‘ਸੜਕ ਅਤੇ ਰੇਲ ਹਾਦਸਿਆਂ ਨਾਲ ਹੋਈ’ ਨਵੰਬਰ ਮਹੀਨੇ ਦੀ ਖਰਾਬ ਸ਼ੁਰੂਆਤ!

Thursday, Nov 06, 2025 - 05:50 AM (IST)

‘ਸੜਕ ਅਤੇ ਰੇਲ ਹਾਦਸਿਆਂ ਨਾਲ ਹੋਈ’ ਨਵੰਬਰ ਮਹੀਨੇ ਦੀ ਖਰਾਬ ਸ਼ੁਰੂਆਤ!

ਨਵੰਬਰ ਦਾ ਮਹੀਨਾ ਭਾਰਤ ’ਚ ਸੜਕ ਅਤੇ ਰੇਲ ਹਾਦਸਿਆਂ ਦੇ ਮਹੀਨੇ ਦੇ ਰੂਪ ’ਚ ਸ਼ੁਰੂ ਹੋਇਆ ਹੈ, ਜਿਥੇ ਰਾਜਸਥਾਨ, ਤੇਲੰਗਾਨਾ ਅਤੇ ਹੋਰ ਸੂਬਿਆਂ ’ਚ ਵੱਡੇ ਸੜਕ ਹਾਦਸਿਆਂ ’ਚ ਅਨੇਕ ਲੋਕ ਮਾਰੇ ਗਏ, ਉਥੇ ਹੀ 4 ਅਤੇ 5 ਨਵੰਬਰ ਨੂੰ 2 ਵੱਖ-ਵੱਖ ਰੇਲ ਹਾਦਸਿਆਂ ’ਚ ਲਗਭਗ 2 ਦਰਜਨ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ ਅਨੇਕਾਂ ਜ਼ਖਮੀ ਹੋ ਗਏ।

ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਭਾਰਤ ’ਚ ਕੋਈ ਵੱਡਾ ਰੇਲ ਹਾਦਸਾ ਨਹੀਂ ਹੋਇਆ ਸੀ ਪਰ ਇਹ ਸਿਲਸਿਲਾ 4 ਨਵੰਬਰ 2025 ਨੂੰ ਉਸ ਸਮੇਂ ਟੁੱਟ ਗਿਆ ਜਦੋਂ ਸ਼ਾਮ ਦੇ ਲੱਗਭਗ ਸਾਢੇ 4 ਵਜੇ ਛੱਤੀਸਗੜ੍ਹ ’ਚ ‘ਬਿਲਾਸਪੁਰ’ ਰੇਲਵੇ ਸਟੇਸ਼ਨ ਦੇ ਨੇੜੇ ਇਕ ‘ਲੋਕਲ ਪੈਸੇਂਜਰ ਟਰੇਨ’ ਅਤੇ ਮਾਲਗੱਡੀ ਦੀ ਟੱਕਰ ’ਚ 10 ਯਾਤਰੀਆਂ ਦੀ ਜਾਨ ਚਲੀ ਗਈ ਅਤੇ 14 ਯਾਤਰੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

ਉਕਤ ਲੋਕਲ ਟਰੇਨ ਜਦੋਂ ‘ਕੋਰਬਾ’ ਜ਼ਿਲੇ ਦੇ ‘ਗਤੌਰਾ’ ਅਤੇ ‘ਬਿਲਾਸਪੁਰ’ ਰੇਲਵੇ ਸਟੇਸ਼ਨਾਂ ਦੇ ਵਿਚਾਲੇ ਟਰੈਕ ’ਤੇ ਸੀ, ਉਦੋਂ ਉਸ ਦੇ ਚਾਲਕ ਨੇ ਨਿਰਧਾਰਿਤ ਲਾਲ ਸਿਗਨਲ ਪਾਰ ਕਰ ਦਿੱਤਾ ਅਤੇ ਗੱਡੀ ਸਾਹਮਣੇ ਖੜ੍ਹੀ ਮਾਲਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।

ਇਸ ਹਾਦਸੇ ਦੇ ਸਿੱਟੇ ਵਜੋਂ ‘ਲੋਕਲ ਟਰੇਨ’ ਦੀ ਪਹਿਲੀ ਬੋਗੀ ਮਾਲਗੱਡੀ ਦੀ ਆਖਰੀ ਬੋਗੀ ਦੇ ਉੱਪਰ ਚੜ੍ਹ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਘਟਨਾ ਵਾਲੀ ਥਾਂ ’ਤੇ ਹਫੜਾ-ਦਫੜੀ ਮਚ ਗਈ।

ਚਾਰੋ ਪਾਸੇ ਯਾਤਰੀਆਂ ਦੇ ਚੀਕਣ ਦੀਆਂ ਆਵਾਜ਼ਾਂ ਅਤੇ ਧੂੰਏਂ ਦਾ ਗੁੱਬਾਰ ਫੈਲ ਗਿਆ। ਅਨੇਕ ਯਾਤਰੀ ਡੱਬਿਆਂ ’ਚ ਫਸ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਰਾਹਤ ਕਰਮਚਾਰੀਅਾਂ ਦੀ ਸਹਾਇਤਾ ਨਾਲ ਕਿਸੇ ਤਰ੍ਹਾਂ ਬਾਹਰ ਕੱਢਿਆ।

ਦੱਖਣ-ਪੂਰਬ ਰੇਲਵੇ ਦੇ ਸੂਤਰਾਂ ਅਨੁਸਾਰ ਸ਼ੁਰੂਆਤੀ ਤੌਰ ’ਤੇ ਇਸ ਹਾਦਸ ਦਾ ਕਾਰਨ ‘ਲੋਕਲ ਟਰੇਨ’ ਦੇ ਚਾਲਕ ਵਲੋਂ ਸਿਗਨਲ ਲੰਘਣਾ ਹੀ ਪ੍ਰਤੀਤ ਹੁੰਦਾ ਹੈ। ‘ਲੋਕਲ ਟਰੇਨ’ ਦਾ ਚਾਲਕ ਸ਼ਾਇਦ ਸਿਗਨਲ ’ਤੇ ਰੁੱਕ ਨਹੀਂ ਸਕਿਆ ਅਤੇ ਟਰੇਨ ਮਾਲਗੱਡੀ ਨਾਲ ਟਕਰਾ ਗਈ। ਇਸ ਰੇਲ ਹਾਦਸੇ ਤੋਂ ਬਾਅਦ ਜਾਂਚ ਹੁਣ ਇਸ ਦਿਸ਼ਾ ’ਚ ਕੇਂਦਰਿਤ ਹੋ ਗਈ ਹੈ ਕਿ ਲੋਕਲ ਟਰੇਨ ਨੇ ਆਖਿਰ ਸਿਗਨਲ ਕਿਉਂ ਤੋੜਿਆ।

ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਰੁਪਏ, ਗੰਭੀਰ ਰੂਪ ’ਚ ਜ਼ਖਮੀ ਯਾਤਰੀਅਾਂ ਨੂੰ 5 ਲੱਖ ਰੁਪਏ ਅਤੇ ਸਾਧਾਰਨ ਤੌਰ ’ਤੇ ਜ਼ਖਮੀ ਯਾਤਰੀਅਾਂ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਉਥੇ ਹੀ ਅਗਲੇ ਦਿਨ 5 ਨਵੰਬਰ ਨੂੰ ਵੀ ਸਵੇਰੇ ਲੱਗਭਗ ਸਾਢੇ 9 ਵਜੇ ਇਕ ਵੱਖਰੀ ਕਿਸਮ ਦਾ ਰੇਲ ਹਾਦਸਾ ਹੋਇਆ। ‘ਕੱਤਕ ਪੁੰਨਿਆ’ ਦੇ ਮੌਕੇ ’ਤੇ ‘ਮਿਰਜ਼ਾਪੁਰ’ ਵਿਚ ਗੰਗਾ ਇਸ਼ਨਾਨ ਕਰਨ ਆਏ ਸ਼ਰਧਾਲੂਅਾਂ ਦੀ ਗੱਡੀ ਮਿਰਜ਼ਾਪੁਰ ਦੇ ਨੇੜੇ ‘ਚੁਨਾਰ’ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 ’ਤੇ ਰੁਕੀ।

ਉਦੋਂ ਕਈ ਯਾਤਰੀ ਦੂਜੇ ਪਾਸੇ ਜਾਣ ਲਈ ਪਲੇਟਫਾਰਮ ਨੰਬਰ 4 ’ਤੇ ਉਤਰ ਕੇ ਫੁਟ ਓਵਰਬ੍ਰਿਜ ਦੀ ਵਰਤੋਂ ਕਰਨ ਦੀ ਬਜਾਏ ਗਲਤ ਦਿਸ਼ਾ ’ਚ ਉਤਰ ਕੇ ਰੇਲ ਪਟੜੀ ਪਾਰ ਕਰਨ ਲੱਗੇ ਅਤੇ ਉਸੇ ਸਮੇਂ ਉਲਟ ਦਿਸ਼ਾ ਤੋਂ ਪੂਰੀ ਰਫਤਾਰ ਨਾਲ (ਥਰੂ) ਆ ਰਹੀ ‘ਨੇਤਾ ਜੀ ਐਕਸਪ੍ਰੈੱਸ’ ਦੀ ਲਪੇਟ ’ਚ ਆ ਗਏ।

ਇਸ ਦੇ ਸਿੱਟੇ ਵਜੋਂ 8 ਮਹਿਲਾ ਯਾਤਰੀਆਂ ਦੀ ਮੌਤ ਹੋ ਗਈ। ਸਾਰੀਅਾਂ ਮਹਿਲਾਵਾਂ ‘ਮਿਰਜ਼ਾਪੁਰ’ ਅਤੇ ‘ਸੋਨਭੱਦਰ’ ਜ਼ਿਲਿਅਾਂ ਦੇ ਵੱਖ-ਵੱਖ ਪਿੰਡਾਂ ਦੀਆਂ ਰਹਿਣ ਵਾਲੀਆਂ ਸਨ।

ਯਕੀਨਨ ਹੀ ਉਕਤ ਦੋਵੇਂ ਘਟਨਾਵਾਂ ਅਤਿਅੰਤ ਦੁਖਦਾਈ ਹਨ ਅਤੇ ਇਸ ਤੱਥ ਦਾ ਸਪੱਸ਼ਟ ਪ੍ਰਮਾਣ ਹਨ ਕਿ ਭਾਰਤੀ ਰੇਲ ਕਿਸ ਕਦਰ ਵੱਡੇ ਹਾਦਸਿਅਾਂ ਦੇ ਜੋਖਮ ’ਤੇ ਹੈ। ਫਿਰ ਕਦੇ ਅਜਿਹੀ ਅਣਸੁਖਾਵੀਂ ਸਥਿਤੀ ਪੈਦਾ ਨਾ ਹੋਵੇ ਇਸ ਦੇ ਲਈ ਭਾਰਤੀ ਰੇਲ ਦੀ ਕਾਰਜ ਪ੍ਰਣਾਲੀ ਅਤੇ ਰੱਖ-ਰਖਾਅ ’ਚ ਤੁਰੰਤ ਬਹੁਪੱਖੀ ਸੁਧਾਰ ਲਿਆਉਣ ਦੀ ਲੋੜ ਹੈ।

ਇਨ੍ਹਾਂ ਹਾਦਸਿਆਂ ’ਚ ਪਹਿਲਾ ਸਬਕ ਇਹ ਹੈ ਕਿ ਸਿਗਨਲ ਦੀ ਅਣਗਹਿਲੀ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਇਸ ਦੇ ਨਾਲ ਹੀ ‘ਚੁਨਾਰ’ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੇ ਗਲਤ ਸਾਈਡ ’ਚ ਉਤਰਨ ਨਾਲ ਹੋਇਆ ਹਾਦਸਾ ਰੇਲ ਯਾਤਰੀਆਂ ਦੇ ਲਈ ਇਕ ਸਬਕ ਹੈ ਕਿ ਰੇਲ ਗੱਡੀਆਂ ’ਚ ਚੜ਼੍ਹਦੇ ਜਾਂ ਉਤਰਦੇ ਸਮੇਂ ਸਹੀ ਪਲੇਟਫਾਰਮ ਦੀ ਹੀ ਵਰਤੋਂ ਕਰਨੀ ਚਾਹੀਦੀ ਨਹੀਂ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਭਵਿੱਖ ’ਚ ਵੀ ਹੁੰਦੀਆਂ ਹੀ ਰਹਿਣਗੀਆਂ।

–ਵਿਜੇ ਕੁਮਾਰ


author

Sandeep Kumar

Content Editor

Related News