ਡਾਇਬਿਟੀਜ਼ ਅਤੇ ਵੈੱਲ ਬੀਇੰਗ : ਆਪਣੀ ਜ਼ਿੰਦਗੀ ਦੀ ਕਮਾਨ ਖੁਦ ਸੰਭਾਲੋ
Friday, Nov 14, 2025 - 05:22 PM (IST)
ਅੱਜ ਵਿਸ਼ਵ ਡਾਇਬਿਟੀਜ਼ ਦਿਵਸ ਹੈ। ਸ਼ੂਗਰ ਉਹ ਬੀਮਾਰੀ ਨਹੀਂ ਹੈ ਜੋ ਜੀਵਨ ਦੀ ਰਫਤਾਰ ਰੋਕ ਦੇਵੇ। ਇਹ ਉਹ ਮੋੜ ਹੈ ਜਿੱਥੇ ਤੁਸੀਂ ਖੁਦ ਨੂੰ ਬਿਹਤਰ ਬਣਾਉਣ ਦਾ ਫੈਸਲਾ ਲੈਂਦੇ ਹੋ। ਭਾਰਤ ’ਚ ਲੱਖਾਂ ਲੋਕ ਡਾਇਬਿਟੀਜ਼ ਨਾਲ ਜੀਅ ਰਹੇ ਹਨ। ਇਹ ਆਪਣਾ ਕੰਮ ਪੂਰਾ ਕਰ ਰਹੇ ਹਨ ਅਤੇ ਆਪਣੇ ਸੁਪਨੇ ਵੀ ਪੂਰੇ ਕਰ ਰਹੇ ਹਨ। ਫਰਕ ਬਸ ਇੰਨਾ ਹੈ ਕਿ ਉਨ੍ਹਾਂ ਨੇ ਆਪਣੀ ਸਿਹਤ ਪ੍ਰਤੀ ਜ਼ਿੰਮੇਵਾਰੀ ਅਤੇ ਸਾਕਾਰਾਤਮਕਤਾ ਨੂੰ ਚੁਣਿਆ ਹੈ। ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਡਾਇਬਿਟੀਜ਼ ਜੀਵਨ ਨੂੰ ਕਮਜ਼ੋਰ ਨਹੀਂ ਕਰਦੀ ਸਗੋਂ ਲਾਪਰਵਾਹੀ ਕਰਦੀ ਹੈ। ਸਭ ਤੋਂ ਵੱਡੀ ਤਾਕਤ ਇਹ ਹੈ ਕਿ ਡਾਇਬਿਟੀਜ਼ ਕੰਟਰੋਲ ’ਚ ਆ ਸਕਦੀ ਹੈ, ਸਹੀ ਆਦਤਾਂ ਅਤੇ ਸਹੀ ਨਜ਼ਰੀਏ ਦੇ ਨਾਲ।
ਆਪਣੇ ਸਰੀਰ ਨੂੰ ਬਦਲਣ ਦੀ ਸਮਰੱਥਾ ਤੁਹਾਡੇ ਅੰਦਰ ਹੀ ਹੈ। ਰੋਜ਼ 3 ਤੋਂ 45 ਮਿੰਟ ਚੱਲਣਾ, ਯੋਗ ਕਰਨਾ, ਸਟ੍ਰੈਂਥ ਟੈਨਿੰਗ ਜੋੜਨਾ, ਇਹ ਛੋਟੇ ਕਦਮ ਤੁਹਾਡੇ ਸਰੀਰ ਨੂੰ ਨਵੀਂ ਊਰਜਾ ਦਿੰਦੇ ਹਨ। ਅੱਜ ਚੁੱਕਿਆ ਗਿਆ ਇਕ ਕਦਮ ਕੱਲ ਦੀ ਦਵਾਈ ਦੀ ਲੋੜ ਘੱਟ ਕਰ ਸਕਦਾ ਹੈ। ਹਰ ਦਿਨ ਤੁਹਾਡੀ ਜਿੱਤ ਹੈ। ਦਰਅਸਲ ਸਾਨੂੰ ਆਪਣੇ ਖਾਣ-ਪੀਣ ’ਤੇ ਧਿਆਨ ਦੇਣ ਦੀ ਲੋੜ ਹੈ। ਪਲੇਟ ’ਚ ਹਰੀਆਂ ਸਬਜ਼ੀਆਂ, ਦਾਲਾਂ, ਸਲਾਦ ਅਤੇ ਸੰਤੁਲਿਤ ਭੋਜਨ ਇਹ ਤੁਹਾਡੇ ਸਰੀਰ ਨੂੰ ਸਹਾਰਾ ਦਿੰਦੇ ਹਨ। ਸੰਜਮ ਤੁਹਾਡੀ ਸਭ ਤੋਂ ਵੱਡੀ ਸ਼ਕਤੀ ਹੈ। ਸਵਾਲ ਇਹ ਨਹੀਂ ਕਿ ਤੁਸੀਂ ਕੀ ਨਹੀਂ ਖਾ ਸਕਦੇ, ਸਵਾਲ ਇਹ ਹੈ ਕਿ ਤੁਸੀਂ ਕੀ ਸਹੀ ਖਾ ਸਕਦੇ ਹੋ। ਤਣਾਅ ਸ਼ੂਗਰ ਤੋਂ ਤੇਜ਼ ਨਹੀਂ ਦੌੜਦਾ, ਪਰ ਸਾਕਾਰਾਤਮਕਤਾ ਦੌੜਦੀ ਹੈ। 10 ਮਿੰਟ ਧਿਆਨ ਥੋੜ੍ਹਾ ਜਿਹਾ ਆਪਣੇ ਲਈ, ਪਰਿਵਾਰ ਦਾ ਸਹਿਯੋਗ, ਇਹ ਛੋਟੀਆਂ ਚੀਜ਼ਾਂ ਮਾਨਸਿਕ ਸ਼ਕਤੀ ਨੂੰ ਦਵਾਈ ਨਾਲੋਂ ਜ਼ਿਆਦਾ ਮਜ਼ਬੂਤੀ ਦਿੰਦੀਆਂ ਹਨ।
ਅੱਖਾਂ, ਕਿਡਨੀ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਇਹ ਦੱਸਦੀ ਹੈ ਕਿ ਕੀ ਤੁਸੀਂ ਆਪਣੀ ਸਿਹਤ ਨੂੰ ਮਹੱਤਵ ਦਿੰਦੋ ਹੋ। ਇਹ ਤੁਹਾਡੀ ਜਾਗਰੂਕਤਾ ਹੈ, ਕਮਜ਼ੋਰੀ ਨਹੀਂ, ਇਹ ਸਮਝਣਾ ਵੀ ਜ਼ਰੂਰੀ ਹੈ ਕਿ ਡਾਇਬਿਟੀਜ਼ ਤੁਹਾਡੀ ਪਛਾਣ ਨਹੀਂ ਹੈ। ਤੁਹਾਡੀ ਪਛਾਣ ਹੈ ਤੁਹਾਡਾ ਅਨੁਸ਼ਾਸਨ, ਤੁਹਾਡੀਆਂ ਆਦਤਾਂ, ਤੁਹਾਡੀ ਸਾਕਾਰਾਤਮਕਤਾ ਅਤੇ ਬਿਹਤਰ ਜੀਵਨ ਜਿਊਣ ਦਾ ਤੁਹਾਡਾ ਫੈਸਲਾ। ਜੋ ਲੋਕ ਡਾਇਬਿਟੀਜ਼ ਨਾਲ ਵੀ ਸਰਗਰਮ, ਸੰਤੁਲਿਤ ਅਤੇ ਖੁਸ਼ਹਾਲ ਜੀਵਨ ਜੀਅ ਰਹੇ ਹਨ, ਉਨ੍ਹਾਂ ਨੇ ਕੋਈ ਜਾਦੂ ਨਹੀਂ ਕੀਤਾ।
ਉਨ੍ਹਾਂ ਨੇ ਬਸ ਸ਼ੁਰੂਆਤ ਕੀਤੀ ਹੈ। ਅੱਜ ਹੀ ਉਹ ਸ਼ੁਰੂਆਤ ਤੁਹਾਡੀ ਵੀ ਹੋ ਸਕਦੀ ਹੈ। ਭਾਰਤ ’ਚ ਸ਼ੂਗਰ (ਡਾਇਬਿਟੀਜ਼) ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਜੋ ਦੁਨੀਆ ’ਚ ਸਭ ਤੋਂ ਵੱਧ ਹੈ। ਲਗਭਗ 212 ਮਿਲੀਅਨ ਲੋਕ ਇਸ ਬੀਮਾਰੀ ਨਾਲ ਪੀੜਤ ਹਨ। ਭਾਰਤ ’ਚ ਟਾਈਪ 2 ਡਾਇਬਿਟੀਜ਼ ਸਭ ਤੋਂ ਆਮ ਹੈ, ਜੋ 90 ਫੀਸਦੀ ਤੋਂ 95 ਫੀਸਦੀ ਮਾਮਲਿਆਂ ’ਚ ਪਾਈ ਜਾਂਦੀ ਹੈ। ਇਨ੍ਹਾਂ ’ਚੋਂ 136 ਮਿਲੀਅਨ ਲੋਕਾਂ ਨੂੰ ਪ੍ਰੀ-ਡਾਇਬਿਟੀਜ਼ ਹੈ, ਇਕ ਅਜਿਹੀ ਸਥਿਤੀ ਜਿਸ ’ਚ ਸ਼ੂਗਰ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਗ੍ਰਾਮੀਣ ਖੇਤਰਾਂ ’ਚ, ਰਾਸ਼ਟਰੀ ਰਾਜਧਾਨੀ ਖੇਤਰ ਦੇ ਆਲੇ-ਦੁਆਲੇ ਦੇ ਇਲਾਕਿਆਂਂ ’ਚ ਡਾਇਬਿਟੀਜ਼ ਦਾ ਪ੍ਰਸਾਰ ਬਹੁਤ ਜ਼ਿਆਦਾ ਹੈ, ਜਦਕਿ ਪ੍ਰੀ-ਡਾਇਬਿਟੀਜ਼ ਪ੍ਰਸਾਰ ਗੈਰ-ਗ੍ਰਾਮੀਣ ਖੇਤਰਾਂ ’ਚ ਜ਼ਿਆਦਾ ਹੈ।
ਉਦਯੋਗੀਕਰਨ ਅਤੇ ਸ਼ਹਿਰੀਕਰਨ ਕਾਰਨ ਜੀਵਨਸ਼ੈਲੀ ’ਚ ਬਦਲਾਅ ਜਿਵੇਂ ਕਿ ਸਰੀਰਕ ਸਰਗਰਮੀਆਂ ’ਚ ਕਮੀ ਅਤੇ ਖੁਰਾਕ ਪਦਾਰਥਾਂ ਦਾ ਬਹੁਤ ਜ਼ਿਆਦਾ ਸੇਵਨ, ਸ਼ੂਗਰ ਦੇ ਵਧਦੇ ਮਾਮਲਿਆਂ ਦਾ ਇਕ ਪ੍ਰਮੁੱਖ ਕਾਰਨ ਹੈ। ਬਹੁਤ ਜ਼ਿਆਦਾ ਪ੍ਰੋਸੈਸਡ ਅਤੇ ਵਸਾ ਵਾਲੇ ਭੋਜਨ, ਚਿਪਸ, ਕੁਕੀਜ਼ ਵੀ ਡਾਇਬਿਟੀਜ਼ ਦੇ ਜੋਖਮ ਨੂੰ ਵਧਾਉਂਦੇ ਹਨ। ਪਿਤਾਪੁਰਖੀ ਅਤੇ ਚੌਗਿਰਦੇ ਦੇ ਕਾਰਕ ਵੀ ਭਾਰਤ ’ਚ ਸ਼ੂਗਰ ਦੇ ਵਧਦੇ ਮਾਮਲਿਆਂ ਲਈ ਜ਼ਿੰਮੇਵਾਰ ਹਨ।
ਇਕ ਡਿਜੀਟਲ ਹੈਲਥ ਕੇਅਰ ਪਲੇਟਫਾਰਮ ਦੀ ਰਿਪੋਰਟ ਅਨੁਸਾਰ ਭਾਰਤ ’ਚ ਟੈਸਟ ਕੀਤੇ ਗਏ ਹਰ ਦੋ ’ਚੋਂ ਇਕ ਵਿਅਕਤੀ ’ਚ ਬਲੱਡ ਸ਼ੂਗਰ ਦਾ ਪੱਧਰ ਵਧਿਆ ਹੋਇਆ ਆਉਂਦਾ ਹੈ ਜਾਂ ਫਿਰ ਅਨਿਯਮਿਤ ਪਾਇਆ ਗਿਆ ਹੈ। ਇਹ ਰਿਪੋਰਟ ਸੰਕੇਤ ਦਿੰਦੀ ਹੈ ਕਿ ਦੇਸ਼ ਭਰ ’ਚ ਡਾਇਬਿਟੀਜ਼ ਅਤੇ ਪ੍ਰੀ-ਡਾਇਬਿਟੀਜ਼ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਸ਼ੂਗਰ ਦਾ ਮੁੱਢਲਾ ਲੱਛਣ ਹੈ ਜ਼ਿਆਦਾ ਪਿਆਸ ਲੱਗਣਾ, ਵਾਰ-ਵਾਰ ਪਿਸ਼ਾਬ ਆਉਣਾ, ਅੱਖਾਂ ਦੀ ਰੌਸ਼ਨੀ ਘੱਟ ਹੋਣਾ, ਸੱਟ ਜਾਂ ਜ਼ਖਮ ਭਰਨ ’ਚ ਦੇਰ ਲੱਗਣਾ, ਚੱਕਰ ਆਉਣਾ, ਚਿੜਚਿੜਾਪਨ ਰਹਿਣਾ, ਵਾਰ-ਵਾਰ ਫੋੜੇ-ਫਿਨਸੀਆਂ ਨਿਕਲਣੀਆਂ, ਹੱਥਾਂ, ਪੈਰਾਂ ਅਤੇ ਗੁਪਤ ਅੰਗਾਂ ’ਚ ਖਾਰਿਸ਼ ਵਾਲੇ ਜ਼ਖਮ ਹੋਣਾ।
–ਡਾ. ਸ਼ਵੇਤਾ ਬਾਂਸਲ (ਐਂਡੋਕ੍ਰਾਈਨੋਲੋਜਿਸਟ)
