ਜੰਗਬਾਜ਼ਾਂ ਦੀ ਬੰਧਕ ਨਾ ਬਣੇ ਵਿਸ਼ਵ ਵਿਵਸਥਾ

Saturday, Jul 11, 2026 - 05:42 PM (IST)

ਜੰਗਬਾਜ਼ਾਂ ਦੀ ਬੰਧਕ ਨਾ ਬਣੇ ਵਿਸ਼ਵ ਵਿਵਸਥਾ

ਮੱਧ ਪੂਰਬ ’ਚ ਸ਼ਾਂਤੀ ਅਤੇ ਸਥਿਰਤਾ ਦੀ ਉਮੀਦ ਨੂੰ ਫਿਰ ਤੋਂ ਗ੍ਰਹਿਣ ਲੱਗ ਗਿਆ ਹੈ। ਇਹ ਕੰਮ ਕਿਸੇ ਹੋਰ ਨੇ ਨਹੀਂ, ਸਗੋਂ ਉਨ੍ਹਾਂ ਲੋਕਾਂ ਨੇ ਹੀ ਕੀਤਾ ਹੈ, ਜਿਨ੍ਹਾਂ ਕੋਲੋਂ ਸ਼ਾਂਤੀ ਅਤੇ ਸਥਿਰਤਾ ਦੀ ਸਮਝਦਾਰੀ ਦੀ ਉਮੀਦ ਲਗਾਈ ਜਾ ਰਹੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਈਰਾਨੀ ਲੀਡਰਸ਼ਿਪ ਨੂੰ ਸਨਕੀ ਮੰਨਦੇ ਹਨ।

ਟ੍ਰੰਪ ਬਾਰੇ ਵੀ ਬਾਕੀ ਦੁਨੀਆ ਦੀ ਲਗਭਗ ਇਹੀ ਰਾਏ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਅਕਸ ਵੀ ਅਜਿਹਾ ਹੀ ਹੈ। ਅਸਲ ’ਚ ਇਹ ਤਿੰਨੋਂ ਮਿਲ ਕੇ ਬਾਕੀ ਦੁਨੀਆ ਦੀ ਵਿਵਸਥਾ ਨੂੰ ਆਪਣੀ ਸਨਕ ਦਾ ਬੰਧਕ ਬਣਾਉਂਦੇ ਦਿਖਾਈ ਦੇ ਰਹੇ ਹਨ। ਜੰਗਬੰਦੀ ਦੇ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਬਾਵਜੂਦ, ਜਿਸ ਤਰ੍ਹਾਂ ਅਮਰੀਕਾ ਅਤੇ ਈਰਾਨ ’ਚ 60 ਦਿਨਾਂ ਦਾ ਸ਼ਾਂਤੀ ਸਮਝੌਤਾ ਹੋਇਆ ਸੀ ਅਤੇ ਇਸ ਨੂੰ ਸਥਾਈ ਬਣਾਉਣ ਲਈ ਗੱਲਬਾਤ ਸ਼ੁਰੂ ਹੋਈ ਸੀ, ਉਸ ਨਾਲ ਵਿਸ਼ਵ ਵਿਵਸਥਾ ਬਹਾਲ ਹੋਣ ਦੀ ਉਮੀਦ ਬੱਝੀ ਸੀ ਪਰ ਅਚਾਨਕ ਫਿਰ ਇਕ-ਦੂਜੇ ’ਤੇ ਹਮਲੇ ਸ਼ੁਰੂ ਹੋ ਗਏ ਹਨ। ਜੰਗ ਲਈ ਕਿਸੇ ਇਕ ਧਿਰ ਨੂੰ ਦੋਸ਼ੀ ਠਹਿਰਾਉਣਾ ਸੌਖਾ ਨਹੀਂ ਹੁੰਦਾ ਪਰ ਕੋਈ ਘੱਟ ਦੋਸ਼ੀ ਹੁੰਦਾ ਹੈ, ਤਾਂ ਕੋਈ ਜ਼ਿਆਦਾ।

ਭਾਵੇਂ 28 ਫਰਵਰੀ ਨੂੰ ਈਰਾਨ ’ਤੇ ਅਮਰੀਕੀ-ਇਜ਼ਰਾਈਲੀ ਹਮਲਿਆਂ ਨਾਲ ਜੰਗ ਦੀ ਸ਼ੁਰੂਆਤ ਹੋਈ ਹੋਵੇ ਜਾਂ ਹੁਣ ਸ਼ਾਂਤੀ ਸਮਝੌਤਾ ਤੋੜ ਕੇ ਫਿਰ ਤੋਂ ਸ਼ੁਰੂ ਹੋਈ ਜੰਗ, ਅਮਰੀਕਾ ਅਤੇ ਖਾਸ ਕਰ ਕੇ ਉਸ ਦੇ ਬੜਬੋਲੇ ਰਾਸ਼ਟਰਪਤੀ ਟ੍ਰੰਪ ਮੁੱਖ ਖਲਨਾਇਕ ਨਜ਼ਰ ਆਉਂਦੇ ਹਨ। ਅਕਸਰ ਗੱਲਬਾਤ ਰਾਹੀਂ ਸਮੱਸਿਆ ਦੇ ਹੱਲ ਦਾ ਰਸਤਾ ਬੰਦ ਹੋ ਜਾਣ ’ਤੇ ਹੀ ਸੰਘਰਸ਼ ਸ਼ੁਰੂ ਹੁੰਦਾ ਹੈ ਪਰ ਅਮਰੀਕਾ ਅਤੇ ਇਜ਼ਰਾਈਲ ਨੇ 28 ਫਰਵਰੀ ਨੂੰ ਈਰਾਨ ’ਤੇ ਉਦੋਂ ਹਮਲਾ ਕਰ ਦਿੱਤਾ ਸੀ, ਜਦੋਂ ਪਹਿਲੇ ਦੌਰ ’ਚ ਕੁਝ ਮੁੱਦਿਆਂ ’ਤੇ ਸਹਿਮਤੀ ਬਣਨ ਤੋਂ ਬਾਅਦ ਗੱਲਬਾਤ ਦਾ ਦੂਜਾ ਦੌਰ ਤੈਅ ਹੋ ਗਿਆ ਸੀ।

ਈਰਾਨ ’ਤੇ ਹਮਲੇ ਦੇ ਪੱਖ ’ਚ ਟ੍ਰੰਪ ਅਤੇ ਨੇਤਨਯਾਹੂ ਨੇ ਜੋ ਤਰਕ ਦਿੱਤੇ, ਉਹ ਵੀ ਉਨ੍ਹਾਂ ਦੇ ਸਮਰਥਕ ਦੇਸ਼ਾਂ ਤੋਂ ਇਲਾਵਾ ਸ਼ਾਇਦ ਹੀ ਕਿਸੇ ਹੋਰ ਦੇ ਗਲੇ ਉੱਤਰੇ ਹੋਣ। ਪਹਿਲੇ ਹੀ ਦਿਨ ਸੁਪਰੀਮ ਲੀਡਰ ਅਯਾਤੁੱਲਾ ਖਾਮੇਨੇਈ ਸਮੇਤ ਤਿੰਨ ਦਰਜਨ ਤੋਂ ਵੱਧ ਸੀਨੀਅਰ ਆਗੂਆਂ-ਅਹੁਦੇਦਾਰਾਂ ਨੂੰ ਮਾਰਨ ਅਤੇ ਬਾਅਦ ’ਚ ਈਰਾਨ ਦੀ ਫ਼ੌਜੀ ਸ਼ਕਤੀ ਨੂੰ ਲਗਭਗ ਖ਼ਤਮ ਕਰਨ ਦੇ ਦਾਅਵਿਆਂ ਦੇ ਬਾਵਜੂਦ ਸੱਤ ਅਪ੍ਰੈਲ ਨੂੰ ਹੋਈ ਜੰਗਬੰਦੀ ਦੱਸਦੀ ਹੈ ਕਿ ਸ਼ਕਤੀਸ਼ਾਲੀ ਅਮਰੀਕਾ ਅਤੇ ਇਜ਼ਰਾਈਲ ਲੋੜੀਂਦੇ ਨਤੀਜੇ ਹਾਸਲ ਕਰਨ ’ਚ ਅਸਫ਼ਲ ਰਹੇ।

ਇਜ਼ਰਾਈਲ ਨੇ ਤਾਂ ਜੰਗਬੰਦੀ ਨਾਲ ਅਸਹਿਮਤੀ ਜਤਾਉਂਦੇ ਹੋਏ ਲੈਬਨਾਨ ’ਤੇ ਹਮਲੇ ਵੀ ਜਾਰੀ ਰੱਖੇ। ਤਣਾਅ ਦੇ ਵਿਚਾਲੇ ਤਿੰਨਾਂ ਧਿਰਾਂ ’ਚ ਛੋਟੀਆਂ-ਮੋਟੀਆਂ ਝੜਪਾਂ ਜਾਰੀ ਰਹੀਆਂ ਪਰ ਪਿਛਲੇ ਮਹੀਨੇ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਹੋਣ ਨਾਲ ਇਹ ਉਮੀਦ ਪੈਦਾ ਹੋਈ ਸੀ ਕਿ ਜੰਗ ਦਾ ਜਨੂੰਨ ਖ਼ਤਮ ਹੋਵੇਗਾ ਅਤੇ ਊਰਜਾ ਸੰਕਟ ਕਾਰਨ ਆਰਥਿਕ ਹਿਚਕੋਲੇ ਖਾ ਰਹੀ ਵਿਸ਼ਵ ਵਿਵਸਥਾ ਹੌਲੀ-ਹੌਲੀ ਪਟੜੀ ’ਤੇ ਪਰਤ ਆਵੇਗੀ। ਹਾਲਾਂਕਿ, ਟ੍ਰੰਪ ਆਪਣੀ ਆਦਤ ਮੁਤਾਬਕ ਵਿਚ-ਵਿਚਾਲੇ ਧਮਕੀਆਂ ਅਤੇ ਚਿਤਾਵਨੀਆਂ ਦਿੰਦੇ ਰਹੇ।

ਟ੍ਰੰਪ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਨੇ ਈਰਾਨ ਨੂੰ ‘ਇਕ ਹਫ਼ਤੇ ਦੀ ਛੁੱਟੀ’ ਦਿੱਤੀ ਹੈ। ਉਨ੍ਹਾਂ ਦਾ ਇਸ਼ਾਰਾ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਾਮੇਨੇਈ ਦੇ ਅੰਤਿਮ ਸੰਸਕਾਰ ਵੱਲ ਸੀ, ਜੋ 28 ਫਰਵਰੀ ਨੂੰ ਅਮਰੀਕੀ-ਇਜ਼ਰਾਈਲੀ ਹਮਲੇ ’ਚ ਮਾਰੇ ਜਾਣ ਤੋਂ ਬਾਅਦ ਪੈਂਡਿੰਗ ਸੀ। ਜ਼ਾਹਿਰ ਹੈ ਕਿ ਇਹ ਕੋਈ ਬਹੁਤ ਸੱਭਿਅਕ ਟਿੱਪਣੀ ਨਹੀਂ ਸੀ ਅਤੇ ਸੱਚ ਇਹ ਵੀ ਹੈ ਕਿ 9 ਜੁਲਾਈ ਨੂੰ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ 7 ਜੁਲਾਈ ਨੂੰ ਈਰਾਨ ’ਤੇ ਫਿਰ ਤੋਂ ਹਮਲੇ ਸ਼ੁਰੂ ਹੋ ਗਏ।

ਖਾਮੇਨੇਈ ਦੇ ਜਨਾਜ਼ੇ ਤੋਂ ਉਨ੍ਹਾਂ ਦੇ ਜਾਨਸ਼ੀਨ ਬਣੇ ਬੇਟੇ ਮੋਜਤਬਾ ਸੁਰੱਖਿਆ ਕਾਰਨਾਂ ਕਰ ਕੇ ਦੂਰ ਹੀ ਰਹੇ। ਜ਼ਾਹਿਰ ਹੈ ਕਿ ਜਨਾਜ਼ੇ ’ਚ ਅਮਰੀਕਾ ਵਿਰੋਧੀ ਨਾਅਰੇ ਵੀ ਲੱਗੇ। ਇਸੇ ਲਈ ਹੁਣ ਟ੍ਰੰਪ ਖ਼ੁਦ ਨੂੰ ਈਰਾਨ ਦਾ ਸਭ ਤੋਂ ਵੱਡਾ ‘ਟਾਰਗੈੱਟ’ ਮੰਨਦੇ ਹੋਏ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਚੌਕਸ ਰਹਿ ਰਹੇ ਹਨ।

ਟ੍ਰੰਪ ਨੇ ਸ਼ਾਂਤੀ ਸਮਝੌਤਾ ਤੋੜ ਕੇ ਫਿਰ ਤੋਂ ਹਮਲੇ ਕਰਨ ਲਈ ਈਰਾਨ ਵੱਲੋਂ ਸਟ੍ਰੇਟ ਆਫ਼ ਹੋਰਮੁਜ਼ ’ਚ ਤਿੰਨ ਵਪਾਰਕ ਜਹਾਜ਼ਾਂ ’ਤੇ ਕੀਤੀ ਗਈ ਫਾਇਰਿੰਗ ਨੂੰ ਕਾਰਨ ਦੱਸਿਆ ਹੈ। ਬੇਸ਼ੱਕ, ਜਦੋਂ ਸ਼ਾਂਤੀ ਸਮਝੌਤਾ ਹੋ ਚੁੱਕਾ ਸੀ, ਜਿਸ ਨੂੰ ਲਾਗੂ ਕਰਨ ਦਾ ਰੋਡਮੈਪ 60 ਦਿਨਾਂ ’ਚ ਤੈਅ ਕਰਨ ਲਈ ਗੱਲਬਾਤ ਜਾਰੀ ਸੀ, ਉਦੋਂ ਈਰਾਨ ਨੂੰ ਵੀ ਹੋਰਮੁਜ਼ ’ਚ ਇਸ ਉਕਸਾਉਣ ਵਾਲੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਪਰ ਕੀ ਟ੍ਰੰਪ ਅਜਿਹੇ ਹੀ ਕਿਸੇ ਮੌਕੇ ਦੀ ਭਾਲ ’ਚ ਸਨ? ਬਿਨਾਂ ਤਿਆਰੀ ਦੇ ਤਾਂ ਤੁਰੰਤ ਅਜਿਹੇ ਜ਼ਬਰਦਸਤ ਹਮਲੇ ਨਹੀਂ ਹੋ ਸਕਦੇ, ਜਿਹੋ ਜਿਹੇ ਕੀਤੇ ਗਏ। ਦੋ ਦਿਨਾਂ ’ਚ ਈਰਾਨ ਦੇ 170 ਤੋਂ ਵੱਧ ਫ਼ੌਜੀ ਜਾਂ ਉਸ ਨਾਲ ਜੁੜੇ ਟਿਕਾਣਿਆਂ ’ਤੇ ਹਮਲੇ ਕੀਤੇ ਗਏ।

ਬੇਸ਼ੱਕ ਈਰਾਨ ਨੇ ਵੀ ਖਾੜੀ ’ਚ ਸਥਿਤ ਕੁਵੈਤ, ਕਤਰ ਅਤੇ ਬਹਿਰੀਨ ਵਰਗੇ ਅਮਰੀਕਾ ਦੇ ਦੋਸਤ ਦੇਸ਼ਾਂ ’ਤੇ ਜਵਾਬੀ ਹਮਲਾ ਕਰਨ ’ਚ ਦੇਰ ਨਹੀਂ ਲਗਾਈ। ਉਸੇ ਦੌਰਾਨ ਈਰਾਨ ਨੂੰ ਤੇਲ ਵੇਚਣ ਲਈ ਦਿੱਤੀ ਗਈ ਅਮਰੀਕੀ ਇਜਾਜ਼ਤ ਵੀ ਰੱਦ ਕਰਨ ਦੀ ਖ਼ਬਰ ਆਈ। ਅਜਿਹੇ ’ਚ ਇਹ ਸ਼ੱਕ ਹੁੰਦਾ ਹੈ ਕਿ ਕੀ ਸ਼ਾਂਤੀ ਵਾਰਤਾ ਤੋਂ ਮਨ ਮੁਤਾਬਕ ਨਤੀਜੇ ਨਾ ਨਿਕਲਣ ਪਰ ਟ੍ਰੰਪ ਨੇ ਹੋਰ ਦਬਾਅ ਵਧਾਉਣ ਲਈ ਹਮਲਿਆਂ ਦਾ ਬਦਲ ਚੁਣਿਆ?

ਤੁਸੀਂ ਸੋਚ ਸਕਦੇ ਹੋ ਕਿ ਜੰਗ ਕੋਈ ਖੇਡ ਨਹੀਂ ਹੈ, ਜਿਸ ਨੂੰ ਮਨ ਮੁਤਾਬਕ ਸਮਝੌਤੇ ਲਈ ਦਾਅ-ਪੇਚ ਵਾਂਗ ਵਰਤਿਆ ਜਾਵੇ ਪਰ ਮਹਾ-ਸ਼ਕਤੀਆਂ ਲਈ ਤਾਂ ਜੰਗ ਖੇਡ ਵੀ ਹੈ ਅਤੇ ਮੁਨਾਫ਼ੇ ਦਾ ਕਾਰੋਬਾਰ ਵੀ। ਬੇਸ਼ੱਕ ਇਸ ਜੰਗ ’ਚ ਅਮਰੀਕੀ ਰੱਖਿਆ ਵਿਭਾਗ ‘ਪੈਂਟਾਗਨ’ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ ਪਰ ਅਮਰੀਕੀ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਅਤੇ ਤੇਲ ਕੰਪਨੀਆਂ ਦੀਆਂ ਉਂਗਲਾਂ ਘਿਓ ’ਚ ਹੋਣ ਦੀਆਂ ਖ਼ਬਰਾਂ ਹਨ। ਜੰਗ ਹੋਵੇਗੀ ਤਾਂ ਹਥਿਆਰ ਵੀ ਵਿਕਣਗੇ ਹੀ। ਫਿਰ ਅਮਰੀਕਾ ਤਾਂ ਕੁਝ ਛੋਟੇ ਦੇਸ਼ਾਂ ਦੀ ਸੁਰੱਖਿਆ ਦਾ ਠੇਕੇਦਾਰ ਬਣ ਕੇ ਵੀ ਮੋਟੀ ਰਕਮ ਵਸੂਲਦਾ ਹੈ।

ਮੂਲ ਰੂਪ ’ਚ ਮੁਨਾਫ਼ਾਖੋਰ ਕਾਰੋਬਾਰੀ ਟ੍ਰੰਪ ਨੇ ਖ਼ੁਦ ਮੰਨਿਆ ਕਿ ਜਦੋਂ ਵਿਸ਼ਵ ਊਰਜਾ ਦੀ ਖਪਤ ਦੇ 20-22 ਫ਼ੀਸਦੀ ਹਿੱਸੇ ਦੀ ਦਰਾਮਦ ਦਾ ਸਮੁੰਦਰੀ ਰਸਤਾ ‘ਹੋਰਮੁਜ਼’ ਬੰਦ ਸੀ, ਉਦੋਂ ਅਮਰੀਕਾ ਨੇ ਚੋਰੀ-ਛਿਪੇ ਭਾਰੀ ਮਾਤਰਾ ’ਚ ਤੇਲ ਉੱਥੋਂ ਕੱਢਿਆ। ਜ਼ਾਹਿਰ ਹੈ ਕਿ ਉਹ ਤੇਲ ਉੱਚੀਆਂ ਕੀਮਤਾਂ ’ਤੇ ਵੇਚਿਆ ਵੀ ਗਿਆ। ਨੇਤਨਯਾਹੂ ਦਾ ‘ਗ੍ਰੇਟਰ ਇਜ਼ਰਾਈਲ’ ਦਾ ਏਜੰਡਾ ਵੀ ਕਿਸੇ ਤੋਂ ਲੁਕਿਆ ਨਹੀਂ ਹੈ।

ਈਰਾਨ ਦੀ ਕੱਟੜਪੰਥੀ ਲੀਡਰਸ਼ਿਪ ਦੇ ਇਰਾਦੇ ਵੀ ਵਿਸ਼ਵ ਸ਼ਾਂਤੀ ਦੇ ਤਾਂ ਬਿਲਕੁਲ ਨਹੀਂ ਹਨ। ਇਹ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਹੈ ਕਿ ਤਿੰਨੋਂ ਸਬੰਧਤ ਧਿਰਾਂ ਆਪਣੇ-ਆਪਣੇ ਨਿੱਜੀ ਹਿੱਤਾਂ ’ਚ ਉਲਝੀਆਂ ਹੋਈਆਂ ਹਨ। ਉਨ੍ਹਾਂ ਦਾ ਨਾ ਤਾਂ ਵਿਸ਼ਵ ਸ਼ਾਂਤੀ ਨਾਲ ਕੋਈ ਸਰੋਕਾਰ ਹੈ ਅਤੇ ਨਾ ਹੀ ਨਿਆਂਪੂਰਨ ਗਲੋਬਲ ਵਿਵਸਥਾ ਨਾਲ। ਇਸ ਲਈ ਸਮੇਂ ਅਤੇ ਸਮਝ, ਦੋਵਾਂ ਦੀ ਮੰਗ ਹੈ ਕਿ ਵਿਸ਼ਵ ਵਿਵਸਥਾ ਨੂੰ ਇਨ੍ਹਾਂ ਦੀ ਬੰਧਕ ਬਣਨ ਤੋਂ ਬਚਾਉਣ ਲਈ ਬਾਕੀ ਦੁਨੀਆ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰੇ।

ਬੇਸ਼ੱਕ ਕੁਝ ਛੋਟੇ ਦੇਸ਼ਾਂ ਨੇ ਇਸ ਜੰਗ ਦੇ ਜਨੂੰਨ ਦੇ ਵਿਚਾਲੇ ਸ਼ਾਂਤੀ-ਸਮਝੌਤਾ ਵਾਰਤਾਵਾਂ ਦੀ ਪਹਿਲ ਕੀਤੀ ਪਰ ਸ਼ਾਇਦ ਉਹ ਕੋਈ ਨੈਤਿਕ ਜਾਂ ਕੂਟਨੀਤਕ ਦਬਾਅ ਬਣਾਉਣ ਦੀ ਸਥਿਤੀ ’ਚ ਨਹੀਂ ਰਹੇ।

ਇਸ ਲਈ ਹੁਣ ਭਾਰਤ, ਚੀਨ, ਰੂਸ, ਫਰਾਂਸ ਅਤੇ ਜਰਮਨੀ ਵਰਗੇ ਦੇਸ਼ਾਂ ਨੂੰ ਬਾਕੀ ਹਮਖ਼ਿਆਲ ਦੇਸ਼ਾਂ ਨਾਲ ਮਿਲ ਕੇ ਅਮਰੀਕਾ-ਇਜ਼ਰਾਈਲ-ਈਰਾਨ ’ਤੇ ਇਹ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਗੱਲਬਾਤ ਰਾਹੀਂ ਆਪਸੀ ਵਿਵਾਦਾਂ ਦਾ ਮਨਮਰਜ਼ੀ ਨਹੀਂ, ਸਗੋਂ ਦਲੀਲ ਭਰਪੂਰ ਅਤੇ ਨਿਆਂਪੂਰਨ ਹੱਲ ਕੱਢਣ, ਕਿਉਂਕਿ ਉਨ੍ਹਾਂ ਨੂੰ ਆਪਣੇ ਨਿੱਜੀ ਹਿੱਤਾਂ ਅਤੇ ਸਨਕ ਲਈ ਬਾਕੀ ਦੁਨੀਆ ਦੀ ਸ਼ਾਂਤੀ ਅਤੇ ਆਰਥਿਕਤਾ ਨੂੰ ਬੰਧਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

-ਰਾਜਕੁਮਾਰ ਸਿੰਘ


author

Harpreet SIngh

Content Editor

Related News