ਹੁਣ ਮਰੀਜ਼ਾਂ ਨੂੰ PGI ''ਚ ਭਟਕਣਾ ਨਹੀਂ ਪਵੇਗਾ, ਜਲਦੀ ਹੀ ਆਵੇਗਾ ਸਮਾਰਟ ਐਪ
Wednesday, Jun 18, 2025 - 01:44 PM (IST)

ਚੰਡੀਗੜ੍ਹ (ਪਾਲ) : ਹੁਣ ਪੀ. ਜੀ. ਆਈ. ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਦੇ ਲੰਬੇ ਕੋਰੀਡੋਰ 'ਚ ਭਟਕਣਾ ਨਹੀਂ ਪਵੇਗਾ। ਮਰੀਜ਼ ਨੇ ਕਿੱਥੇ ਜਾਣਾ ਹੈ, ਕਿਹੜੀ ਓ. ਪੀ. ਡੀ. ਕਿਹੜੇ ਬਲਾਕ ਵਿਚ ਹੈ ਜਾਂ ਕਿੱਥੇ ਘੱਟ ਭੀੜ ਹੈ, ਇਹ ਹੁਣ ਇੱਕ ਮੋਬਾਇਲ ਐਪ ਦੱਸੇਗਾ। ਪੀ. ਜੀ. ਆਈ. 'ਚ ਕਾਰਡ ਬਣਵਾਉਣ ਤੋਂ ਲੈ ਕੇ ਓ. ਪੀ. ਡੀ. ਅਤੇ ਹੋਰ ਵਿਭਾਗਾਂ 'ਚ ਇਲਾਜ ਕਰਵਾਉਣ ਤੱਕ ਇਹ ਆਪਣੇ ਆਪ 'ਚ ਬਹੁਤ ਥਕਾ ਦੇਣ ਵਾਲਾ ਕੰਮ ਹੈ। ਇਹ ਐਪ ਇਸ ਸਮੱਸਿਆ ਨੂੰ ਘਟਾਉਣ 'ਚ ਮਦਦ ਕਰੇਗਾ। ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਇਸ ਸਮਾਰਟ ਐਪ ਬਾਰੇ ਜਾਣਕਾਰੀ ਦਿੱਤੀ, ਜਿਸ ਨੂੰ ਸੀ-ਡੈਕ ਨੋਇਡਾ ਦੀ ਮਦਦ ਨਾਲ ਤਿਆਰ ਕੀਤਾ ਜਾ ਰਿਹਾ ਹੈ। ਡਾ. ਲਾਲ ਕਹਿੰਦੇ ਹਨ ਕਿ ਇਹ ਐਪ ਹਸਪਤਾਲ ਦੇ ਤਜਰਬੇ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ। ਮਰੀਜ਼ਾਂ ਨੂੰ ਸਹੂਲਤ ਮਿਲੇਗੀ ਅਤੇ ਹਸਪਤਾਲ ਦਾ ਕੰਮਕਾਜ ਵੀ ਸਮਾਰਟ ਅਤੇ ਤੇਜ਼ ਹੋ ਜਾਵੇਗਾ। ਇਸ ਨੂੰ ਸਾਲ ਦੇ ਅਖ਼ੀਰ ਤੱਕ ਸ਼ੁਰੂ ਕਰਨ ਦੀ ਯੋਜਨਾ ਹੈ।
ਸਮਾਰਟ ਐਪ ਕਿਵੇਂ ਮਦਦ ਕਰੇਗਾ?
ਪ੍ਰੋ. ਲਾਲ ਨੇ ਕਿਹਾ ਕਿ ਇਹ ਐਪ ਪੀ. ਜੀ. ਆਈ. ਦੇ ਪੂਰੇ ਸਿਸਟਮ ਨੂੰ ਇੱਕ ਕਲਿੱਕ ’ਤੇ ਲਿਆਏਗਾ। ਹੁਣ ਮਰੀਜ਼ ਆਪਣਾ ਕਿਊ.ਆਰ. ਕੋਡ ਸਕੈਨ ਕਰਨਗੇ ਅਤੇ ਇਹ ਐਪ ਉਨ੍ਹਾਂ ਨੂੰ ਦੱਸੇਗਾ ਕਿ ਉਨ੍ਹਾਂ ਨੂੰ ਕਿਸ ਵਿਭਾਗ ਵਿਚ ਜਾਣਾ ਹੈ, ਰਸਤਾ ਕਿਹੜਾ ਹੈ ਅਤੇ ਕਿੱਥੇ ਘੱਟ ਭੀੜ ਹੈ। ਨਾਲ ਹੀ, ਇਨਡੋਰ ਮੈਪਿੰਗ ਦੀ ਮਦਦ ਨਾਲ, ਇਹ ਅੰਦਰਲੇ ਪੂਰੇ ਹਸਪਤਾਲ ਦਾ ਨਕਸ਼ਾ ਦਿਖਾਏਗਾ ਤਾਂ ਜੋ ਲੋਕ ਸਿੱਧੇ ਡਾਕਟਰ ਜਾਂ ਜਾਂਚ ਕਮਰੇ ਤੱਕ ਪਹੁੰਚ ਸਕਣ। ਇਹ ਐਪ ਸਿਰਫ਼ ਤਕਨਾਲੋਜੀ ਨਹੀਂ ਹੈ, ਇਹ ਮਰੀਜ਼ਾਂ ਦੀ ਯਾਤਰਾ ਨੂੰ ਆਸਾਨ ਬਣਾਉਣ ਦਾ ਇੱਕ ਵਿਚਾਰ ਹੈ।