ਅਜਿਹਾ ਲੱਗਦਾ ਹੈ ਜਿਵੇਂ ਟਰੰਪ ਸੈਲਾਨੀਆਂ ਨੂੰ ਦੂਰ ਭਜਾ ਰਹੇ ਹਨ
Tuesday, Apr 08, 2025 - 05:23 PM (IST)

ਸੰਯੁਕਤ ਰਾਜ ਅਮਰੀਕਾ ਦੁਨੀਆ ਦੇ ਚੋਟੀ ਦੇ 3 ਸਭ ਤੋਂ ਵੱਧ ਦੇਖੇ ਜਾਣ ਵਾਲੇ ਦੇਸ਼ਾਂ ’ਚੋਂ ਇਕ ਹੈ। ਸੈਨ ਫਰਾਂਸਿਸਕੋ, ਨਿਊਯਾਰਕ ਅਤੇ ਸ਼ਿਕਾਗੋ ਵਰਗੇ ਸ਼ਹਿਰ ਅਤੇ ਯੋਸੇਮਾਈਟ ਵਰਗੇ ਕੌਮੀ ਬਾਗ ਦਹਾਕਿਆਂ ਤੋਂ ਕੌਮਾਂਤਰੀ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਆਏ ਹਨ। ਕੌਮਾਂਤਰੀ ਵਪਾਰ ਸ਼ਕਤੀ ਵਜੋਂ ਇਸ ਦੀ ਭੂਮਿਕਾ ਦੇ ਨਾਲ ਇਸ ਦਾ ਮਤਲਬ ਹੈ ਕਿ 2023 ’ਚ ਇਸ ਦੇ 66.5 ਮਿਲੀਅਨ ਸੈਲਾਨੀ ਸਨ ਅਤੇ 2024 ਦਾ ਅੰਕੜਾ ਅਜੇ ਹੋਰ ਵੀ ਵੱਧ ਹੋਣ ਦੀ ਉਮੀਦ ਹੈ।
ਪਰ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਕੁਝ ਬਦਲ ਗਿਆ ਹੈ ਅਤੇ 2025 ਦੇ ਅੰਕੜੇ ਓਨੇ ਮਜ਼ਬੂਤ ਨਹੀਂ ਹੋ ਸਕਦੇ ਹਨ। ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦਾ 2024 ਤੋਂ ਮੁੜ ਤੋਂ ਚੁਣਿਆ ਜਾਣਾ ਅਤੇ ਅੰਦਰੂਨੀ ਸੱਭਿਆਚਾਰਕ ਤਬਦੀਲੀਆਂ ਦੇ ਨਾਲ-ਨਾਲ ਵਿਦੇਸ਼ੀ ਡਿਪਲੋਮੈਸੀ ਅਤੇ ਸੰਬੰਧਾਂ ’ਚ ਨਤੀਜਾ ਤਬਦੀਲੀ, ਅਮਰੀਕਾ ਪ੍ਰਤੀ ਕੌਮਾਂਤਰੀ ਦ੍ਰਿਸ਼ਟੀਕੋਣ ਨੂੰ ਬਦਲਣਾ ਸ਼ੁਰੂ ਕਰ ਰਹੀ ਹੈ। ਅਜਿਹੇ ਦ੍ਰਿਸ਼ਟੀਕੋਣ ਸੈਲਾਨੀਆਂ ਦੀ ਅਮਰੀਕਾ ਜਾਣ ਦੀ ਇੱਛਾ ਨੂੰ ਪ੍ਰਭਾਵਿਤ ਕਰਦੇ ਨਜ਼ਰ ਆਉਂਦੇ ਹਨ।
ਇਕ ਖੋਜੀ ਫਰਮ ‘ਟੂਰਿਜ਼ਮ ਇਕਨਾਮਿਕਸ’ ਦੀ ਇਕ ਤਾਜ਼ਾ ਰਿਪੋਰਟ ’ਚ ਅਮਰੀਕਾ ’ਚ ਆਉਣ ਵਾਲੇ ਯਾਤਰੀਆਂ ’ਚ ਇਸ ਸਾਲ 5.5 ਫੀਸਦੀ ਦੀ ਗਿਰਾਵਟ ਹੋਣ ਦਾ ਅੰਦਾਜ਼ਾ ਹੈ ਜਦੋਂ ਕਿ ਪਹਿਲਾਂ ਅਨੁਮਾਨ ਲਾਇਆ ਗਿਆ ਸੀ ਕਿ ਇਸ ’ਚ ਲਗਭਗ 9 ਫੀਸਦੀ ਦਾ ਵਾਧਾ ਹੋਵੇਗਾ।
ਟੈਰਿਫ ਅਤੇ ਵਪਾਰ ਦੀ ਜੰਗ ਦੇ ਹੋਰ ਵਾਧੇ ਨਾਲ ਕੌਮਾਂਤਰੀ ਸੈਰ-ਸਪਾਟੇ ’ਚ ਵਧੇਰੇ ਕਮੀ ਆ ਸਕਦੀ ਹੈ। ਇਹ ਇਸ ਸਾਲ ਸੈਲਾਨੀਆਂ ਦੇ ਖਰਚ ’ਚ ਸਾਲਾਨਾ 18 ਬਿਲੀਅਨ ਅਮਰੀਕੀ ਡਾਲਰ ਦੀ ਕਮੀ ਦੇ ਬਰਾਬਰ ਹੋ ਸਕਦੀ ਹੈ।
ਯਾਤਰਾ ਰੱਦ ਹੋਣ ਦੇ ਕੁਝ ਸਬੂਤ ਪਹਿਲਾਂ ਤੋਂ ਹੀ ਮੌਜੂਦ ਹਨ। ਜਦੋਂ ਤੋਂ ਟਰੰਪ ਨੇ ਕੈਨੇਡਾ ਦੇ ਕਈ ਸਾਮਾਨਾਂ ’ਤੇ 25 ਫੀਸਦੀ ਟੈਰਿਫ ਦਾ ਐਲਾਨ ਕੀਤਾ ਹੈ, ਉਦੋਂ ਤੋਂ ਪਿਛਲੇ ਸਾਲ ਦੇ ਮੁਕਾਬਲੇ ਕੁਝ ਦਿਨਾਂ ਤੋਂ ਸਰਹੱਦ ਪਾਰ ਕਰਨ ਵਾਲੇ ਕੈਨੇਡਾ ਦੇ ਲੋਕਾਂ ਦੀ ਗਿਣਤੀ ’ਚ 45 ਫੀਸਦੀ ਤਕ ਦੀ ਗਿਰਾਵਟ ਆਈ ਹੈ।
ਕੈਨੇਡਾ, ਅਮਰੀਕਾ ’ਚ ਕੌਮਾਂਤਰੀ ਸੈਲਾਨੀਆਂ ਦਾ ਸਭ ਤੋਂ ਵੱਡਾ ਸੋਮਾ ਹੈ। ਏਅਰ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਮੰਗ ’ਚ ਕਮੀ ਕਾਰਨ ਮਾਰਚ ’ਚ ਲਾਸ ਵੇਗਾਸ ਸਮੇਤ ਕੁਝ ਅਮਰੀਕੀ ਛੁੱਟੀਆਂ ਵਾਲੀਆਂ ਥਾਵਾਂ ਲਈ ਉਡਾਣਾਂ ਘੱਟ ਕਰ ਰਿਹਾ ਹੈ।
ਕੈਨੇਡਾ ਦੇ ਬਾਜ਼ਾਰ ਖੋਜਕਰਤਾ ਲੇਗਰ ਵਲੋਂ ਮਾਰਚ ’ਚ ਕੀਤੇ ਗਏ ਇਕ ਸਰਵੇਖਣ ਮੁਤਾਬਕ ਸੰਯੁਕਤ ਰਾਜ ਅਮਰੀਕਾ ਦੇ ਸਫਰ ਦੀ ਯੋਜਨਾ ਬਣਾਉਣ ਵਾਲੇ 36 ਫੀਸਦੀ ਕੈਨੇਡਾ ਵਾਸੀਆਂ ਨੇ ਪਹਿਲਾਂ ਹੀ ਉਸ ਨੂੰ ਰੱਦ ਕਰ ਦਿੱਤਾ ਹੈ। ਹਵਾਬਾਜ਼ੀ ਵਿਸ਼ਲੇਸ਼ਣ ਕੰਪਨੀ ਓ. ਏ. ਜੀ. ਦੇ ਡਾਟਾ ਮੁਤਾਬਕ ਕੈਨੇਡਾ ਤੋਂ ਅਮਰੀਕਾ ਦੇ ਰਸਤਿਆਂ ’ਤੇ ਮੁਸਾਫਰਾਂ ਦੀ ਬੁਕਿੰਗ ਪਿਛਲੇ ਸਾਲ ਦੀ ਇਸ ਸਮੇਂ ਦੀ ਮਿਆਦ ਦੀ ਤੁਲਨਾ ’ਚ 78 ਫੀਸਦੀ ਤੋਂ ਵੀ ਘੱਟ ਹੋਈ ਹੈ।
ਇਹ ਉਦੋਂ ਹੋਇਆ ਹੈ ਜਦੋਂ ਯੂ. ਐੱਸ. ਟ੍ਰੈਵਲ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਕੈਨੇਡਾ ’ਚ ਆਉਣ ਵਾਲੇ ਲੋਕਾਂ ’ਚ 10 ਫੀਸਦੀ ਦੀ ਕਮੀ ਕਾਰਨ ਖਰਚਿਆਂ ’ਚ 2.1 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਸ ਨਾਲ 140,000 ਨੌਕਰੀਆਂ ਖਤਰੇ ’ਚ ਪੈ ਸਕਦੀਆਂ ਹਨ।
ਕੁਝ ਸੰਭਾਵਿਤ ਸੈਲਾਨੀਆਂ ਨੇ ਅਮਰੀਕਾ ਆਉਣ ਸੰਬੰਧੀ ਚਿੰਤਾ ਦੇ ਇਕ ਹਿੱਸੇ ਵਜੋਂ ਇਕ ਗੈਰ-ਹਰਮਨ-ਪਿਆਰੇ ਸਿਆਸੀ ਮਾਹੌਲ ਦਾ ਹਵਾਲਾ ਦਿੱਤਾ ਹੈ ਜਿਸ ’ਚ ਵਿਦੇਸ਼ੀਆਂ, ਪ੍ਰਵਾਸੀਆਂ ਅਤੇ ਐੱਲ. ਜੀ. ਬੀ. ਟੀ. ਕਿਊ. ਭਾਈਚਾਰੇ ਬਾਰੇ ਨਾਰਾਜ਼ਗੀ ਭਰੀ ਬਿਆਨਬਾਜ਼ੀ ਸ਼ਾਮਲ ਹੈ। ਸੈਰ-ਸਪਾਟਾ ਅਰਥਸ਼ਾਸਤਰ ਰਿਪੋਰਟ ਨੇ ਸਫਰ ਦੇ ਰੱਦ ਹੋਣ ਦੇ ਇਕ ਕਾਰਨ ਵਜੋਂ ਟਰੰਪ ਪ੍ਰਸ਼ਾਸਨ ਦੀਆਂ ਧਰੁਵੀਕਰਨ ਨੀਤੀਆਂ ਅਤੇ ਬਿਆਨਬਾਜ਼ੀ ਦਾ ਵੀ ਹਵਾਲਾ ਦਿੱਤਾ।
ਬਰਤਾਨੀਆ (53 ਫੀਸਦੀ), ਜਰਮਨ (56), ਸਵੀਡਨ (63) ਅਤੇ ਡੈਨਮਾਰਕ (74) ’ਚ ਅੱਧੇ ਤੋਂ ਵੱਧ ਲੋਕਾਂ ਦੀ ਅਮਰੀਕਾ ਬਾਰੇ ਰਾਇ ਨਾਂਹਪੱਖੀ ਹੈ। ਸਰਵੇਖਣ ’ਚ ਸ਼ਾਮਲ 7 ਦੇਸ਼ਾਂ ’ਚੋਂ 5 ’ਚ ਨਵੰਬਰ 2016 ’ਚ ਪੋਲਿੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ ਹੱਕ ’ਚ ਰਹਿਣ ਦੇ ਅੰਕੜੇ ਸਭ ਤੋਂ ਵੱਧ ਹਨ। ਅਮਰੀਕੀ ਸਰਹੱਦ ’ਤੇ ਕੁਝ ਹਾਈਪ੍ਰੋਫਾਈਲ ਮਾਮਲੇ ਵੀ ਸੈਲਾਨੀਆਂ ਨੂੰ ਦੂਰ ਕਰ ਸਕਦੇ ਹਨ। ਮਾਰਚ ’ਚ ਵੀਜ਼ਾ ਸਮੱਸਿਆ ਤੋਂ ਬਾਅਦ ਇਕ ਬਰਤਾਨਵੀ ਔਰਤ ਨੂੰ ਅਮਰੀਕੀ ਕਸਟਮ ਡਿਊਟੀ ਵਿਭਾਗ ਵਲੋਂ ਹੱਥਕੜੀ ਲਾਈ ਗਈ ਅਤੇ 10 ਦਿਨਾਂ ਤੋਂ ਵੱਧ ਸਮੇਂ ਤੱਕ ਹਿਰਾਸਤ ’ਚ ਰੱਖਿਆ ਗਿਆ।
ਉਸੇ ਮਹੀਨੇ ਕੈਨੇਡਾ ਦੇ ਇਕ ਸੈਲਾਨੀ ਨੂੰ ਯੂ. ਐੱਸ.-ਮੈਕਸੀਕੋ ਦੀ ਸਰਹੱਦ ’ਤੇ ਆਪਣਾ ਵੀਜ਼ਾ ਰੀਨਿਊ ਕਰਵਾਉਣ ਦਾ ਯਤਨ ਕਰਨ ਪਿੱਛੋਂ ਹਿਰਾਸਤ ’ਚ ਲੈ ਲਿਆ ਗਿਆ ਸੀ। 12 ਦਿਨ ਦੀ ਹਿਰਾਸਤ ਦੌਰਾਨ ਉਸ ਨੂੰ ਭੀੜ-ਭੜੱਕੇ ਵਾਲੀਆਂ ਜੇਲ ਦੀਆਂ ਕੋਠੜੀਆਂ ’ਚ ਰੱਖਿਆ ਗਿਆ। ਉਸ ਨੂੰ ਜ਼ੰਜੀਰਾਂ ’ਚ ਵੀ ਜਕੜਿਆ ਗਿਆ।
ਮੈਕਸੀਕੋ ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਇਨਬਾਊਂਡ ਟ੍ਰੈਵਲ ਮਾਰਕੀਟ ਹੈ। ‘ਟੂਰਿਜ਼ਮ ਇਕਨਾਮਿਕਸ’ ਦਾ ਸੁਝਾਅ ਹੈ ਕਿ ਨਵੀਂ ਸਰਹੱਦ ਬਾਰੇ ਇਨਫੋਰਸਮੈਂਟ ਨਿਯਮਾਂ ਨਾਲ ਜੁੜੇ ਮੁੱਦੇ ਸੰਭਾਵਿਤ ਮੈਕਸੀਕਨ ਸੈਲਾਨੀਆਂ ਲਈ ਚਿੰਤਾ ਦਾ ਕਾਰਨ ਬਣਨਗੇ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਮਰੀਕਾ ’ਚ ਮੈਕਸੀਕਨ ਦੌਰਿਆਂ ’ਚ 3 ਫੀਸਦੀ ਦੀ ਗਿਰਾਵਟ ਆਈ ਸੀ। ਇਸ ਸਾਲ ਫਰਵਰੀ ’ਚ 2024 ਦੇ ਮੁਕਾਬਲੇ ਮੈਕਸੀਕੋ ਤੋਂ ਹਵਾਈ ਸਫਰ ਪਹਿਲਾਂ ਹੀ 6 ਫੀਸਦੀ ਘਟ ਚੁੱਕਾ ਹੈ।
ਫਰਾਂਸ, ਜਰਮਨੀ, ਡੈਨਮਾਰਕ ਅਤੇ ਨਾਰਵੇ ਸਮੇਤ ਕਈ ਯੂਰਪੀਅਨ ਦੇਸ਼ਾਂ ਨੇ ਵੀ ਟ੍ਰਾਂਸਜੈਂਡਰ ਅਤੇ ਨਾਨ-ਬਾਇਨਰੀ ਨਾਗਰਿਕਾਂ ਨੂੰ ਸਫਰ ਸੰਬੰਧੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਅਮਰੀਕੀ ਅਧਿਕਾਰੀ ਸੈਲਾਨੀਆਂ ਕੋਲੋਂ ਵੀਜ਼ੇ ਦੀਆਂ ਅਰਜ਼ੀਆਂ ’ਤੇ ਜਨਮ ਦੇ ਸਮੇਂ ਆਪਣੇ ਜੈਵਿਕ ਲਿੰਗ ਦਾ ਐਲਾਨ ਕਰਨ ਦੀ ਮੰਗ ਕਰਦੇ ਹਨ। ਇਹ ਉਦੋਂ ਹੋਇਆ ਹੈ ਜਦੋਂ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਐਕਸ ਮਾਰਕਰ ਵਾਲੇ ਪਾਸਪੋਰਟ ਜਾਰੀ ਕਰਨੇ ਬੰਦ ਕਰ ਦਿੱਤੇ ਹਨ। ਇਸ ਦੀ ਵਰਤੋਂ ਆਮ ਤੌਰ ’ਤੇ ਗੈਰ-ਬਾਇਨਰੀ ਵਜੋਂ ਪਛਾਣ ਕਰਨ ਵਾਲੇ ਲੋਕ ਕਰਦੇ ਹਨ। ਜਿਵੇਂ-ਜਿਵੇਂ ਹਜ਼ਾਰਾਂ ਮੁਸਾਫਰ ਅਮਰੀਕਾ ਦੇ ਆਪਣੇ ਦੌਰੇ ਰੱਦ ਕਰ ਰਹੇ ਹਨ, ਹੋਰਨਾਂ ਟਿਕਾਣਿਆਂ ਵੱਲ ਉਨ੍ਹਾਂ ਦੀ ਦਿਲਚਸਪੀ ਵਧ ਰਹੀ ਹੈ।
ਰਾਸ ਬੇਨੇਟ ਕੁਕ