ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ

Thursday, Apr 02, 2026 - 05:23 PM (IST)

ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ

ਕਲਪਨਾ ਕਰੋ ਕਿ ਰਾਜਸਥਾਨ ਦੇ ਦੂਰ-ਦੁਰਾਡੇ ਕਿਸੇ ਕੋਨੇ ’ਚ ਇਕ ਜ਼ਿਲਾ ਕੁਲੈਕਟਰ ਨੂੰ ਇਕ ਅਜਿਹੀ ਅਭਿਲਾਸ਼ੀ ਭਲਾਈ ਯੋਜਨਾ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਜਿਸ ਬਾਰੇ ਉਸ ਨੂੰ ਜਾਣਕਾਰੀ ਬਹੁਤ ਘੱਟ ਹੈ। ਇਕ ਦਹਾਕਾ ਪਹਿਲਾਂ ਉਸ ਨੂੰ ਜਾਣਕਾਰੀ ਲਈ ਕਿਤੇ ਧੂੜ ਖਾ ਰਹੀ ਕਿਸੇ ਨਿਯਮਾਂਵਲੀ ਦਾ ਸਹਾਰਾ ਲੈਣਾ ਪੈਂਦਾ ਸੀ ਜਾਂ ਫਿਰ ਉਹ ਆਪਣੇ ਕਿਸੇ ਸੀਨੀਅਰ ਸਹਿਕਰਮੀ ਦੀਆਂ ਤਿੰਨ ਮੀਟਿੰਗਾਂ ਅਤੇ ਲੰਚ ਤੋਂ ਬਾਅਦ ਵਿਹਲੇ ਹੋਣ ਦਾ ਇੰਤਜ਼ਾਰ ਕਰਦਾ ਸੀ। ਉਸ ਦੀ ਉਮੀਦ ਉਸ ਸਿਖਲਾਈ ਪ੍ਰੋਗਰਾਮ ’ਤੇ ਵੀ ਟਿਕੀ ਹੋ ਸਕਦੀ ਸੀ ਜੋ ਸ਼ਾਇਦ ਇਕ ਜਾਂ ਦੋ ਸਾਲ ਵਿਚ ਕਦੇ ਆਉਂਦਾ ਪਰ ਅੱਜ ਉਹ ਆਪਣੇ ਫੋਨ ਰਾਹੀਂ ਆਈਗੌਟ (ਇੰਟਾਗ੍ਰੇਟਿਡ ਗਵਰਨਮੈਂਟ ਆਨਲਾਈਨ ਟ੍ਰੇਨਿੰਗ ਪਲੇਟਫਾਰਮ) ’ਤੇ ਲਾਗਆਨ ਕਰਦਾ ਹੈ। ਉਸ ਨੂੰ ਮਿੰਟਾਂ ’ਚ ਹੀ ਆਪਣੀ ਲੋੜ ਅਨੁਸਾਰ ਇਕ ਸੁਵਿਧਾਜਨਕ ਕਾਰਗੁਜ਼ਾਰੀ-ਆਧਾਰਤ ਪਾਠਕ੍ਰਮ ਮਿਲ ਜਾਂਦਾ ਹੈ। ਉਹ ਸ਼ਾਮ ਤੱਕ ਜਾਣਕਾਰੀਆਂ ਅਤੇ ਆਤਮਵਿਸ਼ਵਾਸ ਨਾਲ ਲੈਸ ਹੋ ਕੇ ਯੋਜਨਾ ਦੇ ਲਾਭਪਾਤਰੀਆਂ ਦੀ ਪਹਿਲੀ ਮੀਟਿੰਗ ਦੀ ਅਗਵਾਈ ਕਰ ਰਿਹਾ ਹੁੰਦਾ ਹੈ। ਇਹ ਬਦਲਾਅ ਵੇਖਣ ’ਚ ਛੋਟਾ ਲੱਗ ਸਕਦਾ ਹੈ ਪਰ ਅਸਲ ’ਚ ਇਹ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਹੈ।

ਚਮਕ-ਧਮਕ ਤੋਂ ਦੂਰ ਠਰੰਮੇ ਨਾਲ ਪੰਜ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਮਿਸ਼ਨ ਕਰਮਯੋਗੀ ਇਕ ਕ੍ਰਾਂਤੀ ਲਿਆ ਰਿਹਾ ਹੈ। ਇਹ ਨਵੇਂ ਭਾਰਤ ਲਈ ਇਕ ਨਵੇਂ ਕਿਸਮ ਦੇ ਪ੍ਰਸ਼ਾਸਨਿਕ ਅਧਿਕਾਰੀ ਤਿਆਰ ਕਰਨ ਦੇ ਮੰਤਵ ਨਾਲ ਚੁੱਪ-ਚਾਪ ਕੰਮ ਕਰ ਰਿਹਾ ਹੈ।

ਇਸ ਦੇ ਮਹੱਤਵ ਨੂੰ ਸਮਝਣ ਲਈ ਸਾਨੂੰ ਪਹਿਲਾਂ ਸੰਦਰਭ ਨੂੰ ਜਾਣਨਾ ਹੋਵੇਗਾ। 2047 ਤੱਕ ਵਿਕਸਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੈਅ ਟੀਚੇ ਤੱਕ ਇੰਝ ਹੀ ਨਹੀਂ ਪਹੁੰਚਿਆ ਜਾ ਸਕਦਾ। ਇਸ ਮੰਜ਼ਿਲ ਤੱਕ ਪਹੁੰਚਣ ਲਈ ਸਾਨੂੰ ਭਾਰਤੀ ਗਣਤੰਤਰ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਰਾਹੀਂ ਸਾਵਧਾਨੀ ਨਾਲ ਇਕ-ਇਕ ਕਦਮ ਅੱਗੇ ਵਧਾਉਣਾ ਹੋਵੇਗਾ। ਇਸ ਯਾਤਰਾ ਵਿਚ ਸਭ ਤੋਂ ਮਹੱਤਵਪੂਰਨ ਪੂੰਜੀ, ਤਕਨੀਕ ਜਾਂ ਨੀਤੀ ਨਹੀਂ ਹੈ। ਸਭ ਤੋਂ ਵੱਧ ਅਹਿਮੀਅਤ ਉਨ੍ਹਾਂ ਲੱਗਭਗ 3.5 ਕਰੋੜ ਸਿਖਲਾਈ ਹਾਸਲ, ਉਤਸ਼ਾਹੀ ਅਤੇ ਨਾਗਰਿਕ-ਕੇਂਦਰਿਤ ਸਰਕਾਰੀ ਕਰਮਚਾਰੀਆਂ ਦੀ ਸਮਰੱਥਾ ਦੀ ਹੈ ਜੋ ਹਰ ਸਵੇਰ ਉੱਠ ਕੇ ਭਾਰਤੀ ਸ਼ਾਸਨ ਨੂੰ ਚਲਾਉਂਦੇ ਹਨ।

2021 ’ਚ ਸ਼ੁਰੂ ਕੀਤਾ ਗਿਆ ਇਹ ਮਿਸ਼ਨ—ਜਿਸ ਨੂੰ ਉਸੇ ਸਾਲ ਅਪ੍ਰੈਲ ’ਚ ਸਥਾਪਤ ‘ਸਮਰੱਥਾ ਨਿਰਮਾਣ ਆਯੋਗ’ ਵੱਲੋਂ ਸੰਸਥਾਗਤ ਤੌਰ ’ਤੇ ਚਲਾਇਆ ਗਿਆ—ਇਕ ਵਾਕਈ ਅਭਿਲਾਸ਼ੀ ਟੀਚਾ ਹਾਸਲ ਕਰਨ ਲਈ ਅੱਗੇ ਵਧਿਆ। ਭਾਰਤੀ ਸਿਵਲ ਸੇਵਾਵਾਂ ਦੀ ਸਿੱਖਣ ਸੰਸਕ੍ਰਿਤੀ ਨੂੰ ਸਮੇਂ-ਸਮੇਂ ’ਤੇ ਹੋਣ ਵਾਲੀ ਅਤੇ ਕੇਵਲ ਨਿਯਮਾਂ ਦੀ ਪਾਲਣਾ ਤੱਕ ਸੀਮਤ ਪ੍ਰਕਿਰਿਆ ਤੋਂ ਬਦਲ ਕੇ ਇਕ ਨਿਰੰਤਰ ਚੱਲਣ ਵਾਲੀ ਭੂਮਿਕਾ-ਆਧਾਰਤ ਅਤੇ ਸਵੈ-ਨਿਰਦੇਸ਼ਿਤ ਵਿਕਾਸ ਯਾਤਰਾ ’ਚ ਤਬਦੀਲ ਕਰਨਾ ਇਸ ਦਾ ਮਕਸਦ ਹੈ। ਜਿਵੇਂ ਕਿ ਆਯੋਗ ਇਸ ਦਾ ਵਰਣਨ ਕਰਦਾ ਹੈ, ਇਹ ਬਦਲਾਅ ‘ਕਰਮਚਾਰੀ’—ਅਰਥਾਤ ਨਿਯਮਾਂ ਦੀ ਪਾਲਣ ਕਰਨ ਵਾਲੇ ਇਕ ਅਧਿਕਾਰੀ ਤੋਂ ‘ਕਰਮਯੋਗੀ’ ਬਣਨ ਵੱਲ ਹੈ : ਇਕ ਅਜਿਹਾ ਲੋਕ ਸੇਵਕ ਜੋ ਕਿਸੇ ਮੰਤਵ, ਸੇਵਾ-ਭਾਵਨਾ ਅਤੇ ਉੱਤਮਤਾ ਤੋਂ ਪ੍ਰੇਰਿਤ ਹੋਵੇ।

‘ਆਈ ਗੌਟ’ (ਇੰਟਾਗ੍ਰੇਟਿਡ ਗਵਰਨਮੈਂਟ ਆਨਲਾਈਨ ਟ੍ਰੇਨਿੰਗ) ਪਲੇਟਫਾਰਮ ’ਤੇ ਹੁਣ 1.5 ਕਰੋੜ ਤੋਂ ਵੱਧ ਸਰਕਾਰੀ ਅਧਿਕਾਰੀ ਸਰਗਰਮ ਸਿੱਖਿਆਰਥੀ ਵਜੋਂ ਜੁੜੇ ਹੋਏ ਹਨ — ਇਹ ਇਕ ਅਜਿਹੀ ਗਿਣਤੀ ਹੈ, ਜੋ ਸ਼ੁਰੂਆਤ ਦੇ ਸਮੇਂ ਕਲਪਨਾਤਮਕ ਲੱਗਦੀ ਸੀ। 4,600 ਤੋਂ ਵੱਧ ਯੋਗਤਾ-ਆਧਾਰਤ ਪਾਠਕ੍ਰਮਾਂ ਰਾਹੀਂ, ਇਨ੍ਹਾਂ ਅਧਿਕਾਰੀਆਂ ਨੇ 8.3 ਕਰੋੜ ਤੋਂ ਵੱਧ ਕੋਰਸ ਪੂਰੇ ਕੀਤੇ ਹਨ। ਕੇਵਲ ਪਿਛਲੇ ‘ਰਾਸ਼ਟਰੀ ਸਿਖਲਾਈ ਹਫ਼ਤੇ’ ਦੌਰਾਨ, ਭਾਗੀਦਾਰੀ ਦੇ ਨਤੀਜੇ ਵਜੋਂ 4.5 ਮਿਲੀਅਨ ਘੰਟਿਆਂ ਦੇ ਕੋਰਸ ਰਜਿਸਟਰੇਸ਼ਨ ਅਤੇ 3.8 ਮਿਲੀਅਨ ਘੰਟਿਆਂ ਦੀ ਅਸਲ ਸਿੱਖਿਆ ਦਰਜ ਕੀਤੀ ਗਈ। ਇਹ ਸਿਰਫ਼ ਸੰਖੇਪ ਅੰਕੜੇ ਨਹੀਂ ਹਨ। ਦਰਜ ਕੀਤਾ ਗਿਆ ਹਰ ਇਕ ਘੰਟਾ ਭਾਰਤ ’ਚ ਕਿਤੇ ਨਾ ਕਿਤੇ ਇਕ ਲੋਕ ਸੇਵਕ ਦੀ ਨੁਮਾਇੰਦਗੀ ਕਰਦਾ ਹੈ — ਛੱਤੀਸਗੜ੍ਹ ’ਚ ਇਕ ਰੈਵੀਨਿਊ ਇੰਸਪੈਕਟਰ, ਪੁਣੇ ’ਚ ਇਕ ਸ਼ਹਿਰੀ ਸਥਾਨਕ ਸੰਸਥਾ ਅਧਿਕਾਰੀ, ਮਣੀਪੁਰ ’ਚ ਇਕ ਸਿਹਤ ਕਰਮਚਾਰੀ — ਇਹ ਸਾਰੇ ਆਪਣੇ ਸਾਥੀ ਨਾਗਰਿਕਾਂ ਦੀ ਬਿਹਤਰ ਸੇਵਾ ਕਰਨ ਲਈ ਆਪਣੀ ਸਮਰੱਥਾ ਵਧਾ ਰਹੇ ਹਨ।

ਪਾਠਕ੍ਰਮਾਂ ਨੂੰ ਹਰ ਤਿੰਨ ਤੋਂ ਛੇ ਮਹੀਨੇ ਵਿਚ ਅਪਡੇਟ ਕੀਤਾ ਜਾਂਦਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸ਼ਾਸਨ ’ਚ ਏ. ਆਈ. ਟੂਲਾਂ ਦਾ ਉਪਯੋਗ ਕਿਵੇਂ ਕਰਨਾ ਹੈ ਜਾਂ ਨਵੇਂ ਵਿੱਤੀ ਨਿਯਮਾਂ ਨੂੰ ਕਿਵੇਂ ਸਮਝਣਾ ਹੈ — ਇਸ ਨਾਲ ਸਬੰਧਤ ਸਮੱਗਰੀ ਤਾਜ਼ਾ ਅਤੇ ਪ੍ਰਸੰਗਿਕ ਰਹੇ।

ਇਹ ਸਿਵਲ ਸੇਵਾ ਸਿਖਲਾਈ ਸੰਸਥਾਵਾਂ ਲਈ ਨੈਸ਼ਨਲ ਸਟੈਂਡਰਡ 2.0 ਫਰੇਮਵਰਕ ਰਾਹੀਂ ਦੇਸ਼ ਦੇ ਸਿਖਲਾਈ ਸੰਸਥਾਨਾਂ ਲਈ ਗੁਣਵੱਤਾ ਮਾਪਦੰਡ ਤੈਅ ਕਰਦਾ ਹੈ, ਜਿਸ ਦੇ ਅਧੀਨ ਦੇਸ਼ ਭਰ ਦੇ 200 ਤੋਂ ਵੱਧ ਸਿਖਲਾਈ ਸੰਸਥਾਨ ਪਹਿਲਾਂ ਹੀ ਮਾਨਤਾ ਪ੍ਰਾਪਤ ਕਰ ਚੁੱਕੇ ਹਨ। ਇਹ ਰਾਜਾਂ ਨਾਲ ਮਿਲ ਕੇ ਕੰਮ ਕਰਦਾ ਹੈ। ਸਾਰੇ 30 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੁਣ ਰਸਮੀ ਸਮਝੌਤਾ ਪੱਤਰਾਂ ਰਾਹੀਂ ਜੁੜ ਚੁੱਕੇ ਹਨ ਤਾਂ ਜੋ ਵਿਸ਼ੇਸ਼ ‘ਸਮਰੱਥਾ ਨਿਰਮਾਣ ਯੋਜਨਾਵਾਂ’ ਤਿਆਰ ਕੀਤੀਆਂ ਜਾ ਸਕਣ ਜੋ ਕਿਰਤਬਲ ਦੀਆਂ ਯੋਗਤਾਵਾਂ ਨੂੰ ਸੰਗਠਨਾਤਮਕ ਟੀਚਿਆਂ ਨਾਲ ਜੋੜਦੀਆਂ ਹਨ। ‘ਰਾਸ਼ਟਰੀ ਕਰਮਯੋਗੀ ਜਨ ਸੇਵਾ ਪ੍ਰੋਗਰਾਮ’ ਵਰਗੀਆਂ ਇਤਿਹਾਸਕ ਪਹਿਲਕਦਮੀਆਂ ਰਾਹੀਂ, ਇਸ ਨੇ ਇਕ ਮਿਲੀਅਨ ਤੋਂ ਵੱਧ ਪ੍ਰਮਾਣਿਤ ਅਧਿਕਾਰੀਆਂ ਨੂੰ ਵੱਡੇ ਪੱਧਰ ’ਤੇ ਵਿਵਹਾਰਕ ਸਿਖਲਾਈ ਦਿੱਤੀ ਹੈ ।

ਪ੍ਰਸ਼ਾਸਨਿਕ ਸੋਚ ਦਾ ਇਹ ‘ਬਸਤੀਵਾਦ ਤੋਂ ਮੁਕਤੀ’, ਜਿਸ ਦੇ ਤਹਿਤ ਭਾਰਤੀ ਲੋਕ ਸੇਵਕਾਂ ਨੂੰ ਆਧੁਨਿਕ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਹੀ ਸਭਿਆਚਾਰਕ ਵਿਰਾਸਤ ਨਾਲ ਆਤਮਵਿਸ਼ਵਾਸ ਨਾਲ ਜੁੜਨ ਵੱਲ ਮੋੜਿਆ ਜਾਂਦਾ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਮੁੱਖ ਅਭਿਲਾਸ਼ਾਵਾਂ ’ਚੋਂ ਇਕ ਹੈ ਅਤੇ ‘ਮਿਸ਼ਨ ਕਰਮਯੋਗੀ’ ਇਸੇ ਆਸ ਨੂੰ ਅਮਲੀ ਰੂਪ ਦੇ ਰਿਹਾ ਹੈ।

‘ਸਾਧਨਾ’ ਹਫ਼ਤਾ — 2 ਤੋਂ 8 ਅਪ੍ਰੈਲ ਤੱਕ ਮਨਾਇਆ ਜਾਣ ਵਾਲਾ ਰਾਸ਼ਟਰੀ ਸਿਖਲਾਈ ਹਫ਼ਤਾ — ਇਸ ਪੰਜ ਸਾਲਾਂ ਦੀ ਯਾਤਰਾ ਦਾ ਜਸ਼ਨ ਵੀ ਹੈ ਅਤੇ ਇਸ ਦੇ ਅੱਧਵਾਟੇ ਪਏ ਕੰਮਾਂ ਪ੍ਰਤੀ ਨਵਾਂ ਸੰਕਲਪ ਵੀ ਹੈ। ‘ਸਾਧਨਾ’ ਸ਼ਬਦ ਇੱਥੇ ਬਹੁਤ ਹੀ ਢੁਕਵਾਂ ਹੈ। ਇਸ ਦਾ ਅਰਥ ਹੈ ਸਮਰਪਿਤ ਅਭਿਆਸ; ਇਕ ਅਜਿਹੇ ਵਿਅਕਤੀ ਦਾ ਅਨੁਸ਼ਾਸਿਤ ਰੋਜ਼ਾਨਾ ਯਤਨ ਜੋ ਕਿਸੇ ਇਕ ਅਸਾਧਾਰਨ ਕੰਮ ਨਾਲ ਨਹੀਂ, ਸਗੋਂ ਆਪਣੇ ਹੁਨਰ ਪ੍ਰਤੀ ਲਗਾਤਾਰ ਸਮਰਪਣ ਰਾਹੀਂ ਨਿਪੁੰਨਤਾ ਹਾਸਲ ਕਰਨਾ ਚਾਹੁੰਦਾ ਹੈ। ਜਿਵੇਂ ਹੀ ਅਸੀਂ ਸਿਵਲ ਸੇਵਾ ਸਿਖਲਾਈ ਸੰਸਥਾਵਾਂ ਦੇ ਇਕ ‘ਰਾਸ਼ਟਰੀ ਸੰਮੇਲਨ’ ਨਾਲ ਇਸ ਹਫ਼ਤੇ ਦੀ ਸ਼ੁਰੂਆਤ ਕਰ ਰਹੇ ਹਾਂ, ਜਿਸ ਵਿਚ ਲੱਗਭਗ 700 ਸੀਨੀਅਰ ਅਧਿਕਾਰੀ ਸਿੱਧੇ ਤੌਰ ’ਤੇ ਅਤੇ 3,000 ਤੋਂ ਵੱਧ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋ ਰਹੇ ਹਨ। ਮਿਸ਼ਨ ਕਰਮਯੋਗੀ ਨਾ ਸਿਰਫ਼ ਕੱਲ ਲਈ, ਸਗੋਂ ਆਉਣ ਵਾਲੇ ਦਹਾਕਿਆਂ ਲਈ ਟੀਮ ਦਾ ਨਿਰਮਾਣ ਕਰ ਰਿਹਾ ਹੈ।

-ਡਾ. ਜਿਤੇਂਦਰ ਸਿੰਘ


author

Harpreet SIngh

Content Editor

Related News