ਮੁੰਬਈ ਹੋਰ ਅੱਗੇ : ਭਾਜਪਾ ਦਾ ਵਧਦਾ ਜੇਤੂ ਰੱਥ
Wednesday, Jan 21, 2026 - 02:30 PM (IST)
–ਪੂਨਮ ਆਈ. ਕੌਸ਼ਿਸ਼
ਫੁੱਟ ’ਚ ਏਕਤਾ ਜਾਂ ਏਕਤਾ ’ਚ ਫੁੱਟ? ਹੈਰਾਨ ਹੋ! ਪਰ ਬ੍ਰਹਨਮੁੰਬਈ ਨਗਰ ਪਾਲਿਕਾ (ਬੀ. ਐੱਮ. ਸੀ.) ਦੇ ਚੋਣ ਨਤੀਜਿਆਂ ਤੋਂ ਅਜਿਹਾ ਦਿਖਾਈ ਦਿੰਦਾ ਹੈ। ਮਹਾਰਾਸ਼ਟਰ ਦੀਆਂ ਨਗਰ ਪਾਲਿਕਾ ਚੋਣਾਂ ਆਉਣ ਵਾਲੇ ਸਮੇਂ ’ਚ ਸਿਆਸਤ ਦਾ ਨਿਰਧਾਰਨ ਕਰ ਸਕਦੀਆਂ ਹਨ। ਜਿਸ ਕਾਰਨ ਵਿਰੋਧੀ ਧਿਰ ਟੁੱਟ ਰਹੀ ਹੈ ਅਤੇ ਉਸ ਦੇ ਸਹਿਯੋਗੀ ਵੀ ਘਬਰਾ ਰਹੇ ਹਨ। ਇਹ ਸ਼ਿੰਦੇ ਦੀ ਸ਼ਿਵਸੈਨਾ ਅਤੇ ਅਜੀਤ ਪਵਾਰ ਦੀ ਰਾਕਾਂਪਾ ਲਈ ਖਤਰੇ ਦੀ ਘੰਟੀ ਹੈ।
ਇਸ ਜਿੱਤ ਨਾਲ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਕੱਦ ਵਧਿਆ। ਫੜਨਵੀਸ ਨੇ ਕਿਸ ਤਰ੍ਹਾਂ ਸ਼ਿਵਸੈਨਾ ਅਤੇ ਰਾਕਾਂਪਾ ’ਚ ਫੁੱਟ ਪੁਆਈ ਅਤੇ ਮਹਾਵਿਕਾਸ ਅਘਾੜੀ ਭਾਵ ਕਾਂਗਰਸ, ਠਾਕਰੇ ਸ਼ਿਵਸੈਨਾ ਅਤੇ ਸ਼ਰਦ ਪਵਾਰ ਦੀ ਰਾਕਾਂਪਾ ਨੂੰ 2022 ’ਚ ਢਹਿ-ਢੇਰੀ ਕੀਤਾ ਅਤੇ 2024 ’ਚ ਵਿਧਾਨ ਸਭਾ ਚੋਣਾਂ ’ਚ ਜਿੱਤ ਦਰਜ ਕੀਤੀ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਭਾਰੀ ਜਿੱਤ ਦਰਜ ਕੀਤੀ ਹੈ। ਪੱਛਮੀ ਬੰਗਾਲ, ਤਮਿਲਨਾਡੂ, ਕੇਰਲ, ਆਸਾਮ ਅਤੇ ਪੁੱਡੂਚੇਰੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਇਕ ਨਵੀਂ ਊਰਜਾ ਮਿਲੀ ਹੈ।
ਵਿਰੋਧੀ ਧਿਰ ਲਈ ਮਹਾਰਾਸ਼ਟਰ ਇਕ ਗੁਆਚੇ ਮੌਕੇ ਦੇ ਬਰਾਬਰ ਹੈ ਅਤੇ ਇਸ ਨਾਲ ਉਹ ਹੋਰ ਟੁੱਟ ਗਈ ਹੈ। ਸ਼ਿਵਸੈਨਾ (ਊਬਾਠਾ) ਅਤੇ ਕਾਂਗਰਸ ਦਰਮਿਆਨ ਗੱਠਜੋੜ ਬੀ. ਐੱਮ. ਸੀ. ਚੋਣਾਂ ਨੂੰ ਸਖਤ ਟੱਕਰ ਬਣਾ ਸਕਦਾ ਸੀ। ਗੈਰ-ਭਾਜਪਾ ਪਾਰਟੀਆਂ, ਇੰਡੀਆ ਸਮੂਹ ’ਚ ਵੀ ਭਾਜਪਾ ਦੀ ਸੰਗਠਨਾਤਮਕ ਸ਼ਕਤੀ ਅਤੇ ਵਿੱਤੀ ਸਰੋਤਾਂ ਨੂੰ ਚੁਣੌਤੀ ਦੇਣਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਆਪਣੇ ਲੋਕ ਆਧਾਰ ਨੂੰ ਮਜ਼ਬੂਤ ਕਰਨਾ ਹੋਵੇਗਾ। ਕੇਂਦਰ ਅਤੇ ਸੂਬੇ ’ਚ ਸੱਤਾਧਾਰੀ ਪਾਰਟੀ ਵਜੋਂ ਭਾਜਪਾ ਆਪਣੀ ਤਾਕਤ ਵਧਾਉਣ ਦੀ ਸਥਿਤੀ ’ਚ ਹੈ।
ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਲਈ ਪੁਰਾਣੇ ਤੌਰ-ਤਰੀਕੇ, ਰਖਵਾਲੀ ਜਾਂ ਵਿਰਾਸਤ ਨਾਲ ਕੰਮ ਨਹੀਂ ਚੱਲੇਗਾ ਅਤੇ ਪਵਾਰ ਨੇ ਇਸ ਗੱਲ ਨੂੰ ਸਮਝਿਆ ਹੈ ਅਤੇ ਇਨ੍ਹਾਂ ਚੋਣ ਨਤੀਜਿਆਂ ਦੇ ਬਾਅਦ ਰਾਕਾਂਪਾ ਦੇ ਦੋਵੇਂ ਧੜਿਆਂ ਦੀ ਬੈਠਕ ਹੋਈ ਹੈ, ਜਿਸ ’ਚ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੀਆਂ ਪੰਚਾਇਤ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਦੋਵਾਂ ਦੇ ਦਰਮਿਆਨ ਚੋਣਾਂ ਤੋਂ ਪਹਿਲਾਂ ਗੱਠਜੋੜ ਹੋਵੇਗਾ। ਰਾਕਾਂਪਾ ਨੂੰ ਇਸ ਲੋਕ ਆਧਾਰ ਨੂੰ ਬਚਾਉਣਾ ਹੋਵੇਗਾ ਅਤੇ ਅਜੀਤ ਪਵਾਰ ਅਤੇ ਸ਼ਰਦ ਪਵਾਰ ਦੇ ਨਾਲ ਹੋਣ ਨਾਲ ਇਸ ’ਚ ਮਦਦ ਮਿਲ ਸਕਦੀ ਹੈ ਪਰ ਮਦਦ ਵੀ ਥੋੜ੍ਹਚਿਰੀ ਰਹੇਗੀ।
ਸ਼ਰਦ ਪਵਾਰ ਇਲਾਕੇ ਦੇ ਮੋਹਰੀ ਆਗੂਆਂ ’ਤੇ ਕੇਂਦਰਿਤ ਸਿਆਸਤ ਦਾ ਪ੍ਰਬੰਧ ਕਰਨ ’ਚ ਨਿਪੁੰਨ ਰਹੇ ਹਨ ਅਤੇ ਉਨ੍ਹਾਂ ਦੀ ਸਿਆਸਤ ਸਹਿਕਾਰਤਾ ਦੇ ਆਲੇ-ਦੁਆਲੇ ਰਹੀ ਹੈ ਪਰ ਹੁਣ ਸਥਿਤੀ ਬਦਲ ਰਹੀ ਹੈ। ਸੂਬੇ ’ਚ ਸਿਆਸਤ ਹੋਰ ਔਖੀ ਅਤੇ ਕੇਂਦਰੀਕ੍ਰਿਤ ਹੋ ਗਈ ਹੈ। ਪਰਿਵਾਰ ਪ੍ਰਤੀ ਲਗਨ ਨਾਲ ਹੁਣ ਸਿਆਸੀ ਸਮਰਥਨ ਨਹੀਂ ਮਿਲਦਾ। ਰਾਕਾਂਪਾ ਨੂੰ ਬ੍ਰਾਂਡ ਪਵਾਰ ਤੋਂ ਪਰ੍ਹੇ ਸੋਚਣਾ ਹੋਵੇਗਾ ਅਤੇ ਆਪਣੀ ਪਛਾਣ ਅਤੇ ਪ੍ਰਭਾਵ ਨੂੰ ਬਣਾਈ ਰੱਖਣ ਲਈ ਨਵੇਂ ਢੰਗ ਦੀ ਸਿਆਸਤ ’ਤੇ ਵਿਚਾਰ ਕਰਨਾ ਹੋਵੇਗਾ, ਕਾਂਗਰਸ ਲਈ ਹੋਰ ਵੀ ਮੁਸੀਬਤ ਹੈ।
ਬਿਨਾਂ ਸ਼ੱਕ 2024 ਦੀਆਂ ਲੋਕ ਸਭਾ ਚੋਣਾਂ ’ਚ ਮਹਾਰਾਸ਼ਟਰ ’ਚ ਕਾਂਗਰਸ ਦੀ ਕਾਰਗੁਜ਼ਾਰੀ ਚੰਗੀ ਰਹੀ ਹੈ ਪਰ ਬਿਹਾਰ, ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਇਸ ਦੀ ਖਰਾਬ ਕਾਰਗੁਜ਼ਾਰੀ ਦੇ ਬਾਅਦ ਪਾਰਟੀ ’ਚ ਇਹ ਆਵਾਜ਼ ਉੱਠਣ ਲੱਗੀ ਕਿ ਰਾਹੁਲ ਦੀ ਅਗਵਾਈ ਅਸਰਦਾਇਕ ਨਹੀਂ ਹੈ। ਕਾਂਗਰਸ ਇਸ ਭੁਲੇਖੇ ’ਚ ਵੀ ਹੈ ਕਿ ਉਸ ਨੇ 250 ਲੋਕ ਸਭਾ ਸੀਟਾਂ ’ਤੇ ਭਾਜਪਾ ਨਾਲ ਸਿੱਧਾ ਮੁਕਾਬਲਾ ਕੀਤਾ। ਇਸ ਲਈ ਉਸ ਦੇ ਬਿਨਾਂ ਕੋਈ ਭਾਜਪਾ ਵਿਰੋਧੀ ਧੜਾ ਨਹੀਂ ਬਣ ਸਕਦਾ।
ਰਾਸ਼ਟਰੀ ਪੱਧਰ ’ਤੇ ਕਾਂਗਰਸ ਦੀ ਪ੍ਰਭਾਵਹੀਣਤਾ ਭਾਜਪਾ ਲਈ ਲਾਭਕਾਰੀ ਹੈ ਅਤੇ ਇਸ ਦੇ ਨਾਲ ਹੀ ਕਿਸੇ ਖੇਤਰੀ ਸੀਨੀਅਰ ਆਗੂ ਵਲੋਂ ਸਰਬ ਭਾਰਤੀ ਭੂਮਿਕਾ ਨਿਭਾਉਣ ’ਚ ਅਸਫਲ ਰਹਿਣ ਨਾਲ ਵੀ ਭਾਜਪਾ ਨੂੰ ਮਦਦ ਮਿਲ ਰਹੀ ਹੈ, ਕਿਉਂਕਿ ਕਈ ਸੂਬਿਆਂ ’ਚ ਇਹ ਆਗੂ ਕਾਂਗਰਸ ਨਾਲ ਮੁਕਾਬਲਾ ਕਰ ਰਹੇ ਹਨ ਅਤੇ ਕਾਂਗਰਸ ਦੇ ਸੂਬਾ ਪੱਧਰ ਦੇ ਨੇਤਾ ਖੇਤਰੀ ਪਾਰਟੀਆਂ ਨੂੰ ਆਪਣਾ ਵਿਰੋਧੀ ਮੰਨਦੇ ਹਨ, ਨਾ ਕਿ ਭਾਜਪਾ ਵਿਰੋਧੀ ਗੱਠਜੋੜ ’ਚ ਆਪਣਾ ਸਹਿਯੋਗੀ। ਖੇਤਰੀ ਪਾਰਟੀਆਂ ਲਈ ਕਾਂਗਰਸ ਸਹੀ ਸਹਿਯੋਗੀ ਹੈ ਪਰ ਉਹ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਕਾਂਗਰਸ ਫਿਰ ਤੋਂ ਉੱਭਰ ਕੇ ਸ਼ਕਤੀਸ਼ਾਲੀ ਨਾ ਬਣੇ।
ਤੇਲੰਗਾਨਾ ਅਤੇ ਕਰਨਾਟਕ ’ਚ ਉਹ ਖੇਤਰੀ ਪਾਰਟੀਆਂ ਦੇ ਵਿਰੁੱਧ ਸਫਲ ਰਹੀ ਹੈ। ਇਸ ਦੇ ਇਲਾਵਾ ਬਿਹਾਰ ਅਤੇ ਤਾਮਿਲਨਾਡੂ ’ਚ ਉਸ ਨੂੰ ਖੇਤਰੀ ਪਾਰਟੀਆਂ ਦੀ ਪਿਛਲੱਗੂ ਬਣਨ ਲਈ ਮਜਬੂਰ ਹੋਣਾ ਪਿਆ। ਇਹੀ ਸਥਿਤੀ ਮਹਾਰਾਸ਼ਟਰ ’ਚ ਵੀ ਹੈ, ਜਿੱਥੇ ਰਾਕਾਂਪਾ ਅਤੇ ਸ਼ਿਵਸੈਨਾ (ਊਧਵ) ਦੇ ਵੰਡ ਦੇ ਬਾਅਦ ਕਮਜ਼ੋਰ ਹੋਈ ਹੈ ਅਤੇ ਉਹ ਕਾਂਗਰਸ ਲਈ ਕਿਸੇ ਵੀ ਤਰ੍ਹਾਂ ਦੇ ਨਖਰੇ ਸਹਿਣ ਕਰਨ ਲਈ ਤਿਆਰ ਨਹੀਂ ਹੈ। ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਔਖੀ ਸੌਦੇਬਾਜ਼ੀ ਕਰ ਰਹੀ ਹੈ ਅਤੇ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ ਕਿ ਸੀਟਾਂ ਦੀ ਵੰਡ ’ਚ ਉਸ ਦੇ ਹਿੱਤਾਂ ਨੂੰ ਸੇਕ ਨਾ ਲੱਗੇ।
ਬਿਹਾਰ ’ਚ ਸਥਾਨਕ ਨੇਤਾਵਾਂ ’ਚ ਨਿਰਾਸ਼ਾ ਅਤੇ ਗੁੱਸਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਜਿੱਥੋਂ ਤੱਕ ਸ਼ਿਵਸੈਨਾ ਦਾ ਸੰਬੰਧ ਹੈ, ਚੋਣਾਂ ਦੇ ਨਜ਼ਰੀਏ ਤੋਂ ਸ਼ਿਵਸੈਨਾ ਦੀ ਵਿਰਾਸਤ ਹੁਣ ਮੁਕੰਮਲ ਤੌਰ ’ਤੇ ਸ਼ਿੰਦੇ ਦੇ ਨਾਲ ਹੈ ਕਿਉਂਕਿ ਠਾਕਰੇ ਭਰਾਵਾਂ ਦੇ ਇਕਜੁੱਟ ਹੋਣ ਦੇ ਬਾਵਜੂਦ ਉਹ ਆਪਣੇ ਵੋਟ ਬੈਂਕ ਨੂੰ ਆਕਰਸ਼ਿਤ ਨਹੀਂ ਕਰ ਸਕੇ। ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਖੁਦ ਨੂੰ ਰਾਸ਼ਟਰੀ ਪੱਧਰ ਦੀ ਨੇਤਾ ਵਜੋਂ ਪੇਸ਼ ਕਰਨ ਲਈ ਆਉਣ ਵਾਲੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਜਿੱਤ ’ਤੇ ਨਿਰਭਰ ਹੈ।
ਉਨ੍ਹਾਂ ਦੀਆਂ ਯੋਜਨਾਵਾਂ ਦੋ ਵਿਊਂਤਾਂ ’ਤੇ ਆਧਾਰਿਤ ਹਨ। ਪਹਿਲੀ, ਸਾਰੀਆਂ ਗੈਰ-ਭਾਜਪਾ ਪਾਰਟੀਆਂ ਦਰਮਿਆਨ ਵਿਆਪਕ ਤਾਲਮੇਲ ਬਣਾਇਆ ਜਾਵੇ ਤਾਂ ਕਿ ਭਾਜਪਾ ਨੂੰ ਇਕਜੁੱਟ ਹੋ ਕੇ ਚੁਣੌਤੀ ਦਿੱਤੀ ਜਾ ਸਕੇ ਅਤੇ ਨਾਲ ਹੀ ਹੋਰ ਸੀਨੀਅਰ ਨੇਤਾਵਾਂ ਨਾਲ ਸੰਬੰਧ ਬਣਾ ਕੇ ਆਪਣਾ ਕੱਦ ਵਧਾਇਆ ਜਾਵੇ, ਜਿਸ ਕਾਰਨ ਉਨ੍ਹਾਂ ਨੂੰ ਇਕ ਅਜਿਹੇ ਉਮੀਦਵਾਰ ਵਜੋਂ ਦੇਖਿਆ ਜਾ ਸਕੇ, ਜਿਸ ਦਾ ਆਪਣਾ ਇਕ ਵਧੀਆ ਰਿਕਾਰਡ ਹੈ, ਨੈੱਟਵਰਕ ਹੈ ਅਤੇ ਗੱਠਜੋੜ ਦਾ ਚਿਹਰਾ ਬਣਨ ਦੀ ਭਰੋਸੇਯੋਗਤਾ ਹੈ। ਭਾਜਪਾ ਦੀ ਜਿੱਤ ਦੇ ਰਿਕਾਰਡ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਉਸ ਨੂੰ ਹਰਾਇਆ ਨਹੀਂ ਜਾ ਸਕਦਾ, ਜਦਕਿ ਵਿਰੋਧੀ ਧਿਰ ਨੇ ਅਜੇ ਤੱਕ ਜਿੱਤ ਲਈ ਨੈਰੇਟਿਵ ਨਿਰਧਾਰਤ ਨਹੀਂ ਕੀਤਾ ਹੈ ਕਿਉਂਕਿ ਉਹ ਅਜੇ ਵੀ ਭਾਜਪਾ ਵਲੋਂ ਸੰਸਥਾਨਾਂ ਨੂੰ ਲੰਗੜਾ ਬਣਾ ਕੇ ਮਾਹੌਲ ਨੂੰ ਖਰਾਬ ਕਰਨ ਦੇ ਮੁੱਦੇ ਦੇ ਆਲੇ-ਦੁਆਲੇ ਹੀ ਘੁੰਮ ਰਹੀ ਹੈ।
ਸਪੱਸ਼ਟ ਤੌਰ ’ਤੇ ਵਿਰੋਧਾਭਾਸਾਂ ਦੀਆਂ ਇਨ੍ਹਾਂ ਬਾਰੂਦੀ ਸੁਰੰਗਾਂ ’ਚ ਰਣਨੀਤੀਆਂ ਵੋਟ ਬੈਂਕ ਦੇ ਲਾਭ ਨੂੰ ਧਿਆਨ ’ਚ ਰੱਖ ਕੇ ਬਣਾਈਆਂ ਜਾਂਦੀਆਂ ਹਨ। ਇਸ ਲਈ ਵਿਰੋਧੀ ਧਿਰ ’ਚ ਏਕਤਾ ਦੀ ਗੱਲ ਕਹਿਣੀ ਸੌਖੀ ਹੈ, ਜਦਕਿ ਏਕਤਾ ਸਥਾਪਤ ਹੋਣੀ ਔਖੀ ਹੈ। ਵਿਰੋਧੀ ਧਿਰ ’ਚ ਏਕਤਾ ਸਥਾਪਤ ਕਰਨ ਲਈ ਦੂਰਦਰਸ਼ਿਤਾ ਅਤੇ ਲਚਕੀਲੇਪਣ ਦੀ ਲੋੜ ਹੈ। ਕਮਜ਼ੋਰ ਅਤੇ ਫੁੱਟ ਵਾਲੀ ਵਿਰੋਧੀ ਧਿਰ ਭਾਵੇਂ ਤੁਸੀਂ ਉਸ ਨੂੰ ਕੋਈ ਵੀ ਨਾਂ ਦਿਓ, ਉਹ ਕਮਜ਼ੋਰ ਵਿਰੋਧੀ ਧਿਰ ਹੀ ਬਣੀ ਰਹੇਗੀ, ਜਦਕਿ ਵੱਧ ਖੇਤਰੀ ਪ੍ਰਸਿੱਧ ਆਗੂਆਂ ਦਾ ਉਭਰਨਾ ਭਾਰਤੀ ਲੋਕਤੰਤਰ ਲਈ ਚੰਗਾ ਹੈ। ਭਾਰਤ ਦੇ ਭਵਿੱਖ ਦਾ ਨਿਰਮਾਣ ਗਣਿਤ ਨਹੀਂ ਸਗੋਂ ਸਿਆਸਤ ਹੈ।
