ਮੋਦੀ ਦੇ 25 ਸਾਲ : ਭਰੋਸੇ ਅਤੇ ਮਾਣ ਨਾਲ ਭਰਿਆ ਸਵੈ-ਨਿਰਭਰ ਭਾਰਤ
Sunday, Oct 11, 2026 - 04:10 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਉਨ੍ਹਾਂ ਦੀ ਉਸ ਵਿਚਾਰਧਾਰਕ ਯਾਤਰਾ ਨੂੰ ਦੇਖਣ ਦਾ ਮੌਕਾ ਹਨ, ਜਿਸ ਵਿਚ ਇਕ ਕੁਸ਼ਲ ਸੰਗਠਨਕਰਤਾ ਦੇ ਰੂਪ ਵਿਚ ਪਹਿਲਾਂ ਗੁਜਰਾਤ, ਫਿਰ ਰਾਸ਼ਟਰੀ ਪੱਧਰ ’ਤੇ ਸੰਗਠਨ ਵਿਚ ਨਵੀਂ ਕਾਰਜਸ਼ੈਲੀ ਦੇ ਤਜਰਬੇ ਕੀਤੇ। ਉਨ੍ਹਾਂ ਦੀ ਲੀਡਰਸ਼ਿਪ ਸਮਰੱਥਾ ਦੀ ਪਛਾਣ ਪਿਛਲੇ ਦਿਨੀਂ ਨਵੀਂ ਦਿੱਲੀ ਵਿਚ ਸੰਪੰਨ ਹੋਏ ਬ੍ਰਿਕਸ ਸੰਮੇਲਨ ਵਿਚ ਵੀ ਦੇਖਣ ਨੂੰ ਮਿਲੀ। ਪੱਛਮੀ ਏਸ਼ੀਆ ਵਿਚ ਸੰਘਰਸ਼ਸ਼ੀਲ ਸ਼ਕਤੀਆਂ ਨੂੰ ਇਕੋ ਮੇਜ਼ ’ਤੇ ਲਿਆ ਕੇ ਅਤੇ ਭਾਰਤ ਦੀਆਂ ਚਿੰਤਾਵਾਂ ਅਤੇ ਸਾਂਝੇ ਵਿਕਾਸ ਦੀ ਧਾਰਨਾ ਨੂੰ ਸ਼ਾਮਲ ਕਰਦੇ ਹੋਏ ਇਕ ਸਾਂਝਾ ਐਲਾਨ ਪੱਤਰ ਜਾਰੀ ਕੀਤਾ ਗਿਆ।
ਜੇਕਰ ਅਸੀਂ ਇਤਿਹਾਸ ਦੇ ਝਰੋਖੇ ਵਿਚ ਝਾਤੀ ਮਾਰ ਕੇ ਦੇਖੀਏ, ਤਾਂ ਆਜ਼ਾਦੀ ਤੋਂ ਬਾਅਦ ਐਮਰਜੈਂਸੀ ਵਿਰੁੱਧ ਉਪਜਿਆ ਸੰਪੂਰਨ ਕ੍ਰਾਂਤੀ ਅੰਦੋਲਨ, ਕਸ਼ਮੀਰ ਦਾ ਇਤਿਹਾਸਕ ਸੱਤਿਆਗ੍ਰਹਿ ਅਤੇ ਰਾਮ ਜਨਮਭੂਮੀ ਅੰਦੋਲਨ, ਇਹ ਭਾਰਤੀ ਇਤਿਹਾਸ ਦੇ ਸਿਆਸੀ ਬਦਲਾਅ ਦੇ ਗਵਾਹ ਰਹੇ ਹਨ ਪਰ, ਸਾਲ 2014 ਦੀਆਂ ਲੋਕ ਸਭਾ ਚੋਣਾਂ ਉਹ ਇਤਿਹਾਸਕ ਮੋੜ ਸਨ, ਜਦੋਂ ਦੇਸ਼ ਦੀ ਜਨਤਾ ਨੇ ਸਿੱਧੇ ਤੌਰ ’ਤੇ ਆਪਣੇ ਪ੍ਰਧਾਨ ਮੰਤਰੀ ਨੂੰ ਚੁਣਿਆ। ਸਾਲ 2014 ਤੋਂ ਲੈ ਕੇ ਅੱਜ ਤੱਕ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਆਮ ਜਨਤਾ ਦਾ ਇਹ ਅਟੁੱਟ ਵਿਸ਼ਵਾਸ ਅਤੇ ਨਿਸ਼ਠਾ ਕਾਇਮ ਹੈ।
ਦੁਨੀਆ ਦੇ ਸਿਆਸੀ ਵਿਸ਼ਲੇਸ਼ਕਾਂ ਲਈ ਨਿਸ਼ਚਿਤ ਹੀ ਇਹ ਹੈਰਾਨੀਜਨਕ ਹੈ ਕਿ ਭਾਰਤ ਵਰਗੀ ਉਦਾਰ ਲੋਕਤੰਤਰੀ ਵਿਵਸਥਾ ਵਿਚ ਕੋਈ ਇਕ ਵਿਅਕਤੀ ਇੰਨੇ ਲੰਬੇ ਸਮੇਂ ਤੱਕ ਜਨ-ਜਨ ਦੇ ਵਿਸ਼ਵਾਸ ਨੂੰ ਕਿਵੇਂ ਸੁਰੱਖਿਅਤ ਰੱਖ ਸਕਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਜਨ-ਕਲਿਆਣਕਾਰੀ ਨੀਤੀਆਂ ਨਾਲ ਇਸ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ।
ਜਨ ਧਨ ਯੋਜਨਾ, ਉੱਜਵਲਾ, ਅੰਤਯੋਦਿਆ ਆਵਾਸ, ਆਯੁਸ਼ਮਾਨ ਭਾਰਤ, ਪੀ. ਐੱਮ. ਕਿਸਾਨ ਸਨਮਾਨ ਨਿਧੀ, ਹੁਨਰ ਵਿਕਾਸ, ਮੁਦਰਾ ਯੋਜਨਾ ਅਤੇ ਸਟਾਰਟਅੱਪ ਇੰਡੀਆ ਵਰਗੇ ਯੁੱਗ-ਪਲਟਾਊ ਅਭਿਆਨਾਂ ਨੇ ਪੁਰਾਣੀਆਂ ਸਰਕਾਰਾਂ ਦੀ ਰਵਾਇਤੀ ਅਤੇ ਮਹਿਜ਼ ਰਸਮੀ ਕਾਰਜਸ਼ੈਲੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਹ ਲੋਕ-ਕਲਿਆਣਕਾਰੀ ਯੋਜਨਾਵਾਂ ਅਤੇ ਪ੍ਰਾਜੈਕਟ ਸਮਾਜ ਦੇ ਅੰਤਿਮ ਕਿਨਾਰੇ ’ਤੇ ਖੜ੍ਹੇ ਆਮ ਵਿਅਕਤੀ ਦੇ ਜੀਵਨ ਵਿਚ ਅਸਲ ਅਤੇ ਉਸਾਰੀ ਬਦਲਾਅ ਲਿਆਏ ਹਨ।
ਪ੍ਰਾਚੀਨ ਮਾਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਆਧੁਨਿਕਤਾ ਨਾਲ ਵੀ ਅਪਡੇਟ ਰਹਿੰਦੇ ਹਨ। ਭਾਰਤ ਨੇ ਯੂ. ਪੀ. ਆਈ. ਰਾਹੀਂ ਦੁਨੀਆ ਨੂੰ ਕੈਸ਼ਲੈੱਸ ਲੈਣ-ਦੇਣ ਵਿਚ ਇਕ ਨਵੀਂ ਦਿਸ਼ਾ ਦਿੱਤੀ ਹੈ। ਕਈ ਦੇਸ਼ ਅੱਜ ਭਾਰਤ ਦੇ ਯੂ. ਪੀ. ਆਈ. ਸਿਸਟਮ ਨੂੰ ਅਪਣਾ ਰਹੇ ਹਨ। ਅੱਜ ਭਾਰਤ ਵਿਚ ਡਿਜੀਟਲ ਭੁਗਤਾਨ ਆਮ ਜੀਵਨ ਦਾ ਹਿੱਸਾ ਬਣ ਗਿਆ ਹੈ।
ਉਨ੍ਹਾਂ ਦੇ ਜਨਤਕ ਜੀਵਨ ਦੀ ਸ਼ੁਰੂਆਤ ਸੰਘ ਦੇ ਪ੍ਰਚਾਰਕ ਦੇ ਰੂਪ ਵਿਚ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ ਸਮਾਜ ਅਤੇ ਰਾਸ਼ਟਰ ਨੂੰ ਬਾਰੀਕੀ ਨਾਲ ਜਾਣਿਆ ਅਤੇ ਸਮਝਿਆ ਅਤੇ ਸਮਾਜ ਲਈ ਸੰਗਠਨ ਦੀ ਤਾਕਤ ਦੀ ਲੋੜ ਨੂੰ ਸਮਝਿਆ। ਭਾਜਪਾ ਸੰਗਠਨ ਵਿਚ ਕੰਮ ਕਰਦੇ ਹੋਏ ਉਨ੍ਹਾਂ ਨੇ ਬੂਥ ਪੱਧਰ ਦੇ ਵਰਕਰਾਂ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਕੋਰੋਨਾ ਕਾਲ ਵਿਚ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਕਰੋੜਾਂ ਲੋਕਾਂ ਦੀ ਸਿਹਤ ਦੀ ਸੁਰੱਖਿਆ, ਵੈਕਸੀਨੇਸ਼ਨ ਤੋਂ ਲੈ ਕੇ ਸੰਗਠਨ ਪੱਧਰ ’ਤੇ ਦੇਸ਼ ਦੇ ਸਾਰੇ ਰਾਜਾਂ ਵਿਚ ‘ਸੇਵਾ ਹੀ ਸੰਗਠਨ’ ਅਭਿਆਨ ਇਸ ਦੀ ਵੱਡੀ ਉਦਾਹਰਣ ਹੈ।
ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨਾਲ ਹੋਈ ਗੱਲਬਾਤ ਵਿਚ ਉਨ੍ਹਾਂ ਦੀ ਸਮੇਂ ਦੀ ਪਾਬੰਦੀ ਅਤੇ ਹਰ ਵਿਸ਼ੇ ਨੂੰ ਪੂਰੀ ਇਕਾਗਰਤਾ ਨਾਲ ਸੁਣਨ ਦੀ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਬਹੁਤ ਪ੍ਰਭਾਵਿਤ ਅਤੇ ਉਤਸ਼ਾਹਿਤ ਕਰਦੀ ਸੀ। ਬਾਅਦ ਵਿਚ ਰਾਜਨੀਤੀ ਅਤੇ ਆਮ ਜਨਤਾ ਪ੍ਰਤੀ ਉਨ੍ਹਾਂ ਦੇ ਇਸੇ ਿਨਰਸਵਾਰਥ ਸਮਰਪਣ ਕਾਰਨ ‘ਗੁਜਰਾਤ ਮਾਡਲ’ ਦੀ ਗੂੰਜ ਵਿਸ਼ਵ ਪੱਧਰ ’ਤੇ ਸੁਣਾਈ ਦਿੱਤੀ।
ਚਾਹੇ ਉਹ ਸਾਬਰਮਤੀ ਰਿਵਰਫਰੰਟ ਦਾ ਨਵਾਂ ਨਿਰਮਾਣ ਹੋਵੇ, ਸਟੈਚੂ ਆਫ਼ ਯੂਨਿਟੀ ਦੀ ਵਿਸ਼ਾਲਤਾ ਦੀ ਗੱਲ ਹੋਵੇ, ਕੱਛ ਦੀ ਪਿਆਸੀ ਧਰਤੀ ਤੱਕ ਨਰਮਦਾ ਦੇ ਪਾਣੀ ਨੂੰ ਪਹੁੰਚਾਉਣ ਦਾ ਭਾਗੀਰਥ ਯਤਨ ਹੋਵੇ ਜਾਂ ਫਿਰ ਭੁਜ ਦੇ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਜੰਗੀ ਪੱਧਰ ’ਤੇ ਕੀਤੇ ਗਏ ਅਣਥੱਕ ਰਾਹਤ ਅਤੇ ਮੁੜ-ਵਸੇਬੇ ਦੇ ਕਾਰਜ, ਇਹ ਸਾਰੇ ਇਤਿਹਾਸਕ ਕਾਰਜਾਂ ਨੇ ਜਨਮਾਨਸ ਨੂੰ ਉਨ੍ਹਾਂ ਦੀ ਵਿਲੱਖਣ ਸਿਆਸੀ ਅਤੇ ਪ੍ਰਸ਼ਾਸਨਿਕ ਯੋਗਤਾ ਨੂੰ ਸਮਝਣ ਦਾ ਮੌਕਾ ਦਿੱਤਾ।
ਗੁਜਰਾਤ ਵਿਚ ਵਿਕਾਸ ਲਈ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਉਦੇਸ਼ ਨਾਲ 2003 ਵਿਚ ਸ਼ੁਰੂ ਹੋਇਆ ਵਾਈਬ੍ਰੈਂਟ ਗੁਜਰਾਤ ਬਾਅਦ ਵਿਚ ਇਕ ਵੱਡੇ ਗਲੋਬਲ ਨਿਵੇਸ਼ ਮੰਚ ਵਜੋਂ ਵਿਕਸਿਤ ਹੋਇਆ। ਦੁਨੀਆ ਭਰ ਦੇ ਕਾਰੋਬਾਰੀ ਅਤੇ ਨਿਵੇਸ਼ਕ ਗੁਜਰਾਤ ਆਏ ਅਤੇ ਰਾਜ ਨੂੰ ਉਦਯੋਗਿਕ ਨਿਵੇਸ਼ ਦੇ ਨਕਸ਼ੇ ’ਤੇ ਨਵੀਂ ਪਛਾਣ ਮਿਲੀ। ਅੱਜ ਲਗਭਗ ਹਰ ਵੱਡਾ ਰਾਜ ਇਸੇ ਤਰ੍ਹਾਂ ਦੇ ਆਯੋਜਨਾਂ ਰਾਹੀਂ ਨਿਵੇਸ਼ ਆਕਰਸ਼ਿਤ ਕਰ ਰਿਹਾ ਹੈ। ਮੋਦੀ ਦੇ ਕਾਰਜਕਾਲ ਵਿਚ ਪ੍ਰਸ਼ਾਸਨ ਨੂੰ ਨਤੀਜੇ ਦੇਣ ਵਾਲੀ ਵਿਵਸਥਾ ਵਜੋਂ ਦੇਖਣ ਦੀ ਕੋਸ਼ਿਸ਼ ਸ਼ੁਰੂ ਹੋਈ। ਮੋਦੀ ਜੀ ਦਾ ਇਹ ਵਿਜ਼ਨ ਕੇਂਦਰ ਸਰਕਾਰ ਦੇ ਕੰਮਕਾਜ ਵਿਚ ਵੀ ਦਿਖਾਈ ਦਿੰਦਾ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਇਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਵਿਦੇਸ਼ ਨੀਤੀ ਵਿਚ ਦਿਖਾਈ ਦਿੰਦੀ ਹੈ। ਸਾਲ 2014 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸਹੁੰ ਚੁੱਕ ਸਮਾਗਮ ਵਿਚ ਸੱਦਾ ਦੇਣ ਤੋਂ ਲੈ ਕੇ ‘ਨੇਬਰਹੁੱਡ ਫਸਟ’ ਤੱਕ ਭਾਰਤ ਨੇ ਆਪਣੇ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ। ਇਸ ਦੇ ਨਾਲ ਹੀ ਐਕਟ ਈਸਟ, ਖਾੜੀ ਦੇਸ਼ਾਂ ਨਾਲ ਮਜ਼ਬੂਤ ਰਿਸ਼ਤੇ, ਅਮਰੀਕਾ ਅਤੇ ਯੂਰਪ ਨਾਲ ਰਣਨੀਤਕ ਭਾਈਵਾਲੀ ਅਤੇ ਰੂਸ ਨਾਲ ਪੁਰਾਣੇ ਸਬੰਧਾਂ ਨੂੰ ਬਣਾਈ ਰੱਖਣ ਦੀ ਨੀਤੀ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਇਕ ਨਵਾਂ ਵਿਵਹਾਰਕ ਰੂਪ ਦਿੱਤਾ। ਅੱਜ ਭਾਰਤ ਕਿਸੇ ਇਕ ਧੜੇ ਦੀ ਵਿਦੇਸ਼ ਨੀਤੀ ਦੀ ਬਜਾਏ ਆਪਣੇ ਰਾਸ਼ਟਰੀ ਹਿੱਤਾਂ ਦੇ ਆਧਾਰ ’ਤੇ ਵੱਖ-ਵੱਖ ਦੇਸ਼ਾਂ ਨਾਲ ਸਬੰਧ ਬਣਾਉਣ ਦੀ ਸਥਿਤੀ ਵਿਚ ਹੈ। ਇਸ ਦੀ ਤਾਜ਼ਾ ਉਦਾਹਰਣ ਬ੍ਰਿਕਸ ਦੇ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਸਾਊਥ ਦੀ ਆਵਾਜ਼ ਨੂੰ ਪ੍ਰਮੁੱਖਤਾ ਨਾਲ ਰੱਖਿਆ। ਸ਼੍ਰੀ ਮੋਦੀ ਜੀ ਦੀ ਅਗਵਾਈ ਵਿਚ ਰਾਮ ਮੰਦਰ ਨਿਰਮਾਣ, ਕਾਸ਼ੀ ਵਿਸ਼ਵਨਾਥ ਕਾਰੀਡੋਰ ਅਤੇ ਸ਼੍ਰੀ ਮਹਾਕਾਲ ਲੋਕ ਕਾਰੀਡੋਰ ਰਾਹੀਂ ਭਾਰਤੀ ਸੱਭਿਆਚਾਰਕ ਮਾਣ ਦੀ ਮੁੜ-ਸਥਾਪਨਾ ਦਾ ਮਹੱਤਵਪੂਰਨ ਕਾਰਜ ਹੋਇਆ। ਆਜ਼ਾਦੀ ਅੰਦੋਲਨ ਦੌਰਾਨ ਲੋਕਾਂ ਦੇ ਦਿਲਾਂ ਵਿਚ ਸੁਤੰਤਰਤਾ ਦੀ ਅੱਗ ਨੂੰ ਜ਼ਿੰਦਾ ਰੱਖਣ ਵਾਲੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ ਸੰਪੂਰਨਤਾ ਦੇਣ ਦਾ ਇਤਿਹਾਸਕ ਕਾਰਜ ਨਰਿੰਦਰ ਮੋਦੀ ਨੇ ਕੀਤਾ ਹੈ।
ਇਸ ਯਾਤਰਾ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਅੱਜ ਭਾਰਤ ਆਪਣੇ ਭਵਿੱਖ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਆਤਮ-ਵਿਸ਼ਵਾਸ ਨਾਲ ਗੱਲ ਕਰਦਾ ਹੈ। ਦੁਨੀਆ ਵੀ ਭਾਰਤ ਨੂੰ ਕੇਵਲ ਇਕ ਵੱਡੇ ਬਾਜ਼ਾਰ ਦੇ ਰੂਪ ਵਿਚ ਨਹੀਂ, ਸਗੋਂ ਇਕ ਮਹੱਤਵਪੂਰਨ ਗਲੋਬਲ ਸ਼ਕਤੀ ਅਤੇ ਹੱਲ ਦੇਣ ਵਾਲੇ ਦੇਸ਼ ਵਜੋਂ ਦੇਖ ਰਹੀ ਹੈ।
— ਡਾ. ਸਤੀਸ਼ ਪੂਨੀਆ
(ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)
