‘ਭਾਰਤ ਨਾਲ ਸਬੰਧ ਸੁਧਾਰੋ’ ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਨੂੰ ਲਿਖਿਆ ਪੱਤਰ!

Sunday, Oct 12, 2025 - 05:38 AM (IST)

‘ਭਾਰਤ ਨਾਲ ਸਬੰਧ ਸੁਧਾਰੋ’ ਅਮਰੀਕੀ ਸੰਸਦ ਮੈਂਬਰਾਂ ਨੇ ਟਰੰਪ ਨੂੰ ਲਿਖਿਆ ਪੱਤਰ!

ਡੋਨਾਲਡ ਟਰੰਪ ਨੇ ਇਸ ਸਾਲ 20 ਜਨਵਰੀ ਨੂੰ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ 1 ਫਰਵਰੀ ਨੂੰ ਇਕ ਕਾਰਜਕਾਰੀ ਹੁਕਮ ’ਤੇ ਦਸਤਖਤ ਕਰ ਕੇ ਕੈਨੇਡਾ ਅਤੇ ਮੈਕਸੀਕੋ ਤੋਂ ਹੋਣ ਵਾਲੀ ਦਰਾਮਦ ’ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਜਿਸ ਨੂੰ 4 ਮਾਰਚ ਤੋਂ ਲਾਗੂ ਕਰ ਦਿੱਤਾ ਗਿਆ।

ਇਸ ਦੇ ਬਾਅਦ ਉਨ੍ਹਾਂ ਨੇ 2 ਅਪ੍ਰੈਲ ਦੇ ਦਿਨ ਨੂੰ ‘ਲਿਬਰੇਸ਼ਨ ਡੇਅ’ ਐਲਾਨਦੇ ਹੋਏ ਅਮਰੀਕਾ ਨੂੰ ਸਾਮਾਨ ਬਰਾਮਦ ਕਰਨ ਵਾਲੇ ਸਾਰੇ ਦੇਸ਼ਾਂ ’ਤੇ 10 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕਰ ਿਦੱਤਾ। ਟਰੰਪ ਪ੍ਰਸ਼ਾਸਨ ਨੇ ਪਹਿਲਾਂ 9 ਅਪ੍ਰੈਲ ਨੂੰ ਇਹ ਦਰਾਂ ਲਾਗੂ ਕਰਨ ਦਾ ਐਲਾਨ ਕੀਤਾ ਸੀ ਪਰ ਬਾਅਦ ’ਚ ਇਨ੍ਹਾਂ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਸੀ।

ਟੈਰਿਫ ਨੂੰ ਮੁਲਤਵੀ ਕਰਨ ਦੇ ਦੌਰਾਨ ਟਰੰਪ ਪ੍ਰਸ਼ਾਸਨ ਨੇ 3 ਮਹੀਨਿਆਂ ਤੱਕ ਆਪਣੇ ਵੱਖ-ਵੱਖ ਵਪਾਰ ਸਹਿਯੋਗੀਆਂ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ 9 ਅਗਸਤ ਤੋਂ ਸਬੰਧਤ ਦੇਸ਼ਾਂ ’ਤੇ ‘ਟਰੰਪ’ ਵਲੋਂ ਐਲਾਨੇ 10 ਫੀਸਦੀ ਵਾਧੇ ਦਾ ਟੈਰਿਫ ਲਾਗੂ ਕਰ ਦਿੱਤਾ ਿਗਆ।

ਇਸ ਤੋਂ ਪਹਿਲਾਂ 30 ਜੁਲਾਈ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਟਰੁਥ ਸੋਸ਼ਲ’ ’ਤੇ ਲਿਖਿਆ ਸੀ ਿਕ ‘‘ਅਮਰੀਕਾ ਤੋਂ ਭਾਰਤ ਵੱਧ ਟੈਰਿਫ ਵਸੂਲ ਕਰਦਾ ਹੈ, ਇਸ ਲਈ ਅਮਰੀਕਾ ਭਾਰਤ ’ਤੇ 25 ਫੀਸਦੀ ਟੈਰਿਫ ਲਗਾਏਗਾ।’’

ਪਰ 7 ਅਗਸਤ ਨੂੰ ਟੈਰਿਫ ਲਾਗੂ ਹੋਣ ਦੀ ਮਿਤੀ ਤੋਂ ਇਕ ਿਦਨ ਪਹਿਲਾਂ 6 ਅਗਸਤ ਨੂੰ ਇਕ ਹੁਕਮ ਜਾਰੀ ਕਰ ਕੇ ਅਮਰੀਕਾ ਨੇ ਭਾਰਤ ’ਤੇ ਲਗਾਏ ਟੈਰਿਫ ਨੂੰ ਵਧਾ ਕੇ 50 ਫੀਸਦੀ ਕਰ ਦਿੱਤਾ।

‘ਡੋਨਾਲਡ ਟਰੰਪ’ ਨੇ ਦੋਸ਼ ਲਾਇਆ ਕਿ ਭਾਰਤ ਕਿਉਂਕਿ ਰੂਸ ਤੋਂ ਤੇਲ ਖਰੀਦ ਰਿਹਾ ਹੈ ਅਤੇ ਭਾਰਤ ਦੇ ਪੈਸੇ ਨਾਲ ਹਥਿਆਰ ਖਰੀਦ ਕੇ ਰੂਸ ਯੂਕ੍ਰੇਨ ’ਚ ਬੇਕਸੂਰ ਲੋਕਾਂ ਨੂੰ ਮਾਰ ਰਿਹਾ ਹੈ, ਇਸ ਲਈ ਭਾਰਤ ’ਚ 25 ਫੀਸਦੀ ਵਾਧੂ ਟੈਰਿਫ ਜੁਰਮਾਨੇ ਦੇ ਰੂਪ ’ਚ ਲੱਗਣਾ ਚਾਹੀਦਾ ਹੈ। ਹੁਣ ਭਾਰਤ ’ਤੇ 50 ਫੀਸਦੀ ਟੈਰਿਫ ਲਾਗੂ ਹੈ।

ਇਸ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ‘ਟ੍ਰੇਡ ਡੀਲ’ ’ਤੇ ਵੀ ਗੱਲਬਾਤ ਚੱਲ ਰਹੀ ਸੀ। ਅਮਰੀਕਾ ਨਾਲ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਦੇ ਮਾਮਲੇ ’ਚ ਭਾਰਤ ਮੋਹਰੀ ਸੀ ਅਤੇ ਇਸ ਨੇ ਜੂਨ ’ਚ ਹੀ ਕਈ ਮੁੱਦਿਆਂ ’ਤੇ ਅਮਰੀਕਾ ਦੇ ਨਾਲ ਸਹਿਮਤੀ ਬਣਾ ਲਈ ਸੀ ਪਰ ਅਮਰੀਕਾ ਵਲੋਂ ਆਪਣੇ ਡੇਅਰੀ ਅਤੇ ਖੇਤੀ ਉਤਪਾਦਾਂ ਦੇ ਲਈ ਭਾਰਤ ਦਾ ਬਾਜ਼ਾਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਅਟਕ ਗਈ।

ਭਾਰਤ ਨੇ ਅਮਰੀਕਾ ਦੇ ਇਸ ਰਵੱਈਏ ਨੂੰ ਅਨਉਚਿਤ, ਆਧਾਰ ਰਹਿਤ ਅਤੇ ਗੈਰ-ਵਿਵਹਾਰਕ ਦੱਸਿਆ ਸੀ। ਹਾਲਾਂਕਿ ਹੁਣ ਦੋਵਾਂ ਦੇਸ਼ਾਂ ’ਚ ਟ੍ਰੇਡ ਡੀਲ ’ਤੇ ਗੱਲਬਾਤ ਫਿਰ ਸ਼ੁਰੂ ਹੋ ਗਈ ਹੈ ਪਰ ਹੁਣ ਇਸ ਮੁੱਦੇ ’ਤੇ ‘ਡੋਨਾਲਡ ਟਰੰਪ’ ਆਪਣੇ ਘਰ ’ਚ ਹੀ ਘਿਰ ਗਏ ਹਨ।

8 ਅਕਤੂਬਰ ਨੂੰ ਅਮਰੀਕੀ ਕਾਂਗਰਸ ਦੇ 19 ਮੈਂਬਰਾਂ ਨੇ ‘ਡੋਨਾਡਲ ਟਰੰਪ’ ਨੂੰ ਲਿਖੇ ਪੱਤਰ ’ਚ ਭਾਰਤ ਦੇ ਨਾਲ ਿਰਸ਼ਤੇ ਸੁਧਾਰਨ ਦੀ ਨਸੀਹਤ ਦਿੱਤੀ ਹੈ। ਇਸ ਪੱਤਰ ’ਚ ਉਨ੍ਹਾਂ ਨੇ ਲਿਖਿਆ ਹੈ ਕਿ ‘‘ਭਾਰਤ ਤੋਂ ਆਉਣ ਵਾਲੇ ਸਾਮਾਨ ’ਤੇ ਭਾਰੀ ਟੈਰਿਫ ਲਗਾਉਣ ਨਾਲ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਲ ਅਮਰੀਕਾ ਦੀ ਦੋਸਤੀ ’ਤੇ ਸੱਟ ਲੱਗ ਰਹੀ ਹੈ ਅਤੇ ਭਾਰਤ ਟਰੰਪ ਦੇ ਇਸ ਕਦਮ ਨਾਲ ਚੀਨ ਅਤੇ ਰੂਸ ਦੇ ਹੋਰ ਨੇੜੇ ਜਾ ਸਕਦਾ ਹੈ।’’

ਸੰਸਦ ਮੈਂਬਰਾਂ ਨੇ ਇਹ ਚਿਤਾਵਨੀ ਵੀ ਦਿੱਤੀ ਕਿ ‘‘ਜੇਕਰ ਟੈਰਿਫ ਵਧਦਾ ਰਿਹਾ ਤਾਂ ਅਮਰੀਕੀ ਲੋਕਾਂ ਨੂੰ ਮਹਿੰਗਾ ਸਾਮਾਨ ਖਰੀਦਣਾ ਪਏਗਾ।’’ ਇਨ੍ਹਾਂ ਸੰਸਦ ਮੈਂਬਰਾਂ ਨੇ ਜ਼ੋਰ ਦੇ ਕੇ ਟਰੰਪ ਨੂੰ ਭਾਰਤ ਦੇ ਨਾਲ ਿਰਸ਼ਤੇ ਮਜ਼ਬੂਤ ਕਰਨ ਲਈ ਿਕਹਾ ਹੈ ਿਕਉਂਕਿ ਇਹ ਦੋਵਾਂ ਦੇਸ਼ਾਂ ਦੇ ਵਿਚਾਲੇ ਵਪਾਰ ਅਤੇ ਆਪਸੀ ਸਨਮਾਨ ਲਈ ਬਹੁਤ ਜ਼ਰੂਰੀ ਹੈ।

ਵਰਨਣਯੋਗ ਹੈ ਕਿ ਭਾਰਤ ਵਲੋਂ ਜੂਨ ’ਚ ਪਾਕਿਸਤਾਨ ਦੇ ਵਿਰੁੱਧ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਸਿੰਧੂਰ’ ਨੂੰ ਰੋਕਣ ’ਚ ਅਮਰੀਕਾ ਦੀ ਭੂਮਿਕਾ ਤੋਂ ਇਨਕਾਰ ਕਰਨ ਦੇ ਬਾਅਦ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਸ਼ਤਿਆਂ ’ਚ ਵੀ ਕੁਝ ਕੁੜੱਤਣ ਦੇਖਣ ਨੂੰ ਮਿਲੀ ਸੀ ਪਰ ਹਾਲੀਆ ਦਿਨਾਂ ’ਚ ਟਰੰਪ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦੇਣ ਅਤੇ ਭਾਰਤ ਵਲੋਂ ਟਰੰਪ ਦੇ ਗਾਜ਼ਾ ਸ਼ਾਂਤੀ ਪਲਾਨ ਦੀ ਸ਼ਲਾਘਾ ਕਰਨ ਤੋਂ ਬਾਅਦ ਰਿਸ਼ਤਿਆਂ ’ਤੇ ਪਈ ਬਰਫ ਕੁਝ ਪਿਘਲੀ ਹੈ ਅਤੇ ਹੁਣ ਦੋਵਾਂ ਦੇਸ਼ਾਂ ਵਿਚਾਲੇ ਟ੍ਰੇਡ ਡੀਲ ਹੋਣ ਦੀ ਕੁਝ ਸੰਭਾਵਨਾ ਬਣੀ ਹੈ।

ਅਮਰੀਕੀ ਸੰਸਦ ਮੈਂਬਰਾਂ ਵਲੋਂ ਡੋਨਾਲਡ ਟਰੰਪ ਨੂੰ ਲਿਖਿਆ ਪੱਤਰ ਵੀ ਇਸ ਮਾਮਲੇ ’ਚ ਭੂਮਿਕਾ ਅਦਾ ਕਰੇਗਾ ਅਤੇ ਨੋਬਲ ਪੁਰਸਕਾਰ ਨਾ ਮਿਲਣ ਦਾ ਗਮ ਭੁਲਾ ਕੇ ਦੋਵਾਂ ਦੇਸ਼ਾਂ ਵਿਚਾਲੇ ਜਿੰਨੀ ਜਲਦੀ ਟ੍ਰੇਡ ਡੀਲ ਕਰ ਲੈਣਗੇ ਓਨਾ ਹੀ ਦੋਵਾਂ ਦੇਸ਼ਾਂ ਦੇ ਵਪਾਰਕ ਹਿੱਤਾਂ ਅਤੇ ਆਪਸੀ ਸਬੰਧਾਂ ਲਈ ਚੰਗਾ ਹੋਵੇਗਾ।

–ਵਿਜੇ ਕੁਮਾਰ


author

Sandeep Kumar

Content Editor

Related News