ਮਲਟੀ-ਮੈਡੀਸਨ ਲੈਣ ਵਾਲੇ ਬਜ਼ੁਰਗਾਂ ਨੂੰ ਲੰਬੇ ਸਮੇਂ ਤੱਕ ਰਹਿਣਾ ਪੈਂਦਾ ਹੈ ਹਸਪਤਾਲ ’ਚ
Monday, Mar 03, 2025 - 03:31 PM (IST)

ਇੰਡੀਅਨ ਜਰਨਲ ਆਫ ਮੈਡੀਕਲ ਰਿਸਰਚ ’ਚ ਹਾਲ ਹੀ ’ਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਹਸਪਤਾਲਾਂ ’ਚ ਦਾਖਲ ਕਈ ਬੀਮਾਰੀਆਂ ਨਾਲ ਪੀੜਤ ਬਜ਼ੁਰਗ ਮਰੀਜ਼ਾਂ ਦੀ ਵਧੀਆ ਦੇਖਭਾਲ ਲਈ 16 ਦਵਾਈਆਂ ਦਿੱਤੀਆਂ ਗਈਆਂ, ਜਿਨ੍ਹਾਂ ’ਚੋਂ ਲਗਭਗ ਇਕ ਤਿਹਾਈ ਘੱਟ ਅਸਰਦਾਇਕ ਸਨ। ਇੰਡੀਅਨ ਜਰਨਲ ਅਨੁਸਾਰ ਇਸ ਕਾਰਨ ਹਸਪਤਾਲ ’ਚ ਲੰਬੇ ਸਮੇਂ ਤਕ ਉਨ੍ਹਾਂ ਨੂੰ ਰਹਿਣਾ ਪੈਂਦਾ ਹੈ ਅਤੇ ਵੱਧ ਦਵਾਈਆਂ ਲੈਣੀਆਂ ਪੈਂਦੀਆਂ ਹਨ ਜਿਸ ਨਾਲ ਇਲਾਜ ਦੀ ਲਾਗਤ ਵਧ ਜਾਂਦੀ ਹੈ।
ਇਹ ਇਕ ਮਹੱਤਵਪੂਰਨ ਸਿੱਟਾ ਹੈ ਕਿਉਂਕਿ ਦੇਸ਼ ’ਚ ਬਜ਼ੁਰਗਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ’ਚੋਂ ਵਧੇਰਿਆਂ ਨੂੰ ਇਕ ਵੇਲੇ 5 ਜਾਂ ਉਸ ਤੋਂ ਵੱਧ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਸ ਨੂੰ ਪਾਲੀ-ਫਾਰਮੇਸੀ ਪ੍ਰੋਟੋਕਾਲ ਕਿਹਾ ਜਾਂਦਾ ਹੈ। ਇਹ ਦੁਨੀਆ ਭਰ ਦੇ ਬਜ਼ੁਰਗਾਂ ਦਰਮਿਆਨ ਇਕ ਚੁਣੌਤੀ ਹੈ, ਜਿਥੇ ਕੁਝ ਲੋਕ ਉਨ੍ਹਾਂ ਦਵਾਈਆਂ ਨੂੰ ਲੈਣਾ ਜਾਰੀ ਰੱਖਦੇ ਹਨ ਜੋ ਉਨ੍ਹਾਂ ਨੂੰ ਪਿਛਲੇ ਸਾਲਾਂ ’ਚ ਦਿੱਤੀਆਂ ਗਈਆਂ ਸਨ ਅਤੇ ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਮਰੀਜ਼ ਕਈ ਅਜਿਹੇ ਸਪਲੀਮੈਂਟ ਵੀ ਲੈ ਸਕਦੇ ਹਨ ਜਿਨ੍ਹਾਂ ਦਾ ਹਿਸਾਬ ਨਹੀਂ ਹੋ ਸਕਦਾ ਹੈ।
ਇਹੀ ਕਾਰਨ ਹੈ ਕਿ ਇਹ ਅਧਿਐਨ ਤੇਜ਼ੀ ਨਾਲ ਬੁੱਢੇ ਹੁੰਦੇ ਭਾਰਤ ’ਚ ਸਰਕਾਰੀ ਪੱਧਰ ’ਤੇ ਦਖਲਅੰਦਾਜ਼ੀ ਕਰਨ ਅਤੇ ਦਵਾ-ਅਨੁਕੂਲ ਰਣਨੀਤੀਆਂ ਨੂੰ ਸ਼ੁਰੂ ਕਰਨ ਲਈ ਆਧਾਰ ਤਿਆਰ ਕਰਦਾ ਹੈ। ਦੇਸ਼ ’ਚ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 2011 ’ਚ 103 ਮਿਲੀਅਨ ਤੋਂ ਵਧ ਕੇ 2025 ਤਕ 319 ਮਿਲੀਅਨ ਹੋਣ ਦਾ ਅੰਦਾਜ਼ਾ ਹੈ।
ਅਧਿਐਨ ’ਚ ਕੀ ਪਾਇਆ ਗਿਆ ਅਤੇ ਇਸ ਦਾ ਕੀ ਮਤਲਬ ਹੈ? : ਇਹ ਸਿੱਟੇ ਦਿੱਲੀ ਦੇ ਇਕ ਵਧੀਆ ਦੇਖਭਾਲ ਕੇਂਦਰ ’ਚ ਦਾਖਲ ਲਗਭਗ 1000 ਬਜ਼ੁਰਗ ਮਰੀਜ਼ਾਂ ਦੇ ਇਲਾਜ ਦੇ ਅੰਕੜਿਆਂ ’ਤੇ ਆਧਾਰਿਤ ਹਨ। ਬਜ਼ੁਰਗਾਂ ਦੇ ਹਸਪਤਾਲ ’ਚ ਰਹਿਣ ਦਾ ਅਰਸਾ 1 ਤੋਂ 18 ਦਿਨਾਂ ਤਕ ਸੀ ਜਿਸ ’ਚ ਔਸਤ ਦਾਖਲ ਰਹਿਣ ਦਾ ਅਰਸਾ 6.8 ਦਿਨ ਸੀ। 7.4 ਦਿਨਾਂ ਦੇ ਨਾਲ ਸਭ ਤੋਂ ਲੰਬਾ ਔਸਤ ਹਸਪਤਾਲ ’ਚ ਰਹਿਣ ਦਾ ਸਮਾਂ ਪਿਸ਼ਾਬ ਸੰਬੰਧੀ ਬੀਮਾਰੀਆਂ ਵਾਲੇ ਲੋਕਾਂ ਦਾ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਜਿਹੜੇ ਵਿਅਕਤੀਆਂ ਨੂੰ ਅਣਉਚਿਤ ਦਵਾਈਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਦੇ ਹਸਪਤਾਲ ’ਚ ਲੰਬੇ ਸਮੇਂ ਤਕ ਰਹਿਣ ਦੀ ਸੰਭਾਵਨਾ ਵੱਧ ਸੀ।
ਹਸਪਤਾਲ ’ਚ ਦਾਖਲ ਮਰੀਜ਼ਾਂ ਨੂੰ 3 ਤੋਂ ਲੈ ਕੇ 16 ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਜਿਨ੍ਹਾਂ ’ਚੋਂ ਔਸਤ 8.3 ਦਵਾਈਆਂ ਨਿਰਧਾਰਿਤ ਕੀਤੀਆਂ ਗਈਆਂ ਸਨ। ਖੋਜੀਆਂ ਨੇ ਮਹਿਸੂਸ ਕੀਤਾ ਕਿ ਲਗਭਗ ਇਕ ਤਿਹਾਈ ਮਰੀਜ਼ 10 ਜਾਂ ਉਸ ਤੋਂ ਵੱਧ ਦਵਾਈਆਂ ਲੈ ਰਹੇ ਸਨ। ਸਾਹ ਸੰਬੰਧੀ ਬੀਮਾਰੀਆਂ ਵਾਲੇ ਮਰੀਜ਼ਾਂ ਨੂੰ ਸਭ ਤੋਂ ਵੱਧ ਦਵਾਈਆਂ ਦਿੱਤੀਆਂ ਗਈਆਂ ਜੋ ਔਸਤਨ 9.2 ਸੀ। ਸਭ ਤੋਂ ਵੱਧ ਨਿਰਧਾਰਿਤ ਦਵਾਈਆਂ ਐਸਿਡ ਰਿਫਲਕਸ ਲਈ ਪੈਂਟੋਪ੍ਰਾਜ਼ੋਲ (ਪੈਂਟੋਸਿਡ), ਉਲਟੀਆਂ ਰੋਕਣ ਲਈ ਓਂਡਾਂਸੇਟ੍ਰਾਨ (ਐਮਸੈੱਟ) ਅਤੇ ਐਂਟੀਬਾਇਓਟਿਕ ਸੈਫਟ੍ਰਿਐਕਸੋਨ (ਮੋਨੋਸੇਫ) ਸਨ।
ਉਲਟ ਪ੍ਰਤੀਕਿਰਿਆਵਾਂ : ਉਲਟ ਦਵਾਈ : 13.9 ਫੀਸਦੀ ਬਜ਼ੁਰਗ ਮਰੀਜ਼ਾਂ ’ਚ ਉਲਟ ਪ੍ਰਤੀਕਿਰਿਆ ਦੇਖੀ ਗਈ ਜਿਸ ’ਚ ਸਭ ਤੋਂ ਆਮ ਉਲਟ ਪ੍ਰਤੀਕਿਰਿਆਵਾਂ ਉਲਟੀਆਂ, ਬਲੱਡ ਪ੍ਰੈਸ਼ਰ, ਸਿਰ ਦਰਦ, ਕਬਜ਼ ਅਤੇ ਚੱਕਰ ਆਉਣਾ ਸੀ। ਸਭ ਤੋਂ ਵੱਧ ਉਲਟ ਪ੍ਰਤੀਕਿਰਿਆਵਾਂ ਸੈਫਟ੍ਰਿਐਕਸੋਨ, ਪੈਂਟੋਪ੍ਰਾਜ਼ੋਲ, ਐਸਪਰੀਨ ਅਤੇ ਓਂਡਾਂਸੇਟ੍ਰਾਨ ਕਾਰਨ ਹੋਈਆਂ।
ਬਜ਼ੁਰਗਾਂ ਦੀ ਸਿਹਤ ’ਤੇ ਇਸ ਦਾ ਕੀ ਅਸਰ ਪੈਂਦਾ ਹੈ : ਪਾਲੀ-ਫਾਰਮੇਸੀ ਬਜ਼ੁਰਗਾਂ ’ਚ ਮੁੜ ਚੌਕਸੀ, ਭਰਮ ਅਤੇ ਯਾਦ ਸ਼ਕਤੀ ਸੰਬੰਧੀ ਸਮੱਸਿਆਵਾਂ, ਡਿੱਗਣਾ ਅਤੇ ਦੁਰਘਟਨਾਵਾਂ, ਭੁੱਖ ਨਾ ਲੱਗਣੀ, ਦਸਤ, ਕਬਜ਼ ਜਾਂ ਬੇਚੈਨੀ ਦਾ ਕਾਰਨ ਬਣਦੀ ਹੈ। ਦਿੱਲੀ ਦੀ ਖੋਜ ’ਚ ਕਿਹਾ ਗਿਆ ਹੈ ਕਿ ਪਾਲੀ-ਫਾਰਮੇਸੀ ਨਾਲ ਮਰੀਜ਼ਾਂ ਨੂੰ ਸੰਭਾਵਿਤ ਤੌਰ ’ਤੇ ਅਣਉਚਿਤ ਦਵਾਈਆਂ ਦਿੱਤੇ ਜਾਣ ਅਤੇ ਉਲਟ ਦਵਾਈ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨ ਦਾ ਜੋਖਮ ਵਧ ਜਾਂਦਾ ਹੈ।
ਨਤੀਜਿਆਂ ਨੂੰ ਦਰਸਾਉਂਦੇ ਹੋਏ ਦਿੱਲੀ ਦੇ ਆਲ ਇੰਡੀਆ ਆਯੁਰਵਿਗਿਆਨ ਸੰਸਥਾਨ (ਏ. ਆਈ. ਆਈ. ਐੱਮ. ਐੱਸ.) ’ਚ ਜੇਰਿਐਟ੍ਰਿਕ ਮੈਡੀਸਨ ਦੇ ਪ੍ਰੋਫੈਸਰ ਡਾ. ਪ੍ਰਸੂਨ ਚੈਟਰਜੀ ਕਹਿੰਦੇ ਹਨ, ‘‘ਬਜ਼ੁਰਗ ਮਰੀਜ਼ ਆਮ ਤੌਰ ’ਤੇ ਇਕ ਹੀ ਸਮੇਂ ’ਚ ਕਈ ਸਥਿਤੀਆਂ ਨਾਲ ਪੀੜਤ ਹੁੰਦੇ ਹਨ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਆਰਥੋਪੈਡਿਕ ਸਮੱਸਿਆਵਾਂ, ਡਿਪ੍ਰੈਸ਼ਨ ਆਦਿ। ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਵੱਖ-ਵੱਖ ਮਾਹਿਰਾਂ ਵਲੋਂ ਕਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਪਾਲੀ-ਫਾਰਮੇਸੀ ਬਜ਼ੁਰਗਾਂ ’ਚ ਬੜੀ ਆਮ ਹੈ ਅਤੇ ਇਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।’’
ਉਨ੍ਹਾਂ ਦੱਸਿਆ ਕਿ ਕੁਝ ਦਵਾਈਆਂ ਇਕੱਠੀਆਂ ਦਿੱਤੇ ਜਾਣ ’ਤੇ ਅਸਰਦਾਇਕ ਨਹੀਂ ਹੋ ਸਕਦੀਆਂ। ਵੱਖ-ਵੱਖ ਹਾਲਤਾਂ ਦੇ ਇਲਾਜ ਲਈ ਬਣਾਈਆਂ ਗਈਆਂ ਵੱਖ-ਵੱਖ ਦਵਾਈਆਂ ਇਕ ਹੀ ਰਿਸੈਪਟਰ ਦੀ ਵਰਤੋਂ ਕਰ ਸਕਦੀਆਂ ਹਨ। ਜੇਕਰ ਕਿਸੇ ਵਿਅਕਤੀ ਨੂੰ ਇਕ ਹੀ ਟੀਚੇ ਲਈ 2 ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਉਹ ਇਕ-ਦੂਜੀ ਨਾਲ ਮੁਕਾਬਲਾ ਕਰਦੀਆਂ ਹਨ ਅਤੇ ਅਸਰਦਾਇਕ ਢੰਗ ਨਾਲ ਕੰਮ ਨਹੀਂ ਕਰ ਸਕਦੀਆਂ। ਵੱਧ ਦਵਾਈਆਂ ਲੈਣ ਦਾ ਭਾਵ ਇਹ ਹੈ ਕਿ ਗੁਰਦਿਆਂ ਨੂੰ ਰਹਿੰਦ-ਖੂੰਹਦ ਨੂੰ ਛਾਣਨ ਲਈ ਵੱਧ ਸਮੇਂ ਤਕ ਕੰਮ ਕਰਨਾ ਪੈਂਦਾ ਹੈ। ਕਿਸੇ ਹਾਲਤ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਦੇ ਨਾਲ-ਨਾਲ, ਵਿਟਾਮਿਨ ਡੀ, ਕੈਲਸ਼ੀਅਮ ਅਤੇ ਪੈਨ-ਟਾਪਰਾਜ਼ੋਲ ਦੀ ਵੱਧ ਵਰਤੋਂ ਕੀਤੀ ਜਾਂਦੀ ਹੈ।
ਕੀ ਕੀਤਾ ਜਾ ਸਕਦਾ ਹੈ : ਪਹਿਲਾ, ਵੱਧ ਗਿਣਤੀ ’ਚ ਬਜ਼ੁਰਗਾਂ ਲਈ ਮਾਹਿਰਾਂ ਦੀ ਲੋੜ ਹੈ ਜੋ ਵੱਖ-ਵੱਖ ਮੁਹਾਰਤਾਂ ਤੋਂ ਪ੍ਰਾਪਤ ਦਵਾਈਆਂ ਦੇ ਨੁਸਖਿਆਂ ਨੂੰ ਵੱਖ-ਵੱਖ ਕਰ ਸਕਣ ਤਾਂ ਕਿ ਵਿਅਕਤੀ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਗਿਣਤੀ ਘਟਾਈ ਜਾ ਸਕੇ।
ਦੂਜਾ, ਡਾਕਟਰਾਂ ਨੂੰ ਦਵਾਈ ਲਿਖਦੇ ਸਮੇਂ ਉਲਟ ਅਸਰ, ਉਮਰ, ਕੰਮ ਦੀ ਸਮਰੱਥਾ ਅਤੇ ਜਿਊਣ ਦੀ ਆਸ ’ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਡਾ. ਚਰੰਜੀ ਕਹਿੰਦੇ ਹਨ, ‘‘ਉਦਾਹਰਣ ਲਈ 2 ਵਿਅਕਤੀਆਂ ਦਾ ਮਾਮਲਾ ਲਵੋ ਜਿਨ੍ਹਾਂ ਨੂੰ ਕੋਰੋਨਰੀ ਧਮਨੀ ਦੀ ਬੀਮਾਰੀ ਹੈ। ਇਕ ਵਿਅਕਤੀ ਜੋ 40 ਸਾਲ ਦਾ ਹੈ ਅਤੇ ਅੱਗੇ 40 ਸਾਲ ਤਕ ਜ਼ਿੰਦਾ ਰਹੇਗਾ, ਉਸ ਨੂੰ ਤਤਕਾਲ ਇਲਾਜ ਲਈ ਜ਼ਰੂਰੀ ਦਵਾਈ ਦੇ ਇਲਾਵਾ ਆਪਣੇ ਦਿਲ ਦੀ ਰੱਖਿਆ ਕਰਨ ਵਾਲੀਆਂ ਦਵਾਈਆਂ ਦੀ ਵੀ ਲੋੜ ਹੈ। ਇਹ ਦਵਾਈਆਂ ਬਜ਼ੁਰਗਾਂ ਲਈ ਜ਼ਰੂਰੀ ਨਹੀਂ ਹੋ ਸਕਦੀਆਂ।’’
ਤੀਜਾ, ਕਈ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਇਲਾਜ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਵੀ ਲੋੜ ਹੈ। ਡਾ. ਚੈਟਰਜੀ ਕਹਿੰਦੇ ਹਨ, ‘‘ਵਧੇਰੇ ਕਰ ਕੇ ਦਿਸ਼ਾ-ਨਿਰਦੇਸ਼ ਇਕ ਬੀਮਾਰੀ ਲਈ ਹੁੰਦੇ ਹਨ ਪਰ ਕਈ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਲਈ ਵਿਆਪਕ ਦਿਸ਼ਾ-ਨਿਰਦੇਸ਼ ਹੋਣੇ ਚਾਹੀਦੇ ਹਨ।’’
ਪਾਲੀਫਾਰਮੇਸੀ ਦਾ ਰੁਝਾਨ ਸਭ ਤੋਂ ਵੱਧ ਕਿਸ ਦੇਸ਼ ’ਚ ਹੈ?
ਦੱਖਣੀ ਕੋਰੀਆ, ਤਾਈਵਾਨ ਅਤੇ ਆਸਟ੍ਰੇਲੀਆ ਦੇ ਖੋਜੀਆਂ ਵਲੋਂ ਕੀਤੇ ਗਏ ਇਕ ਬਹੁਰਾਸ਼ਟਰੀ ਆਬਾਦੀ-ਆਧਾਰਿਤ ਅਧਿਐਨ ਅਨੁਸਾਰ 2023 ’ਚ ਹਾਂਗਕਾਂਗ (45.4 ਫੀਸਦੀ) ’ਚ ਪਾਲੀ-ਫਾਰਮੇਸੀ ਦਾ ਸਭ ਤੋਂ ਵੱਧ ਰੁਝਾਨ ਦੇਖਿਆ ਗਿਆ, ਉਸ ਤੋਂ ਬਾਅਦ ਤਾਈਵਾਨ (38.8 ਫੀਸਦੀ), ਦੱਖਣੀ ਕੋਰੀਆ (32.0 ਫੀਸਦੀ), ਯੂਨਾਈਟਿਡ ਕਿੰਗਡਮ (235 ਫੀਸਦੀ) ਅਤੇ ਆਸਟ੍ਰੇਲੀਆ (20.1 ਫੀਸਦੀ) ਦਾ ਸਥਾਨ ਰਿਹਾ। ਸਮੇਂ ਦੇ ਰੁਝਾਨ ਅਨੁਸਾਰ ਏਸ਼ੀਆਈ ਖੇਤਰ ’ਚ ਲਗਾਤਾਰ ਵਾਧਾ ਦੇਖਿਆ ਗਿਆ, ਖਾਸ ਕਰ ਕੇ ਹਾਂਗਕਾਂਗ ਅਤੇ ਦੱਖਣੀ ਕੋਰੀਆ ’ਚ। ਹਾਲਾਂਕਿ ਆਸਟ੍ਰੇਲੀਆ ਅਤੇ ਯੂ. ਕੇ. ’ਚ ਗਿਰਾਵਟ ਦਾ ਰੁਝਾਨ ਦਿਸਿਆ।
-ਅੰਨੋਨਾ ਦੱਤ