‘ਨਸ਼ੇ ਦੇ ਧੰਦੇ’ ’ਚ ਸ਼ਾਮਲ ਹੋ ਰਹੇ ਪੁਲਸ ਮੁਲਾਜ਼ਮ, ਹੁਣ ਵਾੜ ਹੀ ਖੇਤ ਨੂੰ ਖਾ ਰਹੀ ਹੈ

Wednesday, Nov 20, 2024 - 03:26 AM (IST)

‘ਨਸ਼ੇ ਦੇ ਧੰਦੇ’ ’ਚ ਸ਼ਾਮਲ ਹੋ ਰਹੇ ਪੁਲਸ ਮੁਲਾਜ਼ਮ, ਹੁਣ ਵਾੜ ਹੀ ਖੇਤ ਨੂੰ ਖਾ ਰਹੀ ਹੈ

ਇਨ੍ਹੀਂ ਦਿਨੀਂ ਦੇਸ਼ ’ਚ ਨਸ਼ਿਆਂ ਦਾ ਇਕ ਤੂਫਾਨ ਜਿਹਾ ਆਇਆ ਹੋਇਆ ਹੈ। ਹਾਲਾਂਕਿ ਨਸ਼ਿਆਂ ਦੀ ਸਮੱਗਲਿੰਗ ਰੋਕਣ ਦੀ ਜ਼ਿੰਮੇਵਾਰੀ ਪੁਲਸ ਵਿਭਾਗ ਦੀ ਹੈ ਪਰ ਇੱਥੇ ਤਾਂ ਪੁਲਸ ਵਿਭਾਗ ਦੇ ਹੀ ਚੰਦ ਮੁਲਾਜ਼ਮ ਨਸ਼ੇ ਦੀ ਸਮੱਗਲਿੰਗ ’ਚ ਸ਼ਾਮਲ ਪਾਏ ਜਾ ਰਹੇ ਹਨ, ਜੋ ਹਾਲ ਹੀ ਦੀਆਂ ਹੇਠਲੀਆਂ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :

* 3 ਅਗਸਤ ਨੂੰ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨ੍ਹਾ ਦੇ ਹੁਕਮ ’ਤੇ 5 ਪੁਲਸ ਮੁਲਾਜ਼ਮਾਂ ਹੈੱਡ ਕਾਂਸਟੇਬਲ ਫਾਰੂਕ ਅਹਿਮਦ ਸ਼ੇਖ ਅਤੇ ਕਾਂਸਟੇਬਲਾਂ ਖਾਲਿਦ ਹੁਸੈਨ ਸ਼ਾਹ, ਰਹਿਮਤ ਸ਼ਾਹ, ਇਰਸ਼ਾਦ ਅਹਿਮਦ ਅਤੇ ਸੈਫਦੀਨ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਨੌਕਰੀ ’ਚੋਂ ਕੱਢਿਆ ਗਿਆ। ਇਸੇ ਦਿਨ ਇਕ ਸਰਕਾਰੀ ਅਧਿਆਪਕ ਨਜ਼ਾਮ ਦੀਨ ਨੂੰ ਵੀ ਇਸੇ ਦੋਸ਼ ’ਚ ਨੌਕਰੀ ’ਚੋਂ ਕੱਢਿਆ ਗਿਆ।

* 6 ਨਵੰਬਰ ਨੂੰ ਜੰਮੂ-ਕਸ਼ਮੀਰ ਪੁਲਸ ਦੀ ਜੰਮੂ ਕ੍ਰਾਈਮ ਬ੍ਰਾਂਚ ’ਚ ਤਾਇਨਾਤ ਇਕ ਕਾਂਸਟੇਬਲ ਪ੍ਰਵੇਜ਼ ਇਕਬਾਲ ਅਤੇ ਉਸ ਦੀਆਂ 2 ਪਤਨੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 33 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।

* 13 ਨਵੰਬਰ ਨੂੰ ਪਟਿਆਲਾ (ਪੰਜਾਬ) ਦੇ ਥਾਣਾ ‘ਤ੍ਰਿਪੜੀ’ ਦੀ ਪੁਲਸ ਨੇ ਕੇਂਦਰੀ ਜੇਲ ’ਚ ਤਲਾਸ਼ੀ ਦੌਰਾਨ ਹੋਮਗਾਰਡ ਸਤਵਿੰਦਰ ਸਿੰਘ ਦੇ ਜੁੱਤਿਆਂ ’ਚ ਲੁਕੋਈਆਂ ਬੀੜੀਆਂ ਬਰਾਮਦ ਕਰ ਕੇ ਉਸ ਵਿਰੁੱਧ ਕੇਸ ਦਰਜ ਕੀਤਾ।

* 13 ਨਵੰਬਰ ਨੂੰ ਹੀ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ’ਚ ਤਾਇਨਾਤ ਪੁਲਸ ਕਾਂਸਟੇਬਲ ਮੁਹੰਮਦ ਮੁਖਤਿਆਰ ਹਸਪਤਾਲ ਕੰਪਲੈਕਸ ’ਚ ਨਸ਼ਾ ਵੇਚਦਾ ਫੜਿਆ ਗਿਆ। ਉਸ ਦੇ ਕਬਜ਼ੇ ’ਚੋਂ 15 ਗ੍ਰਾਮ ਹੈਰੋਇਨ ਅਤੇ 9000 ਰੁਪਏ ਬਰਾਮਦ ਹੋਏ।

* 18 ਨਵੰਬਰ ਨੂੰ ਅੰਮ੍ਰਿਤਸਰ ਪੁਲਸ ਨੇ ਪੰਜਾਬ ਪੁਲਸ ਦੇ ਕਾਂਸਟੇਬਲ ਲਵਪ੍ਰੀਤ ਸਿੰਘ ਨੂੰ 14 ਕਰੋੜ ਰੁਪਏ ਮੁੱਲ ਦੀ 2 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ।

* 18 ਨਵੰਬਰ ਨੂੰ ਹੀ ਹਾਜੀਪੁਰ (ਬਿਹਾਰ) ’ਚ ਪੁਲਸ ਨੇ ਇਕ ਏ. ਐੱਸ. ਆਈ. ਸਮੇਤ 7 ਪੁਲਸ ਮੁਲਾਜ਼ਮਾਂ ਨੂੰ ਸ਼ਰਾਬ ਰੱਖਣ ਅਤੇ ਵੇਚਣ ਦੇ ਦੋਸ਼ ’ਚ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 32 ਲੀਟਰ ਦੇਸੀ ਸ਼ਰਾਬ ਅਤੇ ਇਕ ਲੀਟਰ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ।

* ਅਤੇ ਹੁਣ 19 ਨਵੰਬਰ ਨੂੰ ਚੰਡੀਗੜ੍ਹ ਯੂ. ਟੀ. ਪੁਲਸ ਵਿਭਾਗ ’ਚੋਂ ਮੁਅੱਤਲ ਇਕ ਜਵਾਨ ਕੁਲਦੀਪ ਕੁਮਾਰ ਅਤੇ ਉਸ ਦੇ ਸਾਥੀ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ।

ਨਸ਼ਿਆਂ ਦੇ ਵਪਾਰ ’ਚ ਪੁਲਸ ਮੁਲਾਜ਼ਮਾਂ ਦੀ ਸ਼ਮੂਲੀਅਤ ਦਰਸਾਉਂਦੀ ਹੈ ਕਿ ਪੁਲਸ ਵਿਭਾਗ ’ਚ ਹੁਣ ਜ਼ਿਆਦਾ ਨਿਗਰਾਨੀ, ਚੌਕਸੀ ਅਤੇ ਪੂਰੀ ਤਰ੍ਹਾਂ ਤਲਾਸ਼ੀ ਦਾ ਸਿਲਸਿਲਾ ਵਧਾਉਣ ਦੀ ਲੋੜ ਹੈ।

-ਵਿਜੇ ਕੁਮਾਰ


author

Harpreet SIngh

Content Editor

Related News