ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!

Wednesday, Aug 05, 2026 - 04:15 AM (IST)

ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!

ਭਾਰਤੀ ਹਸਪਤਾਲਾਂ ’ਚ ਜਿੱਥੇ ਬਿਮਾਰ ਲੋਕ ਨਵਾਂ ਜੀਵਨ ਪਾਉਣ ਲਈ ਜਾਂਦੇ ਹਨ, ਸਮੇਂ-ਸਮੇਂ ’ਤੇ ਹੋਣ ਵਾਲੀਆਂ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪਿਛਲੇ ਲਗਭਗ ਇਕ ਸਾਲ ਦੌਰਾਨ ਹਸਪਤਾਲਾਂ ’ਚ ਅੱਗ ਲੱਗਣ ਅਤੇ ਮੌਤਾਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 2 ਮਈ, 2025 ਨੂੰ ‘ਕੋਝੀਕੋਡ’ (ਕੇਰਲ) ਦੇ ‘ਗਵਰਨਮੈਂਟ ਮੈਡੀਕਲ ਕਾਲਜ ਅਤੇ ਹਸਪਤਾਲ’ ਦੇ ਯੂ. ਪੀ. ਐੱਸ. ਰੂਮ ’ਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ ਦੇ ਨਤੀਜੇ ਵਜੋਂ 5 ਮਰੀਜ਼ਾਂ ਦੀ ਮੌਤ ਹੋ ਗਈ।

* 9 ਅਗਸਤ, 2025 ਨੂੰ ‘ਦਿੱਲੀ’ ਦੇ ‘ਕੌਸਮਾਸ ਹਸਪਤਾਲ’ ’ਚ ਲੱਗੀ ਅੱਗ ਬੁਝਾਉਣ ਦੌਰਾਨ ਹਸਪਤਾਲ ਦੇ ਇਕ ਕਰਮਚਾਰੀ ਦੀ ਮੌਤ ਹੋ ਗਈ।

* 6 ਅਕਤੂਬਰ, 2025 ਨੂੰ ‘ਜੈਪੁਰ’ (ਰਾਜਸਥਾਨ) ਦੇ ‘ਸਵਾਈ ਮਾਨ ਸਿੰਘ ਹਸਪਤਾਲ’ ਦੇ ਟ੍ਰਾਮਾ ਸੈਂਟਰ ’ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਦੇ ਨਤੀਜੇ ਵਜੋਂ 8 ਮਰੀਜ਼ਾਂ ਦੀ ਝੁਲਸਣ ਨਾਲ ਮੌਤ ਹੋ ਗਈ।

* 16 ਮਾਰਚ, 2026 ਨੂੰ ‘ਕਟਕ’ (ਓਡਿਸ਼ਾ) ਦੇ ‘ਐੱਸ. ਸੀ. ਬੀ. ਮੈਡੀਕਲ ਕਾਲਜ ਅਤੇ ਹਸਪਤਾਲ’ ’ਚ ਤੜਕੇ ਲਗਭਗ ਢਾਈ ਵਜੇ ਹਸਪਤਾਲ ਦੇ ‘ਟ੍ਰਾਮਾ’ ਵਾਰਡ ਦੀ ਪਹਿਲੀ ਮੰਜ਼ਿਲ ’ਤੇ ਭਿਆਨਕ ਅੱਗ ਲੱਗ ਜਾਣ ਦੇ ਕਾਰਨ ਦਮ ਘੁੱਟਣ ਅਤੇ ਝੁਲਸਣ ਨਾਲ ਉੱਥੇ ਇਲਾਜ ਅਧੀਨ 12 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਮਰੀਜ਼ਾਂ ਨੂੰ ਬਚਾਉਂਦੇ ਸਮੇਂ 11 ਹਸਪਤਾਲ ਮੁਲਾਜ਼ਮ ਵੀ ਜ਼ਖਮੀ ਹੋ ਗਏ।

* 20 ਮਈ, 2026 ਨੂੰ ‘ਦੇਹਰਾਦੂਨ’ (ਉੱਤਰਾਖੰਡ) ਸਥਿਤ ਇਕ ਹਸਪਤਾਲ ’ਚ ਲੱਗੀ ਅੱਗ ਦੇ ਨਤੀਜੇ ਵਜੋਂ ਉੱਥੇ ਇਲਾਜ ਅਧੀਨ ਮਰੀਜ਼ਾਂ ਨਾਲ ਭਰਿਆ ਇਕ ਕਮਰਾ ਧੂੰਏਂ ਨਾਲ ਭਰ ਗਿਆ ਅਤੇ ਇਕ ਔਰਤ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ।

* 2 ਜੂਨ, 2026 ਨੂੰ ‘ਚੰਡੀਗੜ੍ਹ’ ਸਥਿਤ ‘ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ’ ਦੇ ਬਲੱਡ ਬੈਂਕ ਦੇ ਪਿੱਛੇ ਲੱਗੇ ਹੋਏ ਏਅਰ ਕੰਡੀਸ਼ਨਿੰਗ ਯੂਨਿਟ ’ਚ ਸ਼ਾਰਟ ਸਰਕਟ ਹੋ ਜਾਣ ਦੇ ਕਾਰਨ ਅੱਗ ਲੱਗ ਗਈ ਪਰ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ।

* 4 ਜੂਨ, 2026 ਨੂੰ ‘ਮੁਜ਼ੱਫਰਪੁਰ’ (ਬਿਹਾਰ) ਸਥਿਤ ‘ਪ੍ਰਸਾਦ ਹਸਪਤਾਲ’ ਦੇ ਆਈ. ਸੀ. ਯੂ. ’ਚ ਤੜਕੇ ਲਗਭਗ 4 ਵਜੇ ਅੱਗ ਲੱਗ ਜਾਣ ਦੇ ਨਤੀਜੇ ਵਜੋਂ ਧੂੰਏਂ ’ਚ ਦਮ ਘੁੱਟਣ ਨਾਲ 9 ਮਰੀਜ਼ਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਝੁਲਸ ਗਏ।

* 10 ਜੂਨ, 2026 ਨੂੰ ‘ਮੁਜ਼ੱਫਰਪੁਰ’ ਦੇ ਹੀ ‘ਸ਼੍ਰੀ ਕ੍ਰਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ’ ਦੇ ਸੁਪਰ ਸਪੈਸ਼ਲਿਟੀ ਬਲਾਕ ਦੇ ਐਗਜ਼ਾਸਟ ਫੈਨ ’ਚ ਅੱਗ ਲੱਗ ਜਾਣ ਨਾਲ ਹਫੜਾ-ਦਫੜੀ ਮਚ ਗਈ ਪਰ ਸਮੇਂ ਸਿਰ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ।

* 28 ਜੁਲਾਈ, 2026 ਨੂੰ ‘ਰਾਏਪੁਰ’ (ਛੱਤੀਸਗੜ੍ਹ) ਸਥਿਤ ‘ਅੰਬੇਡਕਰ ਹਸਪਤਾਲ’ ਦੇ ਐਮਰਜੈਂਸੀ ਵਾਰਡ ’ਚ ਅੱਗ ਲੱਗ ਗਈ। ਕਿਸੇ ਤਰ੍ਹਾਂ ਹਸਪਤਾਲ ਦੀ ਮੈਨੇਜਮੈਂਟ ਨੇ ਐਮਰਜੈਂਸੀ ਅਤੇ ਹੋਰ ਵਾਰਡਾਂ ਦੇ ਮਰੀਜ਼ਾਂ ਨੂੰ ਸਮੇਂ ਸਿਰ ਸੁਰੱਖਿਅਤ ਥਾਵਾਂ ’ਤੇ ਸ਼ਿਫਟ ਕਰ ਦਿੱਤਾ, ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

* ਅਤੇ ਹੁਣ 4 ਅਗਸਤ, 2026 ਨੂੰ ਸਵੇਰ ਦੇ ਸਮੇਂ ‘ਜਲੰਧਰ’ (ਪੰਜਾਬ) ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਇਕ ਕਮਰੇ ’ਚ ਲੱਗੇ ਏਅਰ ਕੰਡੀਸ਼ਨਰ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਅਤੇ ਧੂੰਏਂ ਨੇ ਪੂਰੇ ਵਾਰਡ ਨੂੰ ਆਪਣੀ ਲਪੇਟ ’ਚ ਲੈ ਲਿਆ।

ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਅਤੇ ਸੁਰੱਖਿਆ ਮੁਲਾਜ਼ਮਾਂ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਰਾਹਤ ਦੀ ਗੱਲ ਇਹ ਰਹੀ ਕਿ ਸਮੇਂ ਸਿਰ ਸਾਰੇ ਮਰੀਜ਼ਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਸ ਨਾਲ ਇਕ ਵੱਡਾ ਹਾਦਸਾ ਟਲ ਗਿਆ।

ਬਿਜਲੀ ਦੀ ਖਪਤ ਅਤੇ ‘ਲੋਡ’ ਦੇ ਅਨੁਸਾਰ ਵਾਇਰਿੰਗ ਅਪਗ੍ਰੇਡ ਨਾ ਹੋਣ ਨਾਲ ਸ਼ਾਰਟ ਸਰਕਟ ਹੋਣ ਦੇ ਇਲਾਵਾ ਏਅਰ ਕੰਡੀਸ਼ਨਰਾਂ ’ਚ ਖਰਾਬੀ, ਅੱਗ ਬੁਝਾਉਣ ਵਾਲੇ ਯੰਤਰਾਂ ਦਾ ਕੰਮ ਨਾ ਕਰਨਾ, ਵੈਂਟੀਲੇਟਰ ਜਿਹੇ ਮਹੱਤਵਪੂਰਨ ਉਪਕਰਣਾਂ ’ਚ ਖਰਾਬੀ ਪੈਦਾ ਹੋਣਾ ਆਦਿ ਅੱਗ ਲੱਗਣ ਦੇ ਮੁੱਖ ਕਾਰਨ ਮੰਨੇ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਬਹੁਤ ਸਾਰੇ ਹਸਪਤਾਲਾਂ ਨੂੰ ਕੋਰੋਨਾ ਦੇ ਸਮੇਂ ਆਕਸੀਜਨ ਪਲਾਂਟ ਲਗਾਉਣ ਲਈ ਸਮਰੱਥਾ ਤੋਂ ਵੱਧ ਲੋਡ ਦਿੱਤਾ ਗਿਆ ਸੀ ਜਿਸ ਨੂੰ ਬਾਅਦ ’ਚ ਰੈਗੂਲੇਟ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਦੀ ਮੇਨਟੇਨੈਂਸ ਹੋ ਰਹੀ ਹੈ ਜੋ ਹਾਦਸਿਆਂ ਦਾ ਕਾਰਨ ਬਣ ਰਹੀ ਹੈ।

ਇਸ ਲਈ ਡਿਊਟੀ ਦੇ ਸਮੇਂ ਹਸਪਤਾਲ ਮੁਲਾਜ਼ਮਾਂ ਦੇ ਸੁਚੇਤ ਰਹਿਣ, ਕਿਸੇ ਵੀ ਖਰਾਬੀ ਲਈ ਸਬੰਧਤ ਮੁਲਾਜ਼ਮਾਂ ’ਤੇ ਜ਼ਿੰਮੇਵਾਰੀ ਤੈਅ ਕਰਨ, ਬਿਜਲੀ ਆਦਿ ਦੇ ਉਪਕਰਣਾਂ ਦੀ ਨਿਯਮਿਤ ਜਾਂਚ ਯਕੀਨੀ ਬਣਾਉਣ ਤੋਂ ਇਲਾਵਾ ਹਸਪਤਾਲਾਂ ਦੇ ਸਟਾਫ਼ ਨੂੰ ਅੱਗ ਤੋਂ ਬਚਾਅ ਦੀ ਸਮੇਂ-ਸਮੇਂ ’ਤੇ ਟ੍ਰੇਨਿੰਗ ਦੇਣ ਅਤੇ ਅਜਿਹੀਆਂ ਮੌਤਾਂ ਲਈ ਜ਼ਿੰਮੇਵਾਰ ਸਟਾਫ਼ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।

—ਵਿਜੇ ਕੁਮਾਰ


 


author

Inder Prajapati

Content Editor

Related News