ਟਰੰਪ ਦੇ ਮੁੱਖ ਸਮਰਥਕਾਂ ਦੇ ਦਰਮਿਆਨ ਵਿਵਾਦਿਤ ਹੋ ਗਏ ਇਮੀਗ੍ਰੇਸ਼ਨ ਅਤੇ H1-B ਵੀਜ਼ਾ
Monday, Jan 06, 2025 - 03:15 PM (IST)
ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਨਾਜ਼ੁਕ ਦੌਰ ’ਚ ਹਨ। ਉਹ ਆਪਣੀ ਮੁਹਿੰਮ ਨੂੰ ਫੰਡ ਦੇਣ ਵਾਲੇ ਅਰਬਪਤੀ ਤਕਨੀਕੀ ਲੋਕਾਂ ਅਤੇ ਆਪਣੇ ਕੱਟੜ ਸਮਰਥਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਮੀਗ੍ਰੇਸ਼ਨ ਅਤੇ ਐੱਚ1-ਬੀ ਵੀਜ਼ਾ ਟਰੰਪ ਦੇ ਮੁੱਖ ਸਮਰਥਕਾਂ ਅਤੇ ਨਰਮ ਖਿਆਲੀਆਂ ਦਰਮਿਆਨ ਵਿਵਾਦਿਤ ਹੋ ਗਏ ਹਨ। ਟਰੰਪ ਨੇ ਮਸਕ ਅਤੇ ਸਿਲੀਕਾਨ ਵੈਲੀ ਦੇ ਅਮੀਰ ਸਰਪ੍ਰਸਤਾਂ ਦਾ ਸਮਰਥਨ ਕੀਤਾ ਹੈ, ਜੋ ਮਿਹਨਤੀ ਐੱਚ1-ਬੀ ਵੀਜ਼ਾ ਧਾਰਕਾਂ (ਮਸਕ ਕੋਲ ਖੁਦ ਐੱਚ1-ਬੀ ਵੀਜ਼ਾ ਸੀ) ਦੇ ਨਾਲ ਆਪਣੇ ਸਾਮਰਾਜ ਦਾ ਨਿਰਮਾਣ ਕਰਦੇ ਹਨ, ਜਦ ਕਿ ਤਕਨੀਕੀ ਨੇਤਾ ਇਕ ਨਰਮ ਐੱਚ1-ਬੀ ਵੀਜ਼ਾ ਵਿਵਸਥਾ ਚਾਹੁੰਦੇ ਹਨ।
‘ਅਮਰੀਕਾ ਫਸਟ’ ਕੱਟੜਪੰਥੀ ਸਾਰੇ ਪੱਧਰਾਂ ’ਤੇ ਇਮੀਗ੍ਰੇਸ਼ਨ ’ਤੇ ਸਖਤ ਪਾਬੰਦੀ ਚਾਹੁੰਦੇ ਹਨ। ਆਪਣੇ ਪਹਿਲੇ ਕਾਰਜਕਾਲ ’ਚ ਟਰੰਪ ਨੇ ਅਮਰੀਕੀ ਨਾਗਰਿਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ, ਜਿਸ ਦਾ ਐੱਚ1-ਬੀ ਵੀਜ਼ਾ ’ਤੇ ਮਹੱਤਵਪੂਰਨ ਅਸਰ ਪਿਆ। ਅਹੁਦਾ ਸੰਭਾਲਣ ਤੋਂ ਕੁਝ ਦਿਨ ਪਹਿਲਾਂ ਐੱਚ1-ਬੀ ਵੀਜ਼ਾ ’ਤੇ ਬਹਿਸ ਛਿੜ ਗਈ। ਟਰੰਪ, ਜਿਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ’ਚ ਵੀਜ਼ਾ ਪ੍ਰੋਗਰਾਮ ਦਾ ਵਿਰੋਧ ਕੀਤਾ ਸੀ, ਹੁਣ ਇਸ ਦਾ ਸਮਰਥਨ ਕਰਦੇ ਹਨ। ਟਰੰਪ ਦੀ ਟੀਮ ਅੰਦਰ ਮਤਭੇਦ ਹਨ। ਸਵਾਲ ਇਹ ਹੈ ਕਿ ਕੀ ਟਰੰਪ ਦਾ ਦੂਜਾ ਕਾਰਜਕਾਲ ਅਮਰੀਕੀ ਕਾਮਿਆਂ ਨੂੰ ਪਹਿਲ ਦੇਵੇਗਾ ਜਾਂ ਫਿਰ ਇਹ ਰਵਾਇਤੀ ਰਿਪਬਲਿਕਨ ਰੁਖ ’ਤੇ ਪਰਤੇਗਾ ਕਿ ਇਮੀਗ੍ਰੇਸ਼ਨ ਮੁੱਖ ਤੌਰ ’ਤੇ ਰੋਜ਼ਗਾਰਦਾਤਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਇਆ ਗਿਆ ਹੈ? ‘ਅਮਰੀਕਾ ਫਸਟ’ ਦੇ ਸਮਰਥਕਾਂ ਦਾ ਤਰਕ ਹੈ ਕਿ ਐੱਚ1-ਬੀ ਵੀਜ਼ਾ ਅਮਰੀਕੀ ਕਾਮਿਆਂ ਕੋਲੋਂ ਨੌਕਰੀਆਂ ਖੋਹ ਲੈਂਦਾ ਹੈ।
ਟਰੰਪ, ਐਲਨ ਮਸਕ ਅਤੇ ਵਿਵੇਕ ਰਾਮਾਸਵਾਮੀ ਵਰਗੇ ਪ੍ਰਭਾਵਸ਼ਾਲੀ ਸਮਰਥਕਾਂ ਦਾ ਦਾਅਵਾ ਹੈ ਕਿ ਉਹ ਅਮਰੀਕਾ ’ਚ ਇੰਜੀਨੀਅਰਾਂ ਦੀ ਘਾਟ ਨੂੰ ਦੂਰ ਕਰਨ ਲਈ ਮਹੱਤਵਪੂਰਨ ਹੈ। ਦੱਖਣੀ ਅਫਰੀਕਾ ਦੇ ਇਕ ਸਾਬਕਾ ਨਾਗਰਿਕ ਮਸਕ ਨੇ ਇਸ ਪ੍ਰੋਗਰਾਮ ਦਾ ਜ਼ੋਰਦਾਰ ਸਮਰਥਨ ਕੀਤਾ ਹੈ ਅਤੇ ਇਸ ਦੇ ਲਈ ‘ਜੰਗ ਕਰਨ’ ਦੀ ਆਪਣੀ ਤਤਪਰਤਾ ਪ੍ਰਗਟ ਕੀਤੀ ਹੈ। ਮਸਕ ਅਤੇ ਰਾਮਾਸਵਾਮੀ ਅਮਰੀਕੀ ਕਿਰਤ ਬਾਜ਼ਾਰ ’ਚ ਖਾਸ ਕਰਕੇ ਐੱਸ. ਡੀ. ਈ. ਐੱਮ. ਇਲਾਕਿਆਂ ’ਚ, ਇਕ ਮਹੱਤਵਪੂਰਨ ਹੁਨਰ ਫਰਕ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਸਾਫਟਵੇਅਰ ਵਿਕਾਸ, ਇੰਜੀਨੀਅਰਿੰਗ ਅਤੇ ਵਿਗਿਆਨਕ ਖੋਜ ਵਰਗੇ ਕੁਝ ਵਿਸ਼ੇਸ਼ ਖੇਤਰਾਂ ’ਚ ਬੜੇ ਹੀ ਹੁਨਰਮੰਦ ਕਾਮਿਆਂ ਦੀ ਵੱਡੀ ਘਾਟ ਹੈ।
‘ਨਿਊਯਾਰਕ ਪੋਸਟ’ ਨੇ ਟਰੰਪ ਦੇ ਹਵਾਲੇ ਨਾਲ ਕਿਹਾ, ‘‘ਮੈਨੂੰ ਹਮੇਸ਼ਾ ਤੋਂ ਵੀਜ਼ਾ ਪਸੰਦ ਰਹੇ ਹਨ, ਮੈਂ ਹਮੇਸ਼ਾ ਤੋਂ ਵੀਜ਼ਾ ਦੇ ਪੱਖ ’ਚ ਰਿਹਾ ਹਾਂ, ਇਸ ਲਈ ਸਾਡੇ ਕੋਲ ਇਹ ਹਨ।’’ ਉਨ੍ਹਾਂ ਨੇ ਅੱਗੇ ਕਿਹਾ, ‘‘ਮੇਰੀਆਂ ਜਾਇਦਾਦਾਂ ’ਤੇ ਕਈ ਐੱਚ1-ਬੀ ਵੀਜ਼ਾ ਹਨ। ਮੈਂ ਐੱਚ1-ਬੀ ਵੀਜ਼ਾ ’ਚ ਯਕੀਨ ਰੱਖਦਾ ਰਿਹਾ ਹਾਂ। ਮੈਂ ਕਈ ਵਾਰ ਇਸ ਦੀ ਵਰਤੋਂ ਕੀਤੀ ਹੈ। ਇਹ ਇਕ ਬੜਾ ਹੀ ਵਧੀਆ ਪ੍ਰੋਗਰਾਮ ਹੈ।’’
ਐੱਚ1-ਬੀ ਵੀਜ਼ਾ ਕੀ ਹੈ ਅਤੇ ਇਸ ’ਤੇ ਇੰਨਾ ਵਿਵਾਦ ਕਿਉਂ ਹੈ? ਜੇਕਰ ਐੱਚ1-ਬੀ ਵੀਜ਼ਾ ਨਹੀਂ ਹੋਵੇਗਾ ਤਾਂ ਕੀ ਭਾਰਤ ਨੂੰ ਨੁਕਸਾਨ ਹੋਵੇਗਾ? ਰਾਸ਼ਟਰਪਤੀ ਬੁਸ਼ ਨੇ 1990 ’ਚ ਦੂਜੇ ਦੇਸ਼ਾਂ ਦੇ ਹੁਨਰਮੰਦ ਕਾਮਿਆਂ ਲਈ ਕਾਨੂੰਨੀ ਤੌਰ ’ਤੇ ਕੰਮ ਕਰਨ ਲਈ ਵੀਜ਼ਾ ਪ੍ਰਣਾਲੀ ਸ਼ੁਰੂ ਕੀਤੀ ਸੀ। ਆਮ ਤੌਰ ’ਤੇ ਇਹ ਤਿੰਨ ਸਾਲ ਲਈ ਹੁੰਦਾ ਸੀ ਪਰ ਇਸ ਨੂੰ ਵਧਾਇਆ ਜਾ ਸਕਦਾ ਸੀ। ਲੋਕ ਐੱਚ1-ਬੀ ਵੀਜ਼ਾ ਲਈ ਤਾਂ ਹੀ ਬਿਨੈ ਕਰ ਸਕਦੇ ਹਨ, ਜਦੋਂ ਉਨ੍ਹਾਂ ਕੋਲ ਅਮਰੀਕਾ ਸਥਿਤ ਸਪਾਂਸਰ ਕੰਪਨੀ ਜਾਂ ਸੰਸਥਾਨ ’ਚ ਨੌਕਰੀ ਹੋਵੇ।
2004 ਤੋਂ, ਨਵੇਂ ਐੱਚ1-ਬੀ ਵੀਜ਼ਾ ਦੀ ਸਾਲਾਨਾ ਹੱਦ 85,000 ਹੈ, ਜਿਸ ’ਚ ਅਮਰੀਕੀ ਯੂਨੀਵਰਸਿਟੀਆਂ ਤੋਂ ਉੱਨਤ ਡਿਗਰੀ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ 20,000 ਸ਼ਾਮਲ ਹਨ। 2023 ਵਿੱਤੀ ਸਾਲ (ਅਕਤੂਬਰ 2022-ਸਤੰਬਰ 2023) ’ਚ 3,86,000 ਤੋਂ ਜ਼ਿਆਦਾ ਐੱਚ1-ਬੀ ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ। 2024 ’ਚ ਪਾਤਰ ਰਜਿਸਟ੍ਰੇਸ਼ਨਾਂ ਦੀ ਗਿਣਤੀ 7,58,994 ਸੀ, ਜਦ ਕਿ 2023 ’ਚ ਇਹ 4,74,421 ਸੀ। ਵਧੇਰੇ ਪ੍ਰਵਾਨਿਤ ਬਿਨੈਕਾਰ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ’ਚ ਕੰਮ ਕਰਦੇ ਹਨ।
ਇਹ ਮੁੱਦਾ ਸਿਰਫ ਆਰਥਿਕ ਚਿੰਤਾ ਤੋਂ ਕਿਤੇ ਵੱਧ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨਵੀਂ ਕੰਪਿਊਟਰਿੰਗ ਤਕਨੀਕ ’ਚ ਨਵੇਂ ਵਿਕਾਸ ਇਸ ਨੂੰ ਅਮਰੀਕੀ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਲਈ ਮਹੱਤਵਪੂਰਨ ਬਣਾਉਂਦੇ ਹਨ। ਵਿਵਾਦ ਪਿਛਲੇ ਹਫਤੇ ਉਦੋਂ ਸ਼ੁਰੂ ਹੋਇਆ ਜਦੋਂ ਦੂਰ-ਦੁਰੇਡੇ ਦੇ ਵਰਕਰਾਂ ਨੇ ਟਰੰਪ ਵਲੋਂ ਭਾਰਤੀ-ਅਮਰੀਕੀ ਉੱਦਮੀ ਪੂੰਜੀਪਤੀ ਸ਼੍ਰੀਰਾਮ ਕ੍ਰਿਸ਼ਣਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਸਲਾਹਕਾਰ ਵਜੋਂ ਚੁਣੇ ਜਾਣ ਦੀ ਆਲੋਚਨਾ ਕੀਤੀ। ਵਿਰੋਧੀਆਂ ਨੂੰ ਡਰ ਸੀ ਕਿ ਕ੍ਰਿਸ਼ਣਨ ਟਰੰਪ ਪ੍ਰਸ਼ਾਸਨ ਅੰਦਰ ਇਮੀਗ੍ਰੇਸ਼ਨ ਨੀਤੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਵਿਰੋਧੀਆਂ ਨੂੰ ਡਰ ਸੀ ਕਿ ਕੰਪਨੀਆਂ ਵਲੋਂ ਅਮਰੀਕੀ ਨੌਕਰੀ ਬਾਜ਼ਾਰ ਨੂੰ ਕਮਜ਼ੋਰ ਕਰਨ ਲਈ ਐੱਚ1-ਬੀ ਵੀਜ਼ਾ ਪ੍ਰੋਗਰਾਮ ਦੀ ਕਥਿਤ ਤੌਰ ’ਤੇ ਦੁਰਵਰਤੋਂ ਕੀਤੀ ਗਈ ਸੀ।
ਵੀਜ਼ਾ ਕੈਪ ਨੇ ਐੱਚ1-ਬੀ ਵੀਜ਼ਾ ਚਾਹੁਣ ਵਾਲਿਆਂ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤ ਨੂੰ ਲਗਭਗ 72 ਫੀਸਦੀ ਐੱਚ1-ਬੀ ਵੀਜ਼ਾ ਮਿਲਦੇ ਹਨ। ਉਸਦੇ ਬਾਅਦ ਚੀਨੀ ਨਾਗਰਿਕਾਂ ਨੂੰ 12 ਫੀਸਦੀ ਮਿਲਦੇ ਹਨ। ਦੇਸ਼-ਵਿਸ਼ੇਸ਼ ਕੈਪ ਨੂੰ ਹਟਾਉਣ ਨਾਲ ਅਮਰੀਕਾ ’ਚ ਭਾਰਤੀਆਂ ਲਈ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ, ਜੋ ਕਈ ਉਮੀਦਵਾਰਾਂ ਲਈ ਇਕ ਮਹੱਤਵਪੂਰਨ ਚਿੰਤਾ ਦਾ ਵਿਸ਼ਾ ਹੈ।
ਐਮਾਜ਼ੋਨ ਅਤੇ ਗੂਗਲ ਵਰਗੀਆਂ ਤਕਨੀਕੀ ਮਹਾਰਥੀ ਕੰਪਨੀਆਂ ਸਮੇਤ ਪ੍ਰਮੁੱਖ ਅਮਰੀਕੀ ਕੰਪਨੀਆਂ ਐੱਚ1-ਬੀ ਵੀਜ਼ਾ ਦੇ ਆਪਣੇ ਪ੍ਰਾਯੋਜਨ ਨੂੰ ਕਾਫੀ ਹੱਦ ਤੱਕ ਘਟਾ ਰਹੀਆਂ ਹਨ। ਖੋਜ ਤੋਂ ਪਤਾ ਲੱਗਦਾ ਹੈ ਕਿ ਇਹ ਐੱਚ-1ਬੀ ਵੀਜ਼ਾ ਧਾਰਕ ਅਕਸਰ ਅਮਰੀਕੀ ਕਾਮਿਆਂ ਨਾਲ ਮੁਕਾਬਲੇਬਾਜ਼ੀ ਕਰਨ ਦੀ ਬਜਾਏ ਉਨ੍ਹਾਂ ਦੇ ਪੂਰਕ ਹੁੰਦੇ ਹਨ, ਜਿਸ ਨਾਲ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੁੰਦੇ ਹਨ ਅਤੇ ਆਰਥਿਕ ਸਰਗਰਮੀ ਦਾ ਵਿਸਥਾਰ ਹੁੰਦਾ ਹੈ।
ਅਮਰੀਕਨ ਇੰਟਰਪ੍ਰਾਈਜ਼ ਇੰਸਟੀਚਿਊਟ ਅਤੇ ਪਾਰਟਨਰਸ਼ਿਪ ਫਾਰ ਏ ਨਿਊ ਅਮਰੀਕਨ ਇਕਾਨਮੀ ਅਨੁਸਾਰ, ਐੱਚ1-ਬੀ ਵੀਜ਼ਾ ਕੈਪ ਵਧਾਉਣ ਨਾਲ 1.3 ਮਿਲੀਅਨ ਨਵੇਂ ਰੋਜ਼ਗਾਰ ਸਿਰਜੇ ਜਾ ਸਕਦੇ ਹਨ ਅਤੇ 2045 ਤੱਕ ਅਮਰੀਕੀ ਕੁੱਲ ਘਰੇਲੂ ਉਤਪਾਦ ’ਚ ਲਗਭਗ 158 ਬਿਲੀਅਨ ਡਾਲਰ ਜੁੜ ਸਕਦੇ ਹਨ। ਐੱਚ1-ਬੀ ਵੀਜ਼ਾ ’ਤੇ ਟਰੰਪ ਦੇ ਹਾਲੀਆ ਬਿਆਨਾਂ ਨੇ ਕਈ ਵੀਜ਼ਾ ਚਾਹੁਣ ਵਾਲਿਆਂ, ਖਾਸ ਕਰਕੇ ਭਾਰਤੀਆਂ ਦਰਮਿਆਨ ਆਸ ਪੈਦਾ ਕੀਤੀ ਹੈ।