ਦੁਨੀਆ ਦੇ ਸਭ ਤੋਂ ਉੱਚੇ ਰੇਲ ਪੁਲ ਤੋਂ ਦੇਸ਼ ਅਤੇ ਦੁਨੀਆ ਨੂੰ ਸਿੱਧਾ ਸੁਨੇਹਾ
Monday, Jun 09, 2025 - 05:23 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਸ਼ਮੀਰ ਵਾਦੀ ਵਿਚ ਦੁਨੀਆ ਦੇ ਸਭ ਤੋਂ ਉੱਚੇ ਚਨਾਬ ਰੇਲਵੇ ਪੁਲ ’ਤੇ ਤਿਰੰਗੇ ਨਾਲ ਤੁਰਨਾ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾਂ ਆਜ਼ਾਦੀ ਤੋਂ ਬਾਅਦ ਜਾਂ ਘੱਟੋ-ਘੱਟ ਇਸ ਸਦੀ ਦੀ ਸਭ ਤੋਂ ਮਹੱਤਵਪੂਰਨ ਘਟਨਾ ਹੈ। ਇਹ ਕਲਪਨਾ ਕਰਨਾ ਵੀ ਮੁਸ਼ਕਲ ਸੀ ਕਿ ਭਾਰਤ ਦਾ ਕੋਈ ਵੀ ਪ੍ਰਧਾਨ ਮੰਤਰੀ ਕਸ਼ਮੀਰ ਵਾਦੀ ਵਿਚ ਦੁਨੀਆ ਦੇ ਸਭ ਤੋਂ ਉੱਚੇ ਪੁਲ ਨੂੰ ਬਣਾ ਕੇ ਤਿਰੰਗਾ ਲਹਿਰਾਉਂਦੇ ਹੋਏ ਇਸ ’ਤੇ ਇੰਨੇ ਮਾਣ ਨਾਲ ਤੁਰਨ ਦੀ ਹਿੰਮਤ ਦਿਖਾਏਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿੰਨਾ ਵੀ ਵੱਡਾ ਆਲੋਚਕ ਕਿਉਂ ਨਾ ਹੋਵੇ, ਦੇਸ਼ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਇਸ਼ਾਰਿਆਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਚਨਾਬ ਰੇਲਵੇ ਪੁਲ ਦੇ ਉਦਘਾਟਨ ਦੇ ਨਾਲ, ਪ੍ਰਧਾਨ ਮੰਤਰੀ ਨੇ ਪੁਲ ਅਤੇ ਅੰਜੀ ਨਦੀ ਉੱਤੇ ਭਾਰਤ ਦੇ ਪਹਿਲੇ ‘ਕੇਬਲ-ਸਟੈਡ’ ਰੇਲਵੇ ਪੁਲ ਦਾ ਵੀ ਉਦਘਾਟਨ ਕੀਤਾ ਅਤੇ ਵਾਦੀ ਲਈ ਪਹਿਲੀ ਰੇਲਗੱਡੀ, ਕਟੜਾ ਤੋਂ ਸ਼੍ਰੀਨਗਰ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ।
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਚਨਾਬ ਨਦੀ ਉੱਤੇ ਬਣਿਆ ਇਹ ਰੇਲਵੇ ਪੁਲ ਨਦੀ ਦੇ ਤਲ ਤੋਂ 359 ਮੀਟਰ ਉੱਚਾ ਹੈ। ਇਹ 1315 ਮੀਟਰ ਲੰਬਾ ਸਟੀਲ ਆਰਚ ਬ੍ਰਿਜ ਹੈ, ਜੋ ਪੈਰਿਸ ਦੇ ਆਈਕਾਨਿਕ ਆਈਫਲ ਟਾਵਰ ਤੋਂ 35 ਮੀਟਰ ਉੱਚਾ ਹੈ। ਇਹ ਨਾ ਸਿਰਫ਼ ਆਰਕੀਟੈਕਚਰ ਦੀ ਇਕ ਸ਼ਾਨਦਾਰ ਉਦਾਹਰਣ ਹੈ ਬਲਕਿ ਭੂਚਾਲ ਅਤੇ ਹਵਾ ਨਾਲ ਸਬੰਧਤ ਸਥਿਤੀਆਂ ਦਾ ਸਾਹਮਣਾ ਕਰਨ ਲਈ ਵੀ ਢੁੱਕਵਾਂ ਹੈ। ਅੰਜੀ ਬ੍ਰਿਜ ਦੂਜਾ ਸਭ ਤੋਂ ਉੱਚਾ ਰੇਲ ਬ੍ਰਿਜ ਹੈ। ਇਹ 725 ਮੀਟਰ ਲੰਬਾ ਹੈ। ਇਸ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਤੂਫਾਨਾਂ, ਤੇਜ਼ ਹਵਾਵਾਂ ਅਤੇ ਧਮਾਕਿਆਂ ਦਾ ਸਾਹਮਣਾ ਕਰਨ ਦੇ ਯੋਗ ਹੈ।
ਪੁਲ ਦੇ ਬੈਗ ਦੀ ਚੌੜਾਈ 15 ਮੀਟਰ ਹੈ ਅਤੇ ਇਹ 295 ਮੀਟਰ ਤੱਕ 96 ਕੇਬਲਾਂ ’ਤੇ ਟਿਕਿਆ ਹੋਇਆ ਹੈ। ਚਨਾਬ ਰੇਲਵੇ ਬ੍ਰਿਜ ਨੂੰ ਪੂਰਾ ਕਰਨ ਵਿਚ 8 ਸਾਲਾਂ ਤੋਂ ਵੱਧ ਸਮਾਂ ਲੱਗਿਆ ਅਤੇ ਲਗਭਗ 1486 ਕਰੋੜ ਰੁਪਏ ਖਰਚ ਕੀਤੇ ਗਏ। ਧਿਆਨ ਵਿਚ ਰੱਖੋ ਕਿ ਇਸ ਦੀ ਉਸਾਰੀ ਨੂੰ 2002 ਵਿਚ ਅਟਲ ਬਿਹਾਰੀ ਵਾਜਪਾਈ ਸਰਕਾਰ ਨੇ ਮਨਜ਼ੂਰੀ ਦਿੱਤੀ ਸੀ ਪਰ ਇਸ ’ਤੇ ਕੰਮ ਸ਼ੁਰੂ ਨਹੀਂ ਹੋਇਆ। ਮੋਦੀ ਸਰਕਾਰ ਨੇ ਇਸ ਨੂੰ 2017 ਵਿਚ ਸ਼ੁਰੂ ਕੀਤਾ ਸੀ ਅਤੇ ਅੱਜ ਇਹ ਦੁਨੀਆ ਦੇ ਸਾਹਮਣੇ ਹੈ।
ਜੇਕਰ ਅਸੀਂ ਨਰਿੰਦਰ ਮੋਦੀ ਦੇ ਅਤੀਤ ’ਤੇ ਨਜ਼ਰ ਮਾਰੀਏ ਤਾਂ 43 ਸਾਲ ਪਹਿਲਾਂ, ਉਨ੍ਹਾਂ ਨੇ ਤਤਕਾਲੀ ਭਾਜਪਾ ਪ੍ਰਧਾਨ ਡਾ. ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ‘ਤਿਰੰਗਾ ਯਾਤਰਾ’ ਵਿਚ ਲਗਾਤਾਰ ਹਿੱਸਾ ਲਿਆ ਸੀ। ਉਦੋਂ ਟੀਚਾ ਲਾਲ ਚੌਕ ’ਤੇ ਤਿਰੰਗਾ ਲਹਿਰਾਉਣਾ ਸੀ ਅਤੇ ਜਿਸ ਤਰ੍ਹਾਂ ਸੁਰੱਖਿਆ ਘੇਰੇ ਵਿਚ ਉਸ ਦੀ ਰਸਮ ਪੂਰੀ ਕਰਨੀ ਪਈ, ਯਕੀਨੀ ਤੌਰ ’ਤੇ ਉਸ ਸਮੇਂ ਤੋਂ ਉਨ੍ਹਾਂ ਦੇ ਦਿਲ ’ਚ ਇਹ ਸੰਕਲਪ ਰਿਹਾ ਹੋਵੇਗਾ ਕਿ ਅਜਿਹੀ ਸਥਿਤੀ ਆਏ ਤਾਂ ਕਿ ਨਾ ਸਿਰਫ ਲਾਲ ਚੌਕ ਸਗੋਂ ਕਸ਼ਮੀਰ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਵੀ ਤਿਰੰਗਾ ਉਠਾ ਕੇ ਚੱਲ ਕੇ ਦਿਖਾ ਸਕਣ ਕਿ ਇਹ ਭਾਰਤ ਹੈ ਜਿਸ ਦੇ ਹਰ ਕੋਨੇ ਵਿਚ ਤਿਰੰਗਾ ਹੈ।
ਇਹ ਮੌਕਾ ਆਪਣੇ ਆਪ ਨਹੀਂ ਆ ਸਕਦਾ ਸੀ। ਦੁਨੀਆ ਦੇ ਪ੍ਰਸਿੱਧ ਵਿਦਵਾਨਾਂ ਨੇ ਕਿੰਨੀ ਵਾਰ ਵੱਖ-ਵੱਖ ਸਮੇਂ ’ਤੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਆਪਣੇ ਟੀਚਿਆਂ ਪ੍ਰਤੀ ਸਪਸ਼ਟ ਦ੍ਰਿਸ਼ਟੀ, ਦ੍ਰਿੜ੍ਹਤਾ, ਸਮਰਪਣ ਅਤੇ ਇਮਾਨਦਾਰੀ ਹੈ, ਤਾਂ ਤੁਸੀਂ ਸਭ ਤੋਂ ਵੱਡੇ ਕਲਪਨਾਯੋਗ ਕਾਰਜਾਂ ਨੂੰ ਪੂਰਾ ਕਰ ਸਕਦੇ ਹੋ ਅਤੇ ਤੁਹਾਨੂੰ ਸਮਾਂ, ਸੰਜੋਗ, ਕੁਦਰਤ ਅਤੇ ਪਰਮਾਤਮਾ ਦਾ ਸਮਰਥਨ ਵੀ ਮਿਲਦਾ ਹੈ।
ਆਖ਼ਰਕਾਰ, 2002 ਵਿਚ ਪੁਲ ਦੀ ਯੋਜਨਾ ਬਣਨ ਤੋਂ ਬਾਅਦ ਉਸ ਸਮੇਂ ਦੀ ਸਰਕਾਰ ਅਤੇ ਉਸ ਤੋਂ ਬਾਅਦ ਦੀ ਸਰਕਾਰ ਨੇ ਇਸ ਨੂੰ ਹਕੀਕਤ ਕਿਉਂ ਨਹੀਂ ਬਣਾਇਆ? ਜੇਕਰ ਕਿਸੇ ਨੇ ਇਸ ਨੂੰ ਬਣਵਾਇਆ ਹੁੰਦਾ, ਜੋ ਕਿ ਸੰਭਵ ਨਹੀਂ ਸੀ, ਤਾਂ ਕੀ ਕਿਸੇ ਪ੍ਰਧਾਨ ਮੰਤਰੀ ਦੀ ਕਲਪਨਾ ਇਸ ਹੱਦ ਤੱਕ ਚਲੀ ਜਾਂਦੀ ਕਿ ਪੁਲ ’ਤੇ ਪਹੁੰਚਣ ਤੋਂ ਬਾਅਦ, ਉਹ ਆਪਣੇ ਹੱਥ ਵਿਚ ਤਿਰੰਗਾ ਲੈ ਕੇ ਅੱਗੇ ਵਧਦੇ ਅਤੇ ਪਾਕਿਸਤਾਨ, ਚੀਨ, ਭਾਰਤ ਅੰਦਰ ਭਾਰਤ ਵਿਰੋਧੀਆਂ ਅਤੇ ਦੁਨੀਆਂ ਨੂੰ ਲਾਈਵ ਸੁਨੇਹਾ ਦਿੰਦੇ।
ਇਤਫ਼ਾਕ ਦੇਖੋ ਿਕ ਪੁਲ ਦੀ ਉਸਾਰੀ ਉਸ ਸਮੇਂ ਪੂਰੀ ਹੋਈ ਜਦੋਂ ਪਹਿਲਗਾਮ ਹਮਲੇ ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਪੂਰਾ ਹੋ ਗਿਆ ਸੀ ਅਤੇ ਜੰਮੂ-ਕਸ਼ਮੀਰ ਨੂੰ ਲੈ ਕੇ ਪੂਰੇ ਦੇਸ਼ ਵਿਚ ਇਕ ਬੇਮਿਸਾਲ ਮਾਹੌਲ ਸੀ। ਪ੍ਰਧਾਨ ਮੰਤਰੀ ਨੂੰ ‘ਆਪ੍ਰੇਸ਼ਨ ਸਿੰਧੂਰ’ ਦੇ ਇਕ ਮਹੀਨੇ ਦੇ ਪੂਰੇ ਹੋਣ ’ਤੇ ਭਾਵ 7 ਮਈ ਨੂੰ ਇਸ ਦਾ ਉਦਘਾਟਨ ਕਰਨ ਅਤੇ ਦੇਸ਼-ਵਿਦੇਸ਼ ਨੂੰ ਇਕ ਸਪੱਸ਼ਟ ਸੰਦੇਸ਼ ਦੇਣ ਦਾ ਮੌਕਾ ਮਿਲਿਆ। ਥੋੜ੍ਹਾ ਜਿਹਾ ਵਿਸਥਾਰ ਕਰੀਏ ਅਤੇ ਸੋਚੀਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅਜਿਹੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਦੀਆਂ ਇੱਛਾਵਾਂ ਸਾਡੇ ਅੰਦਰ ਲੰਬੇ ਸਮੇਂ ਤੋਂ ਸਮਾਈਆਂ ਸਨ। ਚਨਾਬ ਪੁਲ ਨੂੰ ਦੇਖਣ ਤੋਂ ਬਾਅਦ, ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਇਆ ਹੈ ਕਿ ਸਰਕਾਰ ਕੋਲ ਵਚਨਬੱਧਤਾ ਹੈ, ਇਸੇ ਲਈ ਕਸ਼ਮੀਰ ਘਾਟੀ ਵਿਚ ਰੇਲਵੇ ਲਿਆਂਦੀ ਗਈ, ਇਸ ਲਈ ਵਿਸ਼ੇਸ਼ ਰੇਲ ਗੱਡੀਆਂ ਬਣਾਈਆਂ ਗਈਆਂ ਅਤੇ ਬਰਫੀਲੇ ਪਹਾੜ ’ਤੇ ਸਭ ਤੋਂ ਉੱਚਾ ਰੇਲ ਪੁਲ ਬਣਾਇਆ ਗਿਆ।
ਇਸ ਦ੍ਰਿੜ੍ਹ ਵਿਸ਼ਵਾਸ ਨਾਲ ਹੀ ਭਾਰਤ ‘ਆਪ੍ਰੇਸ਼ਨ ਸਿੰਧੂਰ’ ਦੇ ਅਗਲੇ ਪੜਾਵਾਂ ਲਈ ਇਕਜੁੱਟ ਹੋ ਕੇ ਖੜ੍ਹਾ ਹੋਵੇਗਾ। ਕੋਈ ਕਿੰਨੀ ਵੀ ਆਲੋਚਨਾ ਕਰੇ, ਜੇਕਰ ਭਵਿੱਖ ਵਿਚ ਅਜਿਹੇ ਠੋਸ ਕੰਮ ਸਾਹਮਣੇ ਆਉਂਦੇ ਰਹੇ, ਤਾਂ ਦੇਸ਼ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰੇਗਾ ਅਤੇ ਸਾਥ ਦੇਵੇਗਾ। ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਖੁਦ ਆਪਣੇ ਭਾਸ਼ਣਾਂ ਵਿਚ ਕਿਹਾ ਸੀ ਕਿ ਇਹ ਇਕ ਅਖੰਡ ਵਾਅਦਾ ਹੈ ਅਤੇ ਜੇਕਰ ਪਾਕਿਸਤਾਨ ਨਾਲ ਗੱਲਬਾਤ ਹੋਵੇਗੀ, ਤਾਂ ਇਹ ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਤੇ ਹੋਵੇਗੀ।
ਵਿਰੋਧੀ ਧਿਰ ‘ਆਪ੍ਰੇਸ਼ਨ ਸਿੰਧੂਰ’ ਦੇ ਸੰਦਰਭ ਵਿਚ ਵੀ ਕਈ ਸਵਾਲ ਉਠਾ ਰਹੀ ਹੈ, ਪਰ ਉਨ੍ਹਾਂ ਵਿਚੋਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ਮੋਦੀ ਕੋਲ ਚਨਾਬ ਪੁਲ ਦਾ ਅਜਿਹਾ ਤਰਕਸ਼ ਹੈ ਜਿੱਥੇ ਉਹ ਤਿਰੰਗਾ ਝੰਡਾ ਲੈ ਕੇ ਨਾ ਸਿਰਫ਼ ਜੰਮੂ-ਕਸ਼ਮੀਰ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਅਨਿੱਖੜਵਾਂ ਅੰਗ ਹੋਣ ਦਾ ਸੰਦੇਸ਼ ਦੇਣਗੇ, ਸਗੋਂ ਆਪਣੇ ਕੰਮ ਦੇ ਆਧਾਰ ’ਤੇ ਉਨ੍ਹਾਂ ਨੂੰ ਭਾਵਨਾਤਮਕ ਤੌਰ ’ਤੇ ਵੀ ਜੋੜਨਗੇ।
ਜ਼ਰਾ ਸੋਚੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੱਥਾਂ ਵਿਚ ਇੰਨਾ ਵੱਡਾ ਤਿਰੰਗਾ ਲੈ ਕੇ ਤੁਰਦੇ ਦੇਖ ਕੇ ਪਾਕਿਸਤਾਨ ਦੀ ਫੌਜ ਅਤੇ ਨੇਤਾਵਾਂ ਦੀ ਕੀ ਹਾਲਤ ਹੋਈ ਹੋਵੇਗੀ, ਇਸ ਤਸਵੀਰ ਨੇ ਗੁਆਂਢੀ ਚੀਨ ਨੂੰ ਕੀ ਸੁਨੇਹਾ ਦਿੱਤਾ ਹੋਵੇਗਾ ਜਿਸ ਨੇ ਜੰਮੂ-ਕਸ਼ਮੀਰ ਦੇ ਇਕ ਹਿੱਸੇ ’ਤੇ ਕਬਜ਼ਾ ਕੀਤਾ ਹੋਇਆ ਹੈ। ਅਕਸਾਈ ਚਿਨ ਅਸਲ ਵਿਚ ਲੱਦਾਖ ਦਾ ਇਕ ਹਿੱਸਾ ਹੈ। ਇਸ ਰੇਲਵੇ ਲਾਈਨ ਨੂੰ ਲੱਦਾਖ ਤੱਕ ਵੀ ਵਧਾਇਆ ਜਾਣਾ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਚਰਚਾ ਕੀਤੀ।
ਚੀਨ ਅਤੇ ਪਾਕਿਸਤਾਨ ਦੋਵਾਂ ਲਈ ਇਸ ਨੂੰ ਸਵੀਕਾਰ ਕਰਨਾ ਆਸਾਨ ਨਹੀਂ ਹੋਵੇਗਾ। ਇਸ ਤਰ੍ਹਾਂ, ਜੇਕਰ ਅਸੀਂ ਚਨਾਬ ਰੇਲਵੇ ਪੁਲ, ਵੰਦੇ ਭਾਰਤ ਐਕਸਪ੍ਰੈੱਸ, ਅੰਜੀ ਪੁਲ, ਉਦਘਾਟਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੀ ਭੂਮਿਕਾ ਅਤੇ ‘ਆਪ੍ਰੇਸ਼ਨ ਸਿੰਧੂਰ’ ਨੂੰ ਇਕ ਸੰਪੂਰਨ ਦ੍ਰਿਸ਼ਟੀਕੋਣ ਤੋਂ ਵੇਖੀਏ, ਤਾਂ ਤਸਵੀਰ ਸਪੱਸ਼ਟ ਹੋ ਜਾਵੇਗੀ।
-ਅਵਧੇਸ਼ ਕੁਮਾਰ