ਭ੍ਰਿਸ਼ਟਾਚਾਰ ਦਾ ਬਦਲਦਾ ਰੂਪ, ਹੁਣ ਪੰਚਾਇਤਾਂ ਵੀ ਠੇਕੇ ’ਤੇ ਦਿੱਤੀਆਂ ਜਾਣ ਲੱਗੀਆਂ
Friday, May 23, 2025 - 03:51 AM (IST)

ਅੱਜ ਜਿੱਥੇ ਦੇਸ਼ ’ਚ ਉਪਰੋਂ ਹੇਠਾਂ ਤੱਕ ਭ੍ਰਿਸ਼ਟਾਚਾਰ ਪਾਇਆ ਜਾ ਰਿਹਾ ਹੈ, ਉੱਥੇ ਹੀ ਕੁਝ ਪੰਚਾਇਤਾਂ ਵੀ ਇਸ ਤੋਂ ਅਛੂਤੀਆਂ ਨਹੀਂ ਰਹੀਆਂ ਅਤੇ ਇਨ੍ਹਾਂ ’ਚ ਵੀ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਇੱਥੋਂ ਤੱਕ ਕਿ ਹੁਣ ਤੱਕ ਪੰਚਾਂ-ਸਰਪੰਚਾਂ ਅਤੇ ਹੋਰਨਾਂ ਵਲੋਂ ਰਿਸ਼ਵਤਖੋਰੀ ਅਤੇ ਗਬਨ ਤੋਂ ਇਲਾਵਾ ਚੁਣੇ ਹੋਏ ਸਰਪੰਚ ਆਪਣੀ ਜਗ੍ਹਾ ’ਤੇ ਦੂਜਿਆਂ ਨੂੰ ਸਰਪੰਚੀ ‘ਠੇਕੇ’ ’ਤੇ ਵੀ ਦੇਣ ਲੱਗੇ ਹਨ ਜਿਨ੍ਹਾਂ ਦੀਆਂ ਸਿਰਫ ਪਿਛਲੇ 2 ਹਫਤਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 8 ਮਈ ਨੂੰ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ਦੀ ਗ੍ਰਾਮ ਪੰਚਾਇਤ ‘ਮਹੂਆ’ ’ਚ ਬੂਟੇ ਲਗਾਉਣ ਅਤੇ ਤਲਾਅ ਦੀ ਸਫਾਈ ਲਈ ਅਲਾਟ ਕੀਤੀ ਗਈ ਰਾਸ਼ੀ ’ਚੋਂ ਸਵਾ 3 ਲੱਖ ਰੁਪਏ ਦੇ ਗਬਨ ਦੀ ਵਸੂਲੀ ਲਈ ਗ੍ਰਾਮ ਪ੍ਰਧਾਨ ‘ਪ੍ਰੇਮ ਪਾਲ ਸਿੰਘ’ ਅਤੇ ਹੋਰਨਾਂ ’ਤੇ ਮੁਕੱਦਮਾ ਦਰਜ ਕਰਨ ਦਾ ਹੁਕਮ ਲੋਕਪਾਲ ਨੇ ਦਿੱਤਾ।
* 14 ਮਈ ਨੂੰ ‘ਸਾਸਾਰਾਮ’ (ਬਿਹਾਰ) ਦੀ ‘ਬਰੂਨਾ’ ਪੰਚਾਇਤ ’ਚ ਇਕ ‘ਕਮਿਊਨਿਟੀ ਹਾਲ’ ਦੇ ਨਿਰਮਾਣ ਲਈ ਜਾਰੀ ਕੀਤੇ ਗਏ 66 ਹਜ਼ਾਰ ਰੁਪਏ ਹੜੱਪਣ ਦੇ ਦੋਸ਼ ’ਚ ਉਸ ਸਮੇਂ ਦੇ ਪੰਚਾਇਤ ਸਕੱਤਰ ‘ਰਾਜੀਵ ਕੁਮਾਰ’ ਨੂੰ ਮੁਅੱਤਲ ਕੀਤਾ ਗਿਆ।
* 17 ਮਈ ਨੂੰ ‘ਭਗੂਆ’ (ਬਿਹਾਰ) ’ਚ ‘ਕੁਡਾਰੀ’ ਗ੍ਰਾਮ ਪੰਚਾਇਤ ਦੇ ਲੋਕਾਂ ਨੇ ਕੁਝ ਪੰਚਾਇਤ ਮੈਂਬਰਾਂ ਵਿਰੁੱਧ ਪਟਨਾ ਦੇ ਕਮਿਸ਼ਨਰ ਨੂੰ ਅਰਜ਼ੀ ਦੇ ਕੇ ‘ਨਲ-ਜਲ ਅਤੇ ਨਾਲੀ-ਗਲੀ’ ਯੋਜਨਾਵਾਂ ਦੇ ਕੰਮ ’ਚ ਬੇਨਿਯਮੀ ਵਰਤਣ ਅਤੇ ਉਨ੍ਹਾਂ ਵਲੋਂ ਲਗਭਗ 86 ਲੱਖ ਰੁਪਏ ਦੀ ਹੇਰਾਫੇਰੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ।
* 17 ਮਈ ਨੂੰ ਹੀ ‘ਬਾਗਪਤ’ (ਉੱਤਰ ਪ੍ਰਦੇਸ਼) ’ਚ ਗ੍ਰਾਮ ਪੰਚਾਇਤ ‘ਸਾਦਿਕਪੁਰ ਸਿਨੌਲੀ’ ਦੇ ਪ੍ਰਧਾਨ ਵਲੋਂ ਪਿੰਡ ਦੇ ਪ੍ਰਵੇਸ਼ ਦੁਆਰ ’ਤੇ ਲੱਗੇ ਸਾਈਨ ਬੋਰਡ ਦਾ ਫਲੈਕਸ ਬਦਲਵਾਉਣ ਦੇ ਨਾਂ ’ਤੇ ਹੀ 1.31 ਲੱਖ ਰੁਪਏ ਦਾ ਖਰਚ ਦਿਖਾਉਣ ਦੇ ਮਾਮਲੇ ’ਚ ਉਸ ਦੇ ਵਿਰੁੱਧ ਜ਼ਿਲਾ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
* 19 ਮਈ ਨੂੰ ‘ਚਿਤਰਕੂਟ’ (ਉੱਤਰ ਪ੍ਰਦੇਸ਼) ਦੀ ਇਕ ਗ੍ਰਾਮ ਪੰਚਾਇਤ ’ਚ ਲੱਗੇ ਹੈਂਡ ਪੰਪ ਦੀ ਮੁਰੰਮਤ ਦੇ ਨਾਂ ’ਤੇ ਲੱਖਾਂ ਰੁਪਏ ਦਾ ਗਬਨ ਕੀਤੇ ਜਾਣ ਦੇ ਮਾਮਲੇ ’ਚ ਪਿੰਡ ਦੇ ਪ੍ਰਧਾਨ ਅਤੇ ਸਕੱਤਰ ਵਿਰੁੱਧ ਕੇਸ ਦਰਜ ਕੀਤਾ ਗਿਆ। ਦੋਸ਼ ਹੈ ਕਿ ਨਾ ਤਾਂ ਕਿਸੇ ਹੈਂਡ ਪੰਪ ਦੀ ਮੁਰੰਮਤ ਹੋਈ ਅਤੇ ਨਾ ਹੀ ਕਿਸੇ ਨੂੰ ਮਜ਼ਦੂਰੀ ਦਿੱਤੀ ਗਈ।
* 21 ਮਈ ਨੂੰ ‘ਅਨੂਪਪੁਰ’ (ਮੱਧ ਪ੍ਰਦੇਸ਼) ਵਿਚ ‘ਲੋਕਾਯੁਕਤ ਪੁਲਸ’ ਨੇ ‘ਬਾਦ’ ਗ੍ਰਾਮ ਪੰਚਾਇਤ ਦੇ ਸਕੱਤਰ ਬ੍ਰਿਜੇਸ਼ ਤਿਵਾੜੀ ਨੂੰ ਇਕ ਪੁਲੀ ਦੇ ਨਿਰਮਾਣ ਲਈ ਠੇਕੇਦਾਰ ਤੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ।
* 21 ਮਈ ਨੂੰ ਹੀ ‘ਜੌਨਪੁਰ’ (ਉੱਤਰ ਪ੍ਰਦੇਸ਼) ਵਿਚ ਅਧਿਕਾਰੀਆਂ ਨੇ ‘ਬਦਲਾਪੁਰ’ ਬਲਾਕ ਦੇ ਗ੍ਰਾਮ ਪੰਚਾਇਤ ਅਧਿਕਾਰੀ ‘ਦੁਰਗੇਸ਼ ਤਿਵਾੜੀ’ ਅਤੇ ‘ਮਨਰੇਗਾ’ ਨਾਲ ਜੁੜੇ ਕਲਰਕ ‘ਸਿਧਾਰਥ’ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਉਨ੍ਹਾਂ ਦੋਵਾਂ ਦੇ ਵਿਰੁੱਧ ਜਾਂਚ ਦੇ ਹੁਕਮ ਦਿੱਤੇ।
* 21 ਮਈ ਨੂੰ ਹੀ ਮੱਧ ਪ੍ਰਦੇਸ਼ ਦੇ ‘ਗੁਨਾ’ ਜ਼ਿਲੇ ਦੀਆਂ ‘ਕਰੋਦ’ ਅਤੇ ‘ਚਾਚੌੜਾ’ ਦੀ ‘ਰਾਮ ਨਗਰ’ ਪੰਚਾਇਤਾਂ ਵਿਚ ਭ੍ਰਿਸ਼ਟਾਚਾਰ ਦੇ ਅਨੋਖੇ ਮਾਮਲੇ ਸਾਹਮਣੇ ਆਏ। ‘ਕਰੋਦ’ ਪੰਚਾਇਤ ਦੀ ਸਰਪੰਚ ‘ਲਕਸ਼ਮੀ ਬਾਈ’ ਨੇ ਬਾਕਾਇਦਾ 100 ਰੁਪਏ ਵਾਲੇ ਸਟੈਂਪ ਪੇਪਰ ’ਤੇ ਐਗਰੀਮੈਂਟ ਕਰ ਕੇ ਪੰਚਾਇਤ ਚਲਾਉਣ ਦਾ ‘ਠੇਕਾ’ ਪਿੰਡ ਦੇ ਪੰਚ ‘ਰਣਵੀਰ ਸਿੰਘ ਕੁਸ਼ਵਾਹ’ ਨੂੰ ਦੇ ਕੇ ਉਸ ਨੂੰ ਪੰਚਾਇਤ ਦਾ ਕੰਮਕਾਜ ਸੌਂਪ ਦਿੱਤਾ।
ਇਸ ਦੇ ਬਦਲੇ ਵਿਚ ‘ਰਣਵੀਰ ਸਿੰਘ ਕੁਸ਼ਵਾਹ’ ਨੇ ਪੰਚਾਇਤ ਦੇ ਕੰਮਕਾਜ ਤੋਂ ਹੋਣ ਵਾਲੀ ਆਮਦਨੀ ਦਾ 5 ਫੀਸਦੀ ਹਿੱਸਾ ‘ਲਕਸ਼ਮੀ ਬਾਈ’ ਨੂੰ ਦੇਣ ਤੋਂ ਇਲਾਵਾ ਉਸ ਦੇ ਚੋਣ ’ਤੇ ਖਰਚ ਹੋਏ 20 ਲੱਖ ਰੁਪਏ ਦੀ ਪੂਰਤੀ ਕਰਨ ਦੀ ਜ਼ਿੰਮੇਵਾਰੀ ਵੀ ਲਈ।
ਮਾਮਲਾ ਅਧਿਕਾਰੀਆਂ ਦੇ ਨੋਟਿਸ ਵਿਚ ਆਉਣ ਤੋਂ ਬਾਅਦ ‘ਗੁਨਾ’ ਪੁਲਸ ਨੇ ‘ਰਣਵੀਰ ਸਿੰਘ ਕੁਸ਼ਵਾਹ’ ਦੇ ਵਿਰੁੱਧ ਧੋਖਾਦੇਹੀ ਦੀਆਂ ਧਾਰਾਵਾਂ ਵਿਚ ਮਾਮਲਾ ਦਰਜ ਕਰਵਾਉਣ ਤੋਂ ਇਲਾਵਾ ਸਰਪੰਚ ‘ਲਕਸ਼ਮੀ ਬਾਈ’ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਇਸੇ ਤਰ੍ਹਾਂ ‘ਚਾਚੌੜਾ’ ਦੀ ‘ਰਾਮ ਨਗਰ’ ਪੰਚਾਇਤ ਦੀ ਸਰਪੰਚ ‘ਮੰਨੀ ਬਾਈ ਸਹਰਿਆ’ ਨੂੰ ਵੀ ਅਧਿਕਾਰੀਆਂ ਨੇ ਸਰਪੰਚੀ ਤੋਂ ਹਟਾ ਦਿੱਤਾ। ਉਸ ਨੂੰ ‘ਰਾਮ ਸੇਵਕ ਮੀਣਾ’ ਨਾਂ ਦੇ ਵਿਅਕਤੀ ਨੇ ਚੋਣ ਲੜਵਾਈ ਸੀ। ਮੁੰਨੀ ਬਾਈ ਨੇ ਵੀ ਬਾਕਾਇਦਾ ਸਟੈਂਪ ਪੇਪਰ ’ਤੇ ਐਗਰੀਮੈਂਟ ਕਰ ਕੇ ‘ਰਾਮ ਸੇਵਕ ਮੀਣਾ’ ਨੂੰ ਹਰ ਸਾਲ 1 ਲੱਖ ਰੁਪਏ ਦੇ ਬਦਲੇ ਵਿਚ ਸਰਪੰਚੀ ਦਾ ਠੇਕਾ ਦੇ ਦਿੱਤਾ।
* 22 ਮਈ ਨੂੰ ‘ਲਲਿਤਪੁਰ’ (ਉੱਤਰ ਪ੍ਰਦੇਸ਼) ’ਚ ਇਕ ਗ੍ਰਾਮ ਪੰਚਾਇਤ ਸਕੱਤਰ ‘ਉਮਾ ਸ਼ੰਕਰ’ ਨੂੰ 23,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।
ਭਾਰਤ ਗ੍ਰਾਮ ਪ੍ਰਧਾਨ ਦੇਸ਼ ਹੈ ਅਤੇ ਗ੍ਰਾਮ ਪੰਚਾਇਤਾਂ ਲੋਕਤੰਤਰ ਦੀ ਪਹਿਲੀ ਪੌੜੀ ਮੰਨੀਆਂ ਜਾਂਦੀਆਂ ਹਨ। ਗ੍ਰਾਮ ਪੰਚਾਇਤਾਂ ਵਿਚ ਆਏ ਦਿਨ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਉੱਚ ਅਧਿਕਾਰੀਆਂ ਤਕ ਪਹੁੰਚਦੀਆਂ ਹਨ ਪਰ ਇਸ ਦੇ ਬਾਵਜੂਦ ਇਹ ਸਭ ਰੁਕਣ ਵਿਚ ਨਹੀਂ ਆ ਰਿਹਾ। ਇਸ ਲਈ ਦੋਸ਼ੀਆਂ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਕਰਨਾ ਸਮੇਂ ਦੀ ਮੰਗ ਹੈ।
-ਵਿਜੇ ਕੁਮਾਰ