ਇਕ ਅਣਥੱਕ ਵਰਕਰ ਅਤੇ ਸ਼ਾਨਦਾਰ ਸੰਗਠਨ ਕਰਤਾ ਸਨ ਵਿਜੇ ਕੁਮਾਰ ਮਲਹੋਤਰਾ
Monday, Oct 06, 2025 - 05:06 PM (IST)

ਕੁਝ ਦਿਨ ਪਹਿਲਾਂ, ਭਾਰਤੀ ਜਨਤਾ ਪਾਰਟੀ ਪਰਿਵਾਰ ਨੇ ਆਪਣੇ ਸਭ ਤੋਂ ਸੀਨੀਅਰ ਆਗੂਆਂ ਵਿਚੋਂ ਇਕ, ਸ਼੍ਰੀ ਵਿਜੇ ਕੁਮਾਰ ਮਲਹੋਤਰਾ ਜੀ ਨੂੰ ਗੁਆ ਲਿਆ। ਉਨ੍ਹਾਂ ਨੇ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਸਖ਼ਤ ਮਿਹਨਤ, ਦ੍ਰਿੜ੍ਹਤਾ ਅਤੇ ਸੇਵਾ ਭਰਪੂਰ ਜੀਵਨ ਬਤੀਤ ਕੀਤਾ। ਉਨ੍ਹਾਂ ਦਾ ਜੀਵਨ ਆਰ. ਐੱਸ. ਐੱਸ., ਜਨ ਸੰਘ ਅਤੇ ਭਾਜਪਾ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਮੁਸੀਬਤਾਂ ਦਾ ਹਿੰਮਤ ਨਾਲ ਟਾਕਰਾ, ਨਿਰਸਵਾਰਥ ਸੇਵਾ ਭਾਵਨਾ ਅਤੇ ਰਾਸ਼ਟਰੀ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਤੀ ਡੂੰਘੀ ਵਚਨਬੱਧਤਾ ਉਨ੍ਹਾਂ ਦੀ ਸ਼ਖਸੀਅਤ ਦੇ ਮੁੱਖ ਗੁਣ ਸਨ।
ਵੀ. ਕੇ. ਮਲਹੋਤਰਾ ਜੀ ਦੇ ਪਰਿਵਾਰ ਨੇ ਵੰਡ ਦੀ ਭਿਆਨਕਤਾ ਦਾ ਸਾਹਮਣਾ ਕੀਤਾ। ਸਦਮੇ ਅਤੇ ਉਜਾੜੇ ਨਾਲ ਉਨ੍ਹਾਂ ਵਿਚ ਕੁੜੱਤਣ ਨਹੀਂ ਆਈ ਅਤੇ ਨਾ ਹੀ ਉਹ ਅੰਦਰਮੁਖੀ ਬਣੇ। ਇਸ ਦੀ ਬਜਾਏ, ਉਨ੍ਹਾਂ ਨੇ ਆਪਣੇ ਆਪ ਨੂੰ ਦੂਜਿਆਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਆਰ. ਐੱਸ. ਐੱਸ. ਅਤੇ ਜਨ ਸੰਘ ਦੀ ਵਿਚਾਰਧਾਰਾ ਵਿਚ ਰਾਸ਼ਟਰੀ ਸੇਵਾ ਦਾ ਰਾਹ ਦੇਖਿਆ। ਵੰਡ ਦਾ ਸਮਾਂ ਬਹੁਤ ਚੁਣੌਤੀਪੂਰਨ ਸੀ। ਮਲਹੋਤਰਾ ਜੀ ਨੇ ਸਮਾਜਿਕ ਕਾਰਜ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ। ਉਨ੍ਹਾਂ ਨੇ ਹਜ਼ਾਰਾਂ ਉੱਜੜੇ ਪਰਿਵਾਰਾਂ ਦੀ ਮਦਦ ਕੀਤੀ ਜਿਨ੍ਹਾਂ ਨੇ ਸਭ ਕੁਝ ਗੁਆ ਦਿੱਤਾ ਸੀ। ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਨੂੰ ਮੁੜ ਪੈਰਾਂ ਸਿਰ ਹੋਣ ਵਿਚ ਮਦਦ ਕੀਤੀ। ਇਹੀ ਜਨ ਸੰਘ ਦੀ ਪ੍ਰੇਰਨਾ ਸੀ। ਉਨ੍ਹਾਂ ਦਿਨਾਂ ਵਿਚ, ਉਨ੍ਹਾਂ ਦੇ ਸਾਥੀ ਮਦਨ ਲਾਲ ਖੁਰਾਣਾ ਜੀ ਅਤੇ ਕੇਦਾਰਨਾਥ ਸਾਹਨੀ ਜੀ ਨੇ ਵੀ ਸਮਾਜਿਕ ਕਾਰਜਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ। ਦਿੱਲੀ ਦੇ ਲੋਕ ਅਜੇ ਵੀ ਉਨ੍ਹਾਂ ਦੀ ਨਿਰਸਵਾਰਥ ਸੇਵਾ ਨੂੰ ਯਾਦ ਕਰਦੇ ਹਨ।
1967 ਦੀਆਂ ਲੋਕ ਸਭਾ ਅਤੇ ਕਈ ਰਾਜ ਵਿਧਾਨ ਸਭਾ ਚੋਣਾਂ ਉਸ ਸਮੇਂ ਦੀ ਅਜੇਤੂ ਮੰਨੀ ਜਾਂਦੀ ਕਾਂਗਰਸ ਲਈ ਹੈਰਾਨ ਕਰਨ ਵਾਲੀਆਂ ਸਨ। ਇਸਦੀ ਬਹੁਤ ਚਰਚਾ ਹੁੰਦੀ ਹੈ, ਪਰ ਇਕ ਘੱਟ ਚਰਚਿਤ ਚੋਣ ਵੀ ਹੋਈ। ਉਹ ਸੀ, ਦਿੱਲੀ ਮੈਟਰੋਪੋਲੀਟਨ ਕੌਂਸਲ ਦੀ ਪਹਿਲੀ ਚੋਣ। ਜਨ ਸੰਘ ਨੇ ਰਾਸ਼ਟਰੀ ਰਾਜਧਾਨੀ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅਡਵਾਨੀ ਜੀ ਕੌਂਸਲ ਦੇ ਚੇਅਰਮੈਨ ਬਣੇ ਅਤੇ ਮਲਹੋਤਰਾ ਜੀ ਨੂੰ ਮੁੱਖ ਕਾਰਜਕਾਰੀ ਕੌਂਸਲਰ ਦੀ ਜ਼ਿੰਮੇਵਾਰੀ ਸੌਂਪੀ ਗਈ, ਜੋ ਕਿ ਲਗਭਗ ਮੁੱਖ ਮੰਤਰੀ ਦੇ ਬਰਾਬਰ ਦਾ ਅਹੁਦਾ ਸੀ। ਉਸ ਸਮੇਂ ਉਹ ਸਿਰਫ 36 ਸਾਲ ਦੇ ਸਨ। ਉਨ੍ਹਾਂ ਨੇ ਆਪਣਾ ਕਾਰਜਕਾਲ ਦਿੱਲੀ ਦੀਆਂ ਲੋੜਾਂ, ਖ਼ਾਸਕਰ ਬੁਨਿਆਦੀ ਢਾਂਚੇ ਅਤੇ ਲੋਕਾਂ ਨਾਲ ਸਬੰਧਤ ਮੁੱਦਿਆਂ ’ਤੇ ਕੇਂਦ੍ਰਿਤ ਕੀਤਾ।
ਇਸ ਜ਼ਿੰਮੇਵਾਰੀ ਨੇ ਮਲਹੋਤਰਾ ਜੀ ਦੇ ਦਿੱਲੀ ਨਾਲ ਸਬੰਧ ਨੂੰ ਹੋਰ ਮਜ਼ਬੂਤ ਕੀਤਾ। ਲੋਕ ਹਿੱਤ ਦੇ ਹਰ ਮੁੱਦੇ ’ਤੇ ਉਹ ਲੋਕਾਂ ਦੇ ਨਾਲ ਸਰਗਰਮੀ ਨਾਲ ਖੜ੍ਹੇ ਹੁੰਦੇ ਅਤੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਦੇ ਸਨ। ਉਨ੍ਹਾਂ ਨੇ 1960 ਦੇ ਦਹਾਕੇ ਵਿਚ ਗਊ ਰੱਖਿਆ ਅੰਦੋਲਨ ਵਿਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਪੁਲਿਸ ਦੀਆਂ ਬੇਰਹਿਮੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਐਮਰਜੈਂਸੀ ਵਿਰੋਧੀ ਅੰਦੋਲਨ ਵਿਚ ਵੀ ਸਰਗਰਮੀ ਨਾਲ ਹਿੱਸਾ ਲਿਆ। ਜਦੋਂ ਦਿੱਲੀ ਦੀਆਂ ਸੜਕਾਂ ’ਤੇ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਜਾ ਰਿਹਾ ਸੀ, ਤਾਂ ਉਹ ਸ਼ਾਂਤੀ ਅਤੇ ਸਦਭਾਵਨਾ ਦੀ ਆਵਾਜ਼ ਬਣ ਕੇ ਸਿੱਖ ਭਾਈਚਾਰੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹੇ। ਉਹ ਮੰਨਦੇ ਸਨ ਕਿ ਚੋਣ ਸਫਲਤਾ ਤੋਂ ਪਰ੍ਹੇ, ਸਿਆਸੀ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਲੋਕਾਂ ਦੀ ਰਾਖੀ ਕਰਨ ਲਈ ਵੀ ਹੈ, ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।
1960 ਦੇ ਦਹਾਕੇ ਦੇ ਅਖੀਰ ਵਿਚ, ਵੀ. ਕੇ. ਮਲਹੋਤਰਾ ਜਨਤਕ ਜੀਵਨ ਵਿਚ ਇਕ ਸਥਾਈ ਹਸਤੀ ਬਣ ਗਏ। ਬਹੁਤ ਘੱਟ ਆਗੂ ਅਜਿਹਾ ਦਾਅਵਾ ਕਰ ਸਕਦੇ ਹਨ ਕਿ ਉਨ੍ਹਾਂ ਕੋਲ ਲੋਕਾਂ ਵਿਚ ਕੰਮ ਕਰਨ ਦਾ ਇੰਨਾ ਲੰਮਾ ਅਤੇ ਠੋਸ ਤਜਰਬਾ ਹੈ। ਉਹ ਇਕ ਅਣਥੱਕ ਵਰਕਰ, ਸ਼ਾਨਦਾਰ ਸੰਗਠਨਕਾਰੀ ਅਤੇ ਇਕ ਸੰਸਥਾ ਨਿਰਮਾਤਾ ਸਨ। ਉਨ੍ਹਾਂ ਕੋਲ ਚੋਣ ਅਤੇ ਸੰਗਠਨਾਤਮਕ ਸਿਆਸਤ ਦੋਵਾਂ ਵਿਚ ਬਰਾਬਰ ਸਹਿਜਤਾ ਨਾਲ ਕੰਮ ਕਰਨ ਦੀ ਵਿਲੱਖਣ ਯੋਗਤਾ ਸੀ। ਉਨ੍ਹਾਂ ਨੇ ਜਨ ਸੰਘ ਅਤੇ ਭਾਜਪਾ ਦੀ ਦਿੱਲੀ ਇਕਾਈ ਨੂੰ ਟਿਕਾਊ ਅਗਵਾਈ ਪ੍ਰਦਾਨ ਕੀਤੀ। ਆਪਣੇ ਲੰਮੇ ਕਰੀਅਰ ਦੌਰਾਨ ਮਲਹੋਤਰਾ ਜੀ ਨੇ ਨਾਗਰਿਕ ਪ੍ਰਸ਼ਾਸਨ ਸੰਭਾਲਿਆ, ਰਾਜ ਵਿਧਾਨ ਸਭਾ ਵਿਚ ਵੀ ਪੁੱਜੇ ਅਤੇ ਦੇਸ਼ ਦੀ ਸੰਸਦ ਵਿਚ ਆਪਣੀ ਮੌਜੂਦਗੀ ਦਰਜ ਕਰਵਾਈ। 1999 ਦੀਆਂ ਲੋਕ ਸਭਾ ਚੋਣਾਂ ਵਿਚ ਡਾ. ਮਨਮੋਹਨ ਸਿੰਘ ਵਿਰੁੱਧ ਉਨ੍ਹਾਂ ਦੀ ਸ਼ਾਨਦਾਰ ਜਿੱਤ ਨੂੰ ਅਜੇ ਵੀ ਹਮਾਇਤੀਆਂ ਅਤੇ ਵਿਰੋਧੀਆਂ ਦੋਵਾਂ ਵਲੋਂ ਯਾਦ ਕੀਤਾ ਜਾਂਦਾ ਹੈ। ਇਹ ਇਕ ਬਹੁਤ ਹੀ ਹਾਈ-ਪ੍ਰੋਫਾਈਲ ਚੋਣ ਸੀ। ਕਾਂਗਰਸ ਪਾਰਟੀ ਦੀ ਪੂਰੀ ਤਾਕਤ ਉਨ੍ਹਾਂ ਦੇ ਦੱਖਣੀ ਦਿੱਲੀ ਹਲਕੇ ਵਿਚ ਕੇਂਦ੍ਰਿਤ ਸੀ ਪਰ ਮਲਹੋਤਰਾ ਨੇ ਕਦੇ ਵੀ ਬਹਿਸ ਦੇ ਪੱਧਰ ਨੂੰ ਨੀਵਾਂ ਨਹੀਂ ਕੀਤਾ। ਉਨ੍ਹਾਂ ਨੇ ਇਕ ਹਾਂ-ਪੱਖੀ ਮੁਹਿੰਮ ਚਲਾਈ। ਗਾਲ੍ਹਾਂ ਅਤੇ ਹਮਲਿਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ 50 ਫੀਸਦੀ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ। ਇਹ ਜਿੱਤ ਸਿਰਫ਼ ਚੋਣ ਪ੍ਰਚਾਰ ਰਾਹੀਂ ਹੀ ਪ੍ਰਾਪਤ ਨਹੀਂ ਹੋਈ ਸੀ; ਇਹ ਮਲਹੋਤਰਾ ਜੀ ਦੀ ਮਜ਼ਬੂਤ ਜ਼ਮੀਨੀ ਪਕੜ ਕਾਰਨ ਹੋਈ ਸੀ। ਉਹ ਪਾਰਟੀ ਵਰਕਰਾਂ ਨਾਲ ਨੇੜਲੇ ਸਬੰਧ ਬਣਾਈ ਰੱਖਣ ਅਤੇ ਵੋਟਰਾਂ ਦੀ ਮਾਨਸਿਕਤਾ ਨੂੰ ਸਮਝਣ ਵਿਚ ਮਾਹਿਰ ਸਨ।
ਮਲਹੋਤਰਾ ਜੀ ਸੰਸਦ ਵਿਚ ਸਟੀਕ ਤਿਆਰੀ ਨਾਲ ਆਪਣੀ ਗੱਲ ਰੱਖਦੇ ਸਨ। ਉਹ ਚੰਗੀ ਤਰ੍ਹਾਂ ਖੋਜ ਕਰ ਕੇ ਆਉਂਦੇ ਸਨ ਅਤੇ ਅਸਰਦਾਰ ਢੰਗ ਨਾਲ ਆਪਣੀ ਗੱਲ ਰੱਖਦੇ ਸਨ। ਯੂ. ਪੀ. ਏ.-1 ਦੌਰਾਨ ਵਿਰੋਧੀ ਧਿਰ ਦੇ ਉਪ ਨੇਤਾ ਵਜੋਂ ਉਨ੍ਹਾਂ ਜਿਸ ਤਰ੍ਹਾਂ ਕੰਮ ਕੀਤਾ, ਉਹ ਸਿਆਸਤ ਵਿਚ ਆਉਣ ਵਾਲੇ ਨੌਜਵਾਨਾਂ ਲਈ ਇਕ ਵਡਮੁੱਲਾ ਸਬਕ ਹੈ। ਉਨ੍ਹਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ। ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਅੱਤਵਾਦ ’ਤੇ ਯੂ. ਪੀ. ਏ. ਸਰਕਾਰ ਦਾ ਪ੍ਰਭਾਵਸ਼ਾਲੀ ਢੰਗ ਨਾਲ ਵਿਰੋਧ ਕੀਤਾ। ਮੈਂ ਉਸ ਸਮੇਂ ਗੁਜਰਾਤ ਦਾ ਮੁੱਖ ਮੰਤਰੀ ਸੀ ਅਤੇ ਅਕਸਰ ਮਲਹੋਤਰਾ ਜੀ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਉਹ ਹਮੇਸ਼ਾ ਗੁਜਰਾਤ ਦੀ ਵਿਕਾਸ ਯਾਤਰਾ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਸਨ।
ਸਿਆਸਤ, ਵੀ. ਕੇ. ਮਲਹੋਤਰਾ ਦੀ ਸ਼ਖਸੀਅਤ ਦਾ ਸਿਰਫ਼ ਇਕ ਪਹਿਲੂ ਸੀ। ਉਹ ਇਕ ਸ਼ਾਨਦਾਰ ਸਿੱਖਿਆ ਵਿਦਵਾਨ ਵੀ ਸਨ। ਮੈਨੂੰ ਉਨ੍ਹਾਂ ਦੇ ਪਰਿਵਾਰ ਤੋਂ ਪਤਾ ਲੱਗਾ ਕਿ ਉਨ੍ਹਾਂ ਨੇ ਸਕੂਲ ਵਿਚ ਡਬਲ ਪ੍ਰਮੋਸ਼ਨ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੀ ਦਸਵੀਂ ਅਤੇ ਗ੍ਰੈਜੂਏਸ਼ਨ ਸਮੇਂ ਤੋਂ ਪਹਿਲਾਂ ਪੂਰੀ ਕੀਤੀ। ਹਿੰਦੀ ’ਤੇ ਉਨ੍ਹਾਂ ਦੀ ਪਕੜ ਇੰਨੀ ਮਜ਼ਬੂਤ ਸੀ ਕਿ ਉਹ ਅਕਸਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਭਾਸ਼ਣਾਂ ਦਾ ਹਿੰਦੀ ਅਨੁਵਾਦ ਕਰਦੇ ਸਨ।
ਉਨ੍ਹਾਂ ਨੂੰ ਨਵੀਆਂ ਸੰਸਥਾਵਾਂ ਅਤੇ ਨਵੀਆਂ ਪ੍ਰਣਾਲੀਆਂ ਸਥਾਪਤ ਕਰਨ ਲਈ ਵੀ ਜਾਣਿਆ ਜਾਂਦਾ ਹੈ। ਉਹ ਆਰ. ਐੱਸ. ਐੱਸ. ਨਾਲ ਸਬੰਧਤ ਕਈ ਸੰਗਠਨਾਂ ਦੇ ਸੰਸਥਾਪਕ ਅਤੇ ਸਰਪ੍ਰਸਤ ਰਹੇ। ਉਨ੍ਹਾਂ ਦੇ ਯਤਨਾਂ ਨਾਲ ਕਈ ਸੱਭਿਆਚਾਰਕ, ਵਿੱਦਿਅਕ ਅਤੇ ਸਮਾਜਿਕ ਸੰਸਥਾਵਾਂ ਦਾ ਵਿਕਾਸ ਹੋਇਆ ਅਤੇ ਮਾਰਗਦਰਸ਼ਨ ਮਿਲਿਆ। ਇਨ੍ਹਾਂ ਸੰਸਥਾਵਾਂ ਰਾਹੀਂ, ਬਹੁਤ ਸਾਰੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਵਧਣ-ਫੁੱਲਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਦੀ ਅਗਵਾਈ ਹੇਠ ਸਥਾਪਤ ਸੰਸਥਾਵਾਂ ਪ੍ਰਤਿਭਾ ਅਤੇ ਸੇਵਾ ਦੇ ਸਕੂਲ ਬਣ ਗਈਆਂ। ਉਨ੍ਹਾਂ ਨੇ ਅਜਿਹੇ ਸਮਾਜ ਦਾ ਵਿਜ਼ਨ ਦਿੱਤਾ ਜੋ ਆਤਮਨਿਰਭਰ ਹੋਵੇ ਅਤੇ ਕਦਰਾਂ-ਕੀਮਤਾਂ ’ਤੇ ਟਿਕਿਆ ਹੋਵੇ।
ਸਿਆਸਤ ਅਤੇ ਅਕਾਦਮਿਕ ਜੀਵਨ ਤੋਂ ਪਰ੍ਹੇ, ਮਲਹੋਤਰਾ ਜੀ ਨੇ ਖੇਡ ਜਗਤ ਵਿਚ ਵੀ ਅਮਿੱਟ ਛਾਪ ਛੱਡੀ। ਤੀਰਅੰਦਾਜ਼ੀ ਉਨ੍ਹਾਂ ਦਾ ਡੂੰਘਾ ਸ਼ੌਕ ਸੀ ਅਤੇ ਉਨ੍ਹਾਂ ਨੇ ਕਈ ਦਹਾਕਿਆਂ ਤੱਕ ਤੀਰਅੰਦਾਜ਼ੀ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਉਨ੍ਹਾਂ ਦੀ ਅਗਵਾਈ ਹੇਠ ਭਾਰਤੀ ਤੀਰਅੰਦਾਜ਼ੀ ਨੂੰ ਆਲਮੀ ਪਛਾਣ ਮਿਲੀ। ਉਨ੍ਹਾਂ ਨੇ ਖਿਡਾਰੀਆਂ ਨੂੰ ਇਕ ਮੰਚ ਅਤੇ ਮੌਕੇ ਦਿਵਾਉਣ ਲਈ ਅਣਥੱਕ ਯਤਨ ਕੀਤੇ। ਖੇਡ ਪ੍ਰਸ਼ਾਸਨ ਵਿਚ ਵੀ ਉਨ੍ਹਾਂ ਨੇ ਉਹੀ ਗੁਣ ਦਿਖਾਏ ਜੋ ਲੋਕ ਜੀਵਨ ਵਿਚ ਸਨ ਭਾਵ ਸਮਰਪਣ, ਸੰਗਠਨ ਸਮਰੱਥਾ ਅਤੇ ਉੱਤਮਤਾ ਦੀ ਨਿਰੰਤਰ ਖੋਜ।
ਵੀ. ਕੇ. ਮਲਹੋਤਰਾ ਜੀ ਨੂੰ ਅੱਜ ਲੋਕ ਨਾ ਸਿਰਫ਼ ਉਨ੍ਹਾਂ ਵਲੋਂ ਸੰਭਾਲੇ ਗਏ ਅਹੁਦਿਆਂ ਲਈ, ਸਗੋਂ ਉਨ੍ਹਾਂ ਦੀ ਸੰਵੇਦਨਸ਼ੀਲਤਾ ਲਈ ਵੀ ਯਾਦ ਕਰ ਰਹੇ ਹਨ। ਉਨ੍ਹਾਂ ਨੂੰ ਇਕ ਅਜਿਹੇ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ ਜੋ ਹਮੇਸ਼ਾ ਲੋਕਾਂ ਦੀ ਔਖੀ ਘੜੀ ਵਿਚ ਉਨ੍ਹਾਂ ਨਾਲ ਖੜ੍ਹਾ ਹੁੰਦਾ ਸੀ। ਜਿੱਥੇ ਵੀ ਮਦਦ ਦੀ ਲੋੜ ਹੁੰਦੀ ਸੀ, ਉਨ੍ਹਾਂ ਨੇ ਖ਼ੁਦ ਅੱਗੇ ਵਧ ਕੇ ਯੋਗਦਾਨ ਪਾਇਆ। ਉਹ ਕਦੇ ਵੀ ਮਾੜੇ ਹਾਲਾਤ ਵਿਚ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜੇ। ਉਹ ਇਕ ਆਦਰਸ਼ ਪਾਰਟੀ ਵਰਕਰ ਸਨ, ਉਨ੍ਹਾਂ ਨੇ ਕਦੇ ਵੀ ਕੁਝ ਅਜਿਹਾ ਨਹੀਂ ਬੋਲਿਆ ਜਿਸ ਨਾਲ ਸਾਡੇ ਵਰਕਰਾਂ ਜਾਂ ਵਿਚਾਰਧਾਰਾ ਨੂੰ ਠੇਸ ਪਹੁੰਚੇ।
ਕੁਝ ਦਿਨ ਪਹਿਲਾਂ, ਮੈਂ ਨਵੀਂ ਦਿੱਲੀ ਭਾਜਪਾ ਦੇ ਨਵੇਂ ਹੈੱਡਕੁਆਰਟਰ ਦੇ ਉਦਘਾਟਨੀ ਪ੍ਰੋਗਰਾਮ ਵਿਚ ਸ਼ਾਮਲ ਹੋਇਆ ਸੀ। ਉੱਥੇ, ਮੈਂ ਸ਼੍ਰੀ ਵੀ. ਕੇ. ਮਲਹੋਤਰਾ ਨੂੰ ਮੋਹ ਨਾਲ ਯਾਦ ਕੀਤਾ। ਇਸ ਸਾਲ ਜਦੋਂ ਭਾਜਪਾ ਨੇ ਤਿੰਨ ਦਹਾਕਿਆਂ ਬਾਅਦ ਦਿੱਲੀ ਵਿਚ ਸਰਕਾਰ ਬਣਾਈ ਤਾਂ ਉਹ ਬਹੁਤ ਉਤਸ਼ਾਹਿਤ ਸਨ। ਉਨ੍ਹਾਂ ਦੀਆਂ ਆਸਾਂ-ਉਮੀਦਾਂ ਬਹੁਤ ਵੱਡੀਆਂ ਸਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਵਚਨਬੱਧ ਹਾਂ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਜੀਵਨ ਅਤੇ ਪ੍ਰਾਪਤੀਆਂ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।
- ਨਰਿੰਦਰ ਮੋਦੀ