ਸ਼ਾਂਤੀ ਦੇ ਇੰਤਜ਼ਾਰ ’ਚ ਮਣੀਪੁਰ : ਕਈ ਪਿੰਡ ਵੀਰਾਨ, ਲੋਕਾਂ ਲਈ ਰੋਜ਼ੀ ਰੋਟੀ ਕਮਾਉਣਾ ਔਖਾ

Thursday, Jul 04, 2024 - 02:23 AM (IST)

ਸ਼ਾਂਤੀ ਦੇ ਇੰਤਜ਼ਾਰ ’ਚ ਮਣੀਪੁਰ : ਕਈ ਪਿੰਡ ਵੀਰਾਨ, ਲੋਕਾਂ ਲਈ ਰੋਜ਼ੀ ਰੋਟੀ ਕਮਾਉਣਾ ਔਖਾ

19 ਅਪ੍ਰੈਲ, 2023 ਨੂੰ ਮਣੀਪੁਰ ਹਾਈ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਮੈਤੇਈ ਭਾਈਚਾਰੇ ਨੂੰ ਵੀ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ’ਤੇ ਆਪਣੀਆਂ ਸਿਫਾਰਿਸ਼ਾਂ ਪੇਸ਼ ਕਰਨ ਦਾ ਹੁਕਮ ਦੇਣ ਦੇ ਵਿਰੁੱਧ ਮੈਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਬੀਤੇ ਸਾਲ 3 ਮਈ ਤੋਂ ਸ਼ੁਰੂ ਹੋਈ ਫਿਰਕੂ ਹਿੰਸਾ ਅਜੇ ਵੀ ਜਾਰੀ ਹੈ।

ਅਧਿਕਾਰਤ ਅੰਕੜਿਆਂ ਅਨੁਸਾਰ ਇਸ ਸੰਘਰਸ਼ ਦੌਰਾਨ ਹੁਣ ਤੱਕ 221 ਲੋਕ ਮਾਰੇ ਗਏ ਹਨ ਅਤੇ 60,000 ਉਜੜੇ ਹੋਏ ਹਨ ਜੋ ਅਤਿ ਦੇ ਮੁਸ਼ਕਲ ਹਾਲਾਤ ’ਚ ਰਾਹਤ ਕੈਂਪਾਂ ’ਚ ਰਹਿ ਰਹੇ ਹਨ। ਕਿਸੇ ਸਮੇਂ ਬਹੁਤ ਜ਼ਿਆਦਾ ਸ਼ਾਂਤ ਰਹਿਣ ਵਾਲਾ ਇਹ ਸੂਬਾ ਅੱਜ ਸ਼ਾਂਤੀ ਲਈ ਤਰਸ ਰਿਹਾ ਹੈ।

ਹਾਲਾਂਕਿ ਸੂਬੇ ਦੇ ਕੁਝ ਇਲਾਕਿਆਂ ’ਚ ਲੋਕ ਆਪਣੀ ਜ਼ਿੰਦਗੀ ਨੂੰ ਪਟੜੀ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਕਈ ਇਲਾਕਿਆਂ ’ਚ ਅਜੇ ਵੀ ਤਣਾਅ ਫੈਲਿਆ ਹੈ ਤੇ ਸ਼ਾਮ ਦਾ ਕਰਫਿਊ ਜਾਰੀ ਹੈ। ਕਈ ਪਿੰਡ ਵੀਰਾਨ ਪਏ ਹਨ ਅਤੇ ਲੋਕਾਂ, ਖਾਸ ਕਰ ਕੇ ਔਰਤਾਂ ਲਈ ਰੋਜ਼ੀ-ਰੋਟੀ ਕਮਾਉਣਾ ਬੜਾ ਔਖਾ ਹੋ ਗਿਆ ਹੈ।

ਇਸੇ ਤਰ੍ਹਾਂ ਦੇ ਹਾਲਾਤ ਵਿਚਾਲੇ ‘ਰਾਸ਼ਟਰੀ ਸਵੈਮ-ਸੇਵਕ ਸੰਘ’ ਦੇ ਮੁਖੀ ਡਾ. ਮੋਹਨ ਭਾਗਵਤ ਨੇ ਮਣੀਪੁਰ ’ਚ ਜਾਰੀ ਫਿਰਕੂ ਟਕਰਾਅ ’ਤੇ ਚਿੰਤਾ ਜਤਾਉਂਦੇ ਹੋਏ 10 ਜੂਨ ਨੂੰ ਕਿਹਾ ਸੀ ਕਿ ‘‘ਮਣੀਪੁਰ ਦੇ ਹਾਲਾਤ ਨੂੰ ਪਹਿਲ ਦੇ ਆਧਾਰ ’ਤੇ ਬਿਨਾਂ ਦੇਰ ਹੱਲ ਕਰਨ ਦੀ ਕੋਸ਼ਿਸ਼ ਕਰਨ ਦੀ ਲੋੜ ਹੈ।’’

‘‘ਹਿੰਸਾ ਨਾਲ ਨੁਕਸਾਨਿਆ ਇਹ ਸੂਬਾ ਇਕ ਸਾਲ ਤੋਂ ਸ਼ਾਂਤੀ ਦੇ ਇੰਤਜ਼ਾਰ ’ਚ ਹੈ। ਇਹ ਅੱਜ ਤੱਕ ਸੜ ਰਿਹਾ ਹੈ ਅਤੇ ਸਹਾਇਤਾ ਲਈ ਅਪੀਲ ਕਰ ਰਿਹਾ ਹੈ। ਇਸ ਪਾਸੇ ਕੌਣ ਧਿਆਨ ਦੇਵੇਗਾ? ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਪਹਿਲ ਦਈਏ।’’

ਅਤੇ ਹੁਣ ਲੋਕ ਸਭਾ ਦੇ ਮੈਂਬਰ ਏ.ਬਿਮਲ ਅਕੋਈਜਾਮ (ਕਾਂਗਰਸ) ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਸੰਸਦ ਦੇ ਸਾਂਝੇ ਇਜਲਾਸ ਦੌਰਾਨ ਆਪਣੇ ਭਾਸ਼ਣ ’ਚ ਮਣੀਪੁਰ ਦਾ ਕੋਈ ਜ਼ਿਕਰ ਨਾ ਕਰਨ ’ਤੇ ਨਾਰਾਜ਼ਗੀ ਜਤਾਈ ਹੈ।

1 ਜੁਲਾਈ, 2024 ਨੂੰ ਦੇਰ ਰਾਤ ਸੰਸਦ ’ਚ ਆਖਰੀ ਬੁਲਾਰੇ ਦੇ ਤੌਰ ’ਤੇ ਬੋਲਦੇ ਹੋਏ ‘ਇੰਟਰਨਲ ਮਣੀਪੁਰ’ ਤੋਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਏ. ਬਿਮਲ ਅਕੋਈਜਾਮ ਨੇ ਪਿਛਲੇ ਇਕ ਸਾਲ ਤੋਂ ਵੱਧ ਸਮੇਂ ’ਚ ਉੱਤਰ ਪੂਰਬ ਦੇ ਇਸ ਸੂਬੇ ’ਚ ਰਾਹਤ ਕੈਂਪਾਂ ’ਚ ਰਹਿ ਰਹੇ 60,000 ਲੋਕਾਂ ਦੀ ਦੁਖਦਾਈ ਹਾਲਤ ਦਾ ਜ਼ਿਕਰ ਕੀਤਾ ਅਤੇ ਕਿਹਾ :

‘‘ਸੂਬੇ ਦੇ ਲੋਕਾਂ ਦੇ ਦਰਦ ਤੇ ਗੁੱਸੇ ਨੇ ਮੇਰੇ ਵਰਗੇ ਮਾਮੂਲੀ ਵਿਅਕਤੀ ਨੂੰ ਭਾਜਪਾ ਦੇ ਕੈਬਨਿਟ ਮੰਤਰੀ ਨੂੰ ਹਰਾ ਕੇ ਲੋਕਤੰਤਰ ਦੇ ਇਸ ਮੰਦਰ ਦਾ ਇਕ ਹਿੱਸਾ ਬਣਾ ਦਿੱਤਾ ਹੈ। ਲੋਕਾਂ ਦੇ ਦਰਦ ਬਾਰੇ ਸੋਚੋ। ਮੈਂ ਉਸੇ ਮੌਕੇ ਚੁੱਪ ਹੋ ਜਾਵਾਂਗਾ ਜਦ ਪ੍ਰਧਾਨ ਮੰਤਰੀ ਆਪਣਾ ਮੂੰਹ ਖੋਲ੍ਹਣਗੇ ਅਤੇ ਰਾਸ਼ਟਰਵਾਦੀ ਪਾਰਟੀ (ਭਾਜਪਾ) ਕਹਿ ਦੇਵੇਗੀ ਕਿ ਮਣੀਪੁਰ ਇਸ ਦੇਸ਼ ਦਾ ਹਿੱਸਾ ਹੈ ਅਤੇ ਅਸੀਂ ਇਸ ਸੂਬੇ ਦੇ ਲੋਕਾਂ ਦੀ ਚਿੰਤਾ ਕਰਦੇ ਹਾਂ।’’

‘‘ਮਣੀਪੁਰ ’ਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਉੱਥੇ ਗ੍ਰਹਿ ਜੰਗ ਵਰਗੇ ਹਾਲਾਤ ਬਣੇ ਹੋਏ ਹਨ। ਪੂਰੇ ਸੂਬੇ ’ਚ ਘੁੰਮ ਰਹੇ ਹਥਿਆਰਬੰਦ ਲੋਕ ਆਪਣੇ-ਆਪਣੇ ਪਿੰਡਾਂ ਦੀ ਸੁਰੱਖਿਆ ਦੇ ਸਿਲਸਿਲੇ ’ਚ ਇਕ ਦੂਜੇ ਨਾਲ ਲੜ ਰਹੇ ਹਨ। ਕੀ ਭਾਰਤ ਸਰਕਾਰ ਦੀ ਕਾਰਜਸੂਚੀ ’ਚ ਮਣੀਪੁਰ ਕੋਈ ਮਾਅਨੇ ਨਹੀਂ ਰੱਖਦਾ?’’

ਇਸੇ ਤਰ੍ਹਾਂ ਦੇ ਹਾਲਾਤ ਵਿਚਾਲੇ 3 ਜੁਲਾਈ ਨੂੰ ਸੁਪਰੀਮ ਕੋਰਟ ਨੇ ਮਣੀਪੁਰ ਦੀ ਇਕ ਜੇਲ ’ਚ ਬੰਦ ਇਕ ਵਿਚਾਰ-ਅਧੀਨ ਕੈਦੀ ਨੂੰ ਕੁਕੀ ਭਾਈਚਾਰੇ ਨਾਲ ਸਬੰਧਤ ਹੋਣ ਦੇ ਕਾਰਨ ਇਲਾਜ ਲਈ ਹਸਪਤਾਲ ਨਾ ਲਿਜਾਣ ਦੇ ਮਾਮਲੇ ’ਚ ਸਖਤ ਨੋਟਿਸ ਲੈਂਦੇ ਹੋਏ ਸੂਬਾ ਸਰਕਾਰ ਵਿਰੁੱਧ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਉਸ ਨੂੰ (ਪਟੀਸ਼ਨਕਰਤਾ) ਸੂਬਾ ਸਰਕਾਰ ’ਤੇ ਭਰੋਸਾ ਨਹੀਂ ਹੈ।

ਇਸ ਦੌਰਾਨ ਲੋਕ ਸਭਾ ਮੈਂਬਰ ਏ.ਬਿਮਲ ਅਕੋਈਜਾਮ ਦੇ ਉਕਤ ਬਿਆਨ ਦੇ ਇਕ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਜੁਲਾਈ ਨੂੰ ਰਾਜ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਕਰਦੇ ਹੋਏ ਮਣੀਪੁਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ :

‘‘ਅਸੀਂ ਮਣੀਪੁਰ ’ਚ ਸ਼ਾਂਤੀ ਸਥਾਪਿਤ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਾਂ। ਉੱਥੇ 11000 ਐੱਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ ਅਤੇ 500 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਨੂੰ ਮੰਨਣਾ ਪਵੇਗਾ ਕਿ ਮਣੀਪੁਰ ’ਚ ਲਗਾਤਾਰ ਹਿੰਸਾ ਦੀਆਂ ਘਟਨਾਵਾਂ ਘੱਟ ਹੁੰਦੀਆਂ ਜਾ ਰਹੀਆਂ ਹਨ ਅਤੇ ਸ਼ਾਂਤੀ ਦੀ ਗੱਲ ਸੰਭਵ ਹੋ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ,‘‘ਮਣੀਪੁਰ ਦੀ ਅੱਗ ’ਚ ਘਿਓ ਪਾਉਣ ਵਾਲਿਆਂ ਨੂੰ ਛੱਡਿਆ ਨਹੀਂ ਜਾਵੇਗਾ।’’

ਪ੍ਰਧਾਨ ਮੰਤਰੀ ਵੱਲੋਂ ਮਣੀਪੁਰ ’ਤੇ ਮੌਨ ਤੋੜਣਾ ਇਕ ਚੰਗਾ ਸੰਕੇਤ ਹੈ। ਆਸ਼ਾ ਕਰਨੀ ਚਾਹੀਦੀ ਹੈ ਕਿ ਜੰਗੀ ਨਜ਼ਰੀਏ ਨਾਲ ਮਹੱਤਵਪੂਰਨ ਇਸ ਸੰਵੇਦਨਸ਼ੀਲ ਸੂਬੇ ’ਚ ਛੇਤੀ ਹੀ ਹਾਲਾਤ ਆਮ ਵਰਗੇ ਹੋਣਗੇ ਅਤੇ ਉੱਥੋਂ ਦੇ ਲੋਕ ਪਹਿਲਾਂ ਵਾਂਗ ਸੁੱਖ ਸ਼ਾਂਤੀ ਨਾਲ ਜੀਵਨ ਬਿਤਾ ਸਕਣਗੇ।

-ਵਿਜੇ ਕੁਮਾਰ


author

Harpreet SIngh

Content Editor

Related News