ਪਾਕਿਸਤਾਨ ਵਲੋਂ ਪੰਜਾਬ ’ਚ ਹੁਣ ਨਸ਼ਿਆਂ, ਹਥਿਆਰਾਂ ਦੇ ਨਾਲ ਦਵਾਈਆਂ ਦੀ ਸਮੱਗਲਿੰਗ!
Friday, Apr 25, 2025 - 03:36 AM (IST)

ਇਕ ਪਾਸੇ ਪਾਕਿਸਤਾਨ ਆਪਣੇ ਪਾਲ਼ੇ ਹੋਏ ਅੱਤਵਾਦੀਆਂ ਕੋਲੋਂ ਭਾਰਤ ’ਚ ਹਮਲੇ ਕਰਵਾ ਕੇ ਨਿਰਦੋਸ਼ਾਂ ਦੀਆਂ ਹੱਤਿਆਵਾਂ ਕਰਵਾ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਦੇ ਸਰਹੱਦੀ ਇਲਾਕਿਆਂ ’ਚ ਡਰੋਨਾਂ ਰਾਹੀਂ ਨਸ਼ਾ ਪਹੁੰਚਾ ਕੇ ਭਾਰਤ ਦੇ ਨੌਜਵਾਨਾਂ ਨੂੰ ਤਬਾਹ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਦੀਆਂ ਸਿਰਫ ਇਕ ਹਫਤੇ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :
* 17 ਅਪ੍ਰੈਲ ਨੂੰ ਗੁਰਦਾਸਪੁਰ ਜ਼ਿਲਾ ਪੁਲਸ ਨੇ ਸਰੱਹਦੀ ਪਿੰਡ ‘ਠਾਕੁਰਪੁਰ’ ’ਚੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ 3 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 255 ਗ੍ਰਾਮ ਹੈਰੋਇਨ ਅਤੇ 2 ਪਿਸਤੌਲ ਬਰਾਮਦ ਕੀਤੇ।
* 20 ਅਪ੍ਰੈਲ ਨੂੰ ਬੀ. ਐੱਸ. ਐੱਫ. ਨੇ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਪਿੰਡਾਂ ’ਚ ਕਾਰਵਾਈ ਦੌਰਾਨ ਖੇਤਾਂ ’ਚੋਂ 3 ਪਾਕਿਸਤਾਨੀ ਡਰੋਨ ਅਤੇ 545 ਗ੍ਰਾਮ ਹੈਰੋਇਨ ਬਰਾਮਦ ਕੀਤੀ।
* 22 ਅਪ੍ਰੈਲ ਨੂੰ ਹੀ ਬੀ. ਐੱਸ. ਐੱਫ. ਨੇ ਸਰਹੱਦੀ ਪਿੰਡ ‘ਬੱਲ੍ਹੜਵਾਲ’ ਦੇ ਇਲਾਕੇ ’ਚ ਡਰੋਨ ਰਾਹੀਂ ਸੁੱਟੀ 40 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਗ੍ਰੇਨੇਡ, ਆਈ. ਈ. ਡੀ. ਧਮਾਕਾਖੇਜ਼ ਸਮੱਗਰੀ, ਰਿਮੋਟ, 2 ਵਿਦੇਸ਼ੀ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
* 23 ਅਪ੍ਰੈਲ ਨੂੰ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ 4 ਵੱਖ-ਵੱਖ ਸਰਹੱਦੀ ਪਿੰਡਾਂ ’ਚੋਂ 8 ਕਰੋੜ ਰੁਪਏ ਦਾ ਨਸ਼ਾ ਅਤੇ ਡਰੋਨ ਜ਼ਬਤ ਕੀਤੇ। ਪਿੰਡ ‘ਹਰਦੋਰਤਨ’ ’ਚੋਂ 6 ਕਾਰਤੂਸ, ਪਿਸਤੌਲਾਂ ਦੇ ਪੁਰਜ਼ੇ, ਮੈਗਜ਼ੀਨ ਅਤੇ 593 ਗ੍ਰਾਮ ਹੈਰੋਇਨ, ਪਿੰਡ ‘ਮੁਹਾਵਾ’ ’ਚੋਂ ਇਕ ਪਿਸੌਤਲ ਦੀ ਮੈਗਜ਼ੀਨ ਅਤੇ 574 ਗ੍ਰਾਮ ਹੈਰੋਇਨ ਦੇ ਇਲਾਵਾ ‘ਰਾਜਾ ਤਾਲ’ ਅਤੇ ‘ਗੱਲੂਵਾਲ’ ਪਿੰਡਾਂ ’ਚੋਂ 2 ਮਿਨੀ ਡਰੋਨ ਅਤੇ 514 ਗ੍ਰਾਮ ਹੈਰੋਇਨ ਫੜੀ।
ਇਹੀ ਨਹੀਂ ਹੁਣ ਤਾਂ ਪਾਕਿਸਤਾਨ ਤੋਂ ਭਾਰਤ ’ਚ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਸਮੱਗਲਿੰਗ ਵੀ ਸ਼ੁਰੂ ਹੋ ਗਈ ਹੈ। 23 ਅਪ੍ਰੈਲ ਨੂੰ ਤਰਨਤਾਰਨ ’ਚ ਡਰੱਗ ਇੰਸਪੈਕਟਰ ਅਤੇ ਪੁਲਸ ਵਲੋਂ ਇਕ ਮਕਾਨ ’ਚ ਸਾਂਝੀ ਛਾਪੇਮਾਰੀ ਦੌਰਾਨ ਵੱਡੀ ਮਾਤਰਾ ’ਚ ਪਾਕਿਸਤਾਨ ਦੀਆਂ ਬਣੀਆਂ ਹੋਈਆਂ 10 ਤਰ੍ਹਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।
ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਭਾਰਤ ’ਚ ਤਬਾਹੀ ਮਚਾਉਣ ਲਈ ਹਰ ਹੱਥਕੰਡਾ ਅਪਣਾਉਣ ਤੋਂ ਬਾਜ਼ ਨਹੀਂ ਆ ਰਿਹਾ। ਲਿਹਾਜ਼ਾ ਪਾਕਿਸਤਾਨ ਨੂੰ ਰਾਹ ’ਤੇ ਲਿਆਉਣ ਲਈ ਉਸ ਨੂੰ ਜਿੰਨੀ ਜਲਦੀ ਉਸੇ ਦੀ ਭਾਸ਼ਾ ’ਚ ਢੁੱਕਵਾਂ ਜਵਾਬ ਦਿੱਤਾ ਜਾਵੇ ਓਨਾ ਹੀ ਚੰਗਾ ਹੋਵੇਗਾ।
–ਵਿਜੇ ਕੁਮਾਰ