ ਲਿਮਟਿਡ ਨੇ ਕੀਤਾ ਹੈ। ਇਹ ਸਿਰਫ਼ ਇਕ ਰੱਖਿਆ ਪ੍ਰਾਜੈਕਟ ਨਹੀਂ, ਸਗੋਂ ਭਾਰਤ ਦੀ ਇੰਜੀਨੀਅਰਿੰਗ ਸਮਰੱਥਾ, ਖੋਜ, ਡਿਜ਼ਾਈਨ ਹੁਨਰ ਅਤੇ ਉਦਯੋਗਿਕ ਆਤਮਵਿਸ਼ਵਾਸ ਦਾ ਇਕ ਮਜ਼ਬੂਤ ਸਬੂਤ ਹੈ। ਇਸ ਦੇ ਨਿਰਮਾਣ ’ਚ 75 ਫ਼ੀਸਦੀ ਤੋਂ ਵੱਧ ਦੇਸੀ ਉਪਕਰਣਾਂ, ਪ੍ਰਣਾਲੀਆਂ ਅਤੇ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਸੈਂਕੜੇ ਭਾਰਤੀ ਕੰਪਨੀਆਂ ਅਤੇ ਵੱਡੀ ਗਿਣਤੀ ’ਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਨੇ ਇਸ ’ਚ ਯੋਗਦਾਨ ਪਾਇਆ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਭਾਰਤ ਹੁਣ ਰੱਖਿਆ ਉਪਕਰਣਾਂ ਦਾ ਸਿਰਫ਼ ਦਰਾਮਦਕਾਰ ਨਹੀਂ ਰਿਹਾ, ਸਗੋਂ ਅਤਿ-ਆਧੁਨਿਕ ਫ਼ੌਜੀ ਪਲੇਟਫਾਰਮ ਵਿਕਸਿਤ ਕਰਨ ਵਾਲਾ ਇਕ ਆਤਮਨਿਰਭਰ ਦੇਸ਼ ਬਣਦਾ ਜਾ ਰਿਹਾ ਹੈ।
ਆਈ. ਐੱਨ. ਐੱਸ. ਮਹਿੰਦਰਗਿਰੀ ਦਾ ਨਾਂ ਓਡਿਸ਼ਾ ਦੀ ਪੂਰਬੀ ਘਾਟ ਪਰਬਤ ਲੜੀ ਦੇ ਮਸ਼ਹੂਰ ਮਹਿੰਦਰਗਿਰੀ ਪਰਬਤ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਸ ਨੂੰ ਦ੍ਰਿੜ੍ਹਤਾ, ਹੌਸਲੇ ਅਤੇ ਅਟੱਲ ਸੰਕਲਪ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਮੁੰਦਰ ’ਚ ਇਹ ਜੰਗੀ ਬੇੜਾ ਵੀ ਉਸੇ ਤਰ੍ਹਾਂ ਅਟੱਲ, ਸ਼ਕਤੀਸ਼ਾਲੀ ਅਤੇ ਭਰੋਸੇਮੰਦ ਰਾਖੇ ਵਜੋਂ ਕੰਮ ਕਰੇਗਾ, ਜਿਵੇਂ ਪਰਬਤ ਸਦੀਆਂ ਤੋਂ ਅਟੱਲ ਖੜ੍ਹਾ ਰਹਿੰਦਾ ਹੈ। ਇਸ ਦੀ ਲੰਬਾਈ ਲਗਭਗ 149 ਮੀਟਰ, ਵਜ਼ਨ ਲਗਭਗ 6,670 ਟਨ ਅਤੇ ਵੱਧ ਤੋਂ ਵੱਧ ਗਤੀ ਲਗਭਗ 28 ਨਾਟ ਹੈ। ਇਸ ’ਚ ਲਗਭਗ 225 ਤੋਂ 230 ਅਧਿਕਾਰੀ ਅਤੇ ਸਮੁੰਦਰੀ ਫੌਜੀ ਤਾਇਨਾਤ ਰਹਿ ਸਕਦੇ ਹਨ। ਇਸ ਦੀ ਕਾਰਜਸ਼ੀਲ ਸਮਰੱਥਾ ਇਸ ਨੂੰ ਲੰਮੀ ਦੂਰੀ ਤੱਕ ਲਗਾਤਾਰ ਸਮੁੰਦਰੀ ਨਿਗਰਾਨੀ ਅਤੇ ਜੰਗੀ ਸੰਚਾਲਨ ਦੇ ਯੋਗ ਬਣਾਉਂਦੀ ਹੈ।
ਮਹਿੰਦਰਗਿਰੀ ਦੀ ਸਭ ਤੋਂ ਵੱਡੀ ਤਾਕਤ ਇਸ ਦੀ ਸਟੀਲਥ ਤਕਨੀਕ ਹੈ। ਆਧੁਨਿਕ ਸਮੁੰਦਰੀ ਫੌਜ ਜੰਗ ’ਚ ਸਿਰਫ਼ ਹਥਿਆਰਾਂ ਦੀ ਸ਼ਕਤੀ ਹੀ ਕਾਫ਼ੀ ਨਹੀਂ ਹੁੰਦੀ, ਸਗੋਂ ਦੁਸ਼ਮਣ ਦੀ ਨਿਗਰਾਨੀ ਪ੍ਰਣਾਲੀ ਤੋਂ ਬਚ ਕੇ ਕੰਮ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ। ਇਸ ਜੰਗੀ ਬੇੜੇ ਦਾ ਖ਼ਾਸ ਡਿਜ਼ਾਈਨ, ਕੋਣਾਂ ਵਾਲੀ ਬਣਤਰ, ਰਾਡਾਰ ਨੂੰ ਸੋਖਣ ਵਾਲੀ ਸਮੱਗਰੀ ਅਤੇ ਘੱਟ ਗਰਮੀ ਤੇ ਆਵਾਜ਼ ਛੱਡਣ ਦੀ ਵਿਸ਼ੇਸ਼ਤਾ ਇਸ ਨੂੰ ਦੁਸ਼ਮਣ ਦੇ ਰਾਡਾਰ, ਇਨਫਰਾਰੈੱਡ ਅਤੇ ਸੋਨਾਰ ਪ੍ਰਣਾਲੀਆਂ ਲਈ ਇਕ ਬਹੁਤ ਹੀ ਮੁਸ਼ਕਲ ਨਿਸ਼ਾਨਾ ਬਣਾ ਦਿੰਦੀ ਹੈ। ਇਹੀ ਕਾਰਨ ਹੈ ਕਿ ਇਸ ਨੂੰ ਸਮੁੰਦਰ ਦਾ ‘ਅਦਿੱਖ ਸ਼ਿਕਾਰੀ’ ਕਿਹਾ ਜਾ ਰਿਹਾ ਹੈ। ਇਹ ਦੁਸ਼ਮਣ ਦੀ ਜਾਣਕਾਰੀ ’ਚ ਆਏ ਬਿਨਾਂ ਉਸ ਦੇ ਨੇੜੇ ਪਹੁੰਚ ਕੇ ਸਟੀਕ ਅਤੇ ਘਾਤਕ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। ਮਹਿੰਦਰਗਿਰੀ ਹਵਾ, ਸਮੁੰਦਰ ਦੀ ਸਤ੍ਹਾ ਅਤੇ ਸਮੁੰਦਰ ਦੇ ਅੰਦਰ ਮੌਜੂਦ ਪਣਡੁੱਬੀਆਂ ਤੋਂ ਆਉਣ ਵਾਲੇ ਖ਼ਤਰਿਆਂ ਦਾ ਇਕੋ ਵੇਲੇ ਸਾਹਮਣਾ ਕਰ ਸਕਦਾ ਹੈ। ਇਸ ਦੇ ਲਈ ਇਸ ’ਚ ਇਕ ਅਤਿ-ਆਧੁਨਿਕ ਮਲਟੀ-ਲੇਅਰ ਸੁਰੱਖਿਆ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ।
ਹਵਾਈ ਹਮਲਿਆਂ ਤੋਂ ਸੁਰੱਖਿਆ ਲਈ ਇਸ ਨੂੰ ਬਰਾਕ-8 ਲੰਮੀ ਦੂਰੀ ਦੀ ਏਅਰ ਡਿਫੈਂਸ ਮਿਜ਼ਾਈਲ ਪ੍ਰਣਾਲੀ ਨਾਲ ਲੈਸ ਕੀਤਾ ਜਾ ਸਕਦਾ ਹੈ, ਜੋ ਦੁਸ਼ਮਣ ਦੇ ਲੜਾਕੂ ਜਹਾਜ਼ਾਂ, ਹੈਲੀਕਾਪਟਰਾਂ, ਡਰੋਨਾਂ ਅਤੇ ਮਿਜ਼ਾਈਲਾਂ ਨੂੰ ਲੰਮੀ ਦੂਰੀ ’ਤੇ ਹੀ ਨਸ਼ਟ ਕਰਨ ਦੇ ਸਮਰੱਥ ਹੈ। ਸਮੁੰਦਰੀ ਸਤ੍ਹਾ ’ਤੇ ਮੌਜੂਦ ਦੁਸ਼ਮਣ ਦੇ ਜਹਾਜ਼ਾਂ ਵਿਰੁੱਧ ਇਸ ਦੀ ਸਭ ਤੋਂ ਵੱਡੀ ਤਾਕਤ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਬ੍ਰਹਿਮੋਸ ਹੈ, ਜਿਸ ਦੀ ਤਾਇਨਾਤੀ ਇਸ ਜੰਗੀ ਬੇੜੇ ’ਤੇ ਕੀਤੀ ਜਾ ਸਕਦੀ ਹੈ। ਲਗਭਗ 3 ਮੈਕ ਦੀ ਰਫ਼ਤਾਰ ਨਾਲ ਉੱਡਣ ਵਾਲੀ ਇਹ ਮਿਜ਼ਾਈਲ ਦੁਸ਼ਮਣ ਦੇ ਵੱਡੇ ਤੋਂ ਵੱਡੇ ਜੰਗੀ ਬੇੜੇ ਨੂੰ ਵੀ ਕੁਝ ਹੀ ਮਿੰਟਾਂ ’ਚ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ।
ਪਣਡੁੱਬੀ ਵਿਰੋਧੀ ਜੰਗ ਲਈ ਮਹਿੰਦਰਗਿਰੀ ਅਤਿ-ਆਧੁਨਿਕ ਸੋਨਾਰ ਪ੍ਰਣਾਲੀ, ਟਾਰਪੀਡੋ ਅਤੇ ਐਂਟੀ-ਸਬਮਰੀਨ ਰਾਕੇਟ ਪ੍ਰਣਾਲੀ ਨਾਲ ਲੈਸ ਹੈ। ਸਮੁੰਦਰ ਦੀਆਂ ਗਹਿਰਾਈਆਂ ’ਚ ਲੁਕੀਆਂ ਦੁਸ਼ਮਣ ਦੀਆਂ ਪਣਡੁੱਬੀਆਂ ਦਾ ਪਤਾ ਲਗਾਉਣਾ ਅਤੇ ਉਨ੍ਹਾਂ ਨੂੰ ਨਾਕਾਮ ਕਰਨਾ ਆਧੁਨਿਕ ਸਮੁੰਦਰੀ ਫੌਜੀ ਜੰਗ ਦਾ ਸਭ ਤੋਂ ਔਖਾ ਕੰਮ ਮੰਨਿਆ ਜਾਂਦਾ ਹੈ, ਪਰ ਮਹਿੰਦਰਗਿਰੀ ਇਸ ਚੁਣੌਤੀ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ’ਚ 76 ਮਿ. ਮੀ. ਦੀ ਸਮੁੰਦਰੀ ਫੌਜ ਤੋਪ ਵੀ ਲਗਾਈ ਜਾ ਸਕਦੀ ਹੈ, ਜੋ ਨੇੜੇ ਦੀ ਦੂਰੀ ਦੇ ਸਮੁੰਦਰੀ ਅਤੇ ਤੱਟਵਰਤੀ ਨਿਸ਼ਾਨਿਆਂ ’ਤੇ ਬਹੁਤ ਪ੍ਰਭਾਵਸ਼ਾਲੀ ਹਮਲਾ ਕਰ ਸਕਦੀ ਹੈ। ਮਹਿੰਦਰਗਿਰੀ ਦੀ ਤਕਨੀਕੀ ਉੱਤਮਤਾ ਸਿਰਫ਼ ਹਥਿਆਰਾਂ ਤੱਕ ਹੀ ਸੀਮਤ ਨਹੀਂ ਹੈ, ਇਸ ’ਚ ਇਕ ਅਤਿ-ਆਧੁਨਿਕ ਇੰਟੀਗ੍ਰੇਟਿਡ ਪਲੇਟਫਾਰਮ ਮੈਨੇਜਮੈਂਟ ਸਿਸਟਮ ਲਗਾਇਆ ਗਿਆ ਹੈ, ਜੋ ਜਹਾਜ਼ ਦੇ ਇੰਜਣ, ਬਿਜਲੀ ਸਪਲਾਈ, ਨੇਵੀਗੇਸ਼ਨ, ਅੱਗ ਬੁਝਾਊ ਪ੍ਰਣਾਲੀ, ਸੁਰੱਖਿਆ ਅਤੇ ਹੋਰ ਮੁੱਖ ਪ੍ਰਣਾਲੀਆਂ ਨੂੰ ਇਕੋ ਕੇਂਦਰ ਤੋਂ ਆਪਣੇ-ਆਪ ਕੰਟਰੋਲ ਕਰਦਾ ਹੈ। ਇਸ ਨਾਲ ਜਹਾਜ਼ ਨੂੰ ਚਲਾਉਣਾ ਵਧੇਰੇ ਸੁਰੱਖਿਅਤ, ਤੇਜ਼ ਅਤੇ ਕੁਸ਼ਲ ਬਣ ਜਾਂਦਾ ਹੈ।
ਇਸ ਤੋਂ ਇਲਾਵਾ, ਜੰਗੀ ਬੇੜੇ ’ਚ ਅਤਿ-ਆਧੁਨਿਕ ਇਲੈਕਟ੍ਰਾਨਿਕ ਵਾਰਫੇਅਰ ਸਿਸਟਮ ਅਤੇ ਮਲਟੀ-ਫੰਕਸ਼ਨ ਰਾਡਾਰ ਲਗਾਏ ਗਏ ਹਨ, ਜੋ ਇਕੋ ਵੇਲੇ ਕਈ ਨਿਸ਼ਾਨਿਆਂ ਦੀ ਪਛਾਣ, ਨਿਗਰਾਨੀ ਅਤੇ ਟ੍ਰੈਕਿੰਗ ਕਰ ਸਕਦੇ ਹਨ। ਮਹਿੰਦਰਗਿਰੀ ’ਤੇ ਆਧੁਨਿਕ ਸਮੁੰਦਰੀ ਫੌਜ ਹੈਲੀਕਾਪਟਰਾਂ, ਖ਼ਾਸ ਕਰ ਕੇ ਐੱਮ. ਐੱਚ.-60 ਆਰ ਵਰਗੇ ਮਲਟੀ-ਰੋਲ ਹੈਲੀਕਾਪਟਰਾਂ ਨੂੰ ਚਲਾਉਣ ਦੀ ਸਹੂਲਤ ਵੀ ਉਪਲਬਧ ਹੈ। ਇਹ ਹੈਲੀਕਾਪਟਰ ਸਮੁੰਦਰੀ ਨਿਗਰਾਨੀ, ਪਣਡੁੱਬੀ ਦੀ ਖੋਜ, ਬਚਾਅ ਕਾਰਜਾਂ ਅਤੇ ਵਿਸ਼ੇਸ਼ ਫ਼ੌਜੀ ਮੁਹਿੰਮਾਂ ’ਚ ਜੰਗੀ ਜਹਾਜ਼ ਦੀ ਸਮਰੱਥਾ ਨੂੰ ਕਈ ਗੁਣਾ ਵਧਾ ਦਿੰਦੇ ਹਨ।
ਮਹਿੰਦਰਗਿਰੀ ਭਾਰਤ ਦੇ ਉਸ ਲੰਮੇ ਸਮੇਂ ਦੇ ਟੀਚੇ ਨੂੰ ਵੀ ਮਜ਼ਬੂਤ ਕਰਦਾ ਹੈ, ਜਿਸ ਤਹਿਤ ਭਾਰਤੀ ਸਮੁੰਦਰੀ ਫੌਜ ਨੂੰ ਇਕ ਪੂਰਨ ਵਿਕਸਿਤ ‘ਬਲੂ ਵਾਟਰ ਨੇਵੀ’ ਵਜੋਂ ਸਥਾਪਿਤ ਕੀਤਾ ਜਾ ਰਿਹਾ ਹੈ। ਬਲੂ ਵਾਟਰ ਨੇਵੀ ਉਹ ਹੁੰਦੀ ਹੈ, ਜੋ ਸਿਰਫ਼ ਆਪਣੇ ਤੱਟਵਰਤੀ ਖੇਤਰਾਂ ਤੱਕ ਹੀ ਸੀਮਤ ਨਾ ਰਹਿ ਕੇ, ਹਜ਼ਾਰਾਂ ਕਿਲੋਮੀਟਰ ਦੂਰ ਮਹਾਸਾਗਰਾਂ ’ਚ ਵੀ ਆਪਣੀ ਪ੍ਰਭਾਵਸ਼ਾਲੀ ਫ਼ੌਜੀ ਮੌਜੂਦਗੀ ਬਣਾਈ ਰੱਖ ਸਕਦੀ ਹੈ।
ਆਈ. ਐੱਨ. ਐੱਸ. ਮਹਿੰਦਰਗਿਰੀ ਭਾਰਤੀ ਸਮੁੰਦਰੀ ਫੌਜ ਦੀ ਸ਼ਕਤੀ, ਭਾਰਤ ਦੀ ਵਿਗਿਆਨਕ ਸਮਰੱਥਾ, ਸਵਦੇਸ਼ੀ ਤਕਨੀਕ ਅਤੇ ਰਾਸ਼ਟਰੀ ਆਤਮਵਿਸ਼ਵਾਸ ਦਾ ਇਕ ਜਿਊਂਦਾ-ਜਾਗਦਾ ਪ੍ਰਤੀਕ ਹੈ। ਆਉਣ ਵਾਲੇ ਸਾਲਾਂ ’ਚ ਜਦੋਂ ਵੀ ਹਿੰਦ ਮਹਾਸਾਗਰ ਖੇਤਰ ਦੀ ਸੁਰੱਖਿਆ, ਇੰਡੋ-ਪੈਸੀਫਿਕ ਦੀ ਸਥਿਰਤਾ ਅਤੇ ਗਲੋਬਲ ਸਮੁੰਦਰੀ ਸੰਤੁਲਨ ਦੀ ਗੱਲ ਹੋਵੇਗੀ, ਤਾਂ ਆਈ. ਐੱਨ. ਐੱਸ. ਮਹਿੰਦਰਗਿਰੀ ਬਿਨਾਂ ਸ਼ੱਕ ਭਾਰਤ ਦੀ ਉਸ ਨਵੀਂ ਸਮੁੰਦਰੀ ਸ਼ਕਤੀ ਦੀ ਨੁਮਾਇੰਦਗੀ ਕਰੇਗਾ, ਜਿਸ ਨੇ ਆਤਮਨਿਰਭਰਤਾ, ਆਧੁਨਿਕ ਤਕਨਾਲੋਜੀ ਅਤੇ ਅਟੁੱਟ ਸੰਕਲਪ ਦੇ ਦਮ ’ਤੇ ਦੁਨੀਆ ਦੀਆਂ ਮੋਹਰੀ ਸਮੁੰਦਰੀ ਫੌਜੀ ਸ਼ਕਤੀਆਂ ’ਚ ਆਪਣਾ ਸਥਾਨ ਹੋਰ ਵੀ ਮਜ਼ਬੂਤ ਕਰ ਲਿਆ ਹੈ।
-ਯੋਗੇਸ਼ ਕੁਮਾਰ ਗੋਇਲ
