ਭਾਰਤ ’ਚ ਲਗਾਤਾਰ ਵਧ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ!
Friday, Jul 10, 2026 - 04:18 AM (IST)
ਦੇਸ਼ ਦੇ ਬਹੁਤੇ ਸੂਬਿਆਂ ’ਚ ਆਵਾਰਾ ਜਾਨਵਰਾਂ ਨੇ ਦਹਿਸ਼ਤ ਮਚਾਈ ਹੋਈ ਹੈ। ਇਨ੍ਹਾਂ ’ਚ ਕੁੱਤੇ, ਬਾਂਦਰ ਅਤੇ ਬੇਸਹਾਰਾ ਗਾਵਾਂ ਮੁੱਖ ਹਨ ਅਤੇ ਸਭ ਤੋਂ ਵੱਧ ਮਾਮਲੇ ਆਵਾਰਾ ਕੁੱਤਿਆਂ ਦੇ ਵੱਢਣ ਦੇ ਸਾਹਮਣੇ ਆ ਰਹੇ ਹਨ।
ਭਾਰਤ ’ਚ ਆਵਾਰਾ ਕੁੱਤਿਆਂ ਦੀ ਗਿਣਤੀ 5 ਕਰੋੜ ਤੋਂ ਵੀ ਜ਼ਿਆਦਾ ਹੈ ਅਤੇ ਸਾਲ 2024 ’ਚ ਦੇਸ਼ ’ਚ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਲਗਭਗ 37 ਲੱਖ ਘਟਨਾਵਾਂ ਸਾਹਮਣੇ ਆਈਆਂ ਸਨ। ਆਵਾਰਾ ਕੁੱਤਿਆਂ ਦੇ ਸਭ ਤੋਂ ਵੱਧ ਸ਼ਿਕਾਰ ਛੋਟੀ ਉਮਰ ਦੇ ਬੱਚੇ ਹੋ ਰਹੇ ਹਨ।
ਵਿਸ਼ਵ ਸਿਹਤ ਸੰਗਠਨ ਅਨੁਸਾਰ, ਕੁੱਤਿਆਂ ਦੇ ਵੱਢਣ ਕਾਰਨ ਰੈਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਪਹਿਲੇ ਸਥਾਨ ’ਤੇ ਹੈ। ਦੁਨੀਆ ’ਚ ਰੈਬੀਜ਼ ਨਾਲ ਹੋਣ ਵਾਲੀਆਂ ਕੁੱਲ ਮੌਤਾਂ ’ਚੋਂ 36 ਫ਼ੀਸਦੀ ਭਾਰਤ ’ਚ ਹੁੰਦੀਆਂ ਹਨ।
ਇਸ ਸਮੱਸਿਆ ਦੇ ਸਬੰਧ ’ਚ ਕੇਂਦਰ ਅਤੇ ਰਾਜ ਸਰਕਾਰਾਂ ਦੀ ਲਾਪਰਵਾਹੀ ਕਾਰਨ ਹੀ 2026 ’ਚ ਵੀ ਕੁੱਤਿਆਂ ਦੀ ਦਹਿਸ਼ਤ ਵਧਦੀ ਜਾ ਰਹੀ ਹੈ। ਇਸੇ ਸਾਲ ਦੇਸ਼ ’ਚ ਆਵਾਰਾ ਕੁੱਤਿਆਂ ਦੇ ਵੱਢਣ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 24 ਅਪ੍ਰੈਲ ਨੂੰ ‘ਸਤਨਾ’ (ਮੱਧ ਪ੍ਰਦੇਸ਼) ’ਚ ਇਕ ਬੇਹੱਦ ਹਿੰਸਕ ਕੁੱਤੇ ਨੇ ਮਹਿਜ਼ 3 ਘੰਟਿਆਂ ਦੇ ਅੰਦਰ 40 ਲੋਕਾਂ ਨੂੰ ਵੱਢ ਕੇ ਲਹੂ-ਲੁਹਾਨ ਕਰ ਦਿੱਤਾ।
* 27 ਅਪ੍ਰੈਲ ਨੂੰ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ਦੇ ‘ਮੁਜ਼ੱਫਰਾਬਾਦ’ ਇਲਾਕੇ ਦੇ ‘ਚੌਪੁਰ’ ਪਿੰਡ ’ਚ 8 ਸਾਲਾ ਬੱਚੇ ‘ਲਵਿਸ਼’ ’ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਹੋਏ ਡੂੰਘੇ ਜ਼ਖ਼ਮਾਂ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।
* 6 ਜੂਨ ਨੂੰ ‘ਇੰਦੌਰ’ (ਮੱਧ ਪ੍ਰਦੇਸ਼) ’ਚ ਇਕ ਆਵਾਰਾ ਕੁੱਤੇ ਨੇ 10 ਘੰਟਿਆਂ ਦੇ ਅੰਦਰ 42 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਨ੍ਹਾਂ ’ਚੋਂ 16 ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।
* 11 ਜੂਨ ਨੂੰ ‘ਰੂਪਨਗਰ’ (ਪੰਜਾਬ) ਦੇ ‘ਮੋਰਿੰਡਾ’ ’ਚ ਸਵੇਰ ਦੇ ਸਮੇਂ ਦੁੱਧ ਲੈਣ ਜਾ ਰਹੀ ਇਕ 8 ਸਾਲਾ ਬੱਚੀ ਨੂੰ ਘਾਤ ਲਗਾ ਕੇ ਬੈਠੇ ਖੂੰਖਾਰ ਆਵਾਰਾ ਕੁੱਤਿਆਂ ਨੇ ਦਬੋਚ ਲਿਆ। ਕੁੱਤੇ ਉਸ ਨੂੰ ਘਸੀਟਦੇ ਹੋਏ ਸੁੰਨਸਾਨ ਜਗ੍ਹਾ ’ਤੇ ਲੈ ਗਏ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
* 1 ਜੁਲਾਈ ਨੂੰ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ਦੇ ‘ਹਰੋਰਾ’ ਪਿੰਡ ’ਚ ਗੁਆਂਢ ਦੀ ਇਕ ਦੁਕਾਨ ਤੋਂ ਸਾਮਾਨ ਲੈਣ ਗਏ ‘ਮੁਹੰਮਦ ਅਬੂਜ਼ਾਰ’ ਨਾਂ ਦੇ 6 ਸਾਲਾ ਬੱਚੇ ਦੀ ਆਵਾਰਾ ਕੁੱਤਿਆਂ ਦੇ ਹਮਲੇ ਦੇ ਨਤੀਜੇ ਵਜੋਂ ਮੌਤ ਹੋ ਗਈ।
* 3 ਜੁਲਾਈ ਨੂੰ ‘ਜਗਰਾਓਂ ’ (ਪੰਜਾਬ) ਦੇ ਪਿੰਡ ‘ਪੱਬੀਆਂ’ ’ਚ ਝੋਨੇ ਦੀ ਲਵਾਈ ਲਈ ਬਿਹਾਰ ਤੋਂ ਆਏ ‘ਰਮੇਸ਼’ ਨਾਂ ਦੇ ਮਜ਼ਦੂਰ ਨੂੰ ਹੱਡਾਰੋੜੀ ਦੇ ਨੇੜੇ ਘੁੰਮ ਰਹੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਕੇ ਮਾਰ ਦਿੱਤਾ।
* 5 ਜੁਲਾਈ ਨੂੰ ‘ਬੈਂਗਲੁਰੂ’ (ਕਰਨਾਟਕ) ਦੇ ‘ਸਹਿਕਾਰ ਨਗਰ’ ਇਲਾਕੇ ’ਚ ਸ਼ਾਮ ਦੇ ਸਮੇਂ ਆਪਣੀ ਮਾਂ ਕੋਲ ਖੇਡ ਰਹੀ 4 ਸਾਲਾ ਬੱਚੀ ’ਤੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਕੇ ਉਸ ਦੇ ਚਿਹਰੇ, ਹੱਥਾਂ ਅਤੇ ਪੈਰਾਂ ’ਤੇ ਡੂੰਘੇ ਜ਼ਖ਼ਮ ਕਰ ਦਿੱਤੇ।
* 5 ਜੁਲਾਈ ਨੂੰ ਹੀ ‘ਕਾਂਗੜਾ’ (ਹਿਮਾਚਲ ਪ੍ਰਦੇਸ਼) ਦੇ ‘ਬੈਜਨਾਥ-ਪਪਰੋਲਾ’ ਇਲਾਕੇ ’ਚ ਇਕ ਪਾਗਲ ਕੁੱਤੀ ਨੇ ਰਾਹ ਚੱਲਦੇ 25 ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਵੱਢ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।
* 6 ਜੁਲਾਈ ਨੂੰ ‘ਬਦਾਯੂੰ’ (ਉੱਤਰ ਪ੍ਰਦੇਸ਼) ’ਚ ਆਵਾਰਾ ਕੁੱਤਿਆਂ ਦੇ ਹਮਲੇ ਦੇ ਸ਼ਿਕਾਰ ਹੋਏ 9 ਸਾਲਾ ‘ਮੁਹੰਮਦ ਤਾਜ਼ਿਮ’ ਦੀ ਰੈਬੀਜ਼ ਕਾਰਨ ਮੌਤ ਹੋ ਗਈ।
* 6 ਜੁਲਾਈ ਨੂੰ ਹੀ ‘ਹੁਸ਼ਿਆਰਪੁਰ’ (ਪੰਜਾਬ) ਦੇ ਪਿੰਡ ‘ਜਲਾਲ’ ’ਚ ਆਵਾਰਾ ਕੁੱਤਿਆਂ ਨੇ ਇਕ ਪ੍ਰਵਾਸੀ ਮਜ਼ਦੂਰ ਜੋੜੇ ਦੀ 4 ਸਾਲ ਦੀ ਧੀ ‘ਗੁਨਗੁਨ’ ’ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ।
* 7 ਜੁਲਾਈ ਨੂੰ ‘ਧਨਬਾਦ’ (ਝਾਰਖੰਡ) ਦੇ ‘ਗੋਵਿੰਦਪੁਰ’ ’ਚ ਇਕ ਬੇਹੱਦ ਹਿੰਸਕ ਆਵਾਰਾ ਕੁੱਤੇ ਨੇ ਅਚਾਨਕ ਰਾਹਗੀਰਾਂ ’ਤੇ ਹਮਲਾ ਕਰ ਕੇ ਡੇਢ ਸਾਲ ਦੇ ਇਕ ਮਾਸੂਮ ਸਮੇਤ 5 ਲੋਕਾਂ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।
ਆਵਾਰਾ ਕੁੱਤਿਆਂ ਦੀ ਇਸ ਦਹਿਸ਼ਤ ਦੇ ਕਾਰਨ ਹੀ ਸੁਪਰੀਮ ਕੋਰਟ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਆਵਾਰਾ ਕੁੱਤੇ ਫੜ ਕੇ ਉਨ੍ਹਾਂ ਦਾ ਟੀਕਾਕਰਨ ਕਰਨ ਦਾ ਹੁਕਮ ਦੇਣਾ ਪਿਆ ਪਰ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਸੂਬਾਈ ਸਰਕਾਰਾਂ ਅਤੇ ਨਗਰ ਨਿਗਮਾਂ ਵੱਲੋਂ ਆਵਾਰਾ ਕੁੱਤਿਆਂ ਦੀ ਇਸ ਵਧਦੀ ਦਹਿਸ਼ਤ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਹਾਲਾਤ ਨਹੀਂ ਸੁਧਰ ਰਹੇ।
ਇਸ ਲਈ ਜਦੋਂ ਤੱਕ ਕੇਂਦਰ ਅਤੇ ਰਾਜ ਸਰਕਾਰਾਂ ਆਵਾਰਾ ਕੁੱਤਿਆਂ ਨੂੰ ਫੜ ਕੇ ‘ਡੌਗ ਹਾਊਸਾਂ’ ’ਚ ਬੰਦ ਕਰਨ ਅਤੇ ਉਨ੍ਹਾਂ ਦੀ ਵਧਦੀ ਗਿਣਤੀ ’ਤੇ ਰੋਕ ਲਗਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਣਗੀਆਂ, ਉਦੋਂ ਤੱਕ ਇਸ ਸਮੱਸਿਆ ਤੋਂ ਮੁਕਤੀ ਮਿਲਣਾ ਮੁਸ਼ਕਲ ਹੀ ਹੈ। ਇਸ ਦੇ ਨਾਲ ਹੀ, ਕੁੱਤਿਆਂ ਦੇ ਵੱਢਣ ਦੇ ਸ਼ਿਕਾਰ ਲੋਕਾਂ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਸਰਕਾਰੀ ਹਸਪਤਾਲਾਂ ’ਚ ਆਸਾਨੀ ਨਾਲ ਮੁਹੱਈਆ ਕਰਵਾਉਣ ਲਈ ਪ੍ਰਭਾਵਸ਼ਾਲੀ ਕਾਰਵਾਈ ਕਰਨਾ ਵੀ ਜ਼ਰੂਰੀ ਹੈ।
–ਵਿਜੇ ਕੁਮਾਰ
