‘ਖੁਦਕੁਸ਼ੀਆਂ ਨਾਲ ਜਾ ਰਹੀਆਂ ਅਨਮੋਲ ਜ਼ਿੰਦਗੀਆਂ’ ਛੱਡ ਜਾਂਦੇ ਰੋਂਦੇ-ਕੁਰਲਾਉਂਦੇ ਪਰਿਵਾਰ!

Thursday, Jul 10, 2025 - 07:09 AM (IST)

‘ਖੁਦਕੁਸ਼ੀਆਂ ਨਾਲ ਜਾ ਰਹੀਆਂ ਅਨਮੋਲ ਜ਼ਿੰਦਗੀਆਂ’ ਛੱਡ ਜਾਂਦੇ ਰੋਂਦੇ-ਕੁਰਲਾਉਂਦੇ ਪਰਿਵਾਰ!

‘ਵਿਸ਼ਵ ਸਿਹਤ ਸੰਗਠਨ’ ਅਨੁਸਾਰ 15 ਤੋਂ 19 ਸਾਲ ਦੇ ਨੌਜਵਾਨਾਂ ਦਰਮਿਆਨ ਮੌਤ ਦਾ ਚੌਥਾ ਸਭ ਤੋਂ ਵੱਡਾ ਕਾਰਨ ਖੁਦਕੁਸ਼ੀ ਹੈ। ਦੇਸ਼ ’ਚ ਰੋਜ਼ਾਨਾ 468 ਲੋਕ ਖੁਦਕੁਸ਼ੀਆਂ ਕਰਦੇ ਹਨ, ਜਿਨ੍ਹਾਂ ’ਚ 72 ਫੀਸਦੀ ਮਰਦ ਹਨ। ‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ ਦੀ 2022 ਦੀ ਰਿਪੋਰਟ ਅਨੁਸਾਰ ਉਸ ਸਾਲ 1.7 ਲੱਖ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਸਨ ਅਤੇ ਇਸ ਦੇ ਨਾਲ ਖੁਦਕੁਸ਼ੀਅਾਂ ਦੇ ਮਾਮਲੇ ’ਚ ਭਾਰਤ ਵਿਸ਼ਵ ’ਚ ਟੌਪ ’ਤੇ ਆ ਗਿਆ ਸੀ।

‘ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ’ ਅਨੁਸਾਰ ਖੁਦਕੁਸ਼ੀ ਕਰਨ ਵਾਲਿਆਂ ’ਚ ਸਭ ਤੋਂ ਜ਼ਿਆਦਾ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਪਰਿਵਾਰਕ ਸਮੱਸਿਆਵਾਂ (31.7 ਫੀਸਦੀ) ਤੋਂ ਤੰਗ ਆ ਕੇ ਜਾਨ ਦੇ ਰਹੇ ਹਨ।

ਇਨ੍ਹਾਂ ਤੋਂ ਇਲਾਵਾ ਨਸ਼ੇ ਦੀ ਆਦਤ, ਦਾਜ, ਵਿਆਹੁਤਾ ਵਿਵਾਦ, ਪ੍ਰੇਮ ਸੰਬੰਧਾਂ ’ਚ ਅਣਬਣ, ਆਰਥਿਕ ਨੁਕਸਾਨ, ਕਰਜ਼ਾ, ਬੇਰੋਜ਼ਗਾਰੀ, ਬਲੈਕਮੇਲਿੰਗ, ਵਪਾਰ ਅਤੇ ਕਰੀਅਰ ਸੰਬੰਧੀ ਸਮੱਸਿਆਵਾਂ, ਡਿਪ੍ਰੈਸ਼ਨ, ਇਕੱਲੇਪਨ ਦੀ ਭਾਵਨਾ, ਪੜ੍ਹਾਈ ਦੇ ਦਬਾਅ ਆਦਿ ਦੇ ਕਾਰਨ ਲੋਕ ਜਾਨਾਂ ਗੁਆ ਰਹੇ ਹਨ, ਜਿਨ੍ਹਾਂ ਦੀਆਂ ਇਸੇ ਮਹੀਨੇ ਦੇ ਸਿਰਫ 9 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 1 ਜੁਲਾਈ ਨੂੰ ‘ਤਿਰੂਪੁਰ’ (ਤਾਮਿਲਨਾਡੂ) ’ਚ ‘ਰਿਧਾਨਿਆ’ ਨਾਂ ਦੀ 27 ਸਾਲਾ ਮਹਿਲਾ ਨੇ ਅਾਪਣੇ ਸੱਸ-ਸਹੁਰੇ ਵਲੋਂ ਦਾਜ ਲਈ ਮਾਨਸਿਕ ਤੌਰ ’ਤੇ ਅਤੇ ਪਤੀ ਵਲੋਂ ਸਰੀਰਕ ਤੌਰ ’ਤੇ ਟਾਰਚਰ ਕਰਨ ਤੋਂ ਤੰਗ ਆ ਕੇ ਕੀਟਨਾਸ਼ਕ ਗੋਲੀਅਾਂ ਖਾ ਲਈਅਾਂ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ।

* 3 ਜੁਲਾਈ ਨੂੰ ‘ਫਿਰੋਜ਼ਪੁਰ’ (ਪੰਜਾਬ) ਦੇ ਪਿੰਡ ‘ਕੜਮਾ’ ਵਿਚ ਇਕ 16 ਸਾਲਾ ਲੜਕੇ ਨੇ ਅਾਪਣੇ ਵਿਰੁੱਧ ਚੋਰੀ ਦੇ ਦੋਸ਼ ’ਚ ਪੁਲਸ ’ਚ ਪਰਚਾ ਦਰਜ ਹੋਣ ਕਾਰਨ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ।

* 3 ਜੁਲਾਈ ਨੂੰ ਹੀ ‘ਮੁੰਬਈ’ ਦੇ ‘ਕਾਂਦੀਵਲੀ’ ਵਿਚ ਇਕ ਟੈਲੀਵਿਜ਼ਨ ਅਭਿਨੇਤਰੀ ਦੇ 14 ਸਾਲਾ ਬੇਟੇ ਵਲੋਂ ਟਿਊਸ਼ਨ ’ਤੇ ਜਾਣ ਤੋਂ ਨਾਂਹ ਕਰਨ ’ਤੇ ਮਾਂ-ਬੇਟੇ ਦਰਮਿਆਨ ਬਹਿਸ ਹੋ ਗਈ, ਜਿਸ ’ਤੇ ਗੁੱਸੇ ’ਚ ਆ ਕੇ ਬੇਟੇ ਨੇ ਇਮਾਰਤ ਦੀ 57ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

* 4 ਜੁਲਾਈ ਨੂੰ ‘ਭਾਦਸੋਂ’ (ਪੰਜਾਬ) ਦੇ ਪਿੰਡ ‘ਸ਼੍ਰੀਨਗਰ’ (ਪੁਣੀਵਾਲ) ਵਿਚ ਘਰੇਲੂ ਕਲੇਸ਼ ਕਾਰਨ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ, ਜਦਕਿ ਉਸ ਦੀ ਪਤਨੀ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ।

* 4 ਜੁਲਾਈ ਨੂੰ ਹੀ ‘ਸਮਾਣਾ’ (ਪੰਜਾਬ) ਦੇ ਇਕ ਸਕੂਲ ਦੇ ਕਲਰਕ-ਕਮ-ਅਕਾਊਂਟੈਂਟ ਨੇ ਖੁਦਕੁਸ਼ੀ ਕਰ ਲਈ। ਅਾਪਣੇ ਸੂਸਾਈਡ ਨੋਟ ’ਚ ਉਸ ਨੇ ਸਕੂਲ ਦੀ ਸਾਬਕਾ ਪ੍ਰਿੰਸੀਪਲ ’ਤੇ ਉਸ ਨੂੰ ਥੱਪੜ ਮਾਰਨ ਅਤੇ ਅਪਮਾਨਿਤ ਕਰਨ ਦਾ ਦੋਸ਼ ਲਾਇਆ।

* 4 ਜੁਲਾਈ ਨੂੰ ਹੀ ‘ਪਟਿਆਲਾ’ (ਪੰਜਾਬ) ’ਚ ਟ੍ਰੈਵਲ ਏਜੰਟਾਂ ਵਲੋਂ ਵਿਦੇਸ਼ ਭੇਜਣ ਦੇ ਬਹਾਨੇ ਇਕ ਨੌਜਵਾਨ ਤੋਂ 15 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਤੰਗ ਆ ਕੇ ਉਸ ਨੇ ਸਲਫਾਸ ਦੀਅਾਂ ਗੋਲੀਅਾਂ ਖਾ ਕੇ ਅਾਪਣੀ ਜੀਵਨ ਲੀਲਾ ਖਤਮ ਕਰ ਲਈ।

* 6 ਜੁਲਾਈ ਨੂੰ ‘ਬਾਬੈਨ’ (ਹਰਿਆਣਾ) ’ਚ ਮਾਤਾ-ਪਿਤਾ ਤੋਂ ਵੱਖ ਅਤੇ ਘਰੋਂ ਦੂਰ ਰਹਿਣ ਦੀ ਨਿਰਾਸ਼ਾ ’ਚ ਪ੍ਰਾਈਵੇਟ ਕਾਲਜ ’ਚ ਪੜ੍ਹਨ ਵਾਲੀ ਇਕ ਲੜਕੀ ਨੇ ਹੋਸਟਲ ਦੇ ਕਮਰੇ ’ਚ ਫਾਹਾ ਲਾ ਕੇ ਅਾਪਣੀ ਜੀਵਨ ਲੀਲਾ ਖਤਮ ਕਰ ਦਿੱਤੀ।

* 7 ਜੁਲਾਈ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੇ ‘ਫੂਲਪੁਰ’ ਵਿਚ ਇਕ ਨੌਜਵਾਨ ਨੇ ਨੌਕਰੀ ਨਾ ਮਿਲਣ ਦੇ ਕਾਰਨ ਨਿਰਾਸ਼ਾ ’ਚ ਖੁਦਕੁਸ਼ੀ ਕਰ ਲਈ।

* 8 ਜੁਲਾਈ ਨੂੰ ‘ਮੁੰਬਈ’ ਦੇ ਸਾਂਤਾਕਰੂਜ਼ ’ਚ ਰਾਜਮੋਰੇ ਨਾਂ ਦੇ ਇਕ 32 ਸਾਲਾ ਚਾਰਟਰਡ ਅਕਾਊਂਟੈਂਟ ਨੇ ਇਕ ਮਰਦ ਅਤੇ ਇਕ ਮਹਿਲਾ ਵਲੋਂ ਉਸ ਤੋਂ 3 ਕਰੋੜ ਰੁਪਏ ਠੱਗ ਲੈਣ ਤੋਂ ਬਾਅਦ ਵੀ ਉਸ ਦੇ ਪ੍ਰਾਈਵੇਟ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।

* 8 ਜੁਲਾਈ ਨੂੰ ਹੀ ‘ਉਡੁੱਪੀ’ (ਕਰਨਾਟਕ) ’ਚ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ‘ਕੁਬੇਰ ਧਰਮ ਨਾਇਕ’ ਨੇ ਵਿੱਤੀ ਤਣਾਅ ਅਤੇ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਲਈ।

* 9 ਜੁਲਾਈ ਨੂੰ ‘ਲਲਿਤਪੁਰ’ (ਉੱਤਰ ਪ੍ਰਦੇਸ਼) ’ਚ ਇਕ ਨੌਜਵਾਨ ਨੇ ਅਾਪਣੀ ਪ੍ਰੇਮਿਕਾ ਦੇ ਮਾਂ-ਬਾਪ ਵਲੋਂ ਉਸ ਨੂੰ ਡਰਾਉਣ-ਧਮਕਾਉਣ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।

ਲੋਕ ਛੋਟੀਅਾਂ-ਛੋਟੀਅਾਂ ਗੱਲਾਂ ’ਤੇ ਦੁਖੀ ਅਤੇ ਨਿਰਾਸ਼ ਹੋ ਕੇ ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕ ਕੇ ਅਾਪਣੀ ਜੀਵਨ ਲੀਲਾ ਖਤਮ ਕਰਨ ਦੇ ਨਾਲ-ਨਾਲ ਪਿੱਛੇ ਅਾਪਣੇ ਪਰਿਵਾਰਾਂ ਨੂੰ ਰੋਂਦੇ-ਕੁਰਲਾਉਂਦੇ ਛੱਡ ਜਾਂਦੇ ਹਨ।

ਇਸ ਲਈ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਵਤੀਰੇ ’ਚ ਕੋਈ ਗੈਰ-ਸਾਧਾਰਨ ਬਦਲਾਅ ਦਿਖਾਈ ਦੇਣ ’ਤੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ, ਜਾਣਨ ਵਾਲਿਆਂ ਨੂੰ ਉਨ੍ਹਾਂ ਨੂੰ ਧੀਰਜ ਨਾਲ ਸਮਝਣਾ, ਉਨ੍ਹਾਂ ਦਾ ਹੌਸਲਾ ਵਧਾਉਣਾ ਅਤੇ ਉਨ੍ਹਾਂ ’ਚ ਆਸ ਦੀ ਭਾਵਨਾ ਦਾ ਸੰਚਾਰ ਕਰਨਾ ਅਤੇ ਬਿਨਾਂ ਦੇਰ ਕੀਤੇ ਉਨ੍ਹਾਂ ਦੀ ਮਨੋਚਿਕਿਤਸਕਾਂ ਨਾਲ ਕੌਂਸਲਿੰਗ ਕਰਵਾਉਣੀ ਚਾਹੀਦੀ ਹੈ ਤਾਂਕਿ ਉਹ ਆਪਣਾ ਅਨਮੋਲ ਜੀਵਨ ਅਜਾਈਂ ਨਾ ਗੁਆਉਣ।

–ਵਿਜੇ ਕੁਮਾਰ
 


author

Sandeep Kumar

Content Editor

Related News