ਯੂਰਪ ’ਚ ਬਦਲਦਾ ਮੌਸਮ : ਵਾਤਾਵਰਣ ਦੇ ਮਾੜੇ ਪ੍ਰਬੰਧ ਅਤੇ ਜਲਵਾਯੂ ਤਬਦੀਲੀ ਦੀ ਮਾਰ!

Monday, Jul 06, 2026 - 03:58 PM (IST)

ਯੂਰਪ ’ਚ ਬਦਲਦਾ ਮੌਸਮ : ਵਾਤਾਵਰਣ ਦੇ ਮਾੜੇ ਪ੍ਰਬੰਧ ਅਤੇ ਜਲਵਾਯੂ ਤਬਦੀਲੀ ਦੀ ਮਾਰ!

ਅੱਜ ਵਿਸ਼ਵ ਮੌਸਮ ਦੀ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਮਹੀਨੇ ਤੋਂ ਯੂਰਪ ਇਕ ਬੇਮਿਸਾਲ ਗਰਮੀ ਦੀ ਲਹਿਰ (ਹੀਟਵੇਵ) ਨਾਲ ਜੂਝ ਰਿਹਾ ਹੈ। ਫਰਾਂਸ, ਜਰਮਨੀ, ਸਪੇਨ, ਇਟਲੀ, ਬ੍ਰਿਟੇਨ ਸਮੇਤ ਕਈ ਦੇਸ਼ਾਂ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ ਹੈ। ਸਪੇਨ ਅਤੇ ਫਰਾਂਸ ’ਚ ਤਾਂ 45 ਡਿਗਰੀ ਦੇ ਪਾਰ ਰਿਕਾਰਡ ਟੁੱਟੇ ਹਨ। ਰਾਤਾਂ ਵੀ ਅਸਾਧਾਰਨ ਰੂਪ ’ਚ ਗਰਮ ਰਹੀਆਂ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ. ਐੱਮ. ਓ.) ਅਤੇ ਵਰਲਡ ਵੈਦਰ ਐਟਰੀਬਿਊਸ਼ਨ (ਡਬਲਯੂ. ਡਬਲਯੂ. ਏ.) ਦੇ ਅਧਿਐਨਾਂ ਅਨੁਸਾਰ, ਇਹ ਹੀਟਵੇਵ ਮਨੁੱਖ ਵਲੋਂ ਪੈਦਾ ਕੀਤੀ ਜਲਵਾਯੂ ਤਬਦੀਲੀ ਤੋਂ ਬਿਨਾਂ ਲਗਭਗ ਅਸੰਭਵ ਹੁੰਦੀ। 1976 ’ਚ ਅਜਿਹੀ ਸਥਿਤੀ ਕਲਪਨਾ ਤੋਂ ਪਰ੍ਹੇ ਸੀ, ਪਰ ਅੱਜ ਇਹ ਆਮ ਹੁੰਦੀ ਜਾ ਰਹੀ ਹੈ। ਯੂਰਪ, ਜੋ ਕਦੇ ਠੰਢੇ ਮੌਸਮ ਲਈ ਜਾਣਿਆ ਜਾਂਦਾ ਸੀ, ਹੁਣ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਂਦੀਪ ਬਣ ਗਿਆ ਹੈ। 1980 ਦੇ ਦਹਾਕੇ ਤੋਂ ਇੱਥੇ ਤਾਪਮਾਨ ਸੰਸਾਰ ਦੀ ਔਸਤ ਨਾਲੋਂ ਦੋ ਗੁਣਾ ਤੇਜ਼ੀ ਨਾਲ ਵਧ ਰਿਹਾ ਹੈ। ਸਾਲ 2024-2026 ਦੇ ਵਰ੍ਹਿਆਂ ’ਚ ਰਿਕਾਰਡ ਗਰਮੀ, ਸੋਕੇ, ਜੰਗਲਾਂ ਦੀ ਅੱਗ ਅਤੇ ਹੜ੍ਹਾਂ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ। ਜੂਨ 2026 ਦੀ ਗਰਮੀ ’ਚ ਯੂਰਪ ’ਚ ਹਜ਼ਾਰਾਂ ਵਾਧੂ ਮੌਤਾਂ ਦਰਜ ਕੀਤੀਆਂ ਗਈਆਂ। ਇਸ ਸਭ ਦਾ ਅਨੁਮਾਨਿਤ ਆਰਥਿਕ ਨੁਕਸਾਨ ਅਰਬਾਂ ਯੂਰੋ ਦਾ ਹੈ। 1980 ਤੋਂ 2024 ਦੇ ਵਿਚਾਲੇ ਯੂਰਪ ’ਚ ਜਲਵਾਯੂ ਨਾਲ ਸਬੰਧਤ ਘਟਨਾਵਾਂ ਕਾਰਨ 822 ਬਿਲੀਅਨ ਯੂਰੋ ਦਾ ਨੁਕਸਾਨ ਹੋਇਆ, ਜਿਸ ’ਚ ਹਾਲ ਹੀ ਦੇ ਸਾਲਾਂ ’ਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ। ਇਹ ਸਿਰਫ਼ ਯੂਰਪ ਦੀ ਸਮੱਸਿਆ ਨਹੀਂ ਹੈ। ਏਸ਼ੀਆ, ਅਫ਼ਰੀਕਾ ਅਤੇ ਅਮਰੀਕਾ ’ਚ ਵੀ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ।

ਪਾਕਿਸਤਾਨ, ਭਾਰਤ, ਚੀਨ ’ਚ ਹੜ੍ਹ ਅਤੇ ਸੋਕੇ ਦੀਆਂ ਘਟਨਾਵਾਂ ਵਧੀਆਂ ਹਨ। ਅਮਰੀਕਾ ’ਚ ਤੂਫ਼ਾਨ ਅਤੇ ਜੰਗਲਾਂ ਦੀ ਅੱਗ ਆਮ ਹੋ ਗਈ ਹੈ। ਆਸਟ੍ਰੇਲੀਆ ’ਚ ਲੰਬੇ ਸੋਕੇ ਅਤੇ ਭਾਰਤ ’ਚ ਅਨਿਯਮਿਤ ਮਾਨਸੂਨ ਨੇ ਖੇਤੀਬਾੜੀ ਅਤੇ ਜਲ ਸਰੋਤਾਂ ਨੂੰ ਪ੍ਰਭਾਵਿਤ ਕੀਤਾ ਹੈ। ਗਲੋਬਲ ਪੱਧਰ ’ਤੇ ਬੇਹੱਦ ਖ਼ਰਾਬ ਮੌਸਮ ਦੀਆਂ ਘਟਨਾਵਾਂ ਦੀ ਪ੍ਰਵਿਰਤੀ ਅਤੇ ਤੀਬਰਤਾ ਵਧ ਰਹੀ ਹੈ। ਹੀਟਵੇਵ, ਭਾਰੀ ਬਾਰਿਸ਼, ਸੋਕਾ, ਤੂਫ਼ਾਨ ਵਰਗੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲਵਾਯੂ ਪਰਿਵਰਤਨ ’ਤੇ ਅੰਤਰ-ਸਰਕਾਰੀ ਪੈਨਲ ਅਤੇ ਹੋਰ ਰਿਪੋਰਟਾਂ ਅਨੁਸਾਰ, 1.1-1.4 ਡਿਗਰੀ ਸੈਲਸੀਅਸ ਦੀ ਗਲੋਬਲ ਵਾਰਮਿੰਗ ਨੇ ਇਨ੍ਹਾਂ ਘਟਨਾਵਾਂ ਦੀ ਸੰਭਾਵਨਾ ਨੂੰ ਦਰਜਨਾਂ ਗੁਣਾ ਵਧਾ ਦਿੱਤਾ ਹੈ। ਦੇਖਿਆ ਜਾਵੇ ਤਾਂ ਜਲਵਾਯੂ ਪਰਿਵਰਤਨ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਹਨ। ਜੀਵਾਸ਼ਮ ਈਂਧਨ (ਕੋਲਾ, ਤੇਲ, ਗੈਸ) ਬਾਲਣਾ ਬਿਜਲੀ ਉਤਪਾਦਨ, ਟ੍ਰਾਂਸਪੋਰਟ ਅਤੇ ਉਦਯੋਗਾਂ ’ਚ ਮੁੱਖ ਜ਼ਿੰਮੇਵਾਰ ਹੈ। ਇਹ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਕਰਦਾ ਹੈ, ਜੋ ਧਰਤੀ ਦੀ ਗਰਮੀ ਨੂੰ ਅੰਦਰ ਹੀ ਰੋਕ ਲੈਂਦੀਆਂ ਹਨ। ਤੇਜ਼ੀ ਨਾਲ ਹੋ ਰਹੀ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਇਸ ਦਾ ਦੂਜਾ ਵੱਡਾ ਕਾਰਨ ਹੈ। ਇਕ ਅਨੁਮਾਨ ਅਨੁਸਾਰ ਹਰ ਸਾਲ ਕਰੋੜਾਂ ਹੈਕਟੇਅਰ ਜੰਗਲ ਨਸ਼ਟ ਹੁੰਦੇ ਹਨ, ਜੋ ਨਾ ਸਿਰਫ਼ CO2​ ਨੂੰ ਸੋਖਣ ਦੀ ਸਮੱਰਥਾ ਘਟਾਉਂਦੇ ਹਨ, ਸਗੋਂ ਆਪਣੇ ਅੰਦਰ ਜਮ੍ਹਾ ਕਾਰਬਨ ਵੀ ਵਾਯੂਮੰਡਲ ’ਚ ਛੱਡ ਦਿੰਦੇ ਹਨ। ਖੇਤੀਬਾੜੀ, ਪਸ਼ੂ ਪਾਲਣ, ਮੀਥੇਨ ਗੈਸ ਅਤੇ ਜ਼ਮੀਨ ਦੀ ਵਰਤੋਂ ’ਚ ਬਦਲਾਅ ਕੁੱਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਦੇ ਲਗਭਗ ਇਕ ਤਿਹਾਈ ਹਿੱਸੇ ਲਈ ਜ਼ਿੰਮੇਵਾਰ ਹਨ। ਇਕ ਖੋਜ ਅਨੁਸਾਰ ਪਿਛਲੇ 3 ਸਾਲਾਂ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਨਾਲ ਦੇਸ਼ ਭਰ ’ਚ ਇਕ ਅਨੁਮਾਨ ਮੁਤਾਬਕ 28 ਲੱਖ ਰੁੱਖ ਕੱਟੇ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਹ ਆਤਮਘਾਤੀ ਨੀਤੀ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਾਨਲੇਵਾ ਸਾਬਤ ਹੋਵੇਗੀ।

ਵਾਤਾਵਰਣ ਪ੍ਰਬੰਧਨ ਦੀ ਕਮੀ ਇਨ੍ਹਾਂ ਸਮੱਸਿਆਵਾਂ ਨੂੰ ਹੋਰ ਵਧਾਉਂਦੀ ਹੈ। ਜ਼ਿਕਰਯੋਗ ਹੈ ਕਿ ਕਈ ਵਿਕਸਿਤ ਦੇਸ਼ਾਂ ’ਚ ਵੀ, ਜਿੱਥੇ ਤਕਨੀਕ ਅਤੇ ਨੀਤੀਆਂ ਉਪਲਬਧ ਹਨ, ਉੱਥੇ ਲਾਗੂਕਰਨ ਕਮਜ਼ੋਰ ਹੈ ਅਤੇ ਵਾਹਨ ਵੀ ਅਜਿਹੇ ਕੁਪ੍ਰਬੰਧਨ ਕਾਰਨ ਵਾਤਾਵਰਣ ਅਤੇ ਮੌਸਮ ’ਤੇ ਮਾੜਾ ਅਸਰ ਪਾ ਰਹੇ ਹਨ। ਯੂਰਪ ’ਚ ਨਵਿਆਉਣਯੋਗ ਊਰਜਾ ਵਧ ਰਹੀ ਹੈ, ਪਰ ਕੋਲੇ ਅਤੇ ਗੈਸ ’ਤੇ ਨਿਰਭਰਤਾ ਅਜੇ ਵੀ ਬਣੀ ਹੋਈ ਹੈ। ਵਿਕਾਸਸ਼ੀਲ ਦੇਸ਼ਾਂ ’ਚ ਜੰਗਲਾਤ ਦੀ ਸੰਭਾਲ, ਕੂੜਾ ਪ੍ਰਬੰਧਨ ਅਤੇ ਟਿਕਾਊ ਵਿਕਾਸ ਦੀ ਅਣਦੇਖੀ ਕੀਤੀ ਜਾਂਦੀ ਹੈ। ਉਦਯੋਗਿਕ ਪ੍ਰਦੂਸ਼ਣ, ਗ਼ੈਰ-ਯੋਜਨਾਬੱਧ ਸ਼ਹਿਰੀਕਰਨ, ਪਲਾਸਟਿਕ ਅਤੇ ਕੂੜੇ ਦਾ ਗ਼ਲਤ ਨਿਪਟਾਰਾ ਅਤੇ ਨਦੀਆਂ ਦਾ ਪ੍ਰਦੂਸ਼ਣ-ਇਹ ਸਾਰੇ ਕਾਰਕ ਕੁਦਰਤੀ ਸੰਤੁਲਨ ਵਿਗਾੜ ਰਹੇ ਹਨ। ਮਾਹਿਰ ਮੰਨਦੇ ਹਨ ਕਿ ਜਲਵਾਯੂ ਪਰਿਵਰਤਨ ਦੇ ਹੋਰ ਕਾਰਕ ਵੀ ਹਨ, ਜਿਵੇਂ ਕਿ ਕੁਦਰਤੀ ਚੱਕਰ, ਪਰ ਵਿਗਿਆਨਕ ਸਹਿਮਤੀ ਇਹ ਹੈ ਕਿ ਮਨੁੱਖੀ ਕਾਰਕ ਹੀ ਮੁੱਖ ਹਨ। 50 ਸਾਲਾਂ ’ਚ ਗਰਮੀ ਦੀਆਂ ਘਟਨਾਵਾਂ ਦੀ ਸੰਭਾਵਨਾ ਸੈਂਕੜੇ ਗੁਣਾ ਵਧ ਗਈ ਹੈ। ਗ਼ਲਤ ਪ੍ਰਬੰਧਨ ਦਾ ਮਤਲਬ ਹੈ ਕਿ ਅਨੁਕੂਲਤਾ ਅਤੇ ਸ਼ਮਨ ਦੋਵਾਂ ’ਚ ਕਮੀ। ਯੂਰਪ ਵਰਗੇ ਮਹਾਦੀਪ ’ਚ ਵੀ ਏਅਰ ਕੰਡੀਸ਼ਨਿੰਗ, ਸਿਹਤ ਸੇਵਾਵਾਂ ਅਤੇ ਇੰਫਰਾਸਟਰੱਕਚਰ ਅਜਿਹੀ ਗਰਮੀ ਲਈ ਤਿਆਰ ਨਹੀਂ ਸਨ, ਜਿਸ ਕਾਰਨ ਉੱਥੇ ਮੌਤਾਂ ਵਧੀਆਂ। ਕੁਝ ਵਿਕਾਸਸ਼ੀਲ ਦੇਸ਼ਾਂ ’ਚ ਤਾਂ ਸਥਿਤੀ ਹੋਰ ਵੀ ਮਾੜੀ ਹੈ। ਉੱਥੇ ਹੜ੍ਹਾਂ ਨਾਲ ਫ਼ਸਲਾਂ ਤਬਾਹ ਹੋ ਰਹੀਆਂ ਹਨ, ਸੋਕੇ ਨਾਲ ਪਾਣੀ ਦਾ ਸੰਕਟ ਪੈਦਾ ਹੋ ਰਿਹਾ ਹੈ ਅਤੇ ਸਿਹਤ ਦੇ ਖ਼ਤਰੇ ਵਧ ਰਹੇ ਹਨ।

ਯੂਰਪ ਅਤੇ ਅਮਰੀਕਾ ’ਚ ਗਰਮੀ ਕਾਰਨ ਜੰਗਲਾਂ ਦੀ ਅੱਗ, ਸੋਕਾ ਅਤੇ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਆਰਕਟਿਕ ਖੇਤਰ ਤੱਕ ਗਰਮੀ ਪਹੁੰਚ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਹਨ। ਸਮੁੰਦਰ ਦਾ ਪੱਧਰ ਵਧ ਰਿਹਾ ਹੈ ਅਤੇ ਤੱਟਵਰਤੀ ਖੇਤਰ ਖ਼ਤਰੇ ’ਚ ਹਨ। ਸਿਹਤ ’ਤੇ ਗੰਭੀਰ ਪ੍ਰਭਾਵ ਪੈ ਰਹੇ ਹਨ -ਹੀਟ ਸਟ੍ਰੋਕ, ਸਾਹ ਦੇ ਰੋਗ, ਪਾਣੀ ਨਾਲ ਜੁੜੀਆਂ ਬਿਮਾਰੀਆਂ ਵਧ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ, 2022 ’ਚ ਯੂਰਪ ’ਚ 60,000 ਤੋਂ ਵੱਧ ਮੌਤਾਂ ਗਰਮੀ ਕਾਰਨ ਹੋਈਆਂ ਅਤੇ ਅਨੁਮਾਨ ਹੈ ਕਿ 2050 ਤੱਕ ਇਹ ਗਿਣਤੀ ਦੁੱਗਣੀ ਹੋ ਸਕਦੀ ਹੈ। ਹੋਰਨਾਂ ਦੇਸ਼ਾਂ ’ਚ ਵੀ ਇਹੀ ਕਹਾਣੀ ਹੈ। ਭਾਰਤ ਵਰਗੇ ਦੇਸ਼ਾਂ ’ਚ ਅਨਿਯਮਿਤ ਬਾਰਿਸ਼ ਨਾਲ ਖੇਤੀਬਾੜੀ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਗਰੀਬ ਕਿਸਾਨ ਸਭ ਤੋਂ ਵੱਧ ਪੀੜਤ ਹੁੰਦਾ ਹੈ। ਅਫ਼ਰੀਕਾ ’ਚ ਸੋਕਾ ਭੁੱਖਮਰੀ ਵਧਾ ਰਿਹਾ ਹੈ। ਗਲੋਬਲ ਪੱਧਰ ’ਤੇ ਜਲਵਾਯੂ ਸ਼ਰਨਾਰਥੀ ਵਧ ਰਹੇ ਹਨ। ਅਜਿਹੇ ’ਚ ਕਈ ਦੇਸ਼ਾਂ ’ਚ ਆਰਥਿਕ ਨੁਕਸਾਨ ਉੱਥੋਂ ਦੀ ਜੀ. ਡੀ. ਪੀ. ਦਾ ਫੀਸਦੀ ਵਿਗਾੜ ਰਿਹਾ ਹੈ। ਵਾਤਾਵਰਣ ਪ੍ਰਬੰਧਨ ਦੀ ਅਸਫਲਤਾ ਸਿਆਸੀ ਇੱਛਾ ਸ਼ਕਤੀ ਦੀ ਕਮੀ, ਲਾਬਿੰਗ (ਫਾਸਿਲ ਫਿਊਲ ਕੰਪਨੀਆਂ) ਅਤੇ ਥੋੜ੍ਹੇ ਸਮੇਂ ਦੇ ਮੁਨਾਫ਼ੇ ਦੀ ਸੋਚ ਤੋਂ ਪੈਦਾ ਹੋਈ ਹੈ। ਪੈਰਿਸ ਸਮਝੌਤੇ ਦੇ ਬਾਵਜੂਦ ਨਿਕਾਸ ਘੱਟ ਨਹੀਂ ਹੋ ਰਿਹਾ। ਅਜਿਹੇ ’ਚ ਵਿਕਸਿਤ ਦੇਸ਼ਾਂ ਨੂੰ ਪਹਿਲ ਕਰਨੀ ਚਾਹੀਦੀ ਹੈ, ਪਰ ਉਹ ਵੀ ਆਪਣੇ ਟੀਚਿਆਂ ਤੋਂ ਪਿੱਛੇ ਚੱਲ ਰਹੇ ਹਨ। ਮਾਹਿਰਾਂ ਅਨੁਸਾਰ ਇਸ ਸੰਕਟ ਦਾ ਹੱਲ ਸਪੱਸ਼ਟ ਹੈ। ਜੀਵਾਸ਼ਮ ਈਂਧਨ ਤੋਂ ਤੇਜ਼ੀ ਨਾਲ ਨਵਿਆਉਣਯੋਗ ਊਰਜਾ (ਸੌਰ, ਪਵਨ ਊਰਜਾ) ਵੱਲ ਵਧਿਆ ਜਾਵੇ।

ਜੰਗਲਾਂ ਦੀ ਰੱਖਿਆ ਅਤੇ ਮੁੜ-ਬਹਾਲੀ ਲਈ REDD+ ਵਰਗੇ ਪ੍ਰੋਗਰਾਮਾਂ ਨੂੰ ਮਜ਼ਬੂਤ ਕੀਤਾ ਜਾਵੇ। ਟਿਕਾਊ ਖੇਤੀ, ਹਰਿਤ ਟ੍ਰਾਂਸਪੋਰਟ ਅਤੇ ਕੂੜਾ ਪ੍ਰਬੰਧਨ ਨੂੰ ਉਤਸ਼ਾਹਿਤ ਕੀਤਾ ਜਾਵੇ। ਮਜ਼ਬੂਤ ਇੰਫਰਾਸਟਰੱਕਚਰ, ਪਾਣੀ ਦੀ ਸੰਭਾਲ ਅਤੇ ਸਿਹਤ ਸੇਵਾਵਾਂ ਦੀਆਂ ਤਿਆਰੀਆਂ ਨੂੰ ਦਰੁਸਤ ਕੀਤਾ ਜਾਵੇ। ਅਮੀਰ ਦੇਸ਼ਾਂ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਫੰਡ ਅਤੇ ਤਕਨੀਕ ਦਿੱਤੀ ਜਾਵੇ। ਭਾਰਤ ਵਰਗੇ ਦੇਸ਼ਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ (ਜਿਵੇਂ ਰੁੱਖਾਂ ਦੀ ਪੂਜਾ, ਸੰਤੁਲਿਤ ਜੀਵਨ) ਨੂੰ ਆਧੁਨਿਕ ਨੀਤੀਆਂ ਨਾਲ ਜੋੜਨਾ ਚਾਹੀਦਾ ਹੈ। ਯੂਰਪ ਦੀ ਗਰਮੀ ਸਿਰਫ਼ ਇਕ ਚਿਤਾਵਨੀ ਹੈ। ਜੇਕਰ ਅਸੀਂ ਖ਼ਰਾਬ ਵਾਤਾਵਰਣ ਪ੍ਰਬੰਧਨ ਅਤੇ ਲਾਪ੍ਰਵਾਹੀ ਜਾਰੀ ਰੱਖਾਂਗੇ, ਤਾਂ ਭਵਿੱਖ ’ਚ 50 ਡਿਗਰੀ ਤਾਪਮਾਨ, ਵਿਨਾਸ਼ਕਾਰੀ ਹੜ੍ਹ ਅਤੇ ਨਾ-ਬਦਲਣਯੋਗ ਨੁਕਸਾਨ ਆਮ ਗੱਲ ਹੋ ਜਾਣਗੇ। ਸਮਾਂ ਬਹੁਤ ਘੱਟ ਹੈ। 1.5 ਡਿਗਰੀ ਦਾ ਗਲੋਬਲ ਤਾਪਮਾਨ ਟੀਚਾ ਬਚਾਉਣਾ ਸੰਭਵ ਹੈ, ਪਰ ਇਸ ਦੇ ਲਈ ਤੁਰੰਤ, ਸਮੂਹਿਕ ਅਤੇ ਫੈਸਲਾਕੁੰਨ ਕਾਰਵਾਈ ਦੀ ਲੋੜ ਹੈ। ਅਜਿਹੇ ’ਚ ਸਰਕਾਰਾਂ, ਉਦਯੋਗਾਂ, ਨਾਗਰਿਕਾਂ- ਸਾਰਿਆਂ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਕੁਦਰਤ ਸਾਨੂੰ ਚਿਤਾਵਨੀ ਦੇ ਰਹੀ ਹੈ, ਹੁਣ ਅਣਦੇਖੀ ਕਰਨ ਦਾ ਸਮਾਂ ਨਹੀਂ ਬਚਿਆ। ਟਿਕਾਊ ਵਿਕਾਸ ਹੀ ਇਕਮਾਤਰ ਰਸਤਾ ਹੈ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
-ਵਿਨੀਤ ਨਾਰਾਇਣ


author

Shubam Kumar

Content Editor

Related News