ਝੂਠੀਆਂ ਖਬਰਾਂ ਅਤੇ ਨਫਰਤ ਨੂੰ ਕਾਬੂ ਕਰਨਾ ਜ਼ਰੂਰੀ
Thursday, May 15, 2025 - 05:57 PM (IST)

ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਕਰੂਰ ਹਮਲੇ ਤੋਂ ਲੈ ਕੇ 26 ਸੈਲਾਨੀਆਂ ਦੀ ਹੱਤਿਆ ਤਕ ਭਾਰਤ ਵਲੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਜੰਗਬੰਦੀ ਦੇ ਐਲਾਨ ਤਕ, ਸੋਸ਼ਲ ਮੀਡੀਆ ਪਲੇਟਫਾਰਮ ’ਤੇ ਦੋ ਚਿੰਤਾਜਨਕ ਰੁਝਾਨਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਕ ਸੀ ਜਾਅਲੀ ਖਬਰਾਂ ਦਾ ਬੇਸ਼ਰਮੀ ਨਾਲ ਫੈਲਾਅ ਅਤੇ ਦੂਜਾ ਸੀ ਟ੍ਰੋਲ ਫੌਜਾਂ ਦੁਆਰਾ ਕਿਸੇ ਵੀ ਵਿਅਕਤੀ ’ਤੇ ਬੇਰਹਿਮ ਹਮਲੇ ਜੋ ਉਨ੍ਹਾਂ ਦੇ ਦ੍ਰਿਸ਼ਟੀਕੋਣ ਨਾਲ ਅਸਹਿਮਤ ਸਨ ਜਾਂ ਇਥੋਂ ਤਕ ਕਿ ਸ਼ਾਂਤੀ ਦੀ ਮੰਗ ਵੀ ਕਰੇ।
‘ਆਪ੍ਰੇਸ਼ਨ ਸਿੰਧੂਰ’ ਦੌਰਾਨ ਸੋਸ਼ਲ ਮੀਡੀਆ ’ਤੇ ਜਾਅਲੀ ਵੀਡੀਓ ਵਿਆਪਕ ਰੂਪ ਨਾਲ ਸਾਂਝੇ ਕੀਤੇ ਗਏ, ਜਿਸ ’ਚ ਫਿਲਿਸਤੀਨੀਆਂ ’ਤੇ ਇਜ਼ਰਾਈਲੀ ਹਵਾਈ ਹਮਲਿਆਂ, ਪਟਾਕੇ ਵਜਾਉਣ ਅਤੇ ਵੀਡੀਓ ਗੇਮ ਗ੍ਰਾਫਿਕਸ ਦੀਆਂ ਫੋਟੋਆਂ ਸ਼ਾਮਲ ਸਨ, ਜਿਨ੍ਹਾਂ ਨੂੰ ਪਾਕਿਸਤਾਨ ’ਤੇ ਭਾਰਤੀ ਹਵਾਈ ਹਮਲਿਆਂ ਜਾਂ ਇਸ ਦੇ ਉਲਟ ਦੇ ਰੂਪ ’ਚ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ।
ਇਨ੍ਹਾਂ ਭਰਮਾਊ ਵੀਡੀਓਜ਼ ਨੂੰ ਵੱਡੇ ਦਰਜੇ ’ਤੇ ਫਿਰ ਤੋਂ ਪੋਸਟ ਕੀਤਾ ਗਿਆ ਜੋ ਵੱਡੀ ਗਿਣਤੀ ’ਚ ਦਰਸ਼ਕਾਂ ਤਕ ਪਹੁੰਚੇ। ਇਥੋਂ ਤਕ ਕਿ ਕੁਝ ਭਾਰਤੀ ਟੀ. ਵੀ. ਨਿਊਜ਼ ਐਂਕਰਾਂ ਨੇ ਵੀ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ਹਿੰਸਾ ਦੇ ਜਾਅਲੀ ਵੀਡੀਓ ਸਾਂਝੇ ਕਰ ਕੇ ਝੂਠੀ ਸੂਚਨਾ ਫੈਲਾਉਣ ’ਚ ਯੋਗਦਾਨ ਦਿੱਤਾ। ਇਹ ਵਧੇ ਹੋਏ ਤਣਾਅ ਦੇ ਸਮੇਂ ’ਚ ਗਲਤ ਸੂਚਨਾ ਅਤੇ ਭਰਮਾਊ ਸੂਚਨਾ ਦੇ ਮੁੱਦੇ ਨੂੰ ਉਜਾਗਰ ਕਰਦਾ ਹੈ, ਜਿਥੇ ਝੂਠੀਆਂ ਕਹਾਣੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ ਅਤੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਸਰਹੱਦ ਦੇ ਦੋਵੇਂ ਪਾਸੇ ਜਾਅਲੀ ਖਬਰਾਂ ਨੂੰ ਬੜ੍ਹਾਵਾ ਦੇਣ ਵਾਲੇ ਸਰਗਰਮ ਸਨ ਪਰ ਸਰੱਹਦ ਦੇ ਇਸ ਪਾਸੇ ਟ੍ਰੋਲ ਫੌਜ ਦਾ ਕੋਈ ਮੁਕਾਬਲਾ ਨਹੀਂ ਸੀ। ਟੈਲੀਵਿਜ਼ਨ ਸਟੂਡੀਓ, ਮੁੱਖ ਤੌਰ ’ਤੇ ਭਾਰਤ ’ਚ, ਖੂਨ ਲਈ ਚੀਕਣ-ਚਿੱਲਾਉਣ ਵਾਲੇ ਐਂਕਰ ਇਕ ਹੇਠਲੇ ਪੱਧਰ ’ਤੇ ਪਹੁੰਚ ਗਏ। ਟੈਲੀਵਿਜ਼ਨ ਸਕ੍ਰੀਨ ’ਤੇ ਦਿਖਾਏ ਗਏ ਗ੍ਰਾਫਿਕਸ ਅਤੇ ਐਨੀਮੇਸ਼ਨ ਘੱਟ ਤੋਂ ਘੱਟ ਕਹਿਣ ਲਈ ਹਾਸੋਹੀਣੇ ਸਨ।
ਇਨ੍ਹਾਂ ’ਚੋਂ ਕੁਝ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਸ਼ੀਨਗੰਨ ਨਾਲ ‘ਗੋਲੀ ਚਲਾਉਂਦੇ’ ਦਿਖਾਇਆ ਗਿਆ ਸੀ ਜਦਕਿ ਉਨ੍ਹਾਂ ਦੀ ਟੀ. ਆਰ. ਪੀ. ਵਧ ਗਈ। ਟੈਲੀਵਿਜ਼ਨ ਚੈਨਲ ਸਪੱਸ਼ਟ ਤੌਰ ’ਤੇ ਦਰਸ਼ਕਾਂ ਦੇ ਇਕ ਵਰਗ ਨੂੰ ਪ੍ਰਭਾਵਿਤ ਕਰਨ ’ਚ ਸਮਰੱਥ ਸਨ, ਜੋ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਬਹੁਤ ਜ਼ਿਆਦਾ ਤਿੱਖੇ ਅਤੇ ਅਪਮਾਨਜਨਕ ਹੋ ਗਏ ਕਿਉਂਕਿ ਦੋਵੇਂ ਦੇਸ਼ ਯੁੱਧ ਦੇ ਕੰਢੇ ’ਤੇ ਸਨ। ਹਿਮਾਂਸ਼ੀ ਨਰਵਾਲ, ਜਿਸ ਦੇ ਨਵ-ਵਿਆਹੇ ਪਤੀ ਨੂੰ ਪਹਿਲਗਾਮ ’ਚ ਮਾਰ ਦਿੱਤਾ ਗਿਆ ਸੀ, ਨੂੰ ਉਦੋਂ ਭਾਰੀ ਟ੍ਰੋਲ ਕੀਤਾ ਗਿਆ ਜਦੋਂ ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਲੋਕ ਮੁਸਲਮਾਨਾਂ ਅਤੇ ਕਸ਼ਮੀਰੀਆਂ ਦੇ ਵਿਰੁੱਧ ਜਾਣ।
ਉਸ ਕੋਲੋਂ ਉਸ ਦੇ ਮ੍ਰਿਤਕ ਪਤੀ ਪ੍ਰਤੀ ਉਸ ਦੀ ਵਫਾਦਾਰੀ ’ਤੇ ਸਵਾਲ ਉਠਾਏ ਗਏ, ਉਸ ਦੀ ਪੈਨਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਉਸ ਨੂੰ ਰਾਸ਼ਟਰ-ਵਿਰੋਧੀ ਸਮੂਹਾਂ ਨਾਲ ਵੀ ਜੋੜਿਆ ਗਿਆ। ਉਹ ਅਖੌਤੀ ਰਾਸ਼ਟਰਵਾਦੀ ਜਾਂ ‘ਦੇਸ਼ ਭਗਤ’ ਸੋਸ਼ਲ ਪਲੇਟਫਾਰਮ ਦੇ ਖਪਤਕਾਰਾਂ ਵਲੋਂ ਟੀਚੇ ’ਤੇ ਲਿਆਂਦੇ ਜਾਣ ਵਾਲੇ ਇਕੋ-ਇਕ ਵਿਅਕਤੀ ਨਹੀਂ ਸਨ ਜੋ ਠਰ੍ਹੰਮੇ ਜਾਂ ਸ਼ਾਂਤੀ ਦੀ ਗੱਲ ਕਰਨ ਵਾਲੇ ਕਿਸੇ ਵੀ ਵਿਅਕਤੀ ’ਤੇ ਹਮਲਾ ਕਰਦੇ ਹਨ।
ਇਨ੍ਹਾਂ ਜ਼ਹਿਰੀਲੇ ਹਮਲਿਆਂ ਦੇ ਦੇਸ਼ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੂੰ ਵੀ ਨਹੀਂ ਬਖਸ਼ਿਆ ਜਿਨ੍ਹਾਂ ਨੇ ਭਾਰਤ ਵਲੋਂ ਬੜੇ ਚੰਗੇ ਨਾਲ ਬ੍ਰੀਫਿੰਗ ਦਾ ਸੰਚਾਲਨ ਕੀਤਾ ਸੀ। ਉਨ੍ਹਾਂ ਦਾ ਦੋਸ਼ ਸਿਰਫ ਇੰਨਾ ਹੀ ਹੈ ਕਿ ਉਨ੍ਹਾਂ ਨੇ ਇਹ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਉਹ ਭਾਰਤ ਸਰਕਾਰ ਵਲੋਂ ਬੋਲ ਰਹੇ ਸਨ ਅਤੇ ਫਿਰ ਵੀ ਉਨ੍ਹਾਂ ਨੂੰ ਟ੍ਰੋਲ ਕੀਤਾ ਗਿਆ। ਇੰਨਾ ਹੀ ਨਹੀਂ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ’ਤੇ ਟ੍ਰੋਲ ਫੌਜ ਨੇ ਜ਼ਾਲਮਾਨਾ ਢੰਗ ਨਾਲ ਹਮਲਾ ਕੀਤਾ।
ਉਨ੍ਹਾਂ ਨੇ ਉਨ੍ਹਾਂ ਦੀ ਧੀ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਆਲਟ ਨਿਊਜ਼ ਦੇ ਪੱਤਰਕਾਰ ਅਤੇ ਤੱਥ-ਜਾਂਚਕਰਤਾ ਮੁਹੰਮਦ ਜ਼ੁਬੇਰ ਨੇ ਵੀ ਸਾਂਝਾ ਕੀਤਾ ਕਿ ਉਨ੍ਹਾਂ ਦਾ ਪਤਾ ਅਤੇ ਮੋਬਾਈਲ ਨੰਬਰ ਸੋਸ਼ਲ ਮੀਡੀਆ ’ਤੇ ਪਾ ਦਿੱਤਾ ਗਿਆ ਸੀ ਜਿਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੱਟੜਵਾਦੀਆਂ ਵਲੋਂ ਸੰਭਾਵਿਤ ਸਰੀਰਕ ਨੁਕਸਾਨ ਪਹੁੰਚਾਉਣ ਦਾ ਖਤਰਾ ਹੈ।
ਲੋਕਾਂ ਨੇ ਮੇਰੇ ਘਰ ਦਾ ਪਤਾ ਅਤੇ ਮੋਬਾਈਲ ਨੰਬਰ ਲੀਕ ਕਰ ਦਿੱਤਾ ਹੈ ਅਤੇ ਮੇਰੇ ਪਤੇ ’ਤੇ ਸੂਰ ਦਾ ਮਾਸ ਭੇਜਣ ਦੀ ਧਮਕੀ ਦਿੱਤੀ ਹੈ। ਮੈਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ। ਜ਼ੁਬੇਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਜਿਸ ਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ‘2023 ’ਚ ਉਸੇ ਵਿਅਕਤੀ ਨੇ ਮੇਰੇ ਪਤੇ ’ਤੇ ਪੋਰਕ ਭੇਜਿਆ ਸੀ ਅਤੇ ਸ਼ਿਪਿੰਗ ਪਤਾ ਟਵਿੱਟਰ ’ਤੇ ਸਾਂਝਾ ਕੀਤਾ ਸੀ।’
ਸ਼ਾਂਤੀ ਦੀ ਵਕਾਲਤ ਕਰਨ ਵਾਲੇ, ਜੰਗ ’ਚ ਮਾਰੇ ਜਾਣ ਵਾਲਿਆਂ ਦਾ ਸੋਗ ਮਨਾਉਣ ਵਾਲੇ, ਤਣਾਅਪੂਰਨ ਭਾਰਤ-ਪਾਕਿਸਤਾਨ ਸੰਬੰਧਾਂ ’ਤੇ ਅਫਸੋਸ ਪ੍ਰਗਟ ਕਰਨ ਵਾਲੇ, ਕਸ਼ਮੀਰੀ ਨਾਗਰਿਕਾਂ ਲਈ ਚਿੰਤਾ ਪ੍ਰਗਟ ਕਰਨ ਵਾਲੇ ਜਾਂ ‘ਆਪ੍ਰੇਸ਼ਨ ਸਿੰਧੂਰ’ ਦੀ ਆਲੋਚਨਾ ਕਰਨ ਵਾਲੇ ਕਈ ਹੋਰ ਆਨਲਾਈਨ ਖਪਤਕਾਰਾਂ ਨੂੰ ਇਸ ਦੇ ਕਥਿਤ ਪਿਤਾਪੁਰਖੀ ਅਤੇ ਜਿਨਸੀ ਹਿੱਤਾਂ ਲਈ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ। ਪੱਤਰਕਾਰਾਂ, ਵਰਕਰਾਂ, ਕਲਾਕਾਰਾਂ ਅਤੇ ਵਿਦਿਆਰਥੀਆਂ ਸਮੇਤ ਕਈ ਵਿਅਕਤੀਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਾਂਝੀਆਂ ਕਰਨ ਜਾਂ ਇਸ ਮੁੱਦੇ ਬਾਰੇ ਪੁੱਛਗਿੱਛ ਕਰਨ ਲਈ ਗੰਭੀਰ ਸਾਈਬਰ ਭੈੜੇ ਵਤੀਰੇ ਦਾ ਸਾਹਮਣਾ ਕਰਨਾ ਪਿਆ।
ਇਕ ਵਿਸ਼ੇਸ਼ ਖਾਤੇ ਨੇ ਸ਼ਾਂਤੀ ਵਕੀਲਾਂ ਦੇ ਨਿੱਜੀ ਵੇਰਵੇ ਵੀ ਉਜਾਗਰ ਕੀਤੇ, ਜਿਸ ’ਚ ਉਨ੍ਹਾਂ ਦੇ ਇੰਸਟਾਗ੍ਰਾਮ ਹੈਂਡਲ, ਲਿੰਕ ਇਨ ਪ੍ਰੋਫਾਈਲ ਅਤੇ ਹੋਰ ਜਨਤਕ ਸੋਸ਼ਲ ਮੀਡੀਆ ਅਕਾਊਂਟ ਸ਼ਾਮਲ ਸਨ, ਜਿਸ ਨਾਲ ਪੈਰੋਕਾਰਾਂ ਨੂੰ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਹ ਘਟਨਾਵਾਂ ਸੋਸ਼ਲ ਮੀਡੀਆ ਦੇ ਕਾਲੇ ਪੱਖ ਨੂੰ ਉਜਾਗਰ ਕਰਦੀਆਂ ਹਨ।
ਇਕ ਲੋਕਤੰਤਰੀ ਸਮਾਜ ’ਚ, ਇਹ ਮਹੱਤਵਪੂਰਨ ਹੈ ਕਿ ਗਲਤ ਸੂਚਨਾ ਅਤੇ ਭਰਮਾਊ ਸੂਚਨਾਵਾਂ ’ਤੇ ਰੋਕ ਲਾਉਣ ਦੀ ਲੋੜ ਦੇ ਨਾਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਨੂੰ ਸੰਤੁਲਿਤ ਰੱਖਿਆ ਜਾਵੇ।
ਅੱਜ ਦੀ ਡਿਜੀਟਲ ਦੁਨੀਆ ’ਚ, ਸੋਸ਼ਲ ਮੀਡੀਆ ਸ਼ਾਂਤੀ ਸਥਾਪਨਾ ਲਈ ਇਕ ਸ਼ਕਤੀਸ਼ਾਲੀ ਯੰਤਰ ਅਤੇ ਸੰਘਰਸ਼ ਦਾ ਚਾਲਕ ਦੋਵੇਂ ਹੋ ਸਕਦਾ ਹੈ। ਇਸ ਦਾ ਅਸਰ ਕਾਫੀ ਹੱਦ ਤਕ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਅਤੇ ਵਟਾਂਦਰਾ ਕਿਵੇਂ ਕੀਤਾ ਜਾਂਦਾ ਹੈ।
ਵਿਪਿਨ ਪੱਬੀ