ਕੋਈ ‘ਲੱਤਬਾਜ਼’ ਤਾਂ ਕੋਈ ‘ਤਮਾਚੇਬਾਜ਼’ ਅਜਿਹੇ ਹਨ- ਸਾਡੇ ਅੱਜ ਦੇ ‘ਆਗੂ’

Saturday, Nov 16, 2024 - 02:52 AM (IST)

ਸੱਤਾ ਧਿਰ ਨਾਲ ਜੁੜੇ ਲੋਕਾਂ ਅਤੇ ਸਿਆਸਤਦਾਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕਾਨੂੰਨ ਵਿਰੋਧੀ ਕਾਰਜ ਨਹੀਂ ਕਰਨਗੇ ਪਰ ਅੱਜ ਇਹੀ ਲੋਕ ਦਬੰਗਪੁਣਾ ਕਰ ਕੇ ਗਲਤ ਮਿਸਾਲਾਂ ਪੇਸ਼ ਕਰ ਰਹੇ ਹਨ ਜੋ ਸਿਰਫ 3 ਦਿਨਾਂ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

11 ਨਵੰਬਰ ਨੂੰ ਮਹਾਰਾਸ਼ਟਰ ’ਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਾਵ ਸਾਹਿਬ ਦਾਨਵੇ ਨੇ ਇਕ ਤਸਵੀਰ ਖਿਚਵਾਉਣ ਦੌਰਾਨ ਫਰੇਮ ਵਿਚ ਆਉਣ ਦੀ ਕੋਸ਼ਿਸ਼ ਕਰ ਰਹੇ ਕੋਲ ਖੜ੍ਹੇ ਇਕ ਵਿਅਕਤੀ ਨੂੰ ਲੱਤ ਮਾਰ ਕੇ ਵਿਵਾਦ ਖੜ੍ਹਾ ਕਰ ਦਿੱਤਾ ਜਿਸ ਲਈ ਉਨ੍ਹਾਂ ਦੀ ਨੁਕਤਾਚੀਨੀ ਹੋ ਰਹੀ ਹੈ।

13 ਨਵੰਬਰ ਨੂੰ ਰਾਜਸਥਾਨ ਵਿਚ ਟੋਂਕ ਜ਼ਿਲੇ ਦੇ ‘ਦੇਵਲੀ-ਉਨਿਆਰਾ’ ਵਿਚ ਵਿਧਾਨ ਸਭਾ ਜ਼ਿਮਨੀ ਚੋਣ ਲਈ ਚੱਲ ਰਹੀ ਵੋਟਿੰਗ ਦੌਰਾਨ ਆਜ਼ਾਦ ਚੋਣ ਲੜ ਰਿਹਾ ‘ਨਰੇਸ਼ ਮੀਣਾ’ ਚੋਣ ਡਿਊਟੀ ’ਤੇ ਤਾਇਨਾਤ ਐੱਸ. ਡੀ. ਐੱਮ. ‘ਅਮਿਤ ਚੌਧਰੀ’ ਨੂੰ ਥੱਪੜ ਮਾਰ ਕੇ ਫ਼ਰਾਰ ਹੋ ਗਿਆ। ਜਦੋਂ ਪੁਲਸ ਉਸਨੂੰ ਗ੍ਰਿਫ਼ਤਾਰ ਕਰਨ ‘ਸਮਰਾਵਤਾ’ ਪਿੰਡ ਪੁੱਜੀ ਤਾਂ ਉਸਦੇ ਹਮਾਇਤੀਆਂ ਨੇ ਬਹੁਤ ਹੱਲਾ-ਗੁੱਲਾ ਕੀਤਾ। ਅਖੀਰ ਪੁਲਸ ਨੇ 14 ਨਵੰਬਰ ਨੂੰ ‘ਨਰੇਸ਼ ਮੀਣਾ’ ਨੂੰ ਉਸਦੇ 60 ਹਮਾਇਤੀਆਂ ਨਾਲ ਗ੍ਰਿਫ਼ਤਾਰ ਕਰ ਲਿਆ।

ਇਸ ਦੌਰਾਨ ‘ਨਰੇਸ਼ ਮੀਣਾ’ ਦੇ ਹਮਾਇਤੀਆਂ ਨੇ ਹਾਈਵੇਅ ’ਤੇ ਜਾਮ ਲਾ ਕੇ ਪਥਰਾਅ ਕੀਤਾ, ਟਾਇਰ ਸਾੜੇ ਅਤੇ ਕਈ ਥਾਂ ਹੰਗਾਮਾ ਕੀਤਾ। ਉਨ੍ਹਾਂ ਨੇ ਮੀਡੀਆ ਕਰਮੀਆਂ ’ਤੇ ਵੀ ਹਮਲਾ ਕਰ ਕੇ ਉਨ੍ਹਾਂ ਦੇ ਮੋਬਾਈਲ ਫੋਨ ਅਤੇ ਕੈਮਰੇ ਆਦਿ ਤੋੜ ਦਿੱਤੇ।

ਇਸ ਦਰਮਿਆਨ ਵੋਟਿੰਗ ਕੇਂਦਰ ਦੇ ਨੇੜੇ ਲੋਕਾਂ ਦੇ ਮਕਾਨਾਂ ਦੇ ਬਾਹਰ ਖੜ੍ਹੇ 50 ਮੋਟਰਸਾਈਕਲਾਂ ਅਤੇ ਲਗਜ਼ਰੀ ਕਾਰਾਂ ਨੂੰ ਸਾੜ ਦੇਣ ਤੋਂ ਇਲਾਵਾ ਕਈ ਮਕਾਨਾਂ ਅਤੇ ਗੱਡੀਆਂ ਦੀ ਭੰਨ-ਤੋੜ ਕੀਤੀ ਗਈ ਅਤੇ ਪੁਲਸ ਦੀ ਜੀਪ ਨੂੰ ਵੀ ਸਾੜ ਦਿੱਤਾ ਗਿਆ।

ਦੰਗਾਕਾਰੀਆਂ ’ਤੇ ਕਾਬੂ ਪਾਉਣ ਲਈ ਪੁਲਸ ਨੂੰ ਹੰਝੂ ਗੈਸ ਅਤੇ ਲਾਠੀਚਾਰਜ ਕਰਨਾ ਪਿਆ, ਜਿਸ ਨਾਲ ਕਈ ਪੁਲਸ ਮੁਲਾਜ਼ਮਾਂ ਸਮੇਤ 50 ਲੋਕ ਜ਼ਖ਼ਮੀ ਹੋ ਗਏ।

ਪ੍ਰਭਾਵਸ਼ਾਲੀ ਲੋਕਾਂ ਵੱਲੋਂ ਆਪਣੀ ਤਾਕਤ ਦੀ ਦੁਰਵਰਤੋਂ ਕਰ ਕੇ ਲੱਤਾਂ-ਮੁੱਕੇ ਮਾਰਨੇ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਭੰਨ-ਤੋੜ ਅਤੇ ਸਾੜ-ਫੂਕ ਕਰਨਾ ਇਕ ਖਤਰਨਾਕ ਰੁਝਾਨ ਹੈ। ਇਸ ਲਈ ਇਸ ਤਰ੍ਹਾਂ ਦੇ ਆਚਰਣ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਇਸ ਬੁਰਾਈ ਨੂੰ ਫੈਲਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।

-ਵਿਜੇ ਕੁਮਾਰ
 


Harpreet SIngh

Content Editor

Related News