ਕੈਨੇਡਾ ’ਚ ਰਾਸ਼ਟਰੀ ਸੁਰੱਖਿਆ ਲਈ ਖਤਰਾ ਹਨ ਕੱਟੜਪੰਥੀ ਖਾਲਿਸਤਾਨੀ

Tuesday, Jul 01, 2025 - 06:28 PM (IST)

ਕੈਨੇਡਾ ’ਚ ਰਾਸ਼ਟਰੀ ਸੁਰੱਖਿਆ ਲਈ ਖਤਰਾ ਹਨ ਕੱਟੜਪੰਥੀ ਖਾਲਿਸਤਾਨੀ

ਕੈਨੇਡਾ ਦੀ ਜਾਸੂਸੀ ਏਜੰਸੀ ਚਿਤਾਵਨੀ ਦੇ ਰਹੀ ਹੈ ਕਿ ਸਿੱਖਾਂ ਦਾ ਇਕ ਛੋਟਾ ਪਰ ਅੱਤਵਾਦੀ ਸਮੂਹ ਪੰਜਾਬ ਵਿਚ ਇਕ ਸੁਤੰਤਰ ਮਾਤਭੂਮੀ ਦੇ ਸਮਰਥਨ ਵਿਚ ਭਾਰਤ ਵਿਚ ਹਿੰਸਾ ਨੂੰ ਉਤਸ਼ਾਹ ਦੇਣ, ਫੰਡ ਜੁਟਾਉਣ ਅਤੇ ਯੋਜਨਾ ਬਣਾਉਣ ਲਈ ਦੇਸ਼ ਨੂੰ ਇਕ ਅਾਧਾਰ ਵਜੋਂ ਵਰਤ ਰਿਹਾ ਹੈ, ਜਿਸ ਨੂੰ ਕੁਝ ਲੋਕ ਨਵੀਂ ਦਿੱਲੀ ਪ੍ਰਤੀ ਨੀਤੀਆਂ ਵਿਚ ਤਬਦੀਲੀ ਦੇ ਸੰਕੇਤ ਵਜੋਂ ਦੇਖਦੇ ਹਨ।

ਜੂਨ ਵਿਚ ਸੰਸਦ ਨੂੰ ਦਿੱਤੀ ਗਈ ਆਪਣੀ ਸਾਲਾਨਾ ਰਿਪੋਰਟ ਵਿਚ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੇ ਕਿਹਾ ਕਿ ਇਹ ਘਰੇਲੂ ਕੱਟੜਪੰਥੀ ਸਿੱਖਾਂ ਵਿਚ ਸਿਰਫ ਇਕ ਛੋਟੇ ਸਮੂਹ ਦੀ ਨੁਮਾਇੰਦਗੀ ਕਰਦੇ ਹਨ, ਜੋ ਖਾਲਿਸਤਾਨ ਨਾਮਕ ਰਾਜ ਲਈ ਅਹਿੰਸਕ ਵਕਾਲਤ ਕਰ ਰਹੇ ਹਨ। ਖੁਫੀਆ ਏਜੰਸੀ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਬਿਨਾਂ ਕਿਸੇ ਖਾਸ ਉਦਾਹਰਣ ਵੱਲ ਇਸ਼ਾਰਾ ਕੀਤੇ ਸਿੱਖ ਕੱਟੜਪੰਥੀਆਂ ਦੀ ਮੌਜੂਦਗੀ ‘‘ਕੈਨੇਡਾ ਅਤੇ ਕੈਨੇਡੀਅਨ ਹਿੱਤਾਂ ਲਈ ਰਾਸ਼ਟਰੀ ਸੁਰੱਖਿਆ ਖ਼ਤਰਾ ਬਣੀ ਹੋਈ ਹੈ।’’

ਇਹ ਪਹਿਲੀ ਵਾਰ ਹੈ ਜਦੋਂ ਸੀ. ਐੱਸ. ਆਈ. ਐੱਸ. ਨੇ 2018 ਤੋਂ ਬਾਅਦ ਆਪਣੀ ਸਾਲਾਨਾ ਰਿਪੋਰਟ ਵਿਚ ਖਾਲਿਸਤਾਨੀ ਕੱਟੜਪੰਥੀਆਂ ਨੂੰ ਉਜਾਗਰ ਕੀਤਾ ਹੈ। ਕੈਨੇਡਾ ਭਾਰਤ ਨਾਲ ਸੰਬੰਧਾਂ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਿਚ ਸਤੰਬਰ 2023 ਵਿਚ ਵੱਡੀ ਦਰਾਰ ਪੈ ਗਈ ਸੀ, ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੀਂ ਦਿੱਲੀ ’ਤੇ ਇਕ ਪ੍ਰਮੁੱਖ ਖਾਲਿਸਤਾਨੀ ਵਕੀਲ, ਕੈਨੇਡੀਅਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ।

ਪਿਛਲੇ ਸਾਲ ਇਹ ਦਰਾਰ ਹੋਰ ਵੀ ਡੂੰਘੀ ਹੋ ਗਈ, ਜਦੋਂ ਕੈਨੇਡਾ ਨੇ ਚੋਟੀ ਦੇ ਭਾਰਤੀ ਡਿਪਲੋਮੈਟਾਂ ਨੂੰ ਸਰਕਾਰੀ ਏਜੰਟਾਂ ਦੁਆਰਾ ਕੈਨੇਡੀਅਨ ਨਾਗਰਿਕਾਂ ਵਿਰੁੱਧ ਚਲਾਈ ਗਈ ਮੁਹਿੰਮ ਦਾ ਹਿੱਸਾ ਹੋਣ ਦੇ ਦੋਸ਼ਾਂ ਵਿਚ ਬਰਖਾਸਤ ਕਰ ਦਿੱਤਾ।

ਸੀ. ਐੱਸ. ਆਈ. ਐੱਸ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇਸ਼ ਦੇ ਸਭ ਤੋਂ ਵੱਧ ਵਿਦੇਸ਼ੀ ਦਖਲਅੰਦਾਜ਼ੀ ਦੇ ਖਤਰਿਆਂ ਵਿਚੋਂ ਇਕ ਹੈ। ਇਸ ਵਿਚ ਕਿਹਾ ਗਿਆ ਹੈ ਕਿ ਖਾਲਿਸਤਾਨੀ ਅੱਤਵਾਦ ਬਾਰੇ ਭਾਰਤ ਦੀਆਂ ‘ਅਸਲ ਅਤੇ ਕਥਿਤ’ ਚਿੰਤਾਵਾਂ ਕੈਨੇਡਾ ਵਿਚ ਨਵੀਂ ਦਿੱਲੀ ਦੀ ਵਿਦੇਸ਼ੀ ਦਖਲਅੰਦਾਜ਼ੀ ਗਤੀਵਿਧੀਆਂ ਨੂੰ ਬੜ੍ਹਾਵਾ ਦੇ ਰਹੀਆਂ ਹਨ।

ਕੈਨੇਡਾ ਦੇ ਵਿਸ਼ਵ ਸਿੱਖ ਸੰਗਠਨ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ, ਜੋ ਇਸ ਦੇਸ਼ ਵਿਚ ਲਗਭਗ 10 ਲੱਖ ਸਿੱਖਾਂ ਦੀ ਵਕਾਲਤ ਕਰਦੇ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਮੂਹ ਨੇ ਰਿਪੋਰਟ ਵਿਚ ਭਾਸ਼ਾ ਬਾਰੇ ਚਿੰਤਾਵਾਂ ਨੂੰ ਲੈ ਕੇ ਸੀ. ਐੱਸ. ਆਈ. ਐੱਸ. ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਉਠਾਏ ਗਏ ਖਤਰੇ ਦੇ ਬਾਵਜੂਦ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਖਾਲਿਸਤਾਨੀ ਅੱਤਵਾਦੀ ਕੈਨੇਡਾ ਲਈ ਖ਼ਤਰਾ ਪੈਦਾ ਕਰਦੇ ਹਨ ਅਤੇ ਰਿਪੋਰਟ ਵਿਚ ਇਹ ਮੰਨਿਆ ਗਿਆ ਹੈ ਕਿ 2024 ਵਿਚ ਕੈਨੇਡਾ ਵਿਚ ਸਿੱਖ ਅੱਤਵਾਦ ਨਾਲ ਸਬੰਧਤ ਕੋਈ ਹਮਲੇ ਨਹੀਂ ਹੋਏ।

ਸਿੰਘ ਨੇ ਕਿਹਾ, ‘‘ਕੀ ਕੈਨੇਡਾ ਵਿਚ ਅਜਿਹੇ ਲੋਕ ਹਨ ਜੋ ਕਿਸੇ ਵੀ ਤਰ੍ਹਾਂ ਦੀ ਕੱਟੜਪੰਥੀ ਗਤੀਵਿਧੀ ਵਿਚ ਸ਼ਾਮਲ ਹਨ? ਸੀ. ਐੱਸ. ਆਈ. ਐੱਸ. ਸੰਕੇਤ ਦਿੰਦਾ ਹੈ ਕਿ ਉਨ੍ਹਾਂ ਦੀ ਗਿਣਤੀ ‘ਥੋੜ੍ਹੀ’ ਹੈ। ਮੈਂ ਉਨ੍ਹਾਂ ਨੂੰ ਨਹੀਂ ਦੇਖਿਆ। ਮੈਨੂੰ ਉਨ੍ਹਾਂ ਬਾਰੇ ਕੁਝ ਨਹੀਂ ਪਤਾ। ‘‘ਸਮੱਸਿਆ ਇਹ ਹੈ ਕਿ ਭਾਰਤ ਖਾਲਿਸਤਾਨ ਨਾਲ ਜੁੜੀ ਕਿਸੇ ਵੀ ਚੀਜ਼ ਨੂੰ ਅੱਤਵਾਦ ਦੇ ਰੂਪ ’ਚ ਕਲੰਕਿਤ ਕਰਨ ਦੀ ਬਹੁਤ ਕੋਸ਼ਿਸ਼ ਕਰਦਾ ਹੈ।’’

ਸੀ. ਐੱਸ. ਆਈ. ਐੱਸ. ਦੇ ਸੁਰੱਖਿਆ ਸਲਾਹਕਾਰ ਅਤੇ ਸਾਬਕਾ ਖੁਫੀਆ ਅਧਿਕਾਰੀ ਐਂਡਰਿਊ ਕਿਰਸ਼ ਨੇ ਕਿਹਾ ਕਿ ਜਾਸੂਸੀ ਏਜੰਸੀ ਇਹ ਸੰਕੇਤ ਦੇ ਰਹੀ ਹੈ ਕਿ ਖਾਲਿਸਤਾਨੀ ਕੱਟੜਪੰਥੀਆਂ ਤੋਂ ਖ਼ਤਰਾ ਅਸਲ ’ਚ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੂੰ ਇਸ ਗੱਲ ’ਤੇ ਸ਼ੱਕ ਹੈ ਕਿ ਸੀ. ਐੱਸ. ਆਈ. ਐੱਸ. ਭਾਰਤੀ ਗਲਤ ਜਾਣਕਾਰੀਆਂ ਤੋਂ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖ਼ਤਰੇ ਦੇ ਮੁਲਾਂਕਣ ਕਈ ਸਰੋਤਾਂ ਦੇ ਨਾਲ-ਨਾਲ ਇਲੈਕਟ੍ਰਾਨਿਕ ਨਿਗਰਾਨੀ, ਜਿਵੇਂ ਕਿ ਇੰਟਰਸੈਪਟ ਅਤੇ ਵਾਇਰਟੈਪ ’ਤੇ ਆਧਾਰਿਤ ਹੁੰਦਾ ਹੈ, ਜੋ ਸਾਰੇ ਅੰਦਰੂਨੀ ਤੌਰ ’ਤੇ ਇਕ ਪੂਰੀ ਤਰ੍ਹਾਂ ਜਾਂਚ ਪ੍ਰਕਿਰਿਆ ਵਿਚੋਂ ਲੰਘਦੇ ਹਨ। ‘‘ਕਿਰਸ਼ ਨੇ ਕਿਹਾ, ‘‘ਬਦਕਿਸਮਤੀ ਨਾਲ, ਅਸੀਂ ਲੋਕਾਂ ਨੂੰ ਇਹ ਨਹੀਂ ਦੱਸ ਸਕਦੇ ਕਿ ਖ਼ਤਰਾ ਕਿਸ ਜਾਣਕਾਰੀ ’ਤੇ ਆਧਾਰਿਤ ਹੈ। ਪਰ ਸਾਡੀ ਖੁਫੀਆ ਸੇਵਾ ਗਲਤ ਜਾਣਕਾਰੀਆਂ ਨਾਲ ਨਜਿੱਠਣ ਲਈ ਸਿਖਲਾਈ ਪ੍ਰਾਪਤ ਹੈ। ਮੈਨੂੰ ਉਨ੍ਹਾਂ ਦੇ ਵਿਸ਼ਲੇਸ਼ਣ ’ਤੇ ਪੂਰਾ ਭਰੋਸਾ ਹੈ।’’

ਸੀ. ਐੱਸ. ਆਈ. ਐੱਸ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 1980 ਦੇ ਦਹਾਕੇ ਤੋਂ ਕੈਨੇਡਾ ਵਿਚ ਖਾਲਿਸਤਾਨੀ ਲਹਿਰ ਵਿਚ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਹਿੰਸਕ ਅੱਤਵਾਦ ਇਕ ਤੱਤ ਰਿਹਾ ਹੈ। ਹਾਲਾਂਕਿ, ਸਿੱਖ ਕਾਰਕੁੰਨਾਂ ਦਾ ਤਰਕ ਹੈ ਕਿ ਭਾਰਤ ਨੇ ਖਾਲਿਸਤਾਨ ਲਈ ਸ਼ਾਂਤੀਪੂਰਨ ਵਕਾਲਤ ਨੂੰ ਨਿਸ਼ਾਨਾ ਬਣਾਉਣ ਲਈ ਇਨ੍ਹਾਂ ਕਥਿਤ ਖਤਰਿਆਂ ਦੀ ਵਰਤੋਂ ਕੀਤੀ ਹੈ।

ਭਾਰਤ ਵੱਲੋਂ ਅੱਤਵਾਦੀ ਐਲਾਨੇ ਗਏ ਨਿੱਝਰ ਨੂੰ ਜੂਨ 2023 ਵਿਚ ਸਰੀ, ਬੀ. ਸੀ. ਵਿਚ ਇਕ ਗੁਰਦੁਆਰੇ ਦੀ ਪਾਰਕਿੰਗ ਵਿਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਕਤਲ ਦੇ ਸਬੰਧ ਵਿਚ ਚਾਰ ਭਾਰਤੀ ਨਾਗਰਿਕਾਂ ’ਤੇ ਦੋਸ਼ ਹਨ। ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਕੋਲ ਭਰੋਸੇਯੋਗ ਸਬੂਤ ਹਨ ਕਿ ਇਹ ਹੱਤਿਆ ਭਾਰਤ ਦੇ ਏਜੰਟਾਂ ਵੱਲੋਂ ਕੀਤੀ ਗਈ ਸੀ। ਨਵੀਂ ਦਿੱਲੀ ਨੇ ਕੈਨੇਡਾ ਵਿਚ ਸਿੱਖਾਂ ਦੇ ਵਿਦੇਸ਼ੀ ਦਖਲ ਜਾਂ ਅੰਤਰਰਾਸ਼ਟਰੀ ਅੱਤਿਆਚਾਰ ਵਿਚ ਕਿਸੇ ਵੀ ਭੂਮਿਕਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਕਈ ਸਿੱਖ ਸੰਗਠਨਾਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅਲਬਰਟਾ ਵਿਚ ਜੀ-7 ਸੰਮੇਲਨ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਭਾਰਤੀ ਹਾਈ ਕਮਿਸ਼ਨ ਨੇ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ। ਪਰ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਸ ਨੇ ਕਿਹਾ ਕਿ ਇਸ ਮਹੀਨੇ 40 ਸਾਲ ਪਹਿਲਾਂ ਕੈਨੇਡਾ ਸਥਿਤ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਏਅਰ ਇੰਡੀਆ ਦੀ ਫਲਾਈਟ 182 ’ਤੇ ਕੀਤਾ ਗਿਆ ਹਮਲਾ ਇਕ ਚਿਤਾਵਨੀ ਹੈ ਕਿ ਦੁਨੀਆ ਨੂੰ ਅੱਤਲਾਦ ਪ੍ਰਤੀ ‘ਜ਼ੀਰੋ ਟਾਲਰੈਂਸ’ ਦਿਖਾਉਣੀ ਚਾਹੀਦੀ ਹੈ।

ਪ੍ਰਵੀਨ ਨਿਰਮੋਹੀ


author

Rakesh

Content Editor

Related News