ਜੰਮੂ-ਕਸ਼ਮੀਰ ’ਚ ਰਾਸ਼ਟਰਪਤੀ ਸ਼ਾਸਨ ਹਟਣ ਪਿਛੋਂ ਹੁਣ ਚੁਣੀ ਹੋਈ ਸਰਕਾਰ ਦੀ ਵਾਰੀ
Tuesday, Oct 15, 2024 - 03:09 AM (IST)
ਜੰਮੂ-ਕਸ਼ਮੀਰ ’ਚ 10 ਸਾਲ ਬਾਅਦ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਸਫਲਤਾ ਪ੍ਰਾਪਤ ਕਰ ਕੇ ਨੈਕਾਂ ਅਤੇ ਕਾਂਗਰਸ ਦੀ ਗੱਠਜੋੜ ਸਰਕਾਰ 16 ਅਕਤੂਬਰ ਨੂੰ ਸਹੁੰ ਚੁੱਕਣ ਜਾ ਰਹੀ ਹੈ ਅਤੇ ਨੈਕਾਂ ਮੀਤ ਪ੍ਰਧਾਨ ਉਮਰ ਅਬਦੁੱਲਾ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ। ਇਸ ਲਈ 13 ਅਕਤੂਬਰ ਨੂੰ ਜਾਰੀ ਰਾਸ਼ਟਰਪਤੀ ਦੇ ਨੋਟੀਫਿਕੇਸ਼ਨ ਨਾਲ ਸੂਬੇ ’ਚ ਲਾਗੂ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਗਿਆ ਹੈ।
ਸੰਸਦ ਨੇ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਪੁਰਨਗਠਨ ਐਕਟ 2019 ਪਾਸ ਕਰ ਕੇ ਇਸ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਵੀ ਉਸੇ ਦਿਨ ਰੱਦ ਕਰ ਕੇ ਵਿਧਾਨ ਸਭਾ ਨੂੰ ਭੰਗ ਕਰ ਕੇ ਇਸ ਨੂੰ ਕੇਂਦਰ ਸ਼ਾਸਿਤ ਸੂਬਾ ਬਣਾ ਕੇ 31 ਅਕਤੂਬਰ, 2019 ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਸੀ।
ਸ਼੍ਰੀ ਮਨੋਜ ਸਿਨਹਾ ਨੂੰ 7 ਅਗਸਤ, 2020 ਨੂੰ ਸੂਬੇ ਦੇ ਉਪ-ਰਾਜਪਾਲ ਦੀ ਜ਼ਿੰਮੇਵਾਰੀ ਸੌਂਪੀ ਗਈ। ਅੱਤਵਾਦ ਗ੍ਰਸਤ ਜੰਮੂ-ਕਸ਼ਮੀਰ ਵਰਗੇ ਸੰਵੇਦਨਸ਼ੀਲ ਸੂਬੇ ’ਚ ਪ੍ਰਸ਼ਾਸਨ ਦੀ ਚੁਣੌਤੀ ਭਰੀ ਜ਼ਿੰਮੇਵਾਰੀ ਨੂੰ ਸ਼੍ਰੀ ਮਨੋਜ ਸਿਨਹਾ ਨੇ ਬਾਖੂਬੀ ਨਿਭਾਇਆ ਅਤੇ ਲਗਭਗ 4 ਸਾਲਾਂ ਦੌਰਾਨ ਕਈ ਅਹਿਮ ਕਾਰਜ ਕਰ ਕੇ ਇਸ ਅਸ਼ਾਂਤ ਸੂਬੇ ਦਾ ਮਾਹੌਲ ਚੋਣਾਂ ਦੇ ਅਨੁਕੂਲ ਬਣਾਇਆ। ਇਸੇ ਦੇ ਸਿੱਟੇ ਵਜੋਂ ਪਹਿਲਾਂ ਸੂਬੇ ’ਚ ਲੋਕ ਸਭਾ ਦੀਆਂ ਅਤੇ ਹੁਣ ਵਿਧਾਨ ਸਭਾ ਦੀਆਂ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋ ਸਕੀਆਂ।
ਸ਼੍ਰੀ ਮਨੋਜ ਸਿਨਹਾ ਦਾ ਸਭ ਤੋਂ ਵੱਡਾ ਕੰਮ ਜੰਮੂ-ਕਸ਼ਮੀਰ ’ਚ ਸ਼ਾਂਤੀ ਕਾਇਮ ਕਰਨਾ ਸੀ ਜਿਸ ’ਚ ਕਾਨੂੰਨ-ਵਿਵਸਥਾ ਲਾਗੂ ਕਰਨ ਦੇ ਨਾਲ-ਨਾਲ ਅੱਤਵਾਦ ’ਤੇ ਲਗਾਮ ਕੱਸਣ ’ਚ ਉਹ ਕੁਝ ਹੱਦ ਤਕ ਸਫਲ ਰਹੇ। ਸ਼੍ਰੀ ਮਨੋਜ ਸਿਨਹਾ ਨੇ ਅੱਤਵਾਦ ਦਾ ਵਿੱਤੀ ਪੋਸ਼ਣ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੋਂ ਇਲਾਵਾ ਆਏ ਦਿਨ ਹੋਣ ਵਾਲੀਆਂ ਪਥਰਾਅ ਦੀਆਂ ਘਟਨਾਵਾਂ ’ਤੇ ਵੀ ਕਿਸੇ ਹੱਦ ਤਕ ਰੋਕ ਲਾਈ।
ਕਸ਼ਮੀਰ ’ਚ ਸਥਾਪਿਤ ਹੋਈ ਸ਼ਾਂਤੀ ਕਾਰਨ ਸ਼੍ਰੀਨਗਰ ’ਚ 22, 23 ਅਤੇ 24 ਮਈ, 2023 ਨੂੰ ਵਿਸ਼ਵ ਦੇ ਸਭ ਤੋਂ ਵੱਡੇ ਜੀ-20 ਸੰਮੇਲਨ ਦਾ ਸਫਲ ਆਯੋਜਨ ਹੋਇਆ।
ਸ਼੍ਰੀਨਗਰ ’ਚ 18 ਮਾਰਚ, 2024 ਨੂੰ ‘ਫਾਰਮੂਲਾ ਕਾਰ ਰੇਸ’ ਦਾ ਆਯੋਜਨ ਕੀਤਾ ਗਿਆ ਜਿਸ ’ਚ ਦੇਸ਼-ਵਿਦੇਸ਼ ਦੇ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਅੱਜ ਜੰਮੂ-ਕਸ਼ਮੀਰ ’ਚ ਹਰ ਜਗ੍ਹਾ ਤਿਰੰਗਾ ਝੰਡਾ ਲਹਿਰਾ ਰਿਹਾ ਹੈ।
ਹਾਲਾਤ ਬਦਲਣ ਕਾਰਨ ਇਥੇ ਸੈਲਾਨੀਆਂ ਦੇ ਆਗਮਨ ’ਚ ਵਰਨਣਯੋਗ ਵਾਧਾ ਹੋਇਆ ਅਤੇ ਸਾਲ 2023-24 ਦੌਰਾਨ ਇਥੇ ਦੇਸ਼-ਵਿਦੇਸ਼ ਤੋਂ 2 ਕਰੋੜ ਤੋਂ ਵੱਧ ਸੈਲਾਨੀ ਆਏ। ਇਸ ਦੇ ਨਾਲ ਹੀ ਕਸ਼ਮੀਰ ’ਚ ਫਿਲਮਾਂ ਦੀ ਸ਼ੂਟਿੰਗ ਦਾ ਦੌਰ ਵੀ ਨਵੇਂ ਸਿਰੇ ਤੋਂ ਸ਼ੁਰੂ ਹੋਇਆ ਅਤੇ ਉਥੇ ਬੰਦ ਪਏ ਸਿਨੇਮਾ ਘਰ ਵੀ ਖੁੱਲ੍ਹਣ ਲੱਗੇ ਹਨ।
ਸ਼੍ਰੀਨਗਰ ਸਥਿਤ ਪ੍ਰਸਿੱਧ ਲਾਲ ਚੌਕ ਜੋ ਕਦੇ ਅੱਤਵਾਦੀ ਸਰਗਰਮੀਆਂ ਦਾ ਕੇਂਦਰ ਹੋਇਆ ਕਰਦਾ ਸੀ, ਹੁਣ ਉਥੇ ਸੈਲਾਨੀ ਦੇਰ ਰਾਤ ਤਕ ਘੁੰਮਦੇ ਨਜ਼ਰ ਆਉਂਦੇ ਹਨ। ਇਸ ਸਾਲ ਸਾਲਾਨਾ ਅਮਰਨਾਥ ਯਾਤਰਾ ਨੇ ਵੀ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।
ਕਿਸੇ ਵਿਵਾਦਮਈ ਬਿਆਨਬਾਜ਼ੀ ’ਚ ਉਲਝੇ ਬਿਨਾਂ ਸ਼੍ਰੀ ਮਨੋਜ ਸਿਨਹਾ ਨੇ ਸੂਬੇ ’ਚ ਵਿਕਾਸ ਨੂੰ ਅੱਗੇ ਵਧਾਇਆ ਅਤੇ ਹੁਣ ਬਹੁਤ ਛੇਤੀ ਸੂਬਾ ਰੇਲ ਸੇਵਾ ਨਾਲ ਜੁੜ ਜਾਵੇਗਾ। ਕਸ਼ਮੀਰ ਨੂੰ ਜੰਮੂ ਨਾਲ ਜੋੜਣ ਲਈ ਲੰਬੀ ਟਨਲ ਵੀ ਖੋਲ੍ਹੀ ਗਈ ਹੈ।
ਸ਼੍ਰੀਨਗਰ ਦੇ ਕ੍ਰਿਕਟ ਸਟੇਡੀਅਮ ’ਚ, ਜਿਥੇ ਕਦੀ ਵਿਰਾਨੀ ਛਾਈ ਰਹਿੰਦੀ ਸੀ, ਹੁਣ ਚੌਕੇ-ਛੱਕੇ ਲੱਗ ਰਹੇ ਹਨ ਅਤੇ ਆਪਣੇ ਖਿਡਾਰੀਆਂ ਨੂੰ ਦੇਖਣ ਲਈ ਦਰਸ਼ਕਾਂ ਦੀ ਭੀੜ ਆ ਰਹੀ ਹੈ। ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ 50 ਤੋਂ ਵੱਧ ਇਤਿਹਾਸਕ ਮੰਦਰਾਂ ਅਤੇ ਪੁਰਾਤਨ ਸਥਾਨਾਂ ਦੀ ਮੁੜ ਉਸਾਰੀ ਕੀਤੀ ਗਈ ਹੈ।
ਸ਼੍ਰੀ ਮਨੋਜ ਸਿਨਹਾ ਦੇ ਪ੍ਰਸ਼ਾਸਨ ਦੇ ਤਹਿਤ ਹੀ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਪਾਏ ਜਾਣ ਵਾਲੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਗਿਆ।
ਨਸ਼ੇ ਦੇ ਕਾਰੋਬਾਰ ਨਾਲ ਅਥਾਹ ਜਾਇਦਾਦ ਇਕੱਠੀ ਕਰਨ ਵਾਲਿਆਂ ’ਤੇ ਵੀ ਪੁਲਸ ਨੇ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ।
ਸੂਬੇ ’ਚ ਅੱਤਵਾਦ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਪਹਿਲਾਂ ਦਿੱਤੀ ਜਾਣ ਵਾਲੀ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੀ ਥਾਂ ਹੁਣ 10 ਲੱਖ ਰੁਪਏ ਦਿੱਤੇ ਜਾਣ ਲੱਗੇ ਹਨ।
ਜੋ ਫੈਸਲੇ ਲੈਣ ਦੀ ਸ਼ਾਇਦ ਚੁਣੀ ਹੋਈ ਸਰਕਾਰ ਹਿੰਮਤ ਨਾ ਕਰਦੀ, ਉਪ-ਰਾਜਪਾਲ ਸ਼੍ਰੀ ਮਨੋਜ ਸਿਨਹਾ ਨੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ’ਚ ਕਰ ਦਿਖਾਇਆ ਅਤੇ ਹੁਣ ਜਦਕਿ ਸੂਬੇ ’ਚ ਚੁਣੀ ਹੋਈ ਸਰਕਾਰ ਬਣਨ ਲੱਗੀ ਹੈ, ਆਸ ਕਰਨੀ ਚਾਹੀਦੀ ਹੈ ਕਿ ਸ਼੍ਰੀ ਮਨੋਜ ਸਿਨਹਾ ਦੇ ਤਜਰਬਿਆਂ ਦਾ ਲਾਭ ਉਠਾ ਕੇ ਸੂਬੇ ਦੀ ਸ਼ਾਂਤੀ ਵਿਵਸਥਾ ਨੂੰ ਮਜ਼ਬੂਤ ਕਰਨ ’ਚ ਸਹਾਇਕ ਹੋਵੇਗੀ।
–ਵਿਜੇ ਕੁਮਾਰ