ਭਾਰਤ ਵੱਲੋਂ ਪ੍ਰਦਰਸ਼ਨਾਂ ਨੂੰ ਬੰਗਲਾਦੇਸ਼ ਦਾ ਅੰਦਰੂਨੀ ਮਾਮਲਾ ਕਹਿਣਾ ਦੁਖਦਾਈ

Thursday, Aug 08, 2024 - 05:13 PM (IST)

ਭਾਰਤ ਵੱਲੋਂ ਪ੍ਰਦਰਸ਼ਨਾਂ ਨੂੰ ਬੰਗਲਾਦੇਸ਼ ਦਾ ਅੰਦਰੂਨੀ ਮਾਮਲਾ ਕਹਿਣਾ ਦੁਖਦਾਈ

ਨੋਬਲ ਪੁਰਸਕਾਰ ਜੇਤੂ ਅਤੇ ਗ੍ਰਾਮੀਣ ਬੈਂਕ ਦੇ ਸੰਸਥਾਪਕ 84 ਸਾਲਾ ਪ੍ਰੋਫੈਸਰ ਮੁਹੰਮਦ ਯੂਨੁਸ ਜਿਨ੍ਹਾਂ ਦੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਸਬੰਧ ਠੰਢੇ ਰਹੇ ਹਨ ਅਤੇ ਬੰਗਲਾਦੇਸ਼ ਦੀਆਂ ਅਦਾਲਤਾਂ ’ਚ ਯੂਨੁਸ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ, ਨੇ ਇਕ ਇੰਟਰਵਿਊ ’ਚ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਬੰਗਲਾਦੇਸ਼ ’ਚ ਸਥਿਤੀ ‘ਲੋਕਤੰਤਰ ਦੀ ਗੈਰ-ਹਾਜ਼ਰੀ’ ਕਾਰਨ ਹੈ ਅਤੇ ਚਿਤਾਵਨੀ ਦਿੱਤੀ ਕਿ ਇਹ ਗੜਬੜ ਗੁਆਂਢੀ ਦੇਸ਼ਾਂ ’ਚ ਵੀ ‘ਫੈਲ ਜਾਵੇਗੀ’। ਪੇਸ਼ ਹਨ ਇੰਟਰਵਿਊ ਦੇ ਸੰਪਾਦਿਤ ਅੰਸ਼ :-

ਬੰਗਲਾਦੇਸ਼ ’ਚ ਮੌਜੂਦਾ ਸਥਿਤੀ ਦੇ ਪਿੱਛੇ ਕੀ ਕਾਰਨ ਹੈ?

ਮੈਨੂੰ ਲੱਗਦਾ ਹੈ ਕਿ ਇਸ ਦਾ ਇਕ ਬਹੁਤ ਹੀ ਸੌਖਾ ਸਪੱਸ਼ਟੀਕਰਨ ਹੈ...ਇਹ ਲੋਕਤੰਤਰ ਦੀ ਗੈਰ-ਹਾਜ਼ਰੀ ਹੈ। ਲੋਕਾਂ ਅਤੇ ਸਰਕਾਰ ਦਰਮਿਆਨ ਕੋਈ ਵਾਰਤਾ ਨਹੀਂ ਹੈ ਕਿਉਂਕਿ ਸਰਕਾਰ ਕਈ ਸਾਲਾਂ ਤੋਂ, 3 ਕਾਰਜਕਾਲਾਂ ਤੋਂ ਚੁਣੀ ਨਹੀਂ ਗਈ ਹੈ (ਜਨਵਰੀ ’ਚ, ਸ਼ੇਖ ਹਸੀਨਾ ਨੇ ਵਿਰੋਧੀ ਧਿਰ ਵੱਲੋਂ ਬਾਈਕਾਟ ਕੀਤੀਆਂ ਗਈਆਂ ਚੋਣਾਂ ’ਚ ਰਿਕਾਰਡ ਸਿੱਧਾ ਚੌਥਾ ਕਾਰਜਕਾਲ ਹਾਸਲ ਕੀਤਾ)।

ਅੱਜ, ਸਰਕਾਰ ਨੂੰ ਲੱਗਦਾ ਹੈ ਕਿ ਉਹ ਸ਼ਕਤੀਸ਼ਾਲੀ ਹੈ। ਉਹ ਕੰਟ੍ਰੋਲ ਕਰਦੇ ਹਨ। ਮੈਨੂੰ ‘ਉਹ’ ਨਹੀਂ ਕਰਨਾ ਚਾਹੀਦਾ, ਮੈਨੂੰ ‘ਉਹ’ ਕਰਨਾ ਚਾਹੀਦਾ ਹੈ ਕਿਉਂਕਿ ਬੰਗਲਾਦੇਸ਼ ’ਚ ਕੋਈ ‘ਉਹ’ ਨਹੀਂ ਹੈ। ਇਹ ਇਕ ਦੇਸ਼, ਇਕ ਪਾਰਟੀ, ਇਕ ਆਗੂ, ਇਕ ਕਥਾਤਮਕ ਦੇਸ਼ ਹੈ।

ਉਨ੍ਹਾਂ ਨੇ ਮੈਨੂੰ ਕਈ ਨਾਵਾਂ ਨਾਲ ਬੁਲਾਇਆ ਹੈ, ਜਿਸ ’ਚ ਬੰਗਲਾਦੇਸ਼ ਦੀਆਂ ਗਰੀਬ ਔਰਤਾਂ ਦਾ ‘ਖੂਨ ਚੂਸਣ ਵਾਲਾ’ ਅਤੇ ਫਿਰ ‘ਸੂਦ-ਖੋਰ’ (ਗਰੀਬਾਂ ਤੋਂ ਲਏ ਗਏ ਵਿਆਜ ’ਤੇ ਜਿਊਣ ਵਾਲਾ ਵਿਅਕਤੀ) ਸ਼ਾਮਲ ਹੈ। ਉਹ ਹੁਣ ਮੇਰਾ ਨਾਂ ਨਹੀਂ ਲੈਂਦੀ। ਉਹ ਬੱਸ ‘ਸੂਦ ਖੋਰ’ ਕਹਿੰਦੀ ਹੈ...ਹਰ ਕੋਈ ਤੁਰੰਤ ਸਮਝ ਜਾਂਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਹੀ ਹੈ।

ਕੀ ਬੰਗਲਾਦੇਸ਼ ਸਰਕਾਰ ਚੁਣੀ ਹੋਈ ਨਹੀਂ ਹੈ?

ਤੁਹਾਨੂੰ ਬੰਗਲਾਦੇਸ਼ ’ਚ ਰਹਿਣ ਵਾਲੇ ਲੋਕਾਂ ਕੋਲੋਂ ਜਾ ਕੇ ਪੁੱਛਣਾ ਚਾਹੀਦਾ ਹੈ ਕਿ ਕੀ ਤੁਸੀਂ ਵੋਟ ਪਾਈ? ਇਹ ਇਕ ਸਾਧਾਰਨ ਗੱਲ ਹੈ। ਕੀ ਤੁਸੀਂ ਇਸ ਚੋਣ ’ਚ ਵੋਟ ਪਾਈ? 10 ਲੋਕਾਂ ਕੋਲੋਂ ਪੁੱਛੋ ਤੇ ਦੇਖੋ ਕਿ ਤੁਹਾਨੂੰ ਕੀ ਜਵਾਬ ਮਿਲਦਾ ਹੈ।

ਕੀ ਵਿਰੋਧ-ਪ੍ਰਦਰਸ਼ਨਾਂ ਪਿੱਛੇ ਵਿਰੋਧੀ ਧਿਰ ਦਾ ਹੱਥ ਹੈ?

ਸਰਕਾਰ ਇਹੀ ਕਹਿੰਦੀ ਹੈ। ਸਰਕਾਰ ਝੂਠ ਬਣਾਉਣ ਦੀ ਫੈਕਟਰੀ ਹੈ, ਲਗਾਤਾਰ ਝੂਠ ਬੋਲਦੀ ਰਹਿੰਦੀ ਹੈ ਤੇ ਉਹ ਆਪਣੇ ਝੂਠ ’ਤੇ ਹੀ ਯਕੀਨ ਕਰਨ ਲੱਗਦੇ ਹਨ। ਤਾਂ ਇਹ ਉਨ੍ਹਾਂ ਦੀ ਸਮੱਸਿਆ ਹੈ। ਉਹ ਆਪਣੇ ਝੂਠ ਦੇ ਕੈਦੀ ਹਨ।

ਬੰਗਲਾਦੇਸ਼ ਇਕ ਨੌਜਵਾਨ ਦੇਸ਼ ਅਤੇ ਇਕ ਖਾਹਿਸ਼ੀ ਸਮਾਜ ਹੈ, ਚੀਜ਼ਾਂ ਕਿੱਥੇ ਗਲਤ ਹੋ ਗਈਆਂ ਹਨ? ਬੰਗਲਾਦੇਸ਼ ’ਚ 170 ਮਿਲੀਅਨ ਲੋਕ ਹਨ ਅਤੇ ਦੋ-ਤਿਹਾਈ ਨੌਜਵਾਨ ਲੋਕ ਹਨ ਅਤੇ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਕਦੀ ਵੋਟ ਨਹੀਂ ਪਾਈ। ਉਨ੍ਹਾਂ ਨੂੰ ਆਪਣੀ ਪਹਿਲੀ ਵੋਟ ਪਾਉਣ ਦਾ ਮੌਕਾ ਨਹੀਂ ਮਿਲਿਆ ... ਜੇਕਰ ਉਨ੍ਹਾਂ ਨੇ ਵੋਟ ਪਾਈ ਹੁੰਦੀ ਤਾਂ ਇਹ ਸਾਰੀਆਂ ਚੀਜ਼ਾਂ ਹੱਲ ਹੋ ਗਈਆਂ ਹੁੰਦੀਆਂ।

ਇਹ ਨੌਜਵਾਨ ਲੋਕ ਨਿਰਾਸ਼ ਹਨ। ਉਹ ਕੋਟਾ ਸਿਸਟਮ ਬਾਰੇ ਬਹੁਤ ਦ੍ਰਿੜ੍ਹਤਾ ਨਾਲ ਮਹਿਸੂਸ ਕਰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦ ਉਹ ਕੋਟਾ ਸਿਸਟਮ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਨੇ ਬਹੁਤ ਬੇਇੱਜ਼ਤੀ ਭਰੇ ਤਰੀਕੇ ਨਾਲ ਜਵਾਬ ਦਿੱਤਾ, ਜਿਸ ਨਾਲ ਨੌਜਵਾਨ ਲੋਕ ਭੜਕ ਗਏ।

ਆਖਿਰ ਵਿਰੋਧੀ ਧਿਰ ਆਗੂ ਅਤੇ ਹਮਾਇਤੀ ਕਿਸੇ ਕੈਮਰੇ ’ਚ ਕੈਦ ਕਿਉਂ ਨਹੀਂ ਹੁੰਦੇ। ਕੀ ਉਹ ਅਦ੍ਰਿਸ਼ ਲੋਕ ਹਨ? ਇਸ ਦੀ ਥਾਂ, ਵੀਡੀਓ ਕੈਮਰੇ ਪੁਲਸ ਅਤੇ ਫੌਜ ਨੂੰ ਬੰਦੂਕਾਂ ਨਾਲ ਵਿਦਿਆਰਥੀਆਂ ’ਤੇ ਗੋਲੀ ਚਲਾਉਂਦੇ ਹੋਏ ਕੈਦ ਕਰਦੇ ਹਨ...ਜਮਾਤ (ਜਮਾਤ-ਏ-ਇਸਲਾਮੀ ਬੰਗਲਾਦੇਸ਼) ਦੇ ਆਦਮੀਆਂ ਨੂੰ ਕੋਈ ਨਹੀਂ ਦੇਖਦਾ ਪਰ ਬੰਦੂਕਾਂ ਨਾਲ ਸਰਕਾਰੀ ਲੋਕ ਹਰ ਥਾਂ ਹਨ।

ਭਾਰਤ ਦੀ ਪ੍ਰਤੀਕਿਰਿਆ ’ਤੇ ਕਿ ਇਹ ਅਸ਼ਾਂਤੀ ਬੰਗਲਾਦੇਸ਼ ਦਾ ਅੰਦਰੂਨੀ ਮਾਮਲਾ ਹੈ, ਇਸ ’ਤੇ ਤੁਹਾਡੀ ਕੀ ਰਾਇ ਹੈ?

ਮੈਂ ਸਾਰਕ ਦੇ ਸੁਫਨੇ ’ਚ ਯਕੀਨ ਕਰਦਾ ਹਾਂ। ਸਾਰਕ ਦੀ ਸ਼ੁਰੂਆਤ ਬਹੁਤ ਉਤਸ਼ਾਹ ਨਾਲ ਹੋਈ ਸੀ ਪਰ ਉਹ ਗਾਇਬ ਹੋ ਗਿਆ। ਅਸੀਂ ਸਾਰੇ ਮੈਂਬਰ ਦੇਸ਼ਾਂ ਨਾਲ ਮਿੱਤਰਤਾਪੂਰਨ ਸਬੰਧ ਰੱਖਣਾ ਚਾਹੁੰਦੇ ਹਾਂ। ਅਸੀਂ ਇਕ ਪਰਿਵਾਰ ਵਾਂਗ ਮਹਿਸੂਸ ਕਰਨਾ ਚਾਹੁੰਦੇ ਹਾਂ, ਯੂਰਪੀ ਸੰਘ ਦੀ ਤਰ੍ਹਾਂ ਇਕ ਦੂਜੇ ਦੀ ਸੰਗਤ ਦਾ ਅਨੰਦ ਮਾਨਣਾ ਚਾਹੁੰਦੇ ਹਾਂ। ਅਸੀਂ ਇਕ ਅਸਲ ਪਰਿਵਾਰ ਹਾਂ। ਇਸ ਲਈ, ਜਦ ਭਾਰਤ ਕਹਿੰਦਾ ਹੈ ਕਿ ਇਹ ਅੰਦਰੂਨੀ ਮਾਮਲਾ ਹੈ, ਤਾਂ ਮੈਨੂੰ ਦੁੱਖ ਹੁੰਦਾ ਹੈ। ਜੇ ਭਰਾ ਦੇ ਘਰ ਅੱਗ ਲੱਗੀ ਹੈ ਤਾਂ ਮੈਂ ਕਿਵੇਂ ਕਹਿ ਸਕਦਾ ਹਾਂ ਕਿ ਇਹ ਅੰਦਰੂਨੀ ਮਾਮਲਾ ਹੈ? ਕੂਟਨੀਤੀ ਦੇ ਕੋਲ ਇਸ ਨੂੰ ਉਨ੍ਹਾਂ ਦਾ ਅੰਦਰੂਨੀ ਮਾਮਲਾ ਕਹਿਣ ਤੋਂ ਕਿਤੇ ਵੱਧ ਖੁਸ਼ਹਾਲ (ਜ਼ਿਆਦਾ) ਸ਼ਬਦਾਵਲੀ ਹੈ।

ਜੇ ਬੰਗਲਾਦੇਸ਼ ’ਚ ਕੁਝ ਹੋ ਰਿਹਾ ਹੈ, ਜਿੱਥੇ 170 ਮਿਲੀਅਨ ਲੋਕ ਇਕ ਦੂਜੇ ਨਾਲ ਨਾਰਾਜ਼ ਹਨ, ਨੌਜਵਾਨ ਸਰਕਾਰੀ ਗੋਲੀਆਂ ਨਾਲ ਮਾਰੇ ਜਾ ਰਹੇ ਹਨ, ਕਾਨੂੰਨ ਅਤੇ ਵਿਵਸਥਾ ਗਾਇਬ ਹੋ ਰਹੀ ਹੈ, ਤਾਂ ਇਹ ਦੱਸਣ ਲਈ ਮਾਹਿਰਾਂ ਦੀ ਲੋੜ ਨਹੀਂ ਹੈ ਕਿ ਇਹ ਬੰਗਲਾਦੇਸ਼ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ ਰਹੇਗਾ, ਇਹ ਗੁਆਂਢੀਆਂ ਤੱਕ ਫੈਲ ਜਾਵੇਗਾ।

ਬੰਗਲਾਦੇਸ਼ ਨੂੰ ਇਕ ਆਦਰਸ਼ ਲੋਕਤੰਤਰਿਕ ਸ਼ਾਂਤੀਪੂਰਨ ਦੇਸ਼ ਬਣੇ ਰਹਿਣ ’ਚ ਸਹਾਇਤਾ ਕਰਨੀ ਸਾਰੇ ਗੁਆਂਢੀ ਦੇਸ਼ਾਂ ਦੇ ਸਰਵੋਤਮ ਹਿੱਤ ’ਚ ਹੈ। ਜੇ ਬੰਗਲਾਦੇਸ਼ ਸਿਆਸੀ ਤੌਰ ’ਤੇ ਅਸਫਲ ਹੁੰਦਾ ਹੈ ਤਾਂ ਇਸ ਨਾਲ ਗੁਆਂਢੀਆਂ ਨੂੰ ਆਪਣੀ ਸ਼ਾਂਤੀ ਲਈ ਚਿੰਤਾ ਹੋਣੀ ਚਾਹੀਦੀ ਹੈ।

ਤਾਂ, ਤੁਸੀਂ ਭਾਰਤ ਤੋਂ ਬੰਗਲਾਦੇਸ਼ ਲਈ ਕੀ ਅਖਵਾਉਣਾ ਚਾਹੁੰਦੇ ਹੋ?

ਭਾਰਤ ਨੂੰ ਹਰ ਪਾਰਦਰਸ਼ੀ ਚੋਣ ਲਈ ਬੰਗਲਾਦੇਸ਼ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਤੇ ਪਾਰਦਰਸ਼ੀ ਚੋਣਾਂ ਨਾ ਹੋਣ ਦੀ ਸੂਰਤ ਵਿਚ ਨੁਕਤਾਚੀਨੀ ਕਰਨੀ ਚਾਹੀਦੀ ਹੈ। ਅਸੀਂ ਨਿਯਮਤ ਵਕਫੇ ’ਤੇ ਭਾਰਤ ’ਚ ਚੋਣਾਂ ਹੁੰਦੀਆਂ ਦੇਖਦੇ ਹਾਂ। ਉਨ੍ਹਾਂ ਦੀ ਸਫਲਤਾ ਇਹ ਦੱਸਦੀ ਹੈ ਕਿ ਅਸੀਂ ਕਿੰਨੇ ਅਸਫਲ ਹਾਂ। ਅਸੀਂ ਭਾਰਤ ਨੂੰ ਕੂਟਨੀਤਕ ਚੈਨਲਾਂ ਰਾਹੀਂ ਇਸ ਮੰਤਵ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਨਾ ਕਰਨ ਲਈ ਦੋਸ਼ੀ ਠਹਿਰਾਉਂਦੇ ਹਾਂ। ਸਾਨੂੰ ਇਸ ਦੇ ਉਲਟ ਦੇਖ ਕੇ ਦੁੱਖ ਹੁੰਦਾ ਹੈ। ਅਸੀਂ ਇਸ ਲਈ ਭਾਰਤ ਨੂੰ ਮਾਫ ਨਹੀਂ ਕਰ ਸਕਦੇ।

ਕੀ ਤੁਸੀਂ ਇਨ੍ਹਾਂ ਚਿੰਤਾਵਾਂ ਨੂੰ ਭਾਰਤ ਸਰਕਾਰ ’ਚ ਕਿਸੇ ਨਾਲ ਸਾਂਝਾ ਕੀਤਾ ਹੈ?

ਭਾਰਤੀ ਸਿਆਸੀ ਆਗੂਆਂ ਨਾਲ ਮੇਰਾ ਰਿਸ਼ਤਾ ਮਾਇਕ੍ਰੋਕ੍ਰੈਡਿਟ, ਨੌਜਵਾਨਾਂ ਦੀ ਉੱਦਮਿਤਾ, ਸਮਾਜਿਕ ਕਾਰੋਬਾਰ ’ਤੇ ਜ਼ਿਆਦਾ ਕੇਂਦ੍ਰਿਤ ਹੈ। ਮੈਂ ਸਿਆਸੀ ਮੁੱਦਿਆਂ ’ਤੇ ਚਰਚਾ ਨਹੀਂ ਕੀਤੀ ਹੈ। ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਅਜਿਹਾ ਕਰਨਾ ਚਾਹੀਦਾ ਹੈ।

ਜੇਕਰ ਬੰਗਲਾਦੇਸ਼ ’ਚ ਚੋਣਾਂ ਹੁੰਦੀਆਂ ਹਨ ਤਾਂ ਕੀ ਤੁਸੀਂ ਹਿੱਸਾ ਲੈਣਾ ਚਾਹੋਗੇ?

ਨਹੀਂ, ਮੈਂ ਕੋਈ ਸਿਆਸੀ ਆਗੂ ਨਹੀਂ ਹਾਂ। ਮੈਂ ਇਸ ’ਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਕਿਉਂਕਿ ਉੱਥੇ ਕਈ ਸਮਰੱਥ ਸਿਆਸੀ ਆਗੂ ਹਨ। ਮੈਂ ਉਹੀ ਕਰਨਾ ਹੈ ਜੋ ਮੈਂ ਕਰਦਾ ਹਾਂ, ਮੈਂ ਲੋਕਾਂ ਨੂੰ, ਖਾਸ ਤੌਰ ’ਤੇ ਨੌਜਵਾਨਾਂ ਨੂੰ, 3 ਜ਼ੀਰੋ ’ਤੇ ਆਧਾਰਤ ਇਕ ਨਵੀਂ ਵਿਸ਼ਵ ਪੱਧਰੀ ਸੱਭਿਅਤਾ ਬਣਾਉਣ ਲਈ ਖੁਦ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦਾ ਹਾਂ : ਜ਼ੀਰੋ ਸ਼ੁੱਧ ਕਾਰਬਨ ਨਿਕਾਸੀ, ਜ਼ੀਰੋ ਧਨ ਇਕਾਗਰਤਾ ਅਤੇ ਜ਼ੀਰੋ ਬੇਰੋਜ਼ਗਾਰੀ। ਇਸੇ ਲਈ ਹੀ ਮੇਰਾ ਜੀਵਨ ਸਮਰਪਿਤ ਹੈ।

ਤੁਸੀਂ ਬੰਗਲਾਦੇਸ਼ ਕਦੋਂ ਵਾਪਸ ਪਰਤਣ ਦੀ ਯੋਜਨਾ ਬਣਾ ਰਹੇ ਹੋ?

ਮੈਂ ਅਗਸਤ ਦੇ ਅੰਤ ਤੱਕ ਯੂਰਪ ਅਤੇ ਲੈਟਿਨ ਅਮਰੀਕਾ ਦੇ ਵੱਖ-ਵੱਖ ਦੇਸ਼ਾਂ ’ਚ ਪ੍ਰੋਗਰਾਮ ਪਹਿਲਾਂ ਤੋਂ ਹੀ ਮਿੱਥੇ ਹੋਏ ਹਨ।

ਸ਼ੁਭਾਜੀਤ ਰਾਏ


author

Rakesh

Content Editor

Related News