ਫਿਰ ਤੋਂ ਲੱਭਣੀ ਹੋਵੇਗੀ ਭਾਰਤ ਦੀ ਸੰਤ ਪ੍ਰੰਪਰਾ

Friday, Oct 25, 2024 - 03:40 PM (IST)

ਕਿੱਥੇ ਗੁੰਮ ਹੋ ਗਈ ਹੈ ਭਾਰਤ ਦੀ ਸੰਤ ਪ੍ਰੰਪਰਾ? ਇਹ ਸਵਾਲ ਮੇਰੇ ਮਨ ’ਚ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ ਦੇ ਮੌਝਾਰੀ ਪਿੰਡ ’ਚ ਸਥਾਪਤ ਸ਼੍ਰੀਗੁਰੂਦੇਵ ਅਧਿਆਤਮਿਕ ਗੁਰੂਕੁਲ ’ਚ ਆਇਆ। ਸ਼ਾਮ ਢਲ ਚੁੱਕੀ ਸੀ। ਚਾਰੇ ਪਾਸੇ ਪੇਂਡੂ ਮੇਲੇ ਦਾ ਮਾਹੌਲ ਸੀ। ਖੁੱਲ੍ਹੇ ਅੰਬਰ ਦੇ ਹੇਠਾਂ ਬੱਚਿਆਂ ਅਤੇ ਬੁੱਢੀਆਂ ਔਰਤਾਂ ਸਮੇਤ ਹਜ਼ਾਰਾਂ ਪਿੰਡ ਵਾਸੀ ਭਜਨ ਅਤੇ ਪ੍ਰਵਚਨ ਸੁਣ ਰਹੇ ਸਨ।

ਚਰਚਾ ਆਤਮਾ-ਪ੍ਰਮਾਤਮਾ, ਪਾਪ ਅਤੇ ਪੁੰਨ, ਸਵਰਗ ਅਤੇ ਨਰਕ ਜਾਂ ਪੂਜਾ-ਅਰਚਨਾ ਦੀ ਨਹੀਂ ਸੀ। ਸਗੋਂ ਪਿੰਡ ਦੇ ਨਿਰਮਾਣ, ਤੰਦਰੁਸਤੀ, ਖੇਤੀ-ਕਿਸਾਨੀ ਅਤੇ ਲੋਕਤੰਤਰ ’ਚ ਨਾਗਰਿਕਾਂ ਦੀ ਜ਼ਿੰਮੇਵਾਰੀ ਵਰਗੇ ਵਿਸ਼ਿਆਂ ’ਤੇ ਭਾਸ਼ਣ ਚੱਲ ਰਹੇ ਸਨ। ਭਜਨ ਵੀ ਅੰਧਵਿਸ਼ਵਾਸਾਂ ਦਾ ਖੰਡਨ ਕਰਨ ਵਾਲੇ ਸਨ। ਮੌਕਾ ਸੀ ਰਾਸ਼ਟਰ ਸੰਤ ਤੁਕਡੋਜੀ ਮਹਾਰਾਜ ਦਾ 56ਵਾਂ ਨਿਰਵਾਣ ਦਿਵਸ, ਜਿਸ ਨੂੰ ‘ਗ੍ਰਾਮਗੀਤਾ ਤੱਤਵਗਿਆਨ ਆਚਾਰ ਮਹਾਯੱਗ’ ਵਾਂਗ ਮਨਾਇਆ ਜਾ ਰਿਹਾ ਸੀ।

ਇਹ ਸਵਾਲ ਇਸ ਲਈ ਮਨ ’ਚ ਆਇਆ ਕਿਉਂਕਿ ਸੰਤ ਪ੍ਰੰਪਰਾ ਨੇ ਭਾਰਤ ਦੇਸ਼ ਨੂੰ ਬਣਾਇਆ ਹੈ, ਬਚਾਇਆ ਹੈ, ਜੋੜੀ ਰੱਖਿਆ ਹੈ, ਜ਼ਿੰਦਾ ਰੱਖਿਆ ਹੈ। ਭਾਵੇਂ ਰਾਮਾਨੁਜ ਹੋਣ ਜਾਂ ਬਸਵਾਚਾਰੀਆ, ਸ੍ਰੀ ਗੁਰੂ ਨਾਨਕ ਦੇਵ ਜੀ ਹੋਣ ਜਾਂ ਕਬੀਰ ਜੀ, ਰਵਿਦਾਸ ਜੀ ਹੋਣ ਜਾਂ ਘਾਸੀਦਾਸ, ਮੀਰਾਬਾਈ ਹੋਣ ਜਾਂ ਲਾਲ ਦੇਦ, ਮੋਇਊਦੀਨ ਚਿਸ਼ਤੀ ਹੋਣ ਜਾਂ ਬਾਬਾ ਫਰੀਦ ਜੀ-ਦੇਸ਼ ਦੇ ਵੱਖ-ਵੱਖ ਕੋਨਿਆਂ ’ਚ ਇਨ੍ਹਾਂ ਨੇ ਦੇਸ਼ ਦੀ ਆਤਮਾ ਨੂੰ ਜ਼ਿੰਦਾ ਰੱਖਿਆ, ਸਿਆਸੀ ਚੁੱਕ-ਥੱਲ ਦੇ ਦੌਰ ’ਚ ਸਮਾਜ ਨੂੰ ਬੰਨ੍ਹੀ ਰੱਖਿਆ।

ਇਹ ਕਹਿਣਾ ਅੱਤਕਥਨੀ ਨਹੀਂ ਹੋਵੇਗਾ ਕਿ ਭਾਰਤ ਨੂੰ ਸੱਤਾ ਨੇ ਨਹੀ, ਸੰਤਾਂ ਨੇ ਪਰਿਭਾਸ਼ਿਤ ਕੀਤਾ ਹੈ, ਦੇਸ਼ ਨੂੰ ਭਾਸ਼ਣਾਂ ਨੇ ਨਹੀਂ, ਭਜਨਾਂ ਨੇ ਬੰਨ੍ਹ ਕੇ ਰੱਖਿਆ ਹੈ। ਇਸ ਸੰਦਰਭ ’ਚ ਮਹਾਰਾਸ਼ਟਰ ’ਚ ਸੰਤਾਂ ਦੀ ਪ੍ਰੰਪਰਾ ਅਨੋਖੀ ਹੈ। ਸੰਤ ਗਿਆਨੇਸ਼ਵਰ, ਤੁਕਾਰਾਮ, ਏਕਨਾਥ, ਨਾਮਦੇਵ, ਜਨਾਬਾਈ, ਰਾਮਦਾਸ, ਸ਼ੇਖ ਮੁਹੰਮਦ, ਗੋਟਾ ਕੁਮਹਾਰ ਅਤੇ ਰੋਹਿਦਾਸ ਦੀ ਪ੍ਰੰਪਰਾ ਨੇ ਸਦੀਆਂ ਤਕ ਇਸ ਸੂਬੇ ਦੇ ਸੱਭਿਆਚਾਰ ਨੂੰ ਪਰਿਭਾਸ਼ਿਤ ਕੀਤਾ ਹੈ।

19ਵੀਂ ਸਦੀ ’ਚ ਵੀ ਅੰਗਰੇਜ਼ੀ ਰਾਜ ਦਾ ਵਿਰੋਧ ਕਰਨ ’ਚ ਸੰਤਾਂ ਦਾ ਵੱਡਾ ਯੋਗਦਾਨ ਸੀ ਪਰ 20ਵੀਂ ਸਦੀ ਆਉਂਦਿਆਂ-ਆਉਂਦਿਆਂ ਇਹ ਪ੍ਰੰਪਰਾ ਅਲੋਪ ਹੋ ਗਈ। ਲੱਭਣ ’ਤੇ ਸ਼੍ਰੀ ਨਾਰਾਇਣ ਗੁਰੂ ਵਰਗੇ ਅਪਵਾਦ ਮਿਲ ਜਾਂਦੇ ਸਨ ਪਰ ਇਹ ਇਕ ਸਿਲਸਿਲਾ ਜਾਂ ਪ੍ਰੰਪਰਾ ਨਹੀਂ ਬਣਦੀ। ਅਜਿਹਾ ਕਿਉਂ ਹੋਇਆ? ਤੁਕਡੋਜੀ ਮਹਾਰਾਜ ਦੀ ਪਾਵਨ ਧਰਤੀ ’ਤੇ ਪਹੁੰਚ ਕੇ ਇਹ ਸਵਾਲ ਉੱਠਣਾ ਸੁਭਾਵਿਕ ਸੀ, ਕਿਉਂਕਿ ਉਹ 20ਵੀਂ ਸਦੀ ਦੇ ਉਨ੍ਹਾਂ ਅਪਵਾਦਾਂ ’ਚੋਂ ਇਕ ਸਨ। ਜਨਮ 1909 ’ਚ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲੇ ਦੇ ਇਕ ਗਰੀਬ ਦਰਜੀ ਪਰਿਵਾਰ ’ਚ ਹੋਇਆ।

ਰਸਮੀ ਸਿੱਖਿਆ ਨਾਂਹ ਦੇ ਬਰਾਬਰ ਹੋਈ ਪਰ ਬਚਪਨ ਤੋਂ ਭਜਨ ਦੀ ਲਗਨ ਲੱਗ ਗਈ। ਘਰ ਛੱਡ ਕੇ ਜੰਗਲ ’ਚ ਰਹੇ ਅਤੇ ਸਾਧੂ ਬਣ ਕੇ ਵਾਪਸ ਆਏ ਪਰ ਵਿਭੂਤੀ ਅਤੇ ਚਮਤਕਾਰ ਵਾਲੇ ਸਾਧੂ ਨਹੀਂ, ਅੰਧਵਿਸ਼ਵਾਸ ਦਾ ਖੰਡਨ ਕਰਨ ਅਤੇ ਸਮਾਜ ਸੁਧਾਰ ਲਈ ਲੋਕ ਜਾਗਰਣ ਕਰਨ ਵਾਲੇ ਸਾਧੂ। ਮਰਾਠੀ ਅਤੇ ਹਿੰਦੀ ’ਚ ਭਜਨ ਲਿਖਦੇ ਸਨ, ਖੰਜੜੀ ਲੈ ਕੇ ਵਜਾਉਂਦੇ ਸਨ, ਖਰੀ-ਖਰੀ ਗੱਲ ਸੁਣਾਉਂਦੇ ਸਨ। ਮਹਾਤਮਾ ਗਾਂਧੀ ਨੇ ਸੇਵਾ ਆਸ਼ਰਮ ’ਚ ਸੱਦ ਕੇ ਉਨ੍ਹਾਂ ਦੇ ਭਜਨ ਸੁਣੇ। ਤੁਕਡੋਜੀ ਨੇ ਭਾਰਤ ਛੱਡੋ ਅੰਦੋਲਨ ’ਚ ਹਿੱਸਾ ਲਿਆ, ਜੇਲ ਵੀ ਗਏ। ਆਜ਼ਾਦੀ ਦੇ ਬਾਅਦ ਵਿਨੋਬਾ ਭਾਵੇ ਦੇ ਸੱਦੇ ’ਤੇ ਭੂਦਾਨ ਅੰਦੋਲਨ ਦਾ ਸਹਿਯੋਗ ਵੀ ਕੀਤਾ ਪਰ ਕਦੇ ਗਾਂਧੀਵਾਦੀ ਨਹੀਂ ਬਣੇ, ਕਿਸੇ ਪਾਰਟੀ ਨਾਲ ਨਹੀਂ ਜੁੜੇ। ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਅਤੇ ਸੰਤ ਗਾਡਗੇ ਨਾਲ ਸਨੇਹ ਦਾ ਰਿਸ਼ਤਾ ਬਣਿਆ।

ਤੁਕਡੋਜੀ ਮਹਾਰਾਜ ਨੇ ਆਪਣਾ ਵਧੇਰੇ ਸਮਾਂ ਮਹਾਰਾਸ਼ਟਰ ਦੇ ਪਿੰਡਾਂ ’ਚ ਘੁੰਮ-ਘੰੁਮ ਕੇ ਸਵਰਾਜ ਨੂੰ ਸੁਰਾਜ ਬਣਾਉਣ ਲਈ ਆਦਰਸ਼ ਪਿੰਡ ਬਣਾਉਣ ਦੀ ਮੁਹਿੰਮ ਚਲਾਈ, ਉਨ੍ਹਾਂ ਵਿਚਾਰਾਂ ਨੂੰ ਜੋੜ ਕੇ ‘ਗ੍ਰਾਮੀਣਗੀਤਾ’ ਦੀ ਰਚਨਾ ਕੀਤੀ। ਜਾਤੀ ਵਿਵਸਥਾ ਦੀ ਊਚ-ਨੀਚ ਦੇ ਵਿਰੁੱਧ ਮੁਹਿੰਮ ਚਲਾਈ, ਹਿੰਦੂ ਮੁਸਲਮਾਨ ’ਚ ਵਿਤਕਰੇ ਦਾ ਵਿਰੋਧ ਕੀਤਾ। ਮੂਰਤੀ ਪੂਜਾ ਅਤੇ ਕਰਮਕਾਂਡ ਤੋਂ ਦੂਰ ਰਹਿੰਦੇ ਹੋਏ ਮਿੱਟੀ ਨਾਲ ਜੁੜਦੇ ਹੋਏ ਭਗਵਾਨ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਅੰਤਿਮ ਸੰਸਕਾਰ ਦੀ ਇਕ ਨਵੀਂ ਪ੍ਰਣਾਲੀ ਬਣਾਈ। ਜਾਪਾਨ ’ਚ ਵਿਸ਼ਵ ਧਰਮ ਵਿਸ਼ਵ ਸ਼ਾਂਤੀ ਪ੍ਰੀਸ਼ਦ ’ਚ ਗਏ ਅਤੇ ‘ਭਾਰਤ ਸਾਧੂ ਸਮਾਜ’ ਦੀ ਸਥਾਪਨਾ ਕੀਤੀ।

ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਉਨ੍ਹਾਂ ਦੇ ਭਜਨਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ’ਚ ਸੱਦਿਆ ਅਤੇ ਉਨ੍ਹਾਂ ਨੂੰ ‘ਰਾਸ਼ਟਰ ਸੰਤ’ ਨਾਂ ਨਾਲ ਨਿਵਾਜਿਆ। ਅੱਜ ਪੂਰਾ ਮਹਾਰਾਸ਼ਟਰ ਉਨ੍ਹਾਂ ਨੂੰ ਰਾਸ਼ਟਰ ਸੰਤ ਤੁਕਡੋਜੀ ਮਹਾਰਾਜ ਦੇ ਨਾਂ ਨਾਲ ਜਾਣਦਾ ਹੈ। ਸਾਲ 1968 ’ਚ ਉਨ੍ਹਾਂ ਦੇ ਦਿਹਾਂਤ ਦੇ ਬਾਅਦ ਕੁਝ ਪੈਰੋਕਾਰਾਂ ਨੇ ਉਨ੍ਹਾਂ ਨੂੰ ਭਗਵਾਨ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਪਰ ਅੱਜ ਵੀ ਉਨ੍ਹਾਂ ਦੀ ਵਿਚਾਰਕ ਪ੍ਰੰਪਰਾ ਨੂੰ ਮੰਨਣ ਵਾਲੇ ਉਨ੍ਹਾਂ ਦੀ ਯਾਦ ’ਚ ਅੰਧ ਸ਼ਰਧਾ ਖਾਤਮਾ, ਪੁਸਤਕ ਅਤੇ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਅਤੇ ਖੇਤੀ-ਕਿਸਾਨੀ ਦੇ ਸਸ਼ਕਤੀਕਰਨ ਦੀ ਮੁਹਿੰਮ ਚਲਾਉਂਦੇ ਹਨ, ਸਰਬ ਧਰਮ ਪ੍ਰਾਰਥਨਾ ਆਯੋਜਿਤ ਕਰਦੇ ਹਨ।

ਉਨ੍ਹਾਂ ਦੀ ਯਾਦ ’ਚ ਹੋ ਰਹੇ ਭਜਨ ’ਚ ਲੀਨ ਜਨਤਾ ਨੂੰ ਦੇਖ ਕੇ ਮੈਨੂੰ ਪਿਛਲੇ ਸਾਲ ਕਬੀਰ ਗਾਇਕ ਪ੍ਰਹਿਲਾਦ ਜੀ ਦੀਆਂ ਸਭਾਵਾਂ ਦੀ ਯਾਦ ਆਈ। ਮੱਧ ਪ੍ਰਦੇਸ਼ ਦੇ ਦਿਹਾਤੀ ਇਲਾਕੇ ’ਚ ਉਨ੍ਹਾਂ ਦੇ ਕਬੀਰ ਭਜਨ ਅਤੇ ਸਿੱਧੀਆਂ ਤਿੱਖੀਆਂ ਗੱਲਾਂ ਨੂੰ ਸੁਣਨ ਲਈ ਸਰਦੀ ਦੀ ਰਾਤ ’ਚ ਹਜ਼ਾਰਾਂ ਪਿੰਡਾਂ ਵਾਲੇ ਬੈਠੇ ਰਹਿੰਦੇ ਸਨ। ਇਹੀ ਗੱਲ ਜਦੋਂ ਨੇਤਾ ਅਤੇ ਸਮਾਜਿਕ ਵਰਕਰ ਕਹਿੰਦੇ ਹਨ ਤਾਂ ਉਨ੍ਹਾਂ ਲਈ ਸਰੋਤੇ ਇਕੱਠੇ ਕਰਨੇ ਪੈਂਦੇ ਹਨ। ਉਨ੍ਹਾਂ ਦੀਆਂ ਕੁਸੈਲੀਆਂ ਗੱਲਾਂ ਨੂੰ ਲੋਕ ਸੁਣ ਕੇ ਹਜ਼ਮ ਕਰ ਲੈਂਦੇ ਹਨ ਪਰ ਉਹੀ ਗੱਲ ਜੇਕਰ ਪ੍ਰਗਤੀਸ਼ੀਲ ਲੋਕ ਕਹਿੰਦੇ ਹਨ ਤਾਂ ਇਹੀ ਲੋਕ ਜਾਂ ਤਾਂ ਵੱਢਣ ਲਈ ਦੌੜਦੇ ਹਨ ਜਾਂ ਫਿਰ ਚਿਕਨੇ ਘੜੇ ਬਣ ਜਾਂਦੇ ਹਨ। ਭਾਰਤ ਦੀ ਭਾਸ਼ਾ, ਮੁਹਾਵਰੇ ਅਤੇ ਸੰਸਕਾਰ ਦੇ ਅਨੁਸਾਰ ਸਮਾਜ ਨੂੰ ਸੁਧਾਰਨ ਵਾਲੀ ਇਹ ਸੰਤ ਪ੍ਰੰਪਰਾ ਸਾਡੇ ਸਮਾਜ ’ਚੋਂ ਗਾਇਬ ਕਿਉਂ ਹੋ ਗਈ?

ਇਸ ਪ੍ਰੰਪਰਾ ਦੇ ਖੰਡਿਤ ਹੋਣ ਦਾ ਕਾਰਨ ਬਸਤੀਵਾਦ ਆਧੁਨਿਕਤਾ ਹੈ। ਅੰਗਰੇਜ਼ੀ ਰਾਜ ਦੇ ਬਾਅਦ ਸਮਾਜ ਸੁਧਾਰ ਅਤੇ ਪਰਿਵਰਤਨ ਦੀ ਚਿੰਤਾ ਇਕ ਅੰਦਰੂਨੀ ਮੁਹਾਵਰੇ ਨੂੰ ਛੱਡ ਕੇ ਆਧੁਨਿਕ ਸਿਆਸੀ ਵਿਚਾਰਧਾਰਾਵਾਂ ’ਚ ਹੋਣ ਲੱਗੀ, ਭਾਵੇਂ ਉਹ ਰਾਸ਼ਟਰਵਾਦ ਹੋਵੇ ਜਾਂ ਸਮਾਜਵਾਦ, ਬਰਾਬਰੀ ਦਾ ਮੁਹਾਵਰਾ ਹੋਵੇ ਜਾਂ ਸੁਤੰਤਰਤਾ ਦਾ। ਸਮਾਜ ਪਰਿਵਰਤਨ ਦਾ ਮੁੱਖ ਕਾਰਜ ਖੇਤਰ ਹੁਣ ਸਮਾਜ ਦੀ ਬਜਾਏ ਸਿਆਸਤ ਹੋ ਗਿਆ। ਸਮਾਜ ਬਦਲਣ ਦੀ ਜ਼ਿੰਮੇਵਾਰੀ ਸਮਾਜ ਸੁਧਾਰਕਾਂ, ਸਾਧੂਆਂ, ਸੰਤਾਂ ਦੀ ਬਜਾਏ ਹੁਣ ਆਧੁਨਿਕ ਕ੍ਰਾਂਤੀਕਾਰੀਆਂ ਨੇ ਲੈ ਲਈ ਹੈ।

ਇਸ ਦੇ ਪਿੱਛੇ ਜ਼ਰੂਰ ਸਾਡੇ ਸਮਾਜ ਦੀ ਕਮਜ਼ੋਰੀ ਰਹੀ ਹੋਵੇਗੀ। ਯਕੀਨਨ ਹੀ ਸਮਾਜ ’ਚ ਅੰਦਰੂਨੀ ਸੁਧਾਰ ਦੀ ਸਮਰੱਥਾ ਘੱਟ ਗਈ ਸੀ, ਸ਼ਾਇਦ ਜਾਤੀ ਵਿਵਸਥਾ ਦੇ ਕੋਹੜ ਨੇ ਸਮਾਜ ਨੂੰ ਗਲਿਆ-ਸੜਿਆ ਬਣਾ ਦਿੱਤਾ ਸੀ। ਜੋ ਵੀ ਹੋਵੇ, ਆਧੁਨਿਕਤਾ ਦੇ ਆਗਮਨ ਅਤੇ ਸੰਤ ਪ੍ਰੰਪਰਾ ਦੇ ਅਲੋਪ ਹੋ ਜਾਣ ਨਾਲ ਧਰਮ, ਸਮਾਜ ਅਤੇ ਸਿਆਸਤ ਸਾਰਿਆਂ ਦਾ ਨੁਕਸਾਨ ਹੋਇਆ ਹੈ। ਧਰਮ ਦੇ ਨਾਂ ’ਤੇ ਸੰਤ ਦਾ ਚੋਲਾ ਪਾ ਕੇ ਪਖੰਡੀ ਬਾਬਿਆਂ ਦਾ ਸਾਮਰਾਜ ਫੈਲ ਰਿਹਾ ਹੈ। ਸਮਾਜ ਬਦਲਣ ਦੀ ਧਾਰ ਕਮਜ਼ੋਰ ਹੋ ਗਈ ਹੈ, ਸੁਧਾਰ ਦੀਆਂ ਕੋਸ਼ਿਸ਼ਾਂ ਜਾਤੀਆਂ ਦੇ ਅੰਦਰ ਸੁੰਗੜ ਗਈਆਂ ਹਨ ਅਤੇ ਸਿਆਸਤ ਗੈਰ-ਮਰਿਆਦਾ ਵਾਲੀ ਹੋ ਗਈ ਹੈ। ਧਰਮ, ਸਮਾਜ ਅਤੇ ਸਿਆਸਤ ਨੂੰ ਜੋੜਨ ਲਈ ਆਧੁਨਿਕ ਸਿਆਸੀ ਸਾਧੂਆਂ ਦੀ ਜਮਾਤ ਖੜ੍ਹੀ ਕਰਨੀ ਹੀ ਰਾਸ਼ਟਰ ਨਿਰਮਾਣ ਦੀ ਲੋੜ ਹੈ।

-ਯੋਗੇਂਦਰ ਯਾਦਵ
 


Tanu

Content Editor

Related News