ਦੀਵਾਲੀ ’ਤੇ ਸਿਰਫ ਮਠਿਆਈ ਖਾਣਾ ਜਾਂ ਪਟਾਕੇ ਚਲਾਉਣਾ ਕਾਫੀ ਨਹੀਂ
Monday, Oct 20, 2025 - 07:40 AM (IST)

ਅੱਜ ਹਰ ਜਗ੍ਹਾ ਦਲਿਤ ਭਾਈਚਾਰੇ ਦੇ ਮੈਂਬਰ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਇਕੱਲੇ ਅਕਤੂਬਰ ਦੇ ਮਹੀਨੇ ’ਚ ਹੀ ਦਲਿਤਾਂ ਦੇ ਵਿਰੁੱਧ ਹਿੰਸਾ ਅਤੇ ਤਸ਼ੱਦਦ ਦੀਆਂ ਅਨੇਕ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅਜੇ ਹਾਲ ਹੀ ’ਚ 6 ਅਕਤੂਬਰ ਨੂੰ ਇਕ ਦਲਿਤ ਲੜਕਾ ਕਾਲਜ ’ਚ ਜਾਤੀਵਾਦੀ ਹਿੰਸਾ ਦਾ ਸ਼ਿਕਾਰ ਹੋਇਆ ਅਤੇ ਇਸ ਦੇ ਕੁਝ ਹੀ ਦਿਨ ਬਾਅਦ ਇਕ ਹੋਰ ਲੜਕੇ ਦਾ ਮਾਮਲਾ ਸਾਹਮਣੇ ਆਇਆ, ਜੋ ਕਿ ਫਿਲਹਾਲ ਯੂ. ਕੇ. ’ਚ ਹੈ ਅਤੇ ਪੁਣੇ ਵਿਚ ਉਸ ਦੇ ਕਾਲਜ ਨੇ ਉਸ ਨੂੰ ਦਲਿਤ ਹੋਣ ਦੇ ਕਾਰਨ ਸਰਟੀਫਿਕੇਟ ਨਹੀਂ ਦਿੱਤਾ।
ਮੱਧ ਪ੍ਰਦੇਸ਼ ਦੇ ‘ਕਟਨੀ’ ਜ਼ਿਲੇ ’ਚ ਨਾਜਾਇਜ਼ ਮਾੲੀਨਿੰਗ ਦਾ ਵਿਰੋਧ ਕਰਨ ’ਤੇ ਇਕ ਦਲਿਤ ਨੌਜਵਾਨ ’ਤੇ ਹਮਲਾ ਕਰ ਕੇ ਉਸ ਦੇ ਨਾਲ ਕੁੱਟਮਾਰ ਅਤੇ ਉਸ ਦੇ ਮੂੰਹ ’ਤੇ ਪਿਸ਼ਾਬ ਕੀਤਾ ਿਗਆ। ਇਸੇ ਤਰ੍ਹਾਂ ਰੋਹੜੂ (ਹਿਮਾਚਲ ਪ੍ਰਦੇਸ਼) ’ਚ ਇਕ ਜਾਤੀਵਾਦੀ ਘਟਨਾ ਦੇ ਸਿੱਟੇ ਵਜੋਂ 12 ਸਾਲ ਦੇ ਇਕ ਦਲਿਤ ਬੱਚੇ ਨੇ ਆਤਮਹੱਤਿਆ ਕਰ ਲਈ।
7 ਅਕਤੂਬਰ ਨੂੰ ਹਰਿਆਣਾ ਦੇ ਇੰਸਪੈਕਟਰ ਜਨਰਲ ਵਾਈ. ਪੂਰਨ ਕੁਮਾਰ ਨੇ ਆਤਮਹੱਤਿਆ ਕਰ ਲਈ ਅਤੇ ਇਸ ਦੇ ਲਈ ਉਨ੍ਹਾਂ ਨੇ ਆਪਣੇ ਸੁਸਾਈਡ ਨੋਟ ’ਚ ਆਪਣੇ ਹੀ ਵਿਭਾਗ ਦੇ ਕੁਝ ਸਹਿਕਰਮੀਆਂ ’ਤੇ ਜਾਤੀਵਾਦ ਦੇ ਆਧਾਰ ’ਤੇ ਤਸ਼ੱਦਦ ਕਰਨ ਦੇ ਦੋਸ਼ ਲਾਏ।
ਇਨ੍ਹਾਂ ਸਭ ਘਟਨਾਵਾਂ ਨੂੰ ਦੇਖਦੇ ਹੋਏ ਮਨ ’ਚ ਇਹ ਪ੍ਰਸ਼ਨ ਉੱਠਣਾ ਸੁਭਾਵਿਕ ਹੀ ਹੈ ਕਿ ਆਖਿਰ ਇਹ ਸਭ ਕਿਉਂ ਹੋ ਰਿਹਾ ਹੈ? ਕਿਉਂਕਿ ਵੈਦਿਕ ਕਾਲ ਦੇ ਸ਼ੁਰੂਆਤੀ ਦੌਰ (1500-1000 ਈ.ਪੂ.) ’ਚ ਜਦੋਂ ਰਿਗਵੇਦ ਦੀ ਰਚਨਾ ਹੋਈ, ਉਦੋਂ ਜਾਤੀ ਪ੍ਰਥਾ ਸ਼ੁਰੂ ਹੋਈ ਅਤੇ ਸਮਾਜ ਨੂੰ 4 ਵਰਣਾਂ ’ਚ ਵੰਡਿਆ ਗਿਆ। ਉਦੋਂ ਜਾਤੀ ਪ੍ਰਥਾ ਲਚਕੀਲੀ ਸੀ।
ਰਿਗਵੇਦ ਦੀ ਇਕ ਰਿਚਾ ’ਚ ਕਿਹਾ ਗਿਆ ਹੈ ਕਿ ‘ਮੈਂ ਇਕ ਕਲਾਕਾਰ ਹਾਂ, ਮੇਰੇ ਪਿਤਾ ਇਕ ਵਪਾਰੀ ਹਨ ਅਤੇ ਮੇਰੀ ਮਾਂ ਅਨਾਜ ਪੀਸਣ ਦਾ ਕੰਮ ਕਰਦੀ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਉਹ ਸ਼ੂਦਰ ਹੈ, ਪਿਤਾ ਵੈਸ਼ਯ ਅਤੇ ਉਹ ਖੁਦ ਕਲਾਕਾਰ ਹੈ, ਭਾਵ ਉਦੋਂ ਕਿਸੇ ਵੀ ਵਿਅਕਤੀ ਦੇ ਕਿੱਤੇ ਦੇ ਆਧਾਰ ’ਤੇ ਜਾਤੀ ਦਾ ਨਿਰਧਾਰਨ ਹੁੰਦਾ ਸੀ, ਜਨਮ ਦੇ ਆਧਾਰ ’ਤੇ ਨਹੀਂ ਅਤੇ ਉਹ ਕੰਮ ਦੇ ਆਧਾਰ ’ਤੇ ਬਦਲਿਆ ਵੀ ਜਾ ਸਕਦਾ ਸੀ।
ਇਸੇ ਰਿਚਾ ਤੋਂ ਸਪੱਸ਼ਟ ਹੈ ਕਿ ਪਿਤਾ ਦਾ ਕਿੱਤਾ ਕੁਝ ਹੋਰ, ਮਾਂ ਦਾ ਕੁਝ ਹੋਰ ਅਤੇ ਬੇਟੇ ਦਾ ਕਿੱਤਾ ਕੁਝ ਹੋਰ ਹੁੰਦਾ ਹੈ ਅਤੇ ਉਸੇ ਦੇ ਆਧਾਰ ’ਤੇ ਜਾਤੀ ਦਾ ਨਿਰਧਾਰਨ ਹੁੰਦਾ ਸੀ। ਇਹੀ ਨਹੀਂ, ਰਾਜਾ ਦਾ ਅਹੁਦਾ ਬੇਸ਼ੱਕ ਵੰਸ਼ ਅਨੁਸਾਰ ਹੁੰਦਾ ਸੀ ਪਰ ਉਸ ਨੂੰ ਮੁਕੰਮਲ ਸ਼ਕਤੀਆਂ ਨਹੀਂ ਦਿੱਤੀਆਂ ਜਾਂਦੀਆਂ ਸਨ।
ਅਜਿਹਾ ਨਹੀਂ ਸੀ ਕਿ ਜੇਕਰ ਉਹ ਕਸ਼ੱਤਰੀ ਹੈ ਤਾਂ ਉਸ ਨੂੰ ਸਰਵਉੱਚ ਅਧਿਕਾਰ ਮਿਲ ਗਏ, ਉਸ ਦੇ ਉਪਰ ਧਰਮਗੁਰੂ ਅਤੇ ਸਭਾ ਸਮਿਤੀਆਂ ਹੁੰਦੀਆਂ ਸਨ। ਵੈਸ਼ਯ ਫਿਰਕਾ (ਵਪਾਰੀ) ’ਤੇ ਵੀ ਇਹੀ ਸਿਧਾਂਤ ਲਾਗੂ ਹੁੰਦਾ ਸੀ ਅਤੇ ਮੰਦਰਾਂ ਦੇ ਪੁਜਾਰੀਆਂ ਤੱਕ ਵੀ ਇਹ ਸਿਧਾਂਤ ਲਾਗੂ ਹੁੰਦਾ ਸੀ।
ਪਰ ਉੱਤਰ ਵੈਦਿਕ ਕਾਲ ’ਚ ਜਾਤੀ ਪ੍ਰਥਾ ’ਚ ਕੱਟੜਤਾ ਆ ਗਈ ਅਤੇ ਜਨਮ ਦੇ ਆਧਾਰ ’ਤੇ ਜਾਤੀ ਤੈਅ ਕੀਤੀ ਜਾਣ ਲੱਗੀ, ਭਾਵ ਲੋਕਾਂ ਦੇ ਤਰੱਕੀ ਦੇ ਸਾਧਨਾਂ ਅਤੇ ਸਿੱਖਿਆ ਨੂੰ ਸੀਮਤ ਕਰ ਦਿੱਤਾ ਿਗਆ ਕਿ ਤੁਸੀਂ ਵਧ ਨਹੀਂ ਸਕਦੇ, ਸਮਾਜ ’ਚ ਜਿੱਥੇ ਤੁਸੀਂ ਪੈਦਾ ਹੋਏ ਹੋ, ਤੁਸੀਂ ਉੱਥੇ ਹੀ ਰਹੋਗੇ। ਇਸ ਕੁਰੀਤੀ ’ਚ ਸੁਧਾਰ ਕਰਨ ਲਈ ਭਾਰਤ ’ਚ 17ਵੀਂ ਅਤੇ 18ਵੀਂ ਸਦੀ ’ਚ ਅਨੇਕ ਸੁਧਾਰਵਾਦੀ ਅੰਦੋਲਨ ਚੱਲੇ।
ਸਵਾਮੀ ਨਾਰਾਇਣ ਜੋ ਉਸ ਸਮੇਂ ਇਕ ਨੌਜਵਾਨ ਸਨ, ਨੇ 1781 ’ਚ ‘ਸਵਾਮੀ ਨਾਰਾਇਣ ਸੰਪਰਦਾਇ’ ਦੀ ਸਥਾਪਨਾ ਕੀਤੀ ਅਤੇ ‘ਅਕਸ਼ਰਧਾਮ’ ਦੇ ਨਾਂ ਨਾਲ ਦੇਸ਼-ਵਿਦੇਸ਼ ’ਚ ਸੈਂਕੜੇ ਮੰਦਰਾਂ ਦਾ ਨਿਰਮਾਣ ਕਰਵਾਇਆ।
ਉਨ੍ਹਾਂ ਦਾ ਇਹੀ ਕਹਿਣਾ ਸੀ ਕਿ ਕੋਈ ਊਚ-ਨੀਚ ਅਤੇ ਛੋਟਾ-ਵੱਡਾ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਏਕਾਂਤਿਕ ਧਰਮ, ਅਹਿੰਸਾ, ਭਗਤੀ ਅਤੇ ਉੱਚ ਨੈਤਿਕਤਾ ਦੀ ਸਿੱਖਿਆ ਦਿੱਤੀ। ਫਿਰ 18ਵੀਂ ਸਦੀ ’ਚ ਜਦੋਂ ਫਿਰ ਤੋਂ ਇਹ ਚਰਚਾ ਸ਼ੁਰੂ ਹੋਈ ਤਾਂ ਉਸੇ ਦੌਰ ’ਚ ਭਾਰਤ ’ਚ ਉਭਰਨ ਵਾਲੇ ਰਾਮਕ੍ਰਿਸ਼ਨ ਪਰਮਹੰਸ, ਈਸ਼ਵਰ ਚੰਦਰ ਵਿੱਦਿਆ ਸਾਗਰ, ਸਵਾਮੀ ਵਿਵੇਕਾਨੰਦ ਅਤੇ ਸਵਾਮੀ ਦਇਆਨੰਦ ਆਦਿ ਸਾਰੇ ਸਮਾਜ ਸੁਧਾਰਕਾਂ ਨੇ ਸਮਝਾਇਆ ਕਿ ਜਾਤੀ ਪ੍ਰਥਾ ਨੂੰ ਅਸੀਂ ਇਸ ਰੂਪ ’ਚ ਨਹੀਂ ਅਪਣਾਉਣਾ ਹੈ ਕਿਉਂਕਿ ਸਭ ਲੋਕ ਬਰਾਬਰ ਹਨ।
ਅਸਲ ’ਚ ਉਸ ਤੋਂ ਬਾਅਦ ਜਦੋਂ ਮਹਾਤਮਾ ਗਾਂਧੀ ਨੇ ਇਹ ਕਿਹਾ ਕਿ ਕੋਈ ਵਿਅਕਤੀ ਸਮਾਜ ’ਚ ਕਥਿਤ ਛੋਟੀ ਜਾਤੀ ਕਹਾਉਣ ਵਾਲਿਆਂ ਨੂੰ ਸ਼ੂਦਰ ਕਹਿ ਕੇ ਨਹੀਂ ਬੁਲਾਏਗਾ ਕਿਉਂਕਿ ਸਭ ਲੋਕ ਬਰਾਬਰ ਹਨ ਅਤੇ ਉਨ੍ਹਾਂ ਨੇ ਇਕ ਘਰ ’ਚ ਜਾ ਕੇ ਖਾਣਾ ਖਾਧਾ ਅਤੇ ਮਹਾਤਮਾ ਗਾਂਧੀ ਦਾ ਜ਼ਿਆਦਾਤਰ ਵਿਰੋਧ ਇਸ ਗੱਲ ਨੂੰ ਲੈ ਕੇ ਹੋ ਰਿਹਾ ਸੀ ਕਿ ਉਹ ਸਮਾਜ ਦੇ ਹਰ ਮੈਂਬਰ ਨੰੂ ਬਰਾਬਰ ਬਣਾਉਣਾ ਚਾਹੁੰਦੇ ਸਨ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਸਾਡਾ ਸੰਵਿਧਾਨ ਹੀ ਇਹ ਕਹਿੰਦਾ ਹੈ ਕਿ ਸਭ ਲੋਕ ਇਕ ਸਮਾਨ ਹਨ ਤਾਂ ਫਿਰ ਕਿਸੇ ਦੇ ਛੋਟਾ ਜਾਂ ਵੱਡਾ ਹੋਣ ਦੀ ਗੱਲ ਿਕੱਥੋਂ ਆਉਂਦੀ ਹੈ?
ਆਪਣੇ ਪਾਠਕਾਂ ਅਤੇ ਸ਼ੁੱਭਚਿੰਤਕਾਂ ਨੂੰ ਦੀਵਾਲੀ ਦੀ ਵਧਾਈ ਦਿੰਦੇ ਹੋਏ ਅਤੇ ਉਨ੍ਹਾਂ ਦੀ ਸੁੱਖ-ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਭਗਵਾਨ ਰਾਮ ਦੀ ਇਸ ਸਿੱਖਿਆ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਭਾਵੇਂ ਛਬਰੀ ਸੀ ਜਾਂ ਕੋਈ ਹੋਰ ਸੀ, ਭਗਵਾਨ ਰਾਮ ਨੇ ਕਿਸੇ ਦੇ ਨਾਲ ਭੇਦਭਾਵ ਨਹੀਂ ਕੀਤਾ, ਸਗੋਂ ਭਗਵਾਨ ਰਾਮ ਨੇ ਤਾਂ ਛਬਰੀ ਦੇ ਜੂਠੇ ਬੇਰ ਵੀ ਖਾਧੇ ਸਨ।
ਤਾਂ ਜੇਕਰ ਅਸੀਂ ਸਹੀ ਅਰਥਾਂ ’ਚ ਸ਼੍ਰੀ ਰਾਮ ਦੇ ਪ੍ਰਤੀ ਆਪਣੀ ਆਸਥਾ ਨੂੰ ਪ੍ਰਗਟ ਅਤੇ ਰਾਮ ਰਾਜ ਦੀ ਕਲਪਨਾ ਨੂੰ ਸਾਕਾਰ ਕਰਨਾ ਹੈ ਤਾਂ ਅਸੀਂ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਅਤੇ ਸਿਧਾਂਤਾਂ ਦੀ ਪਾਲਣਾ ਕਰੀਏ। ਉਨ੍ਹਾਂ ਨੇ ਸਮਾਜ ’ਚ ਸਮਾਨਤਾ ਦਾ ਪੱਖ ਲਿਆ ਅਤੇ ਉਨ੍ਹਾਂ ਦੇ ਲਈ ਕੋਈ ਛੋਟਾ-ਵੱਡਾ ਜਾਂ ਛੂਤ-ਅਛੂਤ ਨਹੀਂ ਸੀ।
ਜੇਕਰ ਅਸੀਂ ਅੱਜ ਦੇ ਦਿਨ ਵਿਸ਼ਨੂੰ ਦੇ ਸੱਤਵੇਂ ਅਵਤਾਰ ਸ਼੍ਰੀ ਰਾਮ ਨੂੰ ਯਾਦ ਕਰਦੇ ਹਾਂ ਤਾਂ ਇਸ ਦੇ ਲਈ ਸਿਰਫ ਮਠਿਆਈ ਖਾਣ ਜਾਂ ਪਟਾਕੇ ਚਲਾਉਣ ਨਾਲ ਗੱਲ ਨਹੀਂ ਬਣੇਗੀ, ਸਾਨੂੰ ਸ਼੍ਰੀ ਰਾਮ ਦੇ ਸਿਧਾਂਤਾਂ ਨੂੰ ਵੀ ਆਪਣੇ ਜੀਵਨ ’ਚ ਉਤਾਰਨਾ ਅਤੇ ਸਿੱਧ ਕਰਨਾ ਹੋਵੇਗਾ ਕਿ ਸਮਾਜ ’ਚ ਸਭ ਬਰਾਬਰ ਹਨ ਅਤੇ ਸਭ ਨੂੰ ਭੈਅ-ਮੁਕਤ ਸਮਾਜ ’ਚ ਸਨਮਾਨ ਨਾਲ ਜਿਊਣ ਦਾ ਅਧਿਕਾਰ ਹੈ।