‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!

Thursday, Aug 13, 2026 - 04:01 AM (IST)

‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!

ਆਮ ਤੌਰ ’ਤੇ ਹਵਾਈ ਯਾਤਰਾ ਨੂੰ ਬੱਸਾਂ ਅਤੇ ਰੇਲਗੱਡੀਆਂ ਦੀ ਤੁਲਨਾ ’ਚ ਵੱਧ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਹਵਾਈ ਜਹਾਜ਼ਾਂ ’ਚ ਉਡਾਣ ਦੌਰਾਨ ਖ਼ਾਮੀਆਂ ਸਾਹਮਣੇ ਆਉਣ ਨਾਲ ਹਵਾਈ ਯਾਤਰੀਆਂ ਦੀ ਸੁਰੱਖਿਆ ’ਤੇ ਸਵਾਲ ਉੱਠਣ ਲੱਗੇ ਹਨ, ਜਿਨ੍ਹਾਂ ਦੀਆਂ ਲਗਭਗ 5 ਮਹੀਨਿਆਂ ਦੀਆਂ ਘਟਨਾਵਾਂ ਹੇਠ ਲਿਖੇ ਅਨੁਸਾਰ ਦਰਜ ਹਨ :

* 11 ਮਾਰਚ ਨੂੰ ‘ਹੈਦਰਾਬਾਦ’ ਤੋਂ ‘ਫੁਕੇਤ’ ਜਾ ਰਹੇ ‘ਏਅਰ ਇੰਡੀਆ ਐਕਸਪ੍ਰੈੱਸ’ ਦੇ ਜਹਾਜ਼ ਨੇ ‘ਫੁਕੇਤ’ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਗੰਭੀਰ ਤਕਨੀਕੀ ਸਮੱਸਿਆ ਕਾਰਨ ਸੰਤੁਲਨ ਗੁਆ ਦਿੱਤਾ। ਜਹਾਜ਼ ਰਨਵੇਅ ’ਤੇ ਕਈ ਵਾਰ ਬਾਊਂਸ ਹੋਇਆ ਅਤੇ ਉਸ ਦਾ ‘ਨੋਜ਼ ਲੈਂਡਿੰਗ ਗੀਅਰ’ ਟੁੱਟ ਗਿਆ। ਜਹਾਜ਼ ਰਨਵੇਅ ’ਤੇ ਹੀ ਫਸ ਗਿਆ, ਜਿਸ ਨਾਲ ਫੁਕੇਤ ਹਵਾਈ ਅੱਡੇ ਦਾ ਇਕਲੌਤਾ ਰਨਵੇਅ ਕਈ ਘੰਟਿਆਂ ਲਈ ਬੰਦ ਕਰਨਾ ਪਿਆ।

* 15 ਮਾਰਚ ਨੂੰ ‘ਨਿਊਯਾਰਕ’ ਤੋਂ ‘ਨਵੀਂ ਦਿੱਲੀ’ ਆ ਰਹੇ ‘ਏਅਰ ਇੰਡੀਆ’ ਦੇ ਅਤਿ-ਆਧੁਨਿਕ ਏ-350 ਜਹਾਜ਼ ਦੇ ਸਿਸਟਮ ’ਚ ਹਵਾ ’ਚ ਹੀ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਲਗਭਗ 300 ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਹਾਜ਼ ਨੂੰ ਆਇਰਲੈਂਡ ਦੇ ‘ਸ਼ੈਨਨ ਹਵਾਈ ਅੱਡੇ’ ’ਤੇ ਉਤਾਰਨਾ ਪਿਆ।

* 27 ਮਈ ਨੂੰ ‘ਬੈਂਗਲੁਰੂ’ ਤੋਂ ‘ਭੁਵਨੇਸ਼ਵਰ’ ਜਾ ਰਹੇ ‘ਅਕਾਸਾ ਏਅਰ’ ਦੇ ਜਹਾਜ਼ ’ਚ ‘ਘੱਟ ਈਂਧਨ’ ਦੀ ਤਕਨੀਕੀ ਚਿਤਾਵਨੀ ਜਾਰੀ ਹੋਣ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ’ਚ ਪੂਰਨ ਐਮਰਜੈਂਸੀ ਐਲਾਨ ਦਿੱਤੀ ਅਤੇ ਜਹਾਜ਼ ਨੂੰ ਡਾਇਵਰਟ ਕਰ ਕੇ ‘ਲਖਨਊ’ ’ਚ ਉਤਾਰਨਾ ਪਿਆ।

* 27 ਮਈ ਨੂੰ ਹੀ ਲਗਭਗ 230 ਯਾਤਰੀਆਂ ਨੂੰ ਲੈ ਕੇ ‘ਦਿੱਲੀ’ ਤੋਂ ‘ਸੈਨ ਫਰਾਂਸਿਸਕੋ’ ਜਾ ਰਿਹਾ ‘ਏਅਰ ਇੰਡੀਆ’ ਦਾ ਜਹਾਜ਼ ਹਵਾ ’ਚ 3 ਘੰਟੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਤਕਨੀਕੀ ਖ਼ਰਾਬੀ ਦਾ ਸ਼ਿਕਾਰ ਹੋ ਗਿਆ, ਜਿਸ ਤੋਂ ਬਾਅਦ ਦਿੱਲੀ ਵਾਪਸ ਪਰਤ ਕੇ ਇਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ।

* 16 ਜੂਨ ਨੂੰ ‘ਕੰਨੂਰ’ ਤੋਂ ‘ਜੇਦਾ’ ਜਾ ਰਹੇ ‘ਏਅਰ ਇੰਡੀਆ ਐਕਸਪ੍ਰੈੱਸ’ ਦੇ ਜਹਾਜ਼ ’ਚ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਵੱਡੀ ਤਕਨੀਕੀ ਖ਼ਰਾਬੀ ਆ ਗਈ। ਇਸ ਨੂੰ ਦੇਖਦੇ ਹੋਏ ਸੁਰੱਖਿਆ ਪ੍ਰੋਟੋਕੋਲ ਤਹਿਤ ਜਹਾਜ਼ ਨੂੰ ਤੁਰੰਤ ‘ਕੰਨੂਰ’ ਹਵਾਈ ਅੱਡੇ ’ਤੇ ਵਾਪਸ ਡਾਇਵਰਟ ਕਰ ਕੇ ਲੈਂਡ ਕਰਵਾਇਆ ਗਿਆ।

* 27 ਜੁਲਾਈ ਨੂੰ ‘ਦੁਬਈ’ ਤੋਂ ‘ਮੁੰਬਈ’ ਆ ਰਹੇ ‘ਇੰਡੀਗੋ’ ਦੇ ਜਹਾਜ਼ ’ਚ ਤਕਨੀਕੀ ਖ਼ਰਾਬੀ ਕਾਰਨ ਧੂੰਆਂ ਨਿਕਲਣ ਲੱਗਾ। ਇਸ ਦਾ ਪਤਾ ਲੱਗਦੇ ਹੀ ਪਾਇਲਟ ਨੇ ਸੂਝ-ਬੂਝ ਤੋਂ ਕੰਮ ਲੈਂਦੇ ਹੋਏ ਜਹਾਜ਼ ਨੂੰ ਗੁਜਰਾਤ ਦੇ ‘ਰਾਜਕੋਟ’ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਾਰ ਕੇ ਕੋਈ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਲਈ।

* 4 ਅਗਸਤ ਨੂੰ ‘ਫੁਕੇਤ’ (ਥਾਈਲੈਂਡ) ਤੋਂ ‘ਦਿੱਲੀ’ ਆ ਰਿਹਾ ‘ਏਅਰ ਇੰਡੀਆ’ ਦਾ ਜਹਾਜ਼ ਅਚਾਨਕ ਤੇਜ਼ ਝਟਕੇ ਨਾਲ ਹਵਾ ’ਚ 300 ਫੁੱਟ ਹੇਠਾਂ ਉੱਤਰ ਗਿਆ, ਜਿਸ ਨਾਲ ਕਰੂ ਦੇ ਮੈਂਬਰਾਂ ਸਮੇਤ 17 ਲੋਕ ਜ਼ਖ਼ਮੀ ਹੋ ਗਏ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਜਹਾਜ਼ ਦੇ 2 ਪਾਇਲਟਾਂ ’ਚੋਂ ਇਕ ਮੁੱਖ ਪਾਇਲਟ ਨੇ ਗਾਂਜੇ ਦਾ ਨਸ਼ਾ ਕੀਤਾ ਹੋਇਆ ਸੀ।

* 5 ਅਗਸਤ ਨੂੰ ‘ਜੈਪੁਰ’ (ਰਾਜਸਥਾਨ) ਹਵਾਈ ਅੱਡੇ ਤੋਂ ‘ਅਹਿਮਦਾਬਾਦ’ ਜਾਣ ਵਾਲੇ ‘ਇੰਡੀਗੋ’ ਦੇ ਇਕ ਜਹਾਜ਼ ’ਚ ਉਡਾਣ ਭਰਨ ਤੋਂ ਠੀਕ ਪਹਿਲਾਂ ਗੰਭੀਰ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਉਸ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ।

* 6 ਅਗਸਤ ਨੂੰ ‘ਕੁਆਲਾਲੰਪੁਰ’ ਤੋਂ ‘ਕੋਚੀ’ ਆ ਰਹੇ ‘ਬਾਟਿਕ ਏਅਰ’ ਦੇ ਜਹਾਜ਼ ’ਚ ਇਕ ਯਾਤਰੀ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਕੈਬਿਨ ਕਰੂ ਨੇ ਕਿਸੇ ਤਰ੍ਹਾਂ ਉਸ ਨੂੰ ਕਾਬੂ ਕੀਤਾ ਅਤੇ ‘ਕੋਚੀ’ ਹਵਾਈ ਅੱਡੇ ’ਤੇ ਜਹਾਜ਼ ਉਤਰਨ ਤੋਂ ਬਾਅਦ ਉਸ ਨੂੰ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿੱਤਾ।

* 9 ਅਗਸਤ ਨੂੰ ‘ਦਿੱਲੀ’ ਤੋਂ ‘ਸੈਨ ਫਰਾਂਸਿਸਕੋ’ ਜਾ ਰਹੇ ‘ਏਅਰ ਇੰਡੀਆ’ ਦੇ ਜਹਾਜ਼ ’ਚ ਗੰਭੀਰ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਉਸ ਨੂੰ ਐਮਰਜੈਂਸੀ ਸਥਿਤੀ ’ਚ ਰੂਸ ਦੇ ‘ਕ੍ਰਾਸਨੋਯਾਰਸਕ’ ਹਵਾਈ ਅੱਡੇ ’ਤੇ ਡਾਇਵਰਟ ਕਰ ਕੇ ਸੁਰੱਖਿਅਤ ਉਤਾਰਿਆ ਗਿਆ।

* 9 ਅਗਸਤ ਨੂੰ ਹੀ ਨਵੇਂ ਬਣੇ ‘ਹਲਵਾਰਾ’ (ਪੰਜਾਬ) ਹਵਾਈ ਅੱਡੇ ਤੋਂ ‘ਦਿੱਲੀ’ ਜਾ ਰਹੀ ‘ਏਅਰ ਇੰਡੀਆ’ ਦੀ ਫਲਾਈਟ ’ਚ ਟੇਕ-ਆਫ਼ ਤੋਂ ਠੀਕ ਪਹਿਲਾਂ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਉਡਾਣ ਨੂੰ ਰੱਦ ਕਰ ਦਿੱਤਾ ਗਿਆ।

* 11 ਅਗਸਤ ਨੂੰ ਵਿਜੇਵਾੜਾ ਦੇ ‘ਗਨਾਵਰਮ’ ਹਵਾਈ ਅੱਡੇ ਤੋਂ ਦਿੱਲੀ ਜਾਣ ਵਾਲੀ ‘ਏਅਰ ਇੰਡੀਆ’ ਦੀ ਉਡਾਣ ਤਕਨੀਕੀ ਖ਼ਰਾਬੀ ਕਾਰਨ ਰੱਦ ਕਰ ਦਿੱਤੀ ਗਈ।

* 11 ਅਗਸਤ ਨੂੰ ਹੀ ‘ਕੋਲਕਾਤਾ’ ਤੋਂ ‘ਚੇਨਈ’ ਅਾ ਰਹੇ ‘ਇੰਡੀਗੋ’ ਦੇ ਜਹਾਜ਼ ’ਚ ਚੇਨਈ ਹਵਾਈ ਅੱਡੇ ’ਤੇ ਉਤਰਨ ਤੋਂ ਕੁਝ ਹੀ ਮਿੰਟ ਪਹਿਲਾਂ ਖਰਾਬੀ ਆ ਜਾਣ ਕਾਰਨ ਜਹਾਜ਼ ਨੂੰ ਹੰਗਾਮੀ ਸਥਿਤੀ ’ਚ ਉਤਾਰਨਾ ਪਿਆ।

* ਅਤੇ ਹੁਣ 11 ਅਗਸਤ ਨੂੰ ਹੀ ‘ਦਿੱਲੀ’ ਤੋਂ ‘ਪੁਣੇ’ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ’ਚ ਏਅਰ ਕੰਡੀਸ਼ਨਰ ਨਾ ਚੱਲਣ ਕਾਰਨ ਤਾਪਮਾਨ ਇੰਨਾ ਵਧ ਗਿਆ ਕਿ ਕੁਝ ਯਾਤਰੀਅਾਂ ਨੂੰ ਸਾਹ ਲੈਣ ’ਚ ਦਿੱਕਤ ਆਉਣ ਲੱਗੀ ਅਤੇ ਯਾਤਰੀਅਾਂ ਨੇ ਹੰਗਾਮਾ ਕਰ ਦਿੱਤਾ ਅਤੇ ਫਲਾਈਟ ਰੱਦ ਕਰਨੀ ਪਈ।

ਜਹਾਜ਼ਾਂ ’ਚ ਉਡਾਣ ਦੌਰਾਨ ਵੱਖ-ਵੱਖ ਖ਼ਾਮੀਆਂ ਇਸ ਗੱਲ ਦਾ ਸਬੂਤ ਹਨ ਕਿ ਜਿਵੇਂ-ਜਿਵੇਂ ਵਿਸ਼ਵ ’ਚ ਹਵਾਬਾਜ਼ੀ ਕੰਪਨੀਆਂ ਵੱਲੋਂ ਉਡਾਣਾਂ ਵਧਾਈਆਂ ਜਾ ਰਹੀਆਂ ਹਨ, ਉਸੇ ਅਨੁਪਾਤ ’ਚ ਜਹਾਜ਼ਾਂ ’ਚ ਖ਼ਾਮੀਆਂ ਕਾਰਨ ਚਾਲਕ ਦਲ ਦੇ ਮੈਂਬਰਾਂ ਅਤੇ ਇਨ੍ਹਾਂ ’ਚ ਯਾਤਰਾ ਕਰ ਰਹੇ ਯਾਤਰੀਆਂ ਦੀਆਂ ਜਾਨਾਂ ਨੂੰ ਵੀ ਖ਼ਤਰਾ ਪੈਦਾ ਹੋਣ ਲੱਗਾ ਹੈ।

ਇਸ ਲਈ, ਹਵਾਬਾਜ਼ੀ ਕੰਪਨੀਆਂ ਵੱਲੋਂ ਉਡਾਣ ਤੋਂ ਪਹਿਲਾਂ ਜਹਾਜ਼ ਚਾਲਕਾਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਕੋਈ ਨਸ਼ਾ ਨਾ ਕਰ ਰੱਖਿਆ ਹੋਵੇ ਅਤੇ ਇਸ ਦੇ ਨਾਲ ਹੀ ਜਹਾਜ਼ਾਂ ਦੀ ਸੁਰੱਖਿਆ ਜਾਂਚ ਸਖ਼ਤੀ ਨਾਲ ਯਕੀਨੀ ਬਣਾਉਣ ਦੀ ਲੋੜ ਹੈ ਤਾਂ ਜੋ ਹਵਾਈ ਯਾਤਰਾ ਬਿਨਾਂ ਕਿਸੇ ਜੋਖ਼ਮ ਦੇ ਸੰਪੂਰਨ ਹੋਵੇ ਅਤੇ ਯਾਤਰੀ ਸਹੀ-ਸਲਾਮਤ ਆਪਣੇ-ਆਪਣੇ ਟਿਕਾਣਿਆਂ ’ਤੇ ਪਹੁੰਚਣ।

—ਵਿਜੇ ਕੁਮਾਰ


author

Sandeep Kumar

Content Editor

Related News