ਵਿਰੋਧੀ ਧਿਰ ਦੀ ਹਾਂ-ਪੱਖੀ ਭੂਮਿਕਾ ਹੀ ਲੋਕਤੰਤਰ ਨੂੰ ਬਚਾਅ ਸਕਦੀ

07/04/2024 1:33:37 PM

ਇਸ ਵਾਰ ਦੀਆਂ ਲੋਕ ਸਭਾ ਚੋਣਾਂ ’ਚ ਵਿਰੋਧੀ ਧਿਰ ਨੂੰ ਮਜ਼ਬੂਤ ਲੋਕ ਫਤਵਾ ਮਿਲਿਆ ਜਿਸ ਦੇ ਦਮ ’ਤੇ ਉਹ ਹਾਂਪੱਖੀ ਕਦਮ ਚੁੱਕ ਕੇ ਲੋਕਤੰਤਰ ਨੂੰ ਬਚਾ ਸਕਦੀ ਹੈ। ਸੰਸਦ ’ਚ ਲੋਕ ਫਤਵੇ ਦੀ ਇਸ ਤਾਕਤ ’ਤੇ ਸਰਕਾਰ ਦੇ ਗਲਤ ਕਦਮਾਂ ’ਤੇ ਬ੍ਰੇਕ ਲਗਾਉਂਦੇ ਹੋਏ ਜਨਹਿਤ ’ਚ ਕਦਮ ਚੁੱਕਣ ਨੂੰ ਮਜਬੂਰ ਕਰ ਸਕਦੀ ਹੈ। ਇਹ ਉਦੋਂ ਸੰਭਵ ਹੈ ਜਦ ਵਿਰੋਧੀ ਧਿਰ ਮਿਲੇ ਲੋਕ ਫਤਵੇ ਦੀ ਤਾਕਤ ਨੂੰ ਫਜ਼ੂਲ ਬਹਿਸ ’ਚ ਨਾ ਉਲਝਾ ਕੇ ਸੰਸਦ ’ਚ ਜਨਹਿਤ ਦੇ ਮੁੱਦੇ ਚੁੱਕੇ, ਬਹਿਸ ਕਰੇ, ਸਰਕਾਰ ਨੂੰ ਮੁੱਦੇ ’ਤੇ ਅਮਲ ਕਰਨ ਦਾ ਦਬਾਅ ਬਣਾਏ।

ਲੋਕ ਸਭਾ ਚੋਣਾਂ ਤੋਂ ਬਾਅਦ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਣ ਵਾਲਾ ਸੈਸ਼ਨ ਮੁੱਦਿਆਂ ਤੋਂ ਭਟਕ ਕੇ ਟਕਰਾਅ ਦੀ ਸਿਆਸਤ ’ਚ ਉਲਝ ਗਿਆ ਹੈ ਜਿੱਥੇ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਭਾਜਪਾ ਬਨਾਮ ਹਿੰਦੂ ਵਾਲਾ ਬਿਆਨ ਸਿਆਸੀ ਤੂਲ ਫੜਦਾ ਜਾ ਰਿਹਾ ਹੈ। ਇਸ ਬਿਆਨ ਨੇ ਦੇਸ਼ ’ਚ ਇਕ ਨਵਾਂ ਸਿਆਸੀ ਭੂਚਾਲ ਖੜ੍ਹਾ ਕਰ ਦਿੱਤਾ ਜੋ ਲੋਕਤੰਤਰ ਦੇ ਹਿੱਤ ’ਚ ਬਿਲਕੁਲ ਨਹੀਂ। ਇਨ੍ਹਾਂ ਚੋਣਾਂ ’ਚ ਦੇਸ਼ ਦੀ ਜਨਤਾ ਨੇ ਵਿਰੋਧੀ ਧਿਰ ਨੂੰ ਜੋ ਲੋਕ ਫਤਵਾ ਜਿਸ ਕੰਮ ਲਈ ਦਿੱਤਾ ਵਿਰੋਧੀ ਿਧਰ ਉਸ ਦਿਸ਼ਾ ’ਚ ਕਦਮ ਨਾ ਵਧਾ ਕੇ ਗਲਤ ਪਾਸੇ ਜਾ ਰਹੀ ਹੈ।

ਜੋ ਚਰਚਾ ਸੰਸਦ ਦੇ ਬਾਹਰ ਕੀਤੀ ਜਾ ਸਕਦੀ ਹੈ ਉਸ ਨੂੰ ਸੰਸਦ ’ਚ ਪ੍ਰਮੁੱਖ ਬਣਾ ਕੇ ਸੱਤਾ ਧਿਰ ਨੂੰ ਮੁੱਦਿਆਂ ਤੋਂ ਭਟਕਾਉਣ ਦਾ ਕੰਮ ਕਰ ਰਹੀ ਹੈ। ਵਿਰੋਧੀ ਧਿਰ ਨੂੰ ਲੋਕ ਫਤਵਾ ਮਿਲਿਆ ਹੈ ਪਰ ਸੱਤਾ ਧਿਰ ਅਜੇ ਵੀ ਤਾਕਤਵਰ ਹੈ ਜਿਸ ਨੇ ਲੋਕ ਸਭਾ ਸਪੀਕਰ ਦੀ ਚੋਣ ਆਪਣੀ ਮਰਜ਼ੀ ਅਨੁਸਾਰ ਕਰ ਕੇ ਵਿਰੋਧੀ ਧਿਰ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾ ਦਿੱਤਾ, ਇਸ ਗੱਲ ਨੂੰ ਵਿਰੋਧੀ ਧਿਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਲੋਕ ਸਭਾ ਡਿਪਟੀ-ਸਪੀਕਰ ਦੀ ਚੋਣ ਵੀ ਸੱਤਾ ਧਿਰ ਦੀ ਮਰਜ਼ੀ ਅਨੁਸਾਰ ਹੀ ਹੋਣੀ ਹੈ ਭਾਵੇਂ ਇਹ ਜਗ੍ਹਾ ਉਸ ਨੂੰ ਆਪਣੇ ਸਹਿਯੋਗੀ ਦਲ ’ਚੋਂ ਕਿਸੇ ਨੂੰ ਦੇਣੀ ਪਵੇ ਪਰ ਵਿਰੋਧੀ ਧਿਰ ਨੂੰ ਇਸ ਅਹੁਦੇ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ ਜਦਕਿ ਵਿਰੋਧੀ ਧਿਰ ਇਸ ਅਹੁਦੇ ਲਈ ਆਪਣਾ ਉਮੀਦਵਾਰ ਚੋਣ ਮੈਦਾਨ ’ਚ ਉਤਾਰਨ ਦਾ ਫੈਸਲਾ ਵੀ ਕਰ ਚੁੱਕੀ ਹੈ। ਮੌਜੂਦਾ ਉਭਰੇ ਸਿਆਸੀ ਹਾਲਾਤ ’ਚ ਸੱਤਾ ਧਿਰ-ਵਿਰੋਧੀ ਧਿਰ ਦੇ ਵਿਚਾਲੇ ਸਿਰਫ ਆਪਸੀ ਫਜ਼ੂਲ ਦੇ ਟਕਰਾਅ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ, ਜਿੱਥੇ ਅਸਲੀ ਜਨਹਿਤ ਦੇ ਮੁੱਦੇ ਬੌਣੇ ਹੋ ਚੱਲੇ ਹਨ। ਇਸ ਤਰ੍ਹਾਂ ਦੀ ਸਥਿਤੀ ਸੰਸਦ ’ਚ ਚਰਚਾ ਦੌਰਾਨ ਵਿਰੋਧੀ ਧਿਰ ਵੱਲੋਂ ਮੁੱਦਿਆਂ ਤੋਂ ਹਟ ਕੇ ਫਜ਼ੂਲ ਦੇ ਮੁੱਦੇ ਉਠਾਉਣ ਨਾਲ ਪੈਦਾ ਹੋਈ, ਜਿਸ ਲਈ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੈ।

ਲੋਕ ਸਭਾ ਚੋਣਾਂ ’ਚ ਜਨਤਾ ਨੇ ਜਿਸ ਨੂੰ ਲੋਕ-ਫਤਵਾ ਦਿੱਤਾ, ਜਿਸ ਨੂੰ ਨਹੀਂ ਦਿੱਤਾ, ਸੰਸਦ ਦੀ ਚਰਚਾ ਦਾ ਵਿਸ਼ਾ ਨਹੀਂ ਹੈ। ਸੰਸਦ ’ਚ ਜਨਹਿਤ ਦੇ ਮੁਦੇ ਵਿਰੋਧੀ ਧਿਰ ਵੱਲੋਂ ਚੁੱਕੇ ਜਾਣਾ ਵਿਰੋਧੀ ਧਿਰ ਦਾ ਹਾਂਪੱਖੀ ਕਦਮ ਮੰਨਿਆ ਜਾ ਸਕਦਾ ਹੈ ਜਿਸ ਨਾਲ ਲੋਕਤੰਤਰ ਦੀ ਮਰਿਆਦਾ ਬਚਾਉਣ ਤੇ ਸੱਤਾ ਧਿਰ ਨੂੰ ਗਲਤ ਕਦਮ ਚੁੱਕਣ ਤੋਂ ਰੋਕਣ ’ਚ ਵਿਰੋਧੀ ਧਿਰ ਨੂੰ ਸਫਲਤਾ ਮਿਲਦੀ ਪਰ ਵਿਰੋਧੀ ਧਿਰ ਦੇ ਚੁੱਕੇ ਅਸਲ ਮਹਿੰਗਾਈ, ਬੇਰੋਜ਼ਗਾਰੀ, ਨੀਟ ਪ੍ਰੀਖਿਆ ਘਪਲਾ, ਅਗਨੀਵੀਰ ਮੁੱਦਿਆਂ ਨੂੰ ਭਟਕਾਅ ਵਾਲਾ ਹਿੰਦੂ ਬਨਾਮ ਭਾਜਪਾ ਦਾ ਮੁੱਦਾ ਨਿਗਲ ਗਿਆ। ਇਸ ਤੱਥ ਨੂੰ ਵਿਰੋਧੀ ਧਿਰ ਨੂੰ ਸਮਝਣਾ ਪਵੇਗਾ। ਵਿਰੋਧੀ ਧਿਰ ਸੰਸਦ ’ਚ ਫਜ਼ੂਲ ਬਹਿਸ ਤੋਂ ਬਚ ਕੇ ਜਨਹਿਤ ਦੇ ਮੁੱਦੇ ਚੁੱਕਦੇ ਹੋਏ ਵਿਰੋਧੀ ਧਿਰ ਦੀ ਚੰਗੀ ਭੂਮਿਕਾ ਨਿਭਾਅ ਸਕਦੀ ਹੈ, ਜਿਸ ਲਈ ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਸਪੱਸ਼ਟ ਲੋਕ-ਫਤਵਾ ਦਿੱਤਾ ਹੈ ਅਤੇ ਆਪਣੇ ਹਾਂਪੱਖੀ ਕਦਮ ਨਾਲ ਸੱਤਾ ਧਿਰ ਦੇ ਗਲਤ ਕਦਮ ਨੂੰ ਰੋਕ ਕੇ ਉਸ ਨੂੰ ਸਹੀ ਕਦਮ ਚੁੱਕਣ ਲਈ ਮਜਬੂਰ ਕਰ ਸਕਦੀ ਹੈ।

ਡਾ. ਭਰਤ ਮਿਸ਼ਰ ਪ੍ਰਾਚੀ


Tanu

Content Editor

Related News