ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਪਾਕਿਸਤਾਨ ਦੀ ਐਂਟਰੀ ਭਾਰਤ ਲਈ ਨਵਾਂ ਸਿਰਦਰਦ

Monday, Dec 16, 2024 - 02:35 AM (IST)

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਪਾਕਿਸਤਾਨ ਦੀ ਐਂਟਰੀ ਭਾਰਤ ਲਈ ਨਵਾਂ ਸਿਰਦਰਦ

ਭਾਰਤ ਅਤੇ ਪਾਕਿਸਤਾਨ ਦਰਮਿਆਨ ਬਟਵਾਰੇ ਦੇ ਸਮੇਂ ਤੋਂ ਹੀ ਤਣਾਅ ਚਲਿਆ ਆ ਰਿਹਾ ਹੈ। ਜਿਥੇ ਸ਼ੁਰੂ ਤੋਂ ਹੀ ਪਾਕਿਸਤਾਨ ਦੇ ਹਾਕਮਾਂ ਨੇ ਭਾਰਤ ਦੇ ਵਿਰੁੱਧ ਪ੍ਰਤੱਖ ਜਾਂ ਲੁਕਵੀਂ ਜੰਗ ਛੇੜੀ ਹੋਈ ਹੈ ਅਤੇ ਜੰਮੂ-ਕਸ਼ਮੀਰ ’ਚ ਆਪਣੇ ਪਾਲੇ ਅੱਤਵਾਦੀਆਂ ਤੋਂ ਲਗਾਤਾਰ ਹਿੰਸਾ ਕਰਵਾ ਰਿਹਾ ਹੈ, ਉਥੇ ਹੀ ਹੁਣ ਉਸ ਦੇ ਵੱਲੋਂ ਭਾਰਤ ਲਈ ਇਕ ਨਵੀਂ ਸਿਰਦਰਦੀ ਪੈਦਾ ਕੀਤੇ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਦੇ ਕਈ ਮੈਂਬਰ 1 ਜਨਵਰੀ 2025 ਤੋਂ ਬਦਲੇ ਜਾ ਰਹੇ ਹਨ ਅਤੇ 2 ਸਾਲ ਲਈ ਪ੍ਰੀਸ਼ਦ ’ਚ ਪਾਕਿਸਤਾਨ ਸਮੇਤ ਕੁਝ ਅਸਥਾਈ ਮੈਂਬਰਾਂ ਦੀ ਐਂਟਰੀ ਹੋਣ ਵਾਲੀ ਹੈ।

2025-26 ਦੇ ਲਈ ਚੁਣੇ ਗਏ ਮੈਂਬਰਾਂ ’ਚ ਡੈਨਮਾਰਕ, ਗ੍ਰੀਸ, ਪਾਕਿਸਤਾਨ, ਪਨਾਮਾ ਅਤੇ ਸੋਮਾਲੀਆ ਹਨ ਜੋ 31 ਦਸੰਬਰ ਨੂੰ ਰਿਟਾਇਰ ਹੋਣ ਵਾਲੇ ਇਕਵਾਡੋਰ, ਜਾਪਾਨ, ਮਾਲਟਾ, ਮੋਜ਼ਾਬਿੰਕ ਅਤੇ ਸਵਿਟਜ਼ਰਲੈਂਡ ਦੀ ਥਾਂ ਲੈਣਗੇ ਜਦ ਕਿ ਨਵੇਂ ਮੈਂਬਰਾਂ ’ਚ ਅਲਜੀਰੀਆ, ਗੁਆਨਾ, ਕੋਰੀਆ ਗਣਰਾਜ, ਸਿਅਰਾਲਿਓਨ ਅਤੇ ਸਲੋਵਾਨੀਆ ਹਨ ਜੋ ਮੌਜੂਦਾ ਆਰਜ਼ੀ ਮੈਂਬਰ ਹਨ।

ਯੂ. ਐੱਨ. ਐੱਸ. ਸੀ. ’ਚ ਪਾਕਿਸਤਾਨ ਦੀ ਇਹ 8ਵੀਂ ਪਾਰੀ ਹੋਵੇਗੀ ਜੋ ਪਾਕਿਸਤਾਨ ਦੇ ਪਿਛਲੇ ਇਤਿਹਾਸ ਨੂੰ ਦੇਖਦੇ ਹੋਏ ਭਾਰਤ ਲਈ ਪ੍ਰੇਸ਼ਾਨੀ ਵਾਲੀ ਹੋ ਸਕਦੀ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਪ੍ਰੀਸ਼ਦ ’ਚ ਆਉਣ ਵਾਲੇ ਨਵੇਂ ਮੈਂਬਰਾਂ ’ਚ ਅੱਧੇ ਤੋਂ ਵੱਧ ਮੈਂਬਰ ‘ਇਸਲਾਮਿਕ ਸਹਿਯੋਗ ਸੰਗਠਨ’ (ਓ. ਆਈ. ਸੀ.) ਤੋਂ ਹਨ ਜੋ ਅਤੀਤ ’ਚ ਕਈ ਮੌਕਿਆਂ ’ਤੇ ਪਾਕਿਸਤਾਨ ਨੂੰ ਲਾਭ ਪਹੁੰਚਾਉਂਦੇ ਰਹੇ ਹਨ।

ਇਕ ਪਾਸੇ ਪਾਕਿਸਤਾਨ ਨੂੰ ਪ੍ਰੀਸ਼ਦ ’ਚ ਇਨ੍ਹਾਂ ਦੇਸ਼ਾਂ ਦਾ ਸਮਰਥਨ ਮਿਲੇਗਾ ਤਾਂ ਦੂਸਰੇ ਪਾਸੇ ਚੀਨ ਇਸ ਦੇ ਨਾਲ ਹੋਵੇਗਾ ਜਿਸ ਨੂੰ ਪਾਕਿਸਤਾਨ ਏਸ਼ੀਆ ’ਚ ਆਪਣਾ ਸਭ ਤੋਂ ਪੱਕਾ ਦੋਸਤ ਦੱਸਦਾ ਹੈ। ਸਿਆਸੀ ਆਬਜ਼ਰਵਰਾਂ ਦੇ ਅਨੁਸਾਰ ਇਸ ਤਰ੍ਹਾਂ ਦੇ ਹਾਲਾਤ ’ਚ ਸ਼ੁਰੂ ਤੋਂ ਹੀ ਆਪਣੇ ਭਾਰਤ ਵਿਰੋਧੀ ਵਤੀਰੇ ਲਈ ਪ੍ਰਸਿੱਧ ਪਾਕਿਸਤਾਨ ਹਰ ਤਰ੍ਹਾਂ ਭਾਰਤ ਦੇ ਮਾਮਲਿਆਂ ’ਚ ਲੱਤ ਅੜਾਉਣ ਦੀ ਕੋਸ਼ਿਸ਼ ਕਰੇਗਾ ਜਿਨ੍ਹਾਂ ’ਚ ਕਸ਼ਮੀਰ ਅਤੇ ਧਾਰਾ 370 ਨੂੰ ਰੱਦ ਕਰਨ ਦਾ ਮਾਮਲਾ ਵੀ ਸ਼ਾਮਲ ਹੈ। ਉਹ ਭਾਰਤ-ਪਾਕਿਸਤਾਨ ਦਰਮਿਆਨ ਸਿੰਧੂ ਜਲ ਸੰਧੀ ਦਾ ਮੁੱਦਾ ਵੀ ਉਠਾ ਸਕਦਾ ਹੈ।

ਇਹੀ ਨਹੀਂ ਕਈ ਮਾਮਲਿਆਂ ’ਤੇ ਪਾਕਿਸਤਾਨ ਨੂੰ ਰੂਸ ਦਾ ਸਾਥ ਵੀ ਮਿਲ ਸਕਦਾ ਹੈ। ਇਸ ਤਰ੍ਹਾਂ ਦੇ ਹਾਲਾਤ ’ਚ ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪ੍ਰੀਸ਼ਦ ’ਚ ਭਾਰਤ ਨੂੰ ਪਾਕਿਸਤਾਨ ਦੇ ਤਿੱਖੇ ਤੇਵਰਾਂ ਲਈ ਤਿਆਰ ਰਹਿਣਾ ਚਾਹੀਦਾ ਹੈ।

-ਵਿਜੇ ਕੁਮਾਰ


author

Harpreet SIngh

Content Editor

Related News