ਸਹੀ ਨਿਸ਼ਾਨੇ ’ਤੇ ਨਜ਼ਰ...!

Saturday, May 16, 2026 - 05:24 PM (IST)

ਸਹੀ ਨਿਸ਼ਾਨੇ ’ਤੇ ਨਜ਼ਰ...!

ਕੁਝ ਸਾਲ ਪਹਿਲਾਂ, ਮੈਂ ਇਕ ਬਹੁਤ ਲੰਬੇ ਪ੍ਰੇਰਣਾਦਾਇਕ ਭਾਸ਼ਣ ’ਚ ਬੈਠਾ ਸੀ। ਬੁਲਾਰਾ ਸਖ਼ਤ ਮਿਹਨਤ ਬਾਰੇ ਭਾਵੁਕ ਹੋ ਕੇ ਚਿੱਲਾਇਆ, ‘‘ਸਖ਼ਤ ਮਿਹਨਤ ਕਰੋ!’’ ਉਸ ਨੇ ਗਰਜਦੇ ਹੋਏ ਕਿਹਾ, ‘‘ਸਫ਼ਲਤਾ ਸਿਰਫ ਸਖ਼ਤ ਮਿਹਨਤ ਨਾਲ ਹੀ ਮਿਲਦੀ ਹੈ!’’

ਲੱਗਭਗ ਇਕ ਘੰਟੇ ਤੱਕ ਉਸ ਨੇ ਆਲਸ ’ਤੇ ਹਮਲਾ ਕੀਤਾ, ਅਨੁਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਸ਼ਾਇਦ ਅੱਧੀ ਭੀੜ ਨੂੰ ਡਾਇਰੀ ਖਰੀਦਣ ਅਤੇ ਸਵੇਰੇ 5 ਵਜੇ ਉੱਠਣ ਲਈ ਡਰਾ ਦਿੱਤਾ। ਅੰਤ ’ਚ ਪ੍ਰਬੰਧਕ ਨੇ ਮੇਰੇ ਵੱਲ ਦੇਖਿਆ ਅਤੇ ਪੁੱਛਿਆ, ‘‘ਬੌਬ, ਕੀ ਤੁਹਾਡੇ ਕੋਲ ਜੋੜਨ ਲਈ ਕੁਝ ਹੈ?’’ ‘‘ਹਾਂ,’’ ਮੈਂ ਕਿਹਾ, ‘‘ਆਪਣੀ ਨਜ਼ਰ ਨਿਸ਼ਾਨੇ ’ਤੇ ਰੱਖੋ!’’ ਫਿਰ ਥੋੜ੍ਹਾ ਰੁਕ ਕੇ ਮੈਂ ਜੋੜਿਆ, ‘‘ਅਤੇ ਆਪਣੀ ਨਜ਼ਰ ਸਹੀ ਨਿਸ਼ਾਨੇ ’ਤੇ ਰੱਖੋ!’’ ਜੰਗਲ ’ਚ ਇਕ ਸ਼ਾਨਦਾਰ ਬਾਰਾਸਿੰਙਾ ਦਾ ਪਿੱਛਾ ਕਰਦੇ ਹੋਏ ਸ਼ਿਕਾਰੀ ਕੁੱਤੇ ਦੀ ਇਕ ਪੁਰਾਣੀ ਕਹਾਣੀ ਹੈ। ਅਚਾਨਕ ਇਕ ਲੂੰਬੜੀ ਉਸ ਦੇ ਰਸਤੇ ’ਚ ਆ ਗਈ, ਤਾਂ ਕੁੱਤੇ ਨੇ ਬਾਰਾਸਿੰਙੇ ਨੂੰ ਭੁਲਾ ਦਿੱਤਾ ਅਤੇ ਲੂੰਬੜੀ ਦਾ ਪਿੱਛਾ ਕਰਨ ਲੱਗਾ। ਫਿਰ ਇਕ ਖ਼ਰਗੋਸ਼ ਦਿਖਾਈ ਦਿੱਤਾ। ਕੁੱਤੇ ਨੇ ਲੂੰਬੜੀ ਨੂੰ ਭੁਲਾ ਦਿੱਤਾ ਅਤੇ ਖ਼ਰਗੋਸ਼ ਦਾ ਪਿੱਛਾ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਇਕ ਚੂਹਾ ਰਸਤੇ ’ਚੋਂ ਲੰਘਿਆ। ਕੁੱਤੇ ਨੇ ਖ਼ਰਗੋਸ਼ ਨੂੰ ਭੁਲਾ ਦਿੱਤਾ ਅਤੇ ਚੂਹੇ ਦਾ ਪਿੱਛਾ ਕਰਨ ਲੱਗਾ, ਜੋ ਇਕ ਖੁੱਡ ’ਚ ਵੜ ਗਿਆ। ਉਸ ਵਿਚਾਰੇ ਜੀਵ ਦੀ ਕਲਪਨਾ ਕਰੋ। ਉਸ ਨੇ ਦਿਨ ਦੀ ਸ਼ੁਰੂਆਤ ਮਹਾਨਤਾ ਦਾ ਪਿੱਛਾ ਕਰਦੇ ਹੋਏ ਕੀਤੀ ਅਤੇ ਅੰਤ ਇਕ ਚੂਹੇ ਦੀ ਖੁੱਡ ’ਚ ਝਾਕਦੇ ਹੋਏ ਕੀਤਾ। ਸਾਡੇ ’ਚੋਂ ਬਹੁਤ ਸਾਰੇ ਲੋਕ ਅਜਿਹਾ ਹੀ ਕਰਦੇ ਹਨ। ਅਸੀਂ ਜੀਵਨ ਦੀ ਸ਼ੁਰੂਆਤ ਸੁਪਨਿਆਂ ਅਤੇ ਉਦੇਸ਼ਾਂ ਨਾਲ ਕਰਦੇ ਹਾਂ, ਫਿਰ ਹਰ ਲੰਘਦੇ ਲਾਲਚ, ਡਰ, ਸ਼ਾਰਟਕੱਟ ਅਤੇ ਚਮਕਦੀ ਵਸਤੂ ਕਾਰਨ ਭਟਕ ਜਾਂਦੇ ਹਾਂ। ਅਤੇ ਦੁੱਖ ਦੀ ਗੱਲ ਹੈ ਕਿ ਅੱਜ ਰਾਜਨੀਤੀ ਵੀ ਅਜਿਹੀ ਹੀ ਹੋ ਗਈ ਹੈ। ਰਾਸ਼ਟਰ ਨਿਰਮਾਣ ’ਤੇ ਨਜ਼ਰ ਰੱਖਣ ਦੀ ਬਜਾਏ, ਕਈ ਆਗੂ ਸਿਰਫ ਅਗਲੀ ਚੋਣ ਜਿੱਤਣ ’ਤੇ ਹੀ ਆਪਣੀ ਨਜ਼ਰ ਰੱਖਦੇ ਹਨ ਅਤੇ ਇਕ ਵਾਰ ਜਦੋਂ ਜਿੱਤ ਹੀ ਇਕੋ-ਇਕ ਨਿਸ਼ਾਨਾ ਬਣ ਜਾਂਦੀ ਹੈ, ਤਾਂ ਹਰ ਜਗ੍ਹਾ ਸ਼ਾਰਟਕੱਟ ਦਿਖਾਈ ਦੇਣ ਲੱਗਦੇ ਹਨ। ਧੋਖਾਦੇਹੀ, ਹੇਰਾਫੇਰੀ, ਝੂਠੇ ਵਾਅਦੇ, ਵੰਡ, ਡਰ। ਹਰ ਸੰਭਵ ਹੱਥਕੰਡੇ ਦੀ ਵਰਤੋਂ ਕਰੋ, ਕਿਸੇ ਤਰ੍ਹਾਂ ਸੱਤਾ ਹਥਿਆਓ ਅਤੇ ਜਿੱਤ ਦਾ ਜਸ਼ਨ ਮਨਾਓ ਪਰ ਸ਼ਾਰਟਕੱਟ ਵਾਲੀ ਜਿੱਤ ਕਮਜ਼ੋਰ ਆਗੂ ਪੈਦਾ ਕਰਦੀ ਹੈ। ਜਿਹੜਾ ਵਿਅਕਤੀ ਧੋਖਾਦੇਹੀ ਦੇ ਜ਼ਰੀਏ ਸਿਖਰ ’ਤੇ ਪਹੁੰਚਦਾ ਹੈ, ਉਹ ਹਮੇਸ਼ਾ ਇਸ ਗੱਲ ਤੋਂ ਡਰਦਾ ਹੈ ਕਿ ਕੋਈ ਹੋਰ ਵੀ ਉਸ ਨਾਲ ਅਜਿਹਾ ਹੀ ਧੋਖਾ ਕਰੇਗਾ।

ਵੰਡ ਦੇ ਜ਼ਰੀਏ ਉੱਪਰ ਆਉਣ ਵਾਲੇ ਆਗੂ ਨੂੰ ਜਿਊਂਦੇ ਰਹਿਣ ਲਈ ਲੋਕਾਂ ਨੂੰ ਵੰਡਦੇ ਰਹਿਣਾ ਪੈਂਦਾ ਹੈ। ਅਤੇ ਜੋ ਦੂਜਿਆਂ ਨੂੰ ਫਸਾਉਂਦੇ ਹਨ, ਉਹ ਅੰਤ ’ਚ ਖੁਦ ਹੀ ਜਾਲ ਵਿਚ ਡਿੱਗ ਜਾਂਦੇ ਹਨ। ਅਸਲ ਲੀਡਰਸ਼ਿਪ ਹੌਲੀ-ਹੌਲੀ ਬਣਦੀ ਹੈ। ਮਾਸਪੇਸ਼ੀ ਵਾਂਗ। ਚਰਿੱਤਰ ਵਾਂਗ। ਵਿਸ਼ਵਾਸ ਵਾਂਗ। ਇਸ ’ਚ ਸਮਾਂ ਲੱਗਦਾ ਹੈ।

ਸਾਲਾਂ ਪਹਿਲਾਂ ਤੈਰਾਕ ਫਲੋਰੈਂਸ ਚੈਡਵਿਕ ਨੇ ਸੰਘਣੀ ਧੁੰਦ ਦੇ ਵਿਚਾਲੇ ਕੈਟਾਲੀਨਾ ਟਾਪੂ ਤੋਂ ਕੈਲੀਫੋਰਨੀਆ ਤੱਟ ਤੱਕ ਤੈਰਨ ਦੀ ਕੋਸ਼ਿਸ਼ ਕੀਤੀ ਸੀ। ਥਕਾ ਦੇਣ ਵਾਲੇ 15 ਘੰਟਿਆਂ ਤੋਂ ਬਾਅਦ ਉਸ ਨੇ ਹਾਰ ਮੰਨ ਲਈ। ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਉਹ ਤੱਟ ਤੋਂ ਅੱਧੇ ਮੀਲ ਤੋਂ ਵੀ ਘੱਟ ਦੂਰੀ ’ਤੇ ਸੀ। ‘‘ਇਹ ਧੁੰਦ ਦੇ ਕਾਰਨ ਸੀ,’’ ਉਸ ਨੇ ਬਾਅਦ ’ਚ ਸਮਝਿਆ, ‘‘ਜੇ ਮੈਂ ਤੱਟ ਦੇਖ ਪਾਉਂਦੀ, ਤਾਂ ਮੈਂ ਇਸ ਨੂੰ ਪੂਰਾ ਕਰ ਲੈਂਦੀ।’’

2 ਮਹੀਨੇ ਬਾਅਦ ਉਸ ਨੇ ਫਿਰ ਕੋਸ਼ਿਸ਼ ਕੀਤੀ ਅਤੇ ਸਫ਼ਲ ਰਹੀ, ਕਿਉਂਕਿ ਉਸ ਨੇ ਤੱਟ ਨੂੰ ਆਪਣੇ ਦਿਮਾਗ ’ਚ ਸਥਿਰ ਰੱਖਿਆ ਸੀ। ਇਕ ਦੇਸ਼ ਨੂੰ ਆਪਣੀਆਂ ਨਜ਼ਰਾਂ ਅਸਲੀ ਤੱਟ ’ਤੇ ਰੱਖਣੀਆਂ ਚਾਹੀਦੀਆਂ ਹਨ। ਸਿੱਖਿਆ, ਇਮਾਨਦਾਰੀ, ਨੌਕਰੀਆਂ, ਸਿਹਤ, ਨਿਆਂ, ਸ਼ਾਂਤੀ, ਨਾ ਕਿ ਬੇਅੰਤ ਭਟਕਾਅ ਅਤੇ ਰਾਜਨੀਤਿਕ ਤਮਾਸ਼ਾ।

ਕਿਉਂਕਿ ਜਦੋਂ ਆਗੂ ਅਸਲੀ ਨਿਸ਼ਾਨੇ ਤੋਂ ਨਜ਼ਰ ਹਟਾ ਲੈਂਦੇ ਹਨ, ਤਾਂ ਪੂਰਾ ਦੇਸ਼ ਬਾਰਾਸਿੰਙਿਆਂ ਦੀ ਬਜਾਏ ਚੂਹਿਆਂ ਦਾ ਪਿੱਛਾ ਕਰਨ ਲੱਗਦਾ ਹੈ। ਸ਼ਾਰਟਕੱਟ ਨਾਲ ਤੁਰੰਤ ਜਿੱਤ ਤਾਂ ਮਿਲਦੀ ਹੈ ਪਰ ਸ਼ਾਇਦ ਹੀ ਕਦੇ ਸਥਾਈ ਸਫ਼ਲਤਾ। ਅਤੇ ਧੋਖਾਦੇਹੀ ਦੇ ਤਰੀਕਿਆਂ ਨਾਲ ਉੱਪਰ ਚੜ੍ਹਨ ਵਾਲੇ ਕਈ ਲੋਕ, ਅੰਤ ’ਚ ਪਾਉਂਦੇ ਹਨ ਕਿ ਉਨ੍ਹਾਂ ਨੇ ਆਪਣਾ ‘ਜਿੱਤ’ ਦਾ ਸਿੰਘਾਸਨ ਇਕ ‘ਟ੍ਰੈਪਡੋਰ’ (ਧੋਖੇ ਦੇ ਦਰਵਾਜ਼ੇ) ’ਤੇ ਬਣਾਇਆ ਹੈ...!

-ਰਾਬਰਟ ਕਲੀਮੈਂਟਸ


author

Anmol Tagra

Content Editor

Related News