‘ਦੇਸ਼ ’ਚ ਦੇਹ ਵਪਾਰ ਜ਼ੋਰਾਂ ਉੱਤੇ’ ਹੋਟਲਾਂ, ਸਪਾ ਸੈਂਟਰਾਂ ਅਤੇ ਹੁਣ ਘਰਾਂ ’ਚ ਵੀ!

Wednesday, Jul 16, 2025 - 07:22 AM (IST)

‘ਦੇਸ਼ ’ਚ ਦੇਹ ਵਪਾਰ ਜ਼ੋਰਾਂ ਉੱਤੇ’ ਹੋਟਲਾਂ, ਸਪਾ ਸੈਂਟਰਾਂ ਅਤੇ ਹੁਣ ਘਰਾਂ ’ਚ ਵੀ!

ਦੇਸ਼ ’ਚ ਦੇਹ ਵਪਾਰ ਵਧਦਾ ਜਾ ਰਿਹਾ ਹੈ। ਹੁਣ ਤਾਂ ਹੋਟਲਾਂ ਅਤੇ ਸਪਾ ਸੈਂਟਰਾਂ ’ਚ ਹੀ ਨਹੀਂ, ਘਰਾਂ ਦੇ ਅੰਦਰ ਵੀ ਦੇਹ ਵਪਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਹ ਅਨੈਤਿਕ ਧੰਦਾ ਚਲਾਉਣ ’ਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਸ਼ਾਮਲ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀਆਂ ਪਿਛਲੇ ਲਗਭਗ ਸਵਾ ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ:

* 7 ਜੂਨ ਨੂੰ ‘ਵਿਕਾਸਪੁਰੀ’ (ਪੱਛਮੀ ਦਿੱਲੀ) ਥਾਣਾ ਪੁਲਸ ਨੇ ਇਕ ਹੋਟਲ ਦੀ ਆੜ ’ਚ ਚਲਾਏ ਜਾ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕਰਕੇ ਇਸ ਨੂੰ ਚਲਾ ਰਹੇ ਇਕ ਪਤੀ-ਪਤਨੀ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਉਥੋਂ 6 ਮੁਟਿਆਰਾਂ ਨੂੰ ਮੁਕਤ ਕਰਵਾਇਆ।

* 21 ਜੂਨ ਨੂੰ ‘ਦੌਸਾ’ (ਰਾਜਸਥਾਨ) ’ਚ ‘ਮਹਵਾ’ ਥਾਣੇ ਦੀ ਪੁਲਸ ਨੇ ਇਕ ਮਕਾਨ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰ ਕੇ 3 ਔਰਤਾਂ ਅਤੇ 1 ਮਰਦ ਨੂੰ ਗ੍ਰਿਫਤਾਰ ਕੀਤਾ।

* 28 ਜੂਨ ਨੂੰ ‘ਨਮਕੱਲ’ (ਤਾਮਿਲਨਾਡੂ) ’ਚ ਪੁਲਸ ਨੇ 4 ‘ਸਪਾ’ ਅਤੇ ‘ਮਸਾਜ ਪਾਰਲਰਾਂ’ ਵਿਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡਿਆਂ ਤੋਂ 18 ਔਰਤਾਂ ਨੂੰ ਵੇਸਵਾਪੁਣੇ ਦੀ ਦਲਦਲ ’ਚੋਂ ਮੁਕਤ ਕਰਾਉਣ ਤੋਂ ਇਲਾਵਾ ਚਾਰਾਂ ‘ਸਪਾ ਸੈਂਟਰਾਂ’ ਦੇ ਮੈਨੇਜਰਾਂ ਨੂੰ ਗ੍ਰਿਫਤਾਰ ਕੀਤਾ।

* 29 ਜੂਨ ਨੂੰ ‘ਸੀਤਾਮੜੀ’ (ਬਿਹਾਰ) ਜ਼ਿਲੇ ਦੇ ਆਰਕੈਸਟਰਾ ਦੇ ਨਾਂ ’ਤੇ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੇ ‘ਵਿਸ਼ਾਲ ਕੁਮਾਰ’ ਨਾਂ ਦੇ ਮੁਲਜ਼ਮ ਨੂੰ ‘ਮੁਜ਼ੱਫਰਪੁਰ’ ਤੋਂ ਗ੍ਰਿਫਤਾਰ ਕੀਤਾ ਗਿਆ ਜੋ ਤਿੰਨ ਸਾਲਾਂ ਤੋਂ ਫਰਾਰ ਚੱਲ ਰਿਹਾ ਸੀ।

* 11 ਜੁਲਾਈ ਨੂੰ ‘ਕਰਨਾਲ’ (ਹਰਿਆਣਾ) ’ਚ ਪੁਲਸ ਨੇ ਇਕ ‘ਸੁਪਰ ਮਾਲ’ ਵਿਚ ਕਈ ‘ਸਪਾ’ ਸੈਂਟਰਾਂ ਦੀ ਆੜ ’ਚ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਕੇ ਕਈ ਕਮਰਿਆਂ ’ਚ ਵਰਤੇ ਗਏ ਕੰਡੋਮ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਤੋਂ ਇਲਾਵਾ ਇਕ ‘ਸਪਾ ਸੈਂਟਰ’ ਦੀ ਮੈਨੇਜਰ ਸਮੇਤ 10 ਮੁਟਿਆਰਾਂ ਅਤੇ 4 ਨੌਜਵਾਨਾਂ ਨੂੰ ਫੜਿਆ।

* 11 ਜੁਲਾਈ ਨੂੰ ਹੀ ‘ਨਵੀ ਮੁੰਬਈ’ (ਮਹਾਰਾਸ਼ਟਰ) ’ਚ ਪੁਲਸ ਨੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 3 ਮਰਦਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਨਾਬਾਲਿਗ ਲੜਕੀਆਂ ਸਮੇਤ 5 ਔਰਤਾਂ ਨੂੰ ਉਥੋਂ ਮੁਕਤ ਕਰਵਾਇਆ। ਮੁਲਜ਼ਮ ਅਾਪਣੇ ਗਾਹਕਾਂ ਕੋਲੋਂ 4000 ਰੁਪਏ ਦੇ ਹਿਸਾਬ ਨਾਲ ਵੱਡੀਆਂ ਰਕਮਾਂ ਬਟੋਰਦੇ ਸਨ।

* 12 ਜੁਲਾਈ ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ’ਚ ‘ਗੁਬਾ ਗਾਰਡਨ’ ਦੇ ਇਕ ਮਕਾਨ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਕੇ 2 ਸੰਚਾਲਕਾਂ, 2 ਔਰਤਾਂ ਅਤੇ 7 ਗਾਹਕਾਂ ਨੂੰ ਇਤਰਾਜ਼ਯੋਗ ਸਮੱਗਰੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਹ ਗਿਰੋਹ ਆਨਲਾਈਨ ਗਾਹਕ ਲੱਭਦਾ ਸੀ। ਦੇਹ ਵਪਾਰ ਦੇ ਇਸ ਕਾਲੇ ਕਾਰੋਬਾਰ ’ਚ ‘ਰੂਸੀ’ ਔਰਤਾਂ ਤੋਂ ਲੈ ਕੇ ਸਥਾਨਕ ਕਾਲਜ ਵਿਦਿਆਰਥਣਾਂ ਤਕ ਸ਼ਾਮਲ ਸਨ।

ਜੇਕਰ ਕਿਸੇ ਗਾਹਕ ਦੇ ਕੋਲ ਜਗ੍ਹਾ ਨਾ ਹੋਵੇ ਤਾਂ ਇਸ ਗਿਰੋਹ ਨੇ ਮਕਾਨ ਦੇ ਤਹਿਖਾਨੇ ’ਚ ‘ਕਿਊਬਿਕਲ’ (ਛੋਟੇ ਕਮਰੇ) ਵੀ ਬਣਾਏ ਹੋਏ ਸਨ ਜਿਸਦਾ 200 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਕਿਰਾਇਆ ਲਿਆ ਜਾਂਦਾ ਸੀ।

ਪੁਲਸ ਨੇ ਇਸ ਸਬੰਧ ’ਚ ਦੇਹ ਵਪਾਰ ’ਚ ਸ਼ਾਮਲ ਲੜਕੀਅਾਂ ਸਮੇਤ ਸੰਚਾਲਕ ਨੂੰ ਵੀ ਗ੍ਰਿਫਤਾਰ ਕੀਤਾ ਹੈ। ਵਰਣਨਯੋਗ ਹੈ ਕਿ ਇਹ ਗਿਰੋਹ ਵ੍ਹਟਸਐਪ ’ਤੇ ਗਾਹਕਾਂ ਨੂੰ ਲੜਕੀਅਾਂ ਦੀਅਾਂ ਫੋਟੋਅਾਂ ਭੇਜਦਾ ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਰੇਟ ਵੀ ਲਿਖੇ ਹੁੰਦੇ ਸਨ। ਗਾਹਕ ਵਲੋਂ ਪਸੰਦ ਕਰ ਲੈਣ ’ਤੇ ਲੜਕੀ ਨੂੰ ਉਸ ਦੇ ਦੱਸੇ ਹੋਏ ਘਰ ਜਾਂ ਹੋਟਲ ’ਚ ਭੇਜ ਦਿੱਤਾ ਜਾਂਦਾ ਸੀ।

* 12 ਜੁਲਾਈ ਨੂੰ ਹੀ ‘ਰੇਵਾੜੀ’ (ਹਰਿਆਣਾ) ਪੁਲਸ ਨੇ ਇਕ ਹੋਟਲ ’ਚ ਦੇਹ ਵਪਾਰ ਦੇ ਅੱਡੇ ਦਾ ਪਤਾ ਲਗਾ ਕੇ ਹੋਟਲ ਤੋਂ 2 ਔਰਤਾਂ ਨੂੰ ਬਰਾਮਦ ਕਰਨ ਤੋਂ ਇਲਾਵਾ ਹੋਟਲ ਦੀ ਮੈਨੇਜਰ ਔਰਤ ਨੂੰ ਗ੍ਰਿਫਤਾਰ ਕੀਤਾ। ਇਸ ਹੋਟਲ ’ਚ ਦੇਹ ਵਪਾਰ ਲਈ ਵ੍ਹਟਸਐਪ ’ਤੇ ਬੁਕਿੰਗ ਕੀਤੀ ਜਾਂਦੀ ਸੀ।

* 14 ਜੁਲਾਈ ਨੂੰ ‘ਅੰਮ੍ਰਿਤਸਰ’ (ਪੰਜਾਬ) ਦੀ ‘ਰਾਮਬਾਗ’ ਪੁਲਸ ਨੇ ਇਕ ਹੋਟਲ ’ਚ ਦੇਹ ਵਪਾਰ ਕਰਵਾਉਣ ਦੇ ਦੋਸ਼ ’ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

* 14 ਜੁਲਾਈ ਨੂੰ ਹੀ ‘ਲੁਧਿਆਣਾ’ (ਪੰਜਾਬ) ’ਚ ਥਾਣਾ ‘ਟਿੱਬਾ’ ਦੀ ਪੁਲਸ ਨੇ ਦੇਹ ਵਪਾਰ ਕਰਵਾਉਣ ਦੇ ਦੋਸ਼ ’ਚ ਇਕ ਔਰਤ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਭਾਰੀ ਮਾਤਰਾ ’ਚ ਇਤਰਾਜ਼ਯੋਗ ਸਮੱਗਰੀ ਅਤੇ ਨਕਦ ਰਕਮ ਬਰਾਮਦ ਕੀਤੀ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਇਸ ਧੰਦੇ ’ਚ ਸ਼ਾਮਲ ਲੋਕਾਂ ਅਤੇ ਇਸ ਕੰਮ ’ਚ ਉਨ੍ਹਾਂ ਦੀ ਸਹਾਇਤਾ ਕਰਨ ਵਾਲਿਅਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਦੂਸਰਿਆਂ ਨੂੰ ਵੀ ਸਬਕ ਮਿਲੇ।

ਕਿਉਂਕਿ ਇਸ ਧੰਦੇ ’ਚ ਵਧੇਰੇ ਔਰਤਾਂ ਆਰਥਿਕ ਮਜਬੂਰੀ ਦੇ ਕਾਰਨ ਆਉਂਦੀਆਂ ਹਨ, ਇਸ ਲਈ ਔਰਤਾਂ ਨੂੰ ਇਸ ’ਚ ਪੈਣ ਤੋਂ ਬਚਾਉਣ ਲਈ ਸਰਕਾਰ ਨੂੰ ਕੋਈ ਬੁਨਿਆਦੀ ਟ੍ਰੇਨਿੰਗ ਦੇਣ ਦੇ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹਨ, ਤਾਂ ਕਿ ਇਸ ਬੁਰਾਈ ’ਚ ਸ਼ਾਮਲ ਹੋਣ ਦੀ ਬਜਾਏ ਲੋੜਵੰਦ ਔਰਤਾਂ ਸਨਮਾਨਪੂਰਵਕ ਆਪਣੀ ਰੋਜ਼ੀ-ਰੋਟੀ ਚਲਾਉਣ ਦੇ ਯੋਗ ਬਣ ਸਕਣ।

–ਵਿਜੇ ਕੁਮਾਰ
 


author

Sandeep Kumar

Content Editor

Related News