‘ਨਾਜਾਇਜ਼ ਨਸ਼ਾ ਮੁਕਤੀ ਕੇਂਦਰ’ ‘ਇਲਾਜ ਦੇ ਨਾਂ ’ਤੇ ਦੇ ਰਹੇ ਤਸੀਹੇ’
Sunday, Apr 27, 2025 - 06:22 AM (IST)

ਭਾਰਤ ’ਚ ਪਿਛਲੇ ਕੁਝ ਦਹਾਕਿਆਂ ਦੌਰਾਨ ਖਾਸ ਤੌਰ ’ਤੇ ਨੌਜਵਾਨਾਂ ’ਚ ਨਸ਼ਿਆਂ ਦੀ ਲਤ ’ਚ ਭਾਰੀ ਵਾਧਾ ਹੋਣ ਕਾਰਨ ਉਨ੍ਹਾਂ ਦੇ ਇਲਾਜ ਲਈ ‘ਨਸ਼ਾ ਮੁਕਤੀ ਕੇਂਦਰਾਂ’ ਦੀ ਸਥਾਪਨਾ ਦੀ ਲੋੜ ਵਧੀ ਹੈ।
ਇਸ ਦਾ ਨਾਜਾਇਜ਼ ਲਾਭ ਉਠਾਉਂਦੇ ਹੋਏ ਸਮਾਜ ਵਿਰੋਧੀ ਤੱਤਾਂ ਨੇ ‘ਨਾਜਾਇਜ਼ ਨਸ਼ਾ ਮੁਕਤੀ ਕੇਂਦਰ’ ਖੋਲ੍ਹ ਕੇ ਪੀੜਤਾਂ ਦਾ ਇਲਾਜ ਕਰਨ ਦੀ ਥਾਂ ਉਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਆਦਿ ਦੇ ਕੇ ਠੱਗਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਉਨ੍ਹਾਂ ਕੋਲੋਂ ਭਾਰੀ-ਭਰਕਮ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ।
ਅਜਿਹੇ ‘ਨਾਜਾਇਜ਼ ਨਸ਼ਾ ਮੁਕਤੀ ਕੇਂਦਰਾਂ’ ’ਚ ਨਸ਼ੇ ਦੀ ਤਲਬ ਹੋਣ ’ਤੇ ਜਦੋਂ ਨਸ਼ੇੜੀ ਤੜਫਦੇ ਹਨ ਤਾਂ ਉਨ੍ਹਾਂ ਨਾਲ ਮਾਰਕੁੱਟ ਤੱਕ ਕੀਤੀ ਜਾਂਦੀ ਹੈ। ਕਈ ਵਾਰ ਉਨ੍ਹਾਂ ਨੂੰ ਬੰਨ੍ਹ ਕੇ ਵੀ ਰੱਖਿਆ ਜਾਂਦਾ ਹੈ ਅਤੇ ਦਵਾ ਦੇ ਨਾਂ ’ਤੇ ਨਸ਼ਾ ਦੇ ਦਿੱਤਾ ਜਾਂਦਾ ਹੈ। ‘ਨਾਜਾਇਜ਼ ਨਸ਼ਾ ਮੁਕਤੀ ਕੇਂਦਰਾਂ’ ’ਚ ਇਲਾਜ ਲਈ ਲਿਆਂਦੇ ਗਏ ਨਸ਼ੇੜੀਆਂ ’ਤੇ ਜ਼ੁਲਮ ਕਰਨ ਦੀਆਂ ਪਿਛਲੇ ਦੋ ਮਹੀਨਿਆਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 25 ਫਰਵਰੀ ਨੂੰ ‘ਡੱਬਵਾਲੀ’ (ਹਰਿਆਣਾ) ਦੇ ਪਿੰਡ ‘ਲੋਹਗੜ੍ਹ’ ’ਚ ਬਿਨਾਂ ਮਨਜ਼ੂਰੀ ਅਤੇ ਬਿਨਾਂ ਡਾਕਟਰ ਦੇ ਨਾਜਾਇਜ਼ ਤੌਰ ’ਤੇ ਚਲਾਏ ਜਾ ਰਹੇ ਇਕ ਨਸ਼ਾ ਮੁਕਤੀ ਕੇਂਦਰ ’ਤੇ ਛਾਪਾ ਮਾਰ ਕੇ ਉੱਥੇ ਨਸ਼ਾ ਮੁਕਤੀ ਦੇ ਨਾਂ ’ਤੇ ਬੰਦੀ ਬਣਾ ਕੇ ਰੱਖੇ ਗਏ 30 ਨੌਜਵਾਨਾਂ ਨੂੰ ਮੁਕਤ ਕਰਵਾਇਆ ਗਿਆ। ਇਨ੍ਹਾਂ ’ਚੋਂ 25 ਨੌਜਵਾਨ ਪੰਜਾਬ ਨਾਲ ਸੰਬੰਧਤ ਸਨ।
* 20 ਮਾਰਚ ਨੂੰ ‘ਬਿਜਨੌਰ’ (ਉੱਤਰ ਪ੍ਰਦੇਸ਼) ’ਚ ਇਕ ਨਸ਼ਾ ਮੁਕਤੀ ਕੇਂਦਰ ’ਚ ਭਰਤੀ ‘ਫੈਸਲ’ ਨਾਂ ਦੇ ਨਸ਼ੇੜੀ ਵਲੋਂ ਰਾਤ ਸਮੇਂ ਚੀਕਣ-ਚਿੱਲਾਉਣ ਅਤੇ ਰੌਲਾ ਪਾਉਣ ’ਤੇ ਕੱਪੜਾ ਤੁੰਨ ਕੇ ਉਸ ਦਾ ਮੂੰਹ ਬੰਦ ਕਰ ਕੇ ਮਾਰਕੁੱਟ ਕਰਨ ਪਿੱਛੋਂ ਗਮਛੇ ਨਾਲ ਗਲ਼ ਘੁਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ।
* 27 ਮਾਰਚ ਨੂੰ ਅਧਿਕਾਰੀਆਂ ਨੇ ਬਠਿੰਡਾ (ਪੰਜਾਬ) ਦੇ ਪਿੰਡ ‘ਬੁਲਾਢੇਵਾਲਾ’ ’ਚ ਚੱਲ ਰਹੇ ਇਕ ‘ਨਾਜਾਇਜ਼ ਨਸ਼ਾ ਮੁਕਤੀ ਕੇਂਦਰ’ ’ਚ ਛਾਪੇਮਾਰੀ ਕਰ ਕੇ 38 ਮਰੀਜ਼ਾਂ ਨੂੰ ਮੁਕਤ ਕਰਵਾਇਆ। ਨਸ਼ੇ ਦੇ ਆਦੀ ਮਰੀਜ਼ਾਂ ਦੇ ਨਾਲ ਨਸ਼ਾ ਮੁਕਤੀ ਕੇਂਦਰ ਦੇ ਸੰਚਾਲਕਾਂ ਦੇ ਬਾਊਂਸਰ ਮਾਰਕੁੱਟ ਕਰਦੇ ਸਨ ਅਤੇ ਨੀਂਦ ਨਾ ਆਉਣ ’ਤੇ ਉਨ੍ਹਾਂ ਨੂੰ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਸਨ।
* 4 ਅਪ੍ਰੈਲ ਨੂੰ ‘ਫਰੀਦਕੋਟ’ (ਪੰਜਾਬ) ’ਚ ਸਿਹਤ ਵਿਭਾਗ ਅਤੇ ਪੁਲਸ ਦੀ ਸਾਂਝੀ ਕਾਰਵਾਈ ’ਚ ਇਕ ਕੋਠੀ ’ਚ ਚਲਾਏ ਜਾ ਰਹੇ ਨਾਜਾਇਜ਼ ਨਸ਼ਾ ਮੁਕਤੀ ਕੇਂਦਰ ’ਚੋਂ ਛੁਡਵਾ ਕੇ 21 ਮਰੀਜ਼ਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ’ਚ ਭਰਤੀ ਕਰਵਾਇਆ ਿਗਆ।
ਇੱਥੇ ਮਰੀਜ਼ਾਂ ਨਾਲ ਅਣਮਨੁੱਖੀ ਵਤੀਰਾ ਕਰਨ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਸਨ ਅਤੇ ਇੱਥੇ ਦਾਖਲ ਮਰੀਜ਼ਾਂ ਨੂੰ ਭੱਜਣ ਤੋਂ ਰੋਕਣ ਲਈ ਕੋਠੀ ਦੀਆਂ ਕੰਧਾਂ ’ਤੇ ‘ਫੈਂਸਿੰਗ ਤਾਰਾਂ’ ਵੀ ਲਾਈਆਂ ਗਈਆਂ ਸਨ।
* 4 ਅਪ੍ਰੈਲ ਨੂੰ ਹੀ ਅਧਿਕਾਰੀਆਂ ਨੇ ‘ਬਠਿੰਡਾ’ (ਪੰਜਾਬ) ਦੇ ਪਿੰਡ ‘ਗੁਮਟੀ ਕਲਾਂ’ ’ਚ ਇਕ ਨਾਜਾਇਜ਼ ਨਸ਼ਾ ਮੁਕਤੀ ਕੇਂਦਰ ਦਾ ਪਰਦਾਫਾਸ਼ ਕਰ ਕੇ ਉੱਥੋਂ 10 ਮਰੀਜ਼ਾਂ ਨੂੰ ਮੁਕਤ ਕਰਵਾਇਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਇਸ ਸੈਂਟਰ ’ਤੇ ਛਾਪਾ ਮਾਰ ਕੇ ਇਸ ਨੂੰ ਬੰਦ ਕਰਵਾਇਆ ਗਿਆ ਸੀ ਪਰ ਸੰਚਾਲਕ ਨੇ ਇਸ ਨੂੰ ਫਿਰ ਤੋਂ ਖੋਲ੍ਹ ਕੇ ਮਰੀਜ਼ ਦਾਖਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
* 10 ਅਪ੍ਰੈਲ ਨੂੰ ਪਲਵਲ (ਹਰਿਆਣਾ) ’ਚ ‘ਬਾਮਣੀਖੇੜਾ’ ਨੇੜੇ ਨਾਜਾਇਜ਼ ਤੌਰ ’ਤੇ ਚੱਲ ਰਹੇ ਇਕ ਨਸ਼ਾ ਮੁਕਤੀ ਕੇਂਦਰ ਦਾ ਅਧਿਕਾਰੀਆਂ ਨੇ ਭਾਂਡਾ ਭੰਨਿਆ ਜਿੱਥੇ 2 ਛੋਟੇ-ਛੋਟੇ ਕਮਰਿਆਂ ’ਚ ਇਕ ਨਾਬਾਲਿਗ ਸਮੇਤ 42 ਮਰੀਜ਼ਾਂ ਨੂੰ ਬੰਦ ਰੱਖਿਆ ਗਿਆ ਸੀ। ਉੱਥੇ ਕੋਈ ਡਾਕਟਰ ਜਾਂ ਮਨੋਰੋਗ ਮਾਹਿਰ ਨਹੀਂ ਸੀ।
* ਅਤੇ ਹੁਣ 25 ਅਪ੍ਰੈਲ ਨੂੰ ਜਲੰਧਰ (ਪੰਜਾਬ) ਦੇ ਪਿੰਡ ‘ਸਮਰਾਏ’ ’ਚ ਅਧਿਕਾਰੀਆਂ ਨੇ ਇਕ ‘ਨਾਜਾਇਜ਼ ਨਸ਼ਾ ਮੁਕਤੀ ਕੇਂਦਰ’ ’ਚ ਰੱਖੇ ਗਏ 103 ਮਰੀਜ਼ਾਂ ਨੂੰ ਛੁਡਵਾ ਕੇ ਇਸ ਕੇਂਦਰ ਨੂੰ ਚਲਾਉਣ ਵਾਲੇ 5 ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਮੁਹਿੰਮ ਦੌਰਾਨ 57 ਪੈਕੇਟ ‘ਅਲਪਰਾਜ਼ੋਲਮ’ ਗੋਲੀਆਂ ਅਤੇ 10 ਪੈਕੇਟ ‘ਪੈਨਾਡੋਲ’ ਸਮੇਤ 2005 ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ ਗਈਆਂ। ਇੱਥੇ 25 ਲੋਕਾਂ ਦੀ ਰਹਿਣ ਦੀ ਥਾਂ ’ਤੇ 125 ਮਰੀਜ਼ਾਂ ਨੂੰ ਰੱਖਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ’ਚ ਵੀ ਜਲੰਧਰ ਪ੍ਰਸ਼ਾਸਨ ਨੇ ‘ਜਮਸ਼ੇਰ’ ਸਥਿਤ ਇਕ ਨਾਜਾਇਜ਼ ਨਸ਼ਾ ਮੁਕਤੀ ਕੇਂਦਰ ’ਚੋਂ 34 ਨੌਜਵਾਨਾਂ ਨੂੰ ਮੁਕਤ ਕਰਵਾਇਆ ਸੀ।
ਜਾਣਕਾਰਾਂ ਅਨੁਸਾਰ ਭਾਰਤ ’ਚ ਸਿਰਫ 4000-4500 ਮਨੋਰੋਗ ਮਾਹਿਰ ਹੀ ਹਨ ਅਤੇ ਉਹ ਸਾਰੇ ਨਸ਼ਾ ਮੁਕਤੀ ਇਲਾਜ ਨਾਲ ਜੁੜੇ ਹੋਏ ਵੀ ਨਹੀਂ ਹਨ, ਜਿਸ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਨਸ਼ਾ ਪੀੜਤਾਂ ਦੇ ਇਲਾਜ ਲਈ ਮਾਹਿਰਾਂ ਦੀ ਕਮੀ ਹੈ ਅਤੇ 9 ਸਾਲ ਦੀ ਛੋਟੀ ਉਮਰ ਦੇ ਬੱਚੇ ਵੀ ਹੁਣ ਨਸ਼ੇ ਦੀ ਲਤ ਦੇ ਸ਼ਿਕਾਰ ਹੋ ਰਹੇ ਹਨ।
ਇਸ ਲਈ ਜਿੱਥੇ ਦੇਸ਼ ’ਚ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ’ਚ ਸਹੂਲਤਾਂ ਵਧਾਉਣ ਦੀ ਲੋੜ ਹੈ, ਉੱਥੇ ਹੀ ਨਾਜਾਇਜ਼ ਨਸ਼ਾ ਮੁਕਤੀ ਕੇਂਦਰ ਚਲਾ ਕੇ ਲੋਕਾਂ ਨੂੰ ਲੁੱਟਣ ਅਤੇ ਨਸ਼ਾ ਪੀੜਤਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ।
ਨਾਲ ਹੀ ਪੀੜਤਾਂ ਦੇ ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਮਰੀਜ਼ਾਂ ਨੂੰ ‘ਨਾਜਾਇਜ਼ ਨਸ਼ਾ ਮੁਕਤੀ ਕੇਂਦਰਾਂ’ ’ਚ ਇਲਾਜ ਲਈ ਲੈ ਕੇ ਨਾ ਜਾਣ ਜਾਂ ਉਨ੍ਹਾਂ ਨੂੰ ਖੁਦ ਵੀ ਨਾ ਜਾਣ ਦੇਣ ਅਤੇ ਉਨ੍ਹਾਂ ਨੂੰ ਜਾਇਜ਼ ਅਤੇ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ’ਚ ਹੀ ਦਾਖਲ ਕਰਵਾਉਣ ਤਾਂ ਕਿ ਉਹ ਠੀਕ ਹੋ ਸਕਣ।
–ਵਿਜੇ ਕੁਮਾਰ