ਹਰਿਆਣਾ ’ਚ ਪੁੱਤਰ ਮੋਹ ਕਾਰਨ ਪੁੱਤਰਾਂ ਤੋਂ ਵਾਂਝੀਆਂ ਔਰਤਾਂ ਕਰ ਰਹੀਆਂ ਆਤਮਹੱਤਿਆ
Saturday, Feb 22, 2025 - 02:49 AM (IST)

ਭਾਰਤ ਵਿਚ ਪੁੱਤਰ ਮੋਹ ਕਾਰਨ ਵੱਡੀ ਗਿਣਤੀ ਵਿਚ ਕੰਨਿਆ ਭਰੂਣ ਹੱਤਿਆ ਹੋ ਰਹੀ ਹੈ। ਇਸ ਲਈ ਇਥੇ ਮਰਦਾਂ ਅਤੇ ਔਰਤਾਂ ਦਾ ਲਿੰਗ ਅਨੁਪਾਤ ਆਜ਼ਾਦੀ ਪਿੱਛੋਂ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਵਿਚ ਪ੍ਰਤੀ 1000 ਮਰਦਾਂ ਪਿੱਛੇ 918 ਔਰਤਾਂ ਹੀ ਰਹਿ ਗਈਆਂ ਹਨ।
ਹਰਿਆਣਾ ਵਿਚ ਤਾਂ ਇਹ ਸਥਿਤੀ ਹੋਰ ਵੀ ਖਰਾਬ ਹੈ ਅਤੇ ਉਥੇ ਸਾਲ 2024 ਵਿਚ ਇਹ ਗਿਣਤੀ 910 ਹੀ ਰਹਿ ਗਈ ਹੈ। ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਲੜਕੀਆਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਲਈ 22 ਜਨਵਰੀ, 2015 ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਪਾਨੀਪਤ (ਹਰਿਆਣਾ) ਤੋਂ ਸ਼ੁਰੂ ਕੀਤੀ ਸੀ।
ਇਸ ਦਾ ਮੰਤਵ ਪਸੰਦ ਦੇ ਆਧਾਰ ’ਤੇ ਸੰਤਾਨ ਦਾ ਲਿੰਗ ਚੁਣਨ ਦੀ ਪ੍ਰਕਿਰਿਆ ’ਤੇ ਰੋਕ ਲਾ ਕੇ ਬੱਚੀਆਂ ਦੀ ਹੋਂਦ ਅਤੇ ਸੁਰੱਖਿਆ ਤੇ ਸਿੱਖਿਆ ਨੂੰ ਯਕੀਨੀ ਬਣਾਉਣਾ ਅਤੇ ਕੰਨਿਆ ਸੰਤਾਨ ਨੂੰ ਉਤਸ਼ਾਹਿਤ ਕਰਨਾ ਹੈ ਪਰ ਇਸ ਦੇ ਬਾਵਜੂਦ ਅੱਜ ਔਰਤਾਂ ਦੀ ਵਿਆਹੁਤਾ ਜ਼ਿੰਦਗੀ ਸੰਕਟ ਵਿਚ ਘਿਰਦੀ ਜਾ ਰਹੀ ਹੈ। ਹਰਿਆਣਾ ਵਿਚ ਬੇਟਾ ਨਾ ਹੋਣ ਕਾਰਨ ਸਹੁਰਿਆਂ ਵੱਲੋਂ ਤੰਗ ਕਰਨ ਜਾਂ ਉਦਾਸੀ ਦੀ ਜਕੜ ਵਿਚ ਆ ਜਾਣ ਕਾਰਨ ਔਰਤਾਂ ਆਤਮਹੱਤਿਆਵਾਂ ਕਰ ਰਹੀਆਂ ਹਨ, ਜਿਨ੍ਹਾਂ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :
* 15 ਅਕਤੂਬਰ, 2024 ਨੂੰ ਸੋਨੀਪਤ ਵਿਚ ਬੇਟਾ ਨਾ ਹੋਣ ਕਾਰਨ ਸਹੁਰਿਆਂ ਵੱਲੋਂ ਮਿਹਣੇ ਮਾਰਨ ਤੋਂ ਤੰਗ 3 ਬੇਟੀਆਂ ਦੀ ਮਾਂ ਨੇ ਆਤਮਹੱਤਿਆ ਕਰ ਲਈ।
* 23 ਜਨਵਰੀ, 2025 ਨੂੰ ਬੇਟਾ ਨਾ ਹੋਣ ਤੋਂ ਪ੍ਰੇਸ਼ਾਨ ਹਿਸਾਰ ਜ਼ਿਲੇ ਦੇ ‘ਸਾਹੂ’ ਪਿੰਡ ਦੀ ਰਹਿਣ ਵਾਲੀ 4 ਬੇਟੀਆਂ ਦੀ ਮਾਂ ਨੇ ਆਪਣੀਆਂ 2 ਨਾਬਾਲਗ ਬੇਟੀਆਂ ਨਾਲ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ-ਲੀਲ੍ਹਾ ਖਤਮ ਕਰ ਲਈ।
* 14 ਫਰਵਰੀ, 2025 ਨੂੰ ਹਿਸਾਰ ਜ਼ਿਲੇ ਦੇ ‘ਰਾਏਪੁਰ’ ਪਿੰਡ ਵਿਚ 5 ਬੇਟੀਆਂ ਦੀ ਮਾਂ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪਰਿਵਾਰ ਦੇ ਲੋਕਾਂ ਅਨੁਸਾਰ ਉਸ ’ਤੇ ਕੋਈ ਦਬਾਅ ਨਹੀਂ ਸੀ ਪਰ ਬੇਟਾ ਨਾ ਹੋਣ ਕਾਰਨ ਉਹ ਚਿੰਤਤ ਸੀ।
ਬੇਟੀਆਂ ਪ੍ਰਤੀ ਲੋਕਾਂ ਦੀ ਨਕਾਰਾਤਮਕ ਸੋਚ ਦੀਆਂ 2 ਹੋਰ ਮਿਸਾਲਾਂ ਵੀ ਹਾਲ ਹੀ ਵਿਚ ਸਾਹਮਣੇ ਆਈਆਂ ਹਨ। 17 ਫਰਵਰੀ ਨੂੰ ਭਿਵਾਨੀ ਜ਼ਿਲੇ ਦੇ ‘ਜਮਾਲਪੁਰ’ ਪਿੰਡ ਦੀ ਇਕ ਸੜਕ ’ਤੇ ਇਕ ਨਵਜਨਮੀ ਬੱਚੀ ਦੀ ਲਾਸ਼ ਪਈ ਮਿਲੀ। ਇਕ ਹਫਤਾ ਪਹਿਲਾਂ ਜੀਂਦ ਜ਼ਿਲੇ ਦੇ ‘ਨਰਵਾਣਾ’ ਕਸਬੇ ਦੀ ਨਹਿਰ ਵਿਚੋਂ ਵੀ ਇਕ ਨਵਜਨਮੀ ਬੱਚੀ ਦੀ ਲਾਸ਼ ਮਿਲੀ ਸੀ।
ਉਪਰੋਕਤ ਘਟਨਾਵਾਂ ਪੁੱਤਰ ਨਾ ਹੋਣ ਕਾਰਨ ਕਈ ਔਰਤਾਂ ਨੂੰ ਹੋ ਰਹੇ ਮਾਨਸਿਕ ਤਣਾਅ ਅਤੇ ਸਮਾਜਿਕ ਦਬਾਅ ਦੀ ਤਸਵੀਰ ਪੇਸ਼ ਕਰਦੀਆਂ ਹਨ। ਔਰਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ‘ਜਗਮਤੀ ਸਾਂਗਵਾਨ’ ਅਨੁਸਾਰ :
‘‘ਸਮਾਜ ਦੇ ਸਭ ਤੋਂ ਕਮਜ਼ੋਰ ਵਰਗ ਦੇ ਲੋਕ ਆਰਥਿਕ ਔਕੜਾਂ ਅਤੇ ਸਮਾਜਿਕ ਰੂੜੀਆਂ ਦੇ ਸ਼ਿਕਾਰ ਹਨ। ਕੋਈ ਵੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਅੱਜ ਉੱਚੀਆਂ ਉਮੀਦਾਂ ਵਾਲੇ ਸਮਾਜ ਵਿਚ 5-5 ਬੇਟੀਆਂ ਨੂੰ ਪਾਲਣਾ ਕਿੰਨਾ ਔਖਾ ਹੈ ਅਤੇ ਸਰਕਾਰ ਵੱਲੋਂ ਔਰਤਾਂ ਲਈ ਕਈ ਯੋਜਨਾਵਾਂ ਚਲਾਉਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿਚ ਔਰਤਾਂ ਇਨ੍ਹਾਂ ਦਾ ਲਾਭ ਉਠਾਉਣ ਵਿਚ ਅਸਫਲ ਹਨ।’’
‘ਜਗਮਤੀ ਸਾਂਗਵਾਨ’ ਦਾ ਇਹ ਵੀ ਕਹਿਣਾ ਹੈ ਕਿ ‘‘ਕੰਨਿਆ ਸੰਤਾਨ ਵਾਲੇ ਪਰਿਵਾਰਾਂ ਵਿਚ ਸਵੈ-ਭਰੋਸਾ ਪੈਦਾ ਕਰਨ ਵਿਚ ਸਰਕਾਰ ਅਸਫਲ ਰਹੀ ਹੈ, ਜਿਸ ਕਾਰਨ ਅਜਿਹੀਆਂ ਔਰਤਾਂ ਵਿਚ ਭੈਅ ਅਤੇ ਤਰਸ ਦਾ ਮਾਹੌਲ ਪੈਦਾ ਹੋਇਆ ਹੈ।’’
ਬੱਚੇ ਦਾ ਲਿੰਗ (ਨਰ ਜਾਂ ਮਾਦਾ) ਮਰਦ ਦੇ ਕ੍ਰੋਮੋਸੋਮ ਤੋਂ ਤੈਅ ਹੁੰਦਾ ਹੈ। ਇਸ ਲਈ ਕਿਸੇ ਔਰਤ ਨੂੰ ਦੋਸ਼ ਦੇਣਾ ਜਾਇਜ਼ ਨਹੀਂ ਪਰ ਸਦੀਆਂ ਤੋਂ ਔਰਤਾਂ ਨੂੰ ਉਸ ਜੁਰਮ ਦੀ ਸਜ਼ਾ ਦਿੱਤੀ ਜਾ ਰਹੀ ਹੈ, ਜੋ ਉਨ੍ਹਾਂ ਨੇ ਕੀਤਾ ਹੀ ਨਹੀਂ ਹੁੰਦਾ।
ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਇਸ ਲਈ ਪੁੱਤਰ ਮੋਹ ਦੇ ਵੱਸ ਹੋ ਕੇ ਪ੍ਰਾਣਾਂ ਦਾ ਤਿਆਗ ਕਰਨਾ ਕਦੀ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬੇਟੇ ਨੂੰ ਲੈ ਕੇ ਇਹ ਮਾਨਸਿਕਤਾ ਅਜਿਹੇ ਸਮੇਂ ਵਿਚ ਹੈ ਜਦੋਂ ਹਰ ਸਾਲ ਸੀ. ਬੀ. ਐੱਸ. ਈ. ਅਤੇ ਸੂਬੇ ਦੀ ਬੋਰਡ ਪ੍ਰੀਖਿਆ ਵਿਚ ਲੜਕੀਆਂਂ ਅੱਵਲ ਆ ਰਹੀਆਂ ਹਨ ਅਤੇ ਖੇਡਾਂ ਵਿਚ ਵੀ ਹਰਿਆਣਾ ਦੀਆਂ ਲੜਕੀਆਂ ਦੇਸ਼ ਵਿਚ ਸੂਬੇ ਦਾ ਨਾਂ ਰੌਸ਼ਨ ਕਰ ਰਹੀਆਂ ਹਨ।
ਇਸ ਤਰ੍ਹਾਂ ਦੇ ਪਿਛੋਕੜ ਵਿਚ ਸਮਾਜ ਦਾ ਕਰਤੱਵ ਹੈ ਕਿ ਕੰਨਿਆ ਸੰਤਾਨ ਹੋਣ ਕਾਰਨ ਨਿਰਾਸ਼ ਔਰਤਾਂ ਪ੍ਰਤੀ ਉਦਾਰ ਦ੍ਰਿਸ਼ਟੀਕੋਣ ਅਪਣਾ ਕੇ ਉਨ੍ਹਾਂ ਦੀ ਹੀਣ-ਭਾਵਨਾ ਨੂੰ ਦੂਰ ਕੀਤਾ ਜਾਵੇ ਤਾਂ ਕਿ ਉਹ ਵੀ ਹੋਰ ਮਾਵਾਂ ਵਾਂਗ ਖੁਸ਼ਨੁਮਾ ਜ਼ਿੰਦਗੀ ਬਿਤਾ ਸਕਣ।
-ਵਿਜੇ ਕੁਮਾਰ