ਔਰਤਾਂ ਦੀ ਆਜ਼ਾਦੀ ਦੇ ਸਭ ਤੋਂ ਵੱਡੇ ਪੈਰੋਕਾਰ ਭਗਵਾਨ ''ਸ਼੍ਰੀ ਕ੍ਰਿਸ਼ਨ''

Monday, Aug 26, 2024 - 03:50 PM (IST)

ਪੂਰਾ ਦੇਸ਼ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ’ਚ ਡੁੱਬਾ ਹੋਇਆ ਹੈ ਪਰ ਕੀ ਇਹ ਉਤਸਵ ਹੀ ਸ਼੍ਰੀ ਕ੍ਰਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਦਾ ਇਕੋ-ਇਕ ਰਾਹ ਅਤੇ ਨਿਸ਼ਾਨਾ ਹੈ? ਇਸ ਵਿਚ ਕੋਈ ਦੋ-ਰਾਏ ਨਹੀਂ ਹਨ ਕਿ ਦੁਨੀਆ ’ਚ ਸ਼੍ਰੀ ਕ੍ਰਿਸ਼ਨ ਦੀ ਭਗਤੀ ਨਾਲ ਉਨ੍ਹਾਂ ਦੀ ਵਾਣੀ ਭਾਗਵਤ ਗੀਤਾ ਦੀ ਮਹਿਮਾ ਵੀ ਵਧਦੀ ਜਾ ਰਹੀ ਹੈ। ਇਹ ਸੁਖਦ ਹੈ ਪਰ ਇਸ ਅਤਿਅੰਤ ਆਧੁਨਿਕ ਦੁਨੀਆ ’ਚ ਕੀ ਸ਼੍ਰੀ ਕ੍ਰਿਸ਼ਨ ਜੀ ਦੇ ਮਾਰਗ ਨੂੰ ਅਪਣਾਇਆ ਜਾ ਰਿਹਾ ਹੈ? ਅੱਜ ਦੇ ਸੰਦਰਭ ’ਚ ਸ਼੍ਰੀ ਕ੍ਰਿਸ਼ਨ ਜੀ ਦਾ ਮਾਰਗ ਸਭ ਤੋਂ ਵੱਧ ਸਿੱਖਿਆਦਾਇਕ ਹੈ।

ਸਮਾਜ ਵਿਚ ਪਖੰਡ ਵਧਦਾ ਜਾ ਰਿਹਾ ਹੈ। ਔਰਤਾਂ ਦੀ ਆਜ਼ਾਦੀ ਵਧੇਰੇ ਖਤਰੇ ’ਚ ਹੈ। ਦੁਨੀਆ ’ਤੇ ਜੰਗ ਦੇ ਬੱਦਲ ਮੰਡਰਾਅ ਰਹੇ ਹਨ ਅਤੇ ਸ਼ਾਂਤੀ ਦੇ ਨਾਂ ’ਤੇ ਵਿਤਕਰਾ ਹੋ ਰਿਹਾ ਹੈ। ਚੌਗਿਰਦਾ ਖਤਰੇ ਵਿਚ ਹੈ ਅਤੇ ਤੰਤਰ-ਮੰਤਰ, ਜਾਦੂ-ਟੂਣੇ ਕਰਨ ਵਾਲੇ ਵਧ-ਫੁਲ ਰਹੇ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਯਾਦ ਕਰਦਿਆਂ ਹੀ ਪਹਿਲਾਂ ਬ੍ਰਜ ਯਾਦ ਆਉਂਦਾ ਹੈ ਅਤੇ ਫਿਰ ਮਹਾਭਾਰਤ ਕਾਲ ਵੀ। ਬ੍ਰਜ ਦੀ ਧਰਤੀ ਵਿਚ ਉਹ ਪ੍ਰੇਮ ਦੇ ਪੁਜਾਰੀ ਹਨ। ਉਹ ਉਸ ਬ੍ਰਜ ਰਾਜ ਵਿਚ ਵਾਪਸ ਆਉਂਦੇ ਹਨ, ਜਿੱਥੇ ਅੱਜ ਵੀ ਵਾਰ-ਵਾਰ ਇਹ ਭਰੋਸਾ ਪੈਦਾ ਹੁੰਦਾ ਹੈ ਇਹੀ ਤਾਂ ਹਨ ਸ਼੍ਰੀ ਕ੍ਰਿਸ਼ਨ।

ਅਜਿਹੀਆਂ-ਅਜਿਹੀਆਂ ਲੀਲਾਵਾਂ ਜਿਨ੍ਹਾਂ ’ਤੇ ਸੰਤ ਅਤੇ ਦੁਨੀਆ ’ਚ ਆਉਣ ਵਾਲੇ ਭਗਤ ਕੁਰਬਾਨ ਹਨ। ਅਜਿਹੀ ਦੀਵਾਨਗੀ ਕਿ ਰਸਖਾਨ ਬ੍ਰਜ ਦੇ ਹੀ ਹੋ ਗਏ ਪਰ ਜਿਵੇਂ ਹੀ ਸ਼੍ਰੀ ਕ੍ਰਿਸ਼ਨ ਬ੍ਰਜ ਛੱਡ ਕੇ ਬਾਹਰ ਜਾਂਦੇ ਹਨ, ਉਹ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਹੋ ਜਾਂਦੇ ਹਨ। ਉਹ ਆਪਣੇ ਸਾਥੀ ਅਰਜੁਨ ਨੂੰ ਕੁਰੂਕਸ਼ੇਤਰ ’ਚ ਜੰਗ ਦੌਰਾਨ ਹੀ ਉਪਦੇਸ਼ ਦਿੰਦੇ ਹਨ ਅਤੇ ਕਹਿੰਦੇ ਹਨ- ਹੇ ਅਰਜੁਨ! ਜੋ ਭਗਤ ਜਿਸ ਤਰ੍ਹਾਂ ਮੇਰੀ ਸ਼ਰਨ ਲੈਂਦੇ ਹਨ, ਮੈਂ ਉਨ੍ਹਾਂ ਨੂੰ ਉਸੇ ਤਰ੍ਹਾਂ ਦਾ ਆਸਰਾ ਦਿੰਦਾ ਹਾਂ ਕਿਉਂਕਿ ਸਭ ਮਨੁੱਖ ਹਰ ਤਰ੍ਹਾਂ ਨਾਲ ਮੇਰੇ ਮਾਰਗ ਦੀ ਨਕਲ ਕਰਦੇ ਹਨ। ਸ਼੍ਰੀ ਕ੍ਰਿਸ਼ਨ ਦੀ ਯਾਦ ਆਉਂਦਿਆਂ ਹੀ ਪਹਿਲਾਂ ਬ੍ਰਜ ਯਾਦ ਆਉਂਦਾ ਹੈ, ਉਸ ਤੋਂ ਬਾਅਦ ਮਹਾਭਾਰਤ ਕਾਲ ਵੀ। ਅਸਲ ’ਚ ਅਜਿਹਾ ਅਲੌਕਿਕ ਅਤੇ ਬੇਮਿਸਾਲ ਚਰਿੱਤਰ ਦੁਨੀਆ ’ਚ ਘੱਟ ਹੀ ਦੇਖਣ ਨੂੰ ਮਿਲਦਾ ਹੈ ਜਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਹੈ। ਉਹ ਬਾਲ ਗੋਪਾਲ ਹਨ।

ਉਨ੍ਹਾਂ ਦੇ ਨਾਮ ਸੰਕੀਰਤਨ ’ਤੇ ਭਗਤ ਨ੍ਰਿਤ ਕਰਦੇ ਹਨ, ਝੂਮਦੇ ਹਨ। ਰਸਖਾਨ ਵੀ ਉਨ੍ਹਾਂ ’ਤੇ ਕੁਰਬਾਨ ਹੋ ਜਾਣਾ ਚਾਹੁੰਦੇ ਹਨ ਅਤੇ ਸੁਰ ਵੀ। ਉਨ੍ਹਾਂ ਦਾ ਪੂਰਾ ਜੀਵਨ ਚਰਿੱਤਰ ਰੂੜੀਆਂ ਨੂੰ ਤੋੜਦਾ ਹੈ, ਅੰਧ-ਵਿਸ਼ਵਾਸ ਨੂੰ ਖਤਮ ਕਰਦਾ ਹੈ, ਪਖੰਡ ਨੂੰ ਲਾਹਨਤ ਪਾਉਂਦਾ ਹੈ। ਪੂਰੇ ਬ੍ਰਜ ਵਾਸੀ ਜਦੋਂ ਇੰਦਰ ਦੀ ਪੂਜਾ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਸਨ ਤਾਂ ਸ਼੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕਿਸ ਦੀ ਪੂਜਾ ਕਰ ਰਹੇ ਹਨ? ਇੰਦਰ ਦੇਵਤਾ ਹਨ, ਇਸ ਲਈ ਕੀ ਉਨ੍ਹਾਂ ਦੀ ਪੂਜਾ ਢੁੱਕਵੀਂ ਹੈ। ਅਸੀਂ ਸਭ ਕੁਦਰਤ ਦੀ ਪੂਜਾ ਕਿਉਂ ਨਹੀਂ ਕਰਦੇ? ਅਸੀਂ ਇਕ ਗਾਂ ਦੀ ਪੂਜਾ ਕਿਉਂ ਨਹੀਂ ਕਰਦੇ ਜੋ ਜੀਵਨ ਦੇਣ ਵਾਲੀ ਹੈ। ਉਨ੍ਹਾਂ ਇੰਦਰ ਦੀ ਥਾਂ ਗਿਰੀਰਾਜ ਜੀ ਦੀ ਪੂਜਾ ਕਰਵਾਈ। ਇੰਦਰ ਦੀ ਥਾਂ ’ਤੇ ਗਾਂ ਦੀ ਪੂਜਾ ਹੋਈ। ਤ੍ਰਾਸਦੀ ਤਾਂ ਦੇਖੋ ਮਹਾਭਾਰਤ ਨੂੰ ਟਾਲਣ ਦੇ ਯਤਨ ’ਚ ਸ਼੍ਰੀ ਕ੍ਰਿਸ਼ਨ ਸ਼ਾਂਤੀ ਦੂਤ ਬਣ ਕੇ ਧ੍ਰਿਤਰਾਸ਼ਟਰ ਦੇ ਦਰਬਾਰ ’ਚ ਚਲੇ ਜਾਂਦੇ ਹਨ ਅਤੇ ਇਹ ਪ੍ਰਸਤਾਵ ਦਿੰਦੇ ਹਨ ਕਿ ਸ਼ਾਂਤੀ ਲਈ ਪਾਂਡਵ ਸਿਰਫ ਪੰਜ ਪਿੰਡ ਲੈ ਕੇ ਮੰਨ ਜਾਣਗੇ।

ਕੀ ਸ਼ਾਂਤੀ ਦਾ ਇਸ ਤੋਂ ਵੱਡਾ ਪ੍ਰਸਤਾਵ ਕਦੇ ਦੁਨੀਆ ’ਚ ਦੇਖਿਆ ਗਿਆ ਹੈ, ਸ਼ਾਇਦ ਨਹੀਂ ਪਰ ਜਦੋਂ ਸ਼ਾਂਤੀ ਦੀਆਂ ਸਭ ਸੰਭਾਵਨਾਵਾਂ ਖਤਮ ਹੋ ਜਾਂਦੀਆਂ ਹਨ ਅਤੇ ਕੌਰਵ ਤੇ ਪਾਂਡਵਾਂ ਦੀ ਫੌਜ ਕੁਰੂਕਸ਼ੇਤਰ ’ਚ ਆਹਮੋ-ਸਾਹਮਣੇ ਖੜ੍ਹੀ ਹੋ ਜਾਂਦੀ ਹੈ ਤਾਂ ਅਰਜੁਨ ਨੂੰ ਮੋਹ ਪੈਦਾ ਹੁੰਦਾ ਹੈ। ਆਪਣੇ ਪਰਿਵਾਰ ਪ੍ਰਤੀ ਮੋਹ ਕਾਰਨ ਹੀ ਉਹ ਸ਼ਾਂਤੀ ਦੀ ਗੱਲ ਕਰਨ ਲੱਗਦੇ ਹਨ ਪਰ ਸ਼੍ਰੀ ਕ੍ਰਿਸ਼ਨ ਇਸ ਪ੍ਰਸਤਾਵ ਨੂੰ ਨਹੀਂ ਮੰਨਦੇ ਅਤੇ ਅਰਜੁਨ ਦੀ ਸ਼ਾਂਤੀ ਦੇ ਪ੍ਰਸਤਾਵ ਨੂੰ ਡਰਪੋਕਤਾ ਦੱਸਦੇ ਹਨ। ਸ਼੍ਰੀ ਕ੍ਰਿਸ਼ਨ ਦੀ ਸ਼ਖਸੀਅਤ ਦੀ ਇਹੀ ਖੂਬੀ ਹੈ ਕਿ ਉਹ ਸਮੇਂ ਤੇ ਹਾਲਾਤ ਅਨੁਸਾਰ ਹੀ ਫੈਸਲਾ ਕਰਦੇ ਹਨ। ਉਹ ਸ਼ਾਂਤੀ ਦੇ ਪੁਜਾਰੀ ਹਨ ਪਰ ਜਿਹੜੇ ਵਿਅਕਤੀ ਸ਼ਾਂਤੀ ਦੇ ਰਾਹ ਵਿਚ ਰੁਕਾਵਟ ਹਨ, ਉਨ੍ਹਾਂ ਨੂੰ ਉਹ ਸਜ਼ਾ ਵੀ ਦਿਵਾਉਣੀ ਜਾਣਦੇ ਹਨ।

ਸ਼੍ਰੀ ਕ੍ਰਿਸ਼ਨ ਔਰਤਾਂ ਦੀ ਆਜ਼ਾਦੀ ਦੇ ਸਭ ਤੋਂ ਵੱਡੇ ਪੈਰੋਕਾਰ ਹਨ। ਦ੍ਰੋਪਦੀ ਉਨ੍ਹਾਂ ਲਈ ਔਰਤਾਂ ਦੀ ਆਜ਼ਾਦੀ ਦੀ ਪ੍ਰਤੀਕ ਹੈ। ਉਸ ਦਾ ਭਰੀ ਸਭਾ ’ਚ ਚੀਰਹਰਨ ਕਰ ਕੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਭੀਸ਼ਮ ਪਿਤਾਮਾ ਉਨ੍ਹਾਂ ਦੇ ਪਿਆਰੇ ਹਨ ਪਰ ਜਦੋਂ ਜੰਗ ਦੀ ਭੂਮੀ ’ਚ ਪਿਤਾਮਾ ਨੂੰ ਸਾਹਮਣੇ ਦੇਖ ਕੇ ਤੀਰ ਚਲਾਉਣ ਸਮੇਂ ਅਰਜੁਨ ਦੇ ਹੱਥ ਕੰਬਦੇ ਹਨ ਤਾਂ ਸ਼੍ਰੀ ਕ੍ਰਿਸ਼ਨ ਉਨ੍ਹਾਂ ਨੂੰ ਯਾਦ ਦੁਆ ਦਿੰਦੇ ਹਨ ਕਿ ਜਦੋਂ ਦ੍ਰੋਪਦੀ ਦਾ ਭਰੀ ਸਭਾ ’ਚ ਅਪਮਾਨ ਹੋ ਰਿਹਾ ਸੀ ਤਾਂ ਪਿਤਾਮਾ ਚੁੱਪਚਾਪ ਸ਼ਾਂਤ ਬੈਠੇ ਸਨ।

ਇਕ ਔਰਤ ਦੇ ਅਪਮਾਨ ’ਤੇ ਚੁੱਪਚਾਪ ਬੈਠੇ ਪਿਤਾਮਾ ਓਨੇ ਹੀ ਦੋਸ਼ੀ ਹਨ ਜਿੰਨਾ ਅਪਮਾਨ ਕਰਨ ਵਾਲੇ। ਸੁਭੱਦਰਾ ਦਾ ਵਿਆਹ ਜਬਰੀ ਦੁਰਯੋਧਨ ਨਾਲ ਕਰਵਾਇਆ ਜਾ ਰਿਹਾ ਸੀ ਪਰ ਸੁਭੱਦਰਾ ਦੀ ਇੱਛਾ ਨੂੰ ਜਾਣ ਕੇ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਕਿ ਉਹ ਸੁਭੱਦਰਾ ਨੂੰ ਲੈ ਜਾਣ। ਸ਼੍ਰੀ ਕ੍ਰਿਸ਼ਨ ਦੇ ਇਸ ਫੈਸਲੇ ’ਤੇ ਕਈ ਸਵਾਲ ਉੱਠਦੇ ਹਨ ਪਰ ਸ਼੍ਰੀ ਕ੍ਰਿਸ਼ਨ ਜੀ ਦਾ ਇਕ ਜਵਾਬ ਸੀ ਕਿ ਔਰਤ ਦੀ ਇੱਛਾ ਤੋਂ ਬਿਨਾਂ ਪਰਿਵਾਰ ਉਸ ਦਾ ਕਿਸੇ ਨਾਲ ਵੀ ਵਿਆਹ ਨਹੀਂ ਕਰ ਸਕਦਾ। ਸ਼੍ਰੀ ਕ੍ਰਿਸ਼ਨ ਦਾ ਪੂਰਾ ਜੀਵਨ ਚੁਣੌਤੀਆਂ ਅਤੇ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ। ਇਹ ਇਸ ਲਈ ਕਿਉਂਕਿ ਉਹ ਪੂਰੇ ਸਮਾਜ ਨੂੰ ਇਹ ਸਿੱਖਿਆ ਦੇਣਾ ਚਾਹੁੰਦੇ ਸਨ ਕਿ ਚੁਣੌਤੀਆਂ ਕਿੰਨੀਆਂ ਹੀ ਵੱਡੀਆਂ ਕਿਉਂ ਨਾ ਹੋਣ, ਸ਼ਾਂਤ ਬੈਠਣ ਵਾਲੇ ਡਰਪੋਕ ਹੁੰਦੇ ਹਨ।

ਗੁਜਰਾਤ ’ਚ ਸਮੁੰਦਰ ਦੇ ਕੰਢੇ ’ਤੇ ਪਹੁੰਚ ਕੇ ਦੁਆਰਕਾ ਨਗਰੀ ਵਸਾਉਂਦੇ ਹਨ ਪਰ ਦੁਆਰਕਾ ’ਚ ਚੈਨ ਨਾਲ ਬੈਠੇ ਵੀ ਨਹੀਂ ਸਨ ਕਿ ਮਹਾਭਾਰਤ ਦੀ ਜੰਗ ਦੀ ਆਹਟ ਆਉਣ ਲੱਗਦੀ ਹੈ। ਉਹ ਸ਼ਾਂਤੀ ਦੂਤ ਬਣ ਕੇ ਹਸਤਿਨਾਪੁਰ ਜਾਂਦੇ ਹਨ। ਹਰ ਸੰਭਵ ਯਤਨ ਕਰਦੇ ਹਨ ਕਿ ਮਹਾਭਾਰਤ ਨੂੰ ਰੋਕਿਆ ਜਾਏ ਪਰ ਜਦੋਂ ਇਹ ਨਹੀਂ ਰੁਕਿਆ ਤਾਂ ਉਹ ਅਰਜੁਨ ਦੇ ਸਾਰਥੀ ਬਣ ਜਾਂਦੇ ਹਨ। ਮਹਾਭਾਰਤ ਦੀ ਜੰਗ ਖਤਮ ਹੁੰਦੀ ਹੈ ਅਤੇ ਉਥੋਂ ਵਾਪਸ ਆ ਕੇ ਉਹ ਅਜੇ ਦੁਆਰਕਾ ’ਚ ਚੈਨ ਨਾਲ ਕੁਝ ਦਿਨ ਬੈਠੇ ਵੀ ਨਹੀਂ ਸਨ ਕਿ ਉਨ੍ਹਾਂ ਦੇ ਪਰਿਵਾਰ ’ਚ ਹੀ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਇਕ ਦਿਨ ਚੈਨ ਨਾਲ ਨਹੀਂ ਬੈਠੇ। ਉਹ ਲਗਾਤਾਰ ਸੰਘਰਸ਼ ਕਰਦੇ ਰਹੇ। ਸਮਾਜ ਨੂੰ ਨਵੇਂ ਰਾਹ ਦਿਖਾਉਂਦੇ ਰਹੇ। ਉਹ ਸਭ ਤੋਂ ਵੱਡੇ ਉਪਦੇਸ਼ਕ ਹਨ, ਉਸ ਸੱਚਾਈ ਦੇ ਰਾਹ ਦੇ ਜਿਸ ਤੋਂ ਲੋਕ ਭਟਕ ਗਏ ਹਨ।

ਬ੍ਰਿਜੇਸ਼ ਸ਼ੁਕਲ


Tanu

Content Editor

Related News