ਨਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਮੰਗ ਕਰ ਰਹੀ ਭਾਰਤੀ ਹਵਾਈ ਫੌਜ

Sunday, Oct 26, 2025 - 03:34 PM (IST)

ਨਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਮੰਗ ਕਰ ਰਹੀ ਭਾਰਤੀ ਹਵਾਈ ਫੌਜ

ਪਿਛਲੇ ਦਹਾਕੇ ਤੋਂ ਭਾਰਤੀ ਹਵਾਈ ਸੈਨਾ (ਆਈ. ਏ. ਐੱਫ.) ਲਗਾਤਾਰ ਨਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਮੰਗ ਕਰ ਰਹੀ ਹੈ। ਹੁਣ ਜਦੋਂ ਮਿਗ-21 ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ ਤਾਂ ਹਵਾਈ ਫੌਜ ਦੇ ਲੜਾਕੂ ਸਕੁਐਡਰਨ ਦੀ ਗਿਣਤੀ ਉਸਦੀ ਮਨਜ਼ੂਰਸ਼ੁਦਾ ਸਮਰੱਥਾ ਤੋਂ 70 ਫੀਸਦੀ ਘੱਟ ਰਹਿ ਗਈ ਹੈ। ਸਵਦੇਸ਼ੀ ਨਿਰਮਾਣ ਅਤੇ ਅੰਤਰਰਾਸ਼ਟਰੀ ਖਰੀਦ ਵਿਚ ਦੇਰੀ ਨੂੰ ਹੀ ਇਸ ‘ਤਤਕਾਲ ਕਮੀ’ ਦਾ ਕਾਰਨ ਦੱਸਿਆ ਗਿਆ ਹੈ।

17 ਅਕਤੂਬਰ ਨੂੰ ਮਹਾਰਾਸ਼ਟਰ ਦੇ ਨਾਸਿਕ ਵਿਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚ. ਏ. ਐੱਲ.) ਦੇ ਕੰਪਲੈਕਸ ਵਿਚ ਲਗਭਗ 800 ਲੋਕ ‘ਲਾਈਟ ਕੰਬੈਟ’ ਏਅਰ ਕਰਾਫਟ ਤੇਜਸ ਐੱਮ. ਕੇ. 1 ਏ’ ਦੀ ਪਹਿਲੀ ਉਡਾਣ ਦੇਖਣ ਲਈ ਇਕੱਠੇ ਹੋਏ। ਰਨਵੇਅ ਦੇ ਨਾਲ ਖੜ੍ਹੇ ਲੋਕਾਂ ਨੇ ਦੇਖਿਆ ਕਿ ਜਦੋਂ ਰੂਸ ਦੇ ਬਣੇ ਸੁਖੋਈ ਐੱਸ. ਯੂ.-30 ਅਤੇ ਨਵੇਂ ਤੇਜਸ ਐੱਮ. ਕੇ. 1 ਏ ਨੇ ਆਸਮਾਨ ਵਿਚ ਉਡਾਣ ਭਰੀ, ਕੁਝ ਅਭਿਆਸ ਕਰਨ ਤੋਂ ਬਾਅਦ ਜਹਾਜ਼ ਸੁਰੱਖਿਅਤ ਢੰਗ ਨਾਲ ਉਤਰ ਆਏ। ਇਸ ਉਡਾਣ ਨੂੰ ‘ਤੇਜਸ ਦਾ ਬਪਤਿਸਮਾ’ ਕਿਹਾ ਗਿਆ। ਦੋਵਾਂ ਪਾਸਿਆਂ ਦੇ ਦਰਸ਼ਕ ਪਾਣੀ ਦੀਆਂ ਤੋਪਾਂ ਨਾਲ ਜਹਾਜ਼ ਦਾ ਰਵਾਇਤੀ ਸਵਾਗਤ ਕਰ ਰਹੇ ਸਨ।

26 ਸਤੰਬਰ ਨੂੰ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਤੋਂ 1,300 ਕਿਲੋਮੀਟਰ ਦੂਰ, ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਮਿਗ-21 ਬਾਈਸਨ ਦੀ ਅੰਤਿਮ ਉਡਾਣ ਦੇਖੀ। ਦੋ ਹੋਰ ਜਹਾਜ਼ ਵੀ ਨਾਲ-ਨਾਲ ਉੱਡਦੇ ਰਹੇ। ਇਹ ਮਿਗ-21 ਦੇ ਵਿਦਾਇਗੀ ਸਮਾਰੋਹ ਵਿਚ ਇਕ ਪ੍ਰਤੀਕਾਤਮਕ ਪਲ ਸੀ। ਹਵਾਈ ਫੋਰਸ ਸਕੁਐਡਰਨ ਨੰਬਰ 23 ਅਤੇ 28 ਨੇ ਆਪਣੇ ਜਹਾਜ਼ ਦੀ ਵਿਸਤ੍ਰਿਤ ਲਾਗਬੁੱਕ ‘ਫਾਰਮ 700’ ਨੂੰ ਸੌਂਪ ਦਿੱਤੀ, ਜਿਸ ਵਿਚ ਏਅਰ ਚੀਫ ਮਾਰਸ਼ਲ ਸਿੰਘ ਦੇ ਜੀਵਨ ਕਾਲ ਤੱਕ ਦੀ ਹਰੇਕ ਮੁਰੰਮਤ, ਨਿਰੀਖਣ ਅਤੇ ਰੱਖ-ਰਖਾਅ ਦਾ ਵੇਰਵਾ ਹੈ ਜੋ 1963 ਤੋਂ ਉਡਾਣ ਭਰ ਰਹੇ ਲੜਾਕੂ ਜਹਾਜ਼ ਦੀ ਅਧਿਕਾਰਤ ਤੌਰ ’ਤੇ ਰਿਟਾਇਰਮੈਂਟ ਦਾ ਪ੍ਰਤੀਕ ਹੈ।

ਆਪਣੇ ਆਖਰੀ ਮਿਗ-21 ਸਕੁਐਡਰਨ, ਨੰਬਰ 23 ਪੈਂਥਰਸ ਅਤੇ ਨੰਬਰ 3 ਕੋਬਰਾ ਦੀ ਰਿਟਾਇਰਮੈਂਟ ਦੇ ਨਾਲ ਜੋ ਕੁਲ ਮਿਲਾ ਕੇ 36 ਜੈੱਟ ਜਹਾਜ਼ਾਂ ਦਾ ਸੰਚਾਲਨ ਕਰਦੇ ਸਨ, ਭਾਰਤੀ ਹਵਾਈ ਫੌਜ ਕੋਲ 42 ਮਨਜ਼ੂਰਸ਼ੁਦਾ ਸਮਰੱਥਾ ਦੇ ਮੁਕਾਬਲੇ 29 ਲੜਾਕੂ ਸਕੁਐਡਰਨ ਹਨ। ਇਹ 1960 ਦੇ ਦਹਾਕੇ ਤੋਂ ਬਾਅਦ ਸਭ ਤੋਂ ਘੱਟ ਹੈ।

ਮਿਗ ਯੁੱਗ ਦਾ ਅੰਤ : ਮਿਗ-21 ਦੀ ਰਿਟਾਇਰਮੈਂਟ ਤੋਂ ਬਾਅਦ ਹੁਣ ਹਵਾਈ ਸੈਨਾ ਕੋਲ 29 ਲੜਾਕੂ ਸਕੁਐਡਰਨ ਹਨ। ਨਵੇਂ ਤੇਜਸ ਜਹਾਜ਼ ਪੁਰਾਣੇ ਮਿਗ-21 ਦੀ ਥਾਂ ਲੈਣਗੇ ਪਰ ਦੇਰੀ ਨੇ ਆਈ. ਏ. ਐੱਫ. ਵਿਚ ਇਕ ਮਹੱਤਵਪੂਰਨ ਪਾੜਾ ਪੈਦਾ ਕਰ ਦਿੱਤਾ ਹੈ। ਮੌਜੂਦਾ ਤੇਜਸ ਐੱਮ.ਕੇ.1.ਏ. ਜਹਾਜ਼ ਕੁਝ ਸਾਲਾਂ ਲਈ ਸੇਵਾ ਵਿਚ ਰਹਿਣਗੇ ਜਦੋਂ ਤੱਕ ਅਗਲੀ ਪੀੜ੍ਹੀ ਦੇ ਜਹਾਜ਼ ਤਿਆਰ ਨਹੀਂ ਹੋ ਜਾਂਦੇ।

ਮਾਹਿਰਾਂ ਦਾ ਕਹਿਣਾ ਹੈ ਕਿ ਤੇਜਸ ਜਹਾਜ਼ ਭਾਰਤ ਵਰਗੇ ਦੇਸ਼ ਲਈ ਇਕ ਵੱਡੀ ਪ੍ਰਾਪਤੀ ਹੈ ਪਰ ਚੀਨ ਵਰਗੀਆਂ ਅਰਥਵਿਵਸਥਾਵਾਂ ਦੇ ਮੁਕਾਬਲੇ ਉਤਪਾਦਨ ਹੌਲੀ ਹੈ।

ਮਿਗ ਦੀ ਵਿਰਾਸਤ : ਮਿਗ-21 ਦੇ ਸੇਵਾਮੁਕਤ ਹੋਣ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮਿਗ ਵਿਰਾਸਤ ਦੇਸ਼ ਵਿਚ ਸਵਦੇਸ਼ੀ ਜਹਾਜ਼ਾਂ ਦੇ ਵਿਕਾਸ ਨੂੰ ਪ੍ਰੇਰਿਤ ਕਰੇਗੀ। ਭਾਰਤੀ ਹਵਾਈ ਸੈਨਾ ਨੇ 1967 ਵਿਚ ਮਿਗ-21 ਦਾ ਉਤਪਾਦਨ ਸ਼ੁਰੂ ਕੀਤਾ ਸੀ, ਜਦੋਂ ਲਾਇਸੈਂਸ ਤਤਕਾਲੀ ਸੋਵੀਅਤ ਸੰਘ ਤੋਂ ਤਬਦੀਲ ਕੀਤਾ ਗਿਆ ਸੀ। ਭਾਰਤ ਵਿਚ 872 ਮਿਗ-21 ਬਣਾਏ ਗਏ ਸਨ। 1980 ਦੇ ਦਹਾਕੇ ਤੋਂ ਲਾਈਟ ਕੰਬੈਕ ਏਅਰ ਕਰਾਫਟ ਪ੍ਰਾਜੈਕਟ ਸ਼ੁਰੂ ਹੋਇਆ ਤਾਂ ਕਿ ਜਹਾਜ਼ਾਂ ਨੂੰ ਸਥਾਪਤ ਕੀਤਾ ਜਾ ਸਕੇ।

ਐੱਚ. ਏ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡੀ. ਕੇ. ਸੁਨੀਲ ਨੇ ਕਿਹਾ, ‘‘ਸਾਡਾ ਧਿਆਨ ਹੁਣ ਪੂਰੀ ਤਰ੍ਹਾਂ ਐੱਲ. ਸੀ. ਏ . ਪ੍ਰੋਗਰਾਮ ’ਤੇ ਹੈ।’’ ਹਵਾਈ ਸੈਨਾ ਦੇ ਸਾਬਕਾ ਕਮਾਂਡਰ-ਇਨ-ਚੀਫ਼ ਏਅਰ ਮਾਰਸ਼ਲ ਦਿਲੀਪ ਕੁਮਾਰ ਪਟਨਾਇਕ ਨੇ ਕਿਹਾ, ‘‘ਦੇਸੀ ਜਹਾਜ਼ ਅਤੇ ਇੰਜਣ ਹੱਲ ਹੁਣ ਭਾਰਤ ਦੀ ਸਭ ਤੋਂ ਵੱਡੀ ਤਰਜੀਹ ਹੋਣੇ ਚਾਹੀਦੇ ਹਨ।’’

ਤੇਜਸ ਐੱਮ.ਕੇ.1ਏ ਦਾ ਡਿਜ਼ਾਈਨ ਚੌਥੀ ਤੋਂ 4.5 ਪੀੜ੍ਹੀ ਦੇ ਜਹਾਜ਼ਾਂ ਦੇ ਬਰਾਬਰ ਹੈ। ਹਾਲਾਂਕਿ, ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਗਰਾਮ ਨੂੰ ਦੇਰੀ ਅਤੇ ਸਮਾਂ-ਸੀਮਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤੀ ਹਵਾਈ ਫੌਜ ਦਾ ਧਿਆਨ ਕੇਂਦਰਿਤ : ਤੇਜਸ ਦੇ ਪਹਿਲੇ ਐਡੀਸ਼ਨ ਨੂੰ 2001 ਵਿਚ ਹਵਾਈ ਸੈਨਾ ਵਿਚ ਸ਼ਾਮਲ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿਚ 40 ਤੇਜਸ ਜਹਾਜ਼ ਸੂਲਰ ਏਅਰ ਫੋਰਸ ਸਟੇਸ਼ਨ ’ਤੇ ਹਵਾਈ ਸੈਨਾ ਦੇ 45ਵੇਂ ਫਲਾਇੰਗ ਡੈਗਰ ਸਕੁਐਡਰਨ ਦੀ ਸੇਵਾ ਵਿਚ ਹਨ।

ਤੇਜਸ ਐੱਮ. ਕੇ. 1 ਏ ਜਿਸ ਨੂੰ ਉੱਨਤ ਰਾਡਾਰ ਅਤੇ ਬਿਹਤਰ ਇਲੈਕਟ੍ਰੋਨਿਕ ਪ੍ਰਣਾਲੀ ਨਾਲ ਲੈਸ ਕੀਤਾ ਗਿਆ ਹੈ, ਫਰਵਰੀ ’ਚ ਪਹਿਲੀ ਵਾਰ ਸਾਹਮਣੇ ਆਇਆ। ਏਅਰ ਚੀਫ ਮਾਰਸ਼ਲ ਏ. ਪੀ. ਸਿੰਘ ਨੇ ਕਿਹਾ ਕਿ ਐੱਚ. ਏ. ਐੱਲ. ਆਪਣੇ ਪ੍ਰੋਗਰਾਮ ਵਿਚ ਦੇਰੀ ਨਾਲ ਜੂਝ ਰਿਹਾ ਹੈ।

ਇਸ ਵੇਲੇ ਐੱਚ. ਏ. ਐੱਲ. ਨੂੰ ਜੀ. ਈ. ਏਅਰੋਸਪੇਸ ਤੋਂ ਪ੍ਰਤੀ ਮਹੀਨਾ ਦੋ ਜੀ. ਈ. 404 ਆਈ. ਐੱਨ. 20 ਇੰਜਣ ਮਿਲ ਰਹੇ ਹਨ। ਯੋਜਨਾ ਅਨੁਸਾਰ, 2029 ਤੱਕ 83 ਐੱਮ. ਕੇ.1 ਏ ਜਹਾਜ਼ ਡਲਿਵਰ ਕੀਤੇ ਜਾ ਸਕਦੇ ਹਨ। ਜੀ. ਈ. ਨਾਲ ਵਾਧੂ 97 ਜਹਾਜ਼ਾਂ ਲਈ ਗੱਲਬਾਤ ਅੰਤਿਮ ਪੜਾਅ ’ਤੇ ਹੈ।

ਹਵਾਈ ਸੈਨਾ ਦੀਆਂ ਚੁਣੌਤੀਆਂ ਅਤੇ ਭਵਿੱਖ ਦੀ ਤਿਆਰੀ : ਹਵਾਈ ਸੈਨਾ ਮੁਖੀ ਨੇ ਕਿਹਾ, ‘‘ਸੰਤੁਲਨ ਬਣਾਈ ਰੱਖਣ ਲਈ ਸਾਨੂੰ ਹਰ ਸਾਲ ਲੱਗਭਗ ਦੋ ਸਕੁਐਡਰਨ (30 ਜਹਾਜ਼) ਦੀ ਲੋੜ ਹੈ। ਇਸ ਕਮੀ ਨੂੰ ਤੁਰੰਤ ਪੂਰਾ ਨਹੀਂ ਕੀਤਾ ਜਾ ਸਕਦਾ।’’

ਪਿਛਲੇ ਸਾਲ ਤੱਕ ਹਵਾਈ ਫੌਜ ਨੇ 36 ਰਾਫੇਲ ਜਹਾਜ਼ਾਂ ਦੀ ਤਾਇਨਾਤੀ ਪੂਰੀ ਕਰ ਲਈ ਸੀ। ਹਾਲਾਂਕਿ, 2020 ਤੋਂ ਬਾਅਦ ਕੋਈ ਨਵਾਂ ਲੜਾਕੂ ਜਹਾਜ਼ ਨਹੀਂ ਜੋੜਿਆ ਗਿਆ ਹੈ। ਭਵਿੱਖ ਵਿਚ ਭਾਰਤ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ’ਤੇ ਕੰਮ ਕਰ ਰਿਹਾ ਹੈ, ਜੋ ਕਿ ਪੰਜਵੀਂ ਪੀੜ੍ਹੀ ਦਾ ਸਟੀਲਥ ਜਹਾਜ਼ ਹੋਵੇਗਾ । ਇਸਦੀ ਪਹਿਲੀ ਉਡਾਣ ਅਗਲੇ ਪੰਜ ਸਾਲਾਂ ਵਿਚ ਹੋਣ ਦੀ ਉਮੀਦ ਹੈ।

ਸੌਰਭ ਤ੍ਰਿਵੇਦੀ


author

Rakesh

Content Editor

Related News