ਰੱਖੜੀ ’ਤੇ ਕਈ ਭੈਣਾਂ-ਭਰਾਵਾਂ ਦੀ ਦਰਦਨਾਕ ਮੌਤ, ਖੁਸ਼ੀਆਂ ਦੀ ਥਾਂ ਸੋਗ ਦਾ ਪਰਛਾਵਾਂ

Tuesday, Aug 20, 2024 - 03:54 AM (IST)

ਰੱਖੜੀ ’ਤੇ ਕਈ ਭੈਣਾਂ-ਭਰਾਵਾਂ ਦੀ ਦਰਦਨਾਕ ਮੌਤ, ਖੁਸ਼ੀਆਂ ਦੀ ਥਾਂ ਸੋਗ ਦਾ ਪਰਛਾਵਾਂ

ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਰੱਖੜੀ ਖੁਸ਼ੀ ਦਾ ਤਿਉਹਾਰ ਹੈ ਪਰ ਇਨ੍ਹਾਂ ਦਿਨਾਂ ਦੌਰਾਨ ਹੀ ਕੁਝ ਅਜਿਹੀਆਂ ਦਰਦਨਾਕ ਘਟਨਾਵਾਂ ਵਾਪਰੀਆਂ, ਜਿਸ ਨਾਲ ਸਬੰਧਤ ਪਰਿਵਾਰਾਂ ’ਚ ਸੋਗ ਦੀ ਲਹਿਰ ਦੌੜ ਗਈ। ਕਈ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹੇ ਬਿਨਾਂ ਹੀ ਅਤੇ ਕਈ ਭਰਾ ਰੱਖੜੀ ਬੰਨ੍ਹਵਾਉਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ। ਪਿਛਲੇ 4 ਦਿਨਾਂ ਦੀਆਂ ਅਜਿਹੀਆਂ ਹੀ ਘਟਨਾਵਾਂ ਹੇਠਾਂ ਦਰਜ ਹਨ :

* 16 ਅਗਸਤ ਨੂੰ ਸੀਕਰ (ਰਾਜਸਥਾਨ) ’ਚ ਛੱਤ ਤੋਂ ਡਿੱਗਣ ਨਾਲ ਇਕ ਲੜਕੀ ਦੇ ਇਕਲੌਤੇ ਭਰਾ ਆਦਿਤਿਆ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਆਦਿਤਿਆ ਨੂੰ ‘ਬ੍ਰੇਨ ਡੈੱਡ’ ਐਲਾਨੇ ਜਾਣ ਤੋਂ ਬਾਅਦ ਦੁਖੀ ਪਰਿਵਾਰ ਨੇ ਦੁੱਖ ਦੀ ਇਸ ਘੜੀ ਵਿਚ ਵੀ ਉਸਦਾ ਲੀਵਰ, ਦਿਲ ਅਤੇ ਸਰੀਰ ਦੇ ਹੋਰ ਅੰਗ ਦਾਨ ਕਰਨ ਦਾ ਐਲਾਨ ਕੀਤਾ ਹੈ।

*17 ਅਗਸਤ ਨੂੰ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਲਈ ਸੀਕਰ ਤੋਂ ਨਾਰਨੌਲ (ਹਰਿਆਣਾ) ਆ ਰਹੇ ਸ਼ੇਖਰ ਨਾਂ ਦੇ ਨੌਜਵਾਨ ਦੀ ਟਰੱਕ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ।

* 18 ਅਗਸਤ ਨੂੰ ਨਾਲੰਦਾ (ਬਿਹਾਰ) ਤੋਂ ਬੁਰਾੜੀ ਸਥਿਤ ਆਪਣੇ ਮਾਪਿਆਂ ਦੇ ਘਰ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਨਵੀਂ ਦਿੱਲੀ ਆਈ ਬੌਬੀ ਨਾਂ ਦੀ ਔਰਤ ਅਤੇ ਉਸ ਦੇ ਭਤੀਜੇ ਦੇ ਮੋਟਰਸਾਈਕਲ ਨੂੰ ਵਜ਼ੀਰਾਬਾਦ ਫਲਾਈਓਵਰ ’ਤੇ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬੌਬੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

*18 ਅਗਸਤ ਨੂੰ ਹੀ ਔਰੰਗਾਬਾਦ (ਬਿਹਾਰ) ਦੇ ਪਿੰਡ ‘ਲਭਰੀ ਪਰਸਾਵਾ’ ਨੇੜੇ ਇਕ ਪਰਿਵਾਰ ਨੂੰ ਰੱਖੜੀ ਦੀ ਖਰੀਦਦਾਰੀ ਕਰ ਕੇ ਵਾਪਸ ਆ ਰਹੇ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਮਾਂ-ਧੀ ਦੀ ਮੌਤ ਹੋ ਗਈ ਜਦਕਿ ਉਸ ਦੀ ਦੂਸਰੀ ਧੀ ਅਤੇ ਮੋਟਰਸਾਈਕਲ ਚਲਾ ਰਿਹਾ ਦਿਓਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।

*18 ਅਗਸਤ ਨੂੰ ਹੀ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਦੇ ‘ਬੇਲਵਾਨੀਆ’ ’ਚ ਆਪਣੇ ਸਹੁਰੇ ਘਰ ਤੋਂ ਮਾਪਿਆਂ ਦੇ ਘਰ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਨਿਕਲੀ ‘ਸੋਨਾ ਦੇਵੀ’ ਨਾਂ ਦੀ ਔਰਤ ਦੀ ਪਿੰਡ ’ਚ ਬਣੇ ‘ਚੈੱਕ ਡੈਮ’ ਨੂੰ ਪਾਰ ਕਰਦੇ ਸਮੇਂ ਅਚਾਨਕ ਆਏ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ।

* 18 ਅਗਸਤ ਨੂੰ ਹੀ ਸਾਗਰ (ਮੱਧ ਪ੍ਰਦੇਸ਼) ਵਿਚ ਇਕ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਪਣੇ ਪਤੀ ਅਤੇ ਬੱਚਿਆਂ ਸਮੇਤ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਇਕ ਔਰਤ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ।

*18 ਅਗਸਤ ਨੂੰ ਹੀ ਫਿਰੋਜ਼ਾਬਾਦ (ਉੱਤਰ ਪ੍ਰਦੇਸ਼) ’ਚ ਆਪਣੀ ਭੈਣ ਨੂੰ ਸਹੁਰਿਆਂ ਤੋਂ ਆਪਣੇ ਘਰ ਲੈ ਕੇ ਜਾ ਰਹੇ ਯੋਗਿੰਦਰ ਨਾਂ ਦੇ ਨੌਜਵਾਨ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਅਤੇ ਉਸ ਦੇ ਦੋਸਤ ਅਨਿਲ ਦੀ ਮੌਤ ਹੋ ਗਈ।

* 18 ਅਗਸਤ ਨੂੰ ਨਗਰ ਬਾਜ਼ਾਰ (ਉੱਤਰ ਪ੍ਰਦੇਸ਼) ਵਿਚ ਇਕ ਮੋਟਰਸਾਈਕਲ ਨੂੰ ਇਕ ਤੇਜ਼ ਰਫਤਾਰ ਵਾਹਨ ਨੇ ਪਿੱਛਿਓਂ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ’ਤੇ ਸਵਾਰ ਆਪਣੇ ਭਤੀਜੇ ਦੁਰਗੇਸ਼ ਨਾਲ ਰੱਖੜੀ ਦਾ ਸਾਮਾਨ ਖਰੀਦਣ ਜਾ ਰਹੀ ਔਰਤ ‘ਮੋਨਾ ਦੇਵੀ’ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਗੰਭੀਰ ਜ਼ਖ਼ਮੀ ਹੋ ਗਿਆ।

*18 ਅਗਸਤ ਨੂੰ ਹੀ ਸਮਸਤੀਪੁਰ (ਬਿਹਾਰ) ’ਚ ਇਕ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਪਣੇ ਪਤੀ ਨਾਲ ਰੱਖੜੀ ਲੈਣ ਜਾ ਰਹੀ ਅੌਰਤ ਸੁਸ਼ਮਾ ਦੇ ਪਤੀ ਦੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ’ਚ ਜ਼ਖਮੀ ਸੁਸ਼ਮਾ ਦੀ ਜਾਨ ਬਚਾਉਣ ਲਈ ਉਸ ਦੀ ਲੱਤ ਕੱਟਣੀ ਪਵੇਗੀ।

* 18 ਅਗਸਤ ਨੂੰ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਲਈ ਹਾਜੀਪੁਰ (ਬਿਹਾਰ) ਤੋਂ ਰੇਲਗੱਡੀ ਰਾਹੀਂ ਵੈਸ਼ਾਲੀ ਜਾ ਰਹੀ ਔਰਤ 'ਮੁੰਨੀ ਦੇਵੀ' ਦੀ ਰੇਲਗੱਡੀ ਤੋਂ ਡਿੱਗਣ ਨਾਲ ਮੌਤ ਹੋ ਗਈ।

* 18 ਅਗਸਤ ਨੂੰ ਹੀ ਕਰਨਾਲ (ਹਰਿਆਣਾ) ’ਚ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਇਕ ਔਰਤ ਮਨਜੀਤ ਅਤੇ ਉਸ ਦੇ ਪਤੀ ਮੰਗਾ ਸਿੰਘ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਗਲਤ ਸਾਈਡ ਤੋਂ ਆ ਰਹੀ ਬੱਸ ਨੇ ਟੱਕਰ ਮਾਰ ਦਿੱਤੀ।

*18 ਅਗਸਤ ਨੂੰ ਹੀ ਗੰਗਾ ਪ੍ਰਸਾਦ ਜੋ ਕਿ ਆਪਣੀ ਭੈਣ ਦੇ ਘਰ ਗਰਿਆਬੰਦ (ਛੱਤੀਸਗੜ੍ਹ) ਵਿਖੇ ਰੱਖੜੀ ਬੰਨ੍ਹਵਾਉਣ ਲਈ ‘ਧਮਤਰੀ’ ਜਾਣ ਲਈ ਬੱਸ ’ਚ ਸਵਾਰ ਹੋ ਰਿਹਾ ਸੀ, ਨੂੰ ਪਿੱਛੇ ਤੋਂ ਇਕ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਗੰਭੀਰ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ।

* 18 ਅਗਸਤ ਨੂੰ ਹੀ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਤੋਂ ਅਲੀਗੜ੍ਹ ਰੱਖੜੀ ਬੰਨ੍ਹ ਕੇ ਪਰਤ ਰਹੇ ਇਕੋ ਪਰਿਵਾਰ ਦੇ 7 ਮੈਂਬਰਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ।

*18 ਅਗਸਤ ਨੂੰ ਹੀ ਗੁਰਾਇਆ (ਪੰਜਾਬ) ਦੇ ਪਿੰਡ ਰੁੜਕਾ ਕਲਾਂ ਵਿਚ ਰੱਖੜੀ ਬੰਨ੍ਹਵਾਉਣ ਆਏ ਦੋ ਭੈਣਾਂ ਦੇ ਭਰਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।

* 19 ਅਗਸਤ ਨੂੰ ਸਾਊਂਘਾਟ (ਉੱਤਰ ਪ੍ਰਦੇਸ਼) ਦੇ ‘ਵਾਲਟਰਗੰਜ’ ’ਚ ਆਪਣੇ ਜੇਠ ਦੇ ਬੇਟੇ ਹਿਮਾਂਸ਼ੂ ਨਾਲ ਮੋਟਰਸਾਈਕਲ ’ਤੇ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਅਨੁਰਾਧਾ ਨਾਂ ਦੀ ਔਰਤ ਦੀ ਸੜਕ ਹਾਦਸੇ ’ਚ ਮੌਤ ਹੋ ਗਈ।

ਇਹ ਘਟਨਾਵਾਂ ਦੁਖਦਾਈ ਹਨ ਪਰ ਇਨ੍ਹਾਂ ਵਿਚ ਦੂਜਿਆਂ ਦੇ ਨਾਲ-ਨਾਲ ਵਾਹਨ ਚਲਾਉਣ ’ਚ ਕੁਝ ਆਪਣੀਆਂ ਗਲਤੀਆਂ ਵੀ ਸ਼ਾਮਲ ਹੋਣਗੀਆਂ। ਇਸ ਲਈ ਅਜਿਹੇ ਮੌਕਿਆਂ ’ਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਘੱਟੋ- ਘੱਟ ਅਗਲੇ ਸਾਲ ਆਉਣ ਵਾਲੀ ਰੱਖੜੀ ਦੇ ਤਿਉਹਾਰ ’ਤੇ ਅਜਿਹਾ ਕੁਝ ਨਾ ਹੋਵੇ ਅਤੇ ਸਾਡੀਆਂ ਸਾਰੀਆਂ ਭੈਣਾਂ ਅਤੇ ਭਰਾ ਸੁਰੱਖਿਅਤ ਰਹਿਣ।

-ਵਿਜੇ ਕੁਮਾਰ


author

Harpreet SIngh

Content Editor

Related News