‘ਲੋਕਾਂ ਦੀ ਸਿਹਤ ਨਾਲ ਖੇਡ ਰਹੇ’ ਖੁਰਾਕੀ ਪਦਾਰਥਾਂ ’ਚ ਮਿਲਾਵਟ ਕਰਨ ਵਾਲੇ!
Saturday, Oct 04, 2025 - 04:30 AM (IST)

ਨਿੱਜੀ ਸਵਾਰਥਾਂ ਤੋਂ ਪ੍ਰੇਰਿਤ ਮਿਲਾਵਟਖੋਰ ਵੱਧ ਲਾਭ ਕਮਾਉਣ ਦੇ ਲਾਲਚ ’ਚ ਖੁਰਾਕੀ ਪਦਾਰਥਾਂ ’ਚ ਹਾਨੀਕਾਰਕ ਵਸਤਾਂ ਦੀ ਮਿਲਾਵਟ ਕਰ ਕੇ ਲੋਕਾਂ ਦੀ ਸਿਹਤ ਨਾਲ ਖੇਡ ਰਹੇ ਹਨ। ਇਸ ਦੀਆਂ ਪਿਛਲੇ ਲਗਭਗ 3 ਹਫਤੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 15 ਸਤੰਬਰ ਨੂੰ ‘ਦਿੱਲੀ’ ਦੀ ਉੱਤਰੀ ਬਾਹਰੀ ਜ਼ਿਲਾ ਪੁਲਸ ਨੇ ਫੈਕਟਰੀ ਦਾ ਭਾਂਡਾ ਭੰਨ ਕੇ ਉੱਥੋਂ ਲਗਭਗ 7600 ਲੀਟਰ ਮਿਲਾਵਟੀ ਘਿਓ ਬਰਾਮਦ ਕਰ ਕੇ ਫੈਕਟਰੀ ਦੇ ਸੁਪਰਵਾਈਜ਼ਰ ਬ੍ਰਜੇਸ਼ ਨੂੰ ਗ੍ਰਿਫਤਾਰ ਕੀਤਾ ਜਦਕਿ ਫੈਕਟਰੀ ਦਾ ਮਾਲਕ ਫਰਾਰ ਹੈ।
* 23 ਸਤੰਬਰ ਨੂੰ ‘ਜੈਪੁਰ’ (ਰਾਜਸਥਾਨ) ਦੀ ਫੂਡ ਸੇਫਟੀ ਟੀਮ ਨੇ ‘ਚਾਂਦਪੋਲ ਬਾਜ਼ਾਰ’ ਸਥਿਤ ਇਕ ਗੋਦਾਮ ’ਤੇ ਛਾਪਾ ਮਾਰ ਕੇ ਉੱਥੋਂ ਵੱਖ-ਵੱਖ ਪ੍ਰਸਿੱਧ ਬ੍ਰਾਂਡਾਂ ਦੇ ਲੇਬਲ ਲਗਾ ਕੇ ਵੇਚਿਆ ਜਾਣ ਵਾਲਾ 884 ਲੀਟਰ ਨਕਲੀ ਦੇਸੀ ਘਿਓ ਬਰਾਮਦ ਕੀਤਾ।
* 23 ਸਤੰਬਰ ਨੂੰ ਹੀ ‘ਜੈਪੁਰ’ (ਰਾਜਸਥਾਨ) ਦੀ ਫੂਡ ਸੇਫਟੀ ਟੀਮ ਨੇ ‘ਮਾਲਵੀਯ ਨਗਰ’ ’ਚ ਇਕ ‘ਪਿਕਅਪ ਵੈਨ’ ਨੂੰ ਜ਼ਬਤ ਕਰ ਉਸ ’ਚੋਂ 400 ਿਕਲੋਗ੍ਰਾਮ ਮਿਲਾਵਟੀ ਪਨੀਰ ਬਰਾਮਦ ਕਰ ਕੇ ਉਸ ਨੂੰ ਨਸ਼ਟ ਕਰਵਾਇਆ।
* 26 ਸਤੰਬਰ ਨੂੰ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ’ਚ ਖੁਰਾਕ ਸੁਰੱਖਿਆ ਵਿਭਾਗ ਦੀ ਟੀਮ ਨੇ ‘ਸੋਨ ਪਾਪੜੀ’ ਦੇ ਗੋਦਾਮ ’ਤੇ ਛਾਪਾ ਮਾਰ ਕੇ ਉਥੋਂ ਭਾਰੀ ਮਾਤਰਾ ’ਚ ਨਕਲੀ ‘ਸੋਨ ਪਾਪੜੀ’ ਜ਼ਬਤ ਕਰ ਕੇ ਫੈਕਟਰੀ ਨੂੰ ਸੀਲ ਕਰ ਦਿੱਤਾ।
* 28 ਸਤੰਬਰ ਨੂੰ ‘ਨਿਜਾਮਪੁਰ’ (ਉੱਤਰ ਪ੍ਰਦੇਸ਼) ’ਚ ਨਕਲੀ ਮਠਿਆਈ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕੀਤਾ ਜਿੱਥੇ ਘਟੀਆ ਸਮੱਗਰੀ ਨਾਲ ਵੱਡੇ ਪੱਧਰ ’ਤੇ ਪੇੜਾ, ਬਰਫੀ ਅਤੇ ਟੌਫੀਆਂ ਆਦਿ ਬਣਾਈਆਂ ਜਾ ਰਹੀਆਂ ਸਨ।
* 28 ਸਤੰਬਰ ਨੂੰ ਹੀ ਖੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਇਕ ਪਿਕਅਪ ਵੈਨ ’ਚ ਭਰ ਕੇ ‘ਅਲਵਰ’ (ਰਾਜਸਥਾਨ) ਤੋਂ ‘ਜੈਪੁਰ’ ਲਿਜਾਇਆ ਜਾ ਰਿਹਾ 110 ਕਿਲੋ ਮਿਲਾਵਟੀ ਪਨੀਰ ਨਸ਼ਟ ਕਰਵਾਇਆ। ਇਸ ਸੰਬੰਧ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਿਗਆ।
* 29 ਸਤੰਬਰ ਨੂੰ ਰਾਜਸਥਾਨ ਦੇ ‘ਬਾਨਸੂਰ’ ਅਤੇ ‘ਕੋਟਪੂਤਲੀ’ ’ਚ ਖੁਰਾਕ ਵਿਭਾਗ ਨੇ 600 ਲੀਟਰ ਨਕਲੀ ਦੁੱਧ ਅਤੇ 375 ਲੀਟਰ ਮਿਲਾਵਟੀ ਘਿਓ ਜ਼ਬਤ ਕੀਤਾ।
* 30 ਸਤੰਬਰ ਨੂੰ ‘ਗੁਰੂਗ੍ਰਾਮ’ (ਹਰਿਆਣਾ) ਦੇ ਫਰੂਖਨਗਰ ’ਚ ਖੁਰਾਕ ਸੁਰੱਖਿਆ ਵਿਭਾਗ ਅਤੇ ਸੀ. ਐੱਮ. ਫਲਾਇੰਗ ਦੀ ਸੰਯੁਕਤ ਟੀਮ ਨੇ ਵੱਖ-ਵੱਖ ਦੁਕਾਨਾਂ ’ਤੇ ਛਾਪੇ ਮਾਰ ਕੇ 2000 ਕਿਲੋ ਤੋਂ ਵੱਧ ਮਿਲਾਵਟੀ ਪਨੀਰ ਅਤੇ ਖੋਆ (ਮਾਵਾ) ਜ਼ਬਤ ਕੀਤਾ ਅਤੇ ਸੈਂਪਲ ਦੀ ਰਿਪੋਰਟ ਆਉਣ ਤੋਂ ਪਹਿਲਾਂ ਬਰਾਮਦਗੀ ਵਾਲੇ ਅਦਾਰਿਆਂ ਨੂੰ ਸੀਲ ਕਰ ਦਿੱਤਾ।
* 30 ਸਤੰਬਰ ਨੂੰ ‘ਕੋਟਪੂਤਲੀ’ (ਰਾਜਸਥਾਨ) ਦੇ ‘ਵਿਰਾਟਨਗਰ’ ’ਚ ਵੱਡੀ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਇਕ ਪਿਕਅਪ ਤੋਂ 1100 ਕਿਲੋ ‘ਸਿੰਥੈਂਟਿਕ ਪਨੀਰ’ ਬਰਾਮਦ ਕਰ ਕੇ ਉਸ ਨੂੰ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਅਤੇ ਇਕ ਮੁਲਜ਼ਮ ਨੂੰ ਹਿਰਾਸਤ ’ਚ ਲਿਆ।
* 1 ਅਕਤੂਬਰ, 2025 ਨੂੰ ‘ਗਵਾਲੀਅਰ’ (ਮੱਧ ਪ੍ਰਦੇਸ਼) ’ਚ ‘ਸਿਰੋਲ’ ਦੀ ਪੁਲਸ ਨੇ ਇਕ ਪਿਕਅਪ ਵੈਨ ਨੂੰ ਰੋਕ ਕੇ ਉਸ ’ਚ ਭੋਪਾਲ ’ਚ ਸਪਲਾਈ ਕਰਨ ਲਈ ਲਿਜਾਇਆ ਜਾ ਰਿਹਾ ਲਗਭਗ 800 ਕਿਲੋ ਮਿਲਾਵਟੀ ਮਾਵਾ ਜ਼ਬਤ ਕਰ ਕੇ ਪਿਕਅਪ ਵੈਨ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ।
* ਅਤੇ ਹੁਣ 2 ਅਕਤੂਬਰ ਨੂੰ ‘ਨਵੀਂ ਦਿੱਲੀ’ ’ਚ ਪੁਲਸ ਨੇ ਮਿਲਾਵਟੀ ਘਿਓ ਵੇਚਣ ਵਾਲੇ ਇਕ ਗਿਰੋਹ ਦਾ ਭਾਂਡਾ ਭੰਨਦੇ ਹੋਏ 6 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਨਾਜਾਇਜ਼ ਕਾਰਖਾਨਿਆਂ ਤੋਂ 1600 ਕਿਲੋ ਮਿਲਾਵਟੀ ਘਿਓ ਜ਼ਬਤ ਕੀਤਾ।
* 2 ਅਕਤੂਬਰ ਨੂੰ ਹੀ ‘ਬਰਨਾਲਾ’ (ਪੰਜਾਬ) ਦੇ ‘ਧਨੌਲਾ’ ’ਚ ਖੁਰਾਕ ਸਪਲਾਈ ਵਿਭਾਗ ਨੇ ਇਕ ਗੋਦਾਮ ਤੋਂ ਵੱਡੀ ਮਾਤਰਾ ’ਚ ਨਕਲੀ ਪਨੀਰ ਜ਼ਬਤ ਕੀਤਾ
ਸਿਹਤ ਮਾਹਿਰਾਂ ਅਨੁਸਾਰ ਦੁੱਧ, ਘਿਓ ਅਤੇ ਪਨੀਰ ਵਰਗੇ ਖੁਰਾਕੀ ਪਦਾਰਥਾਂ ’ਚ ਮਿਲਾਵਟ ਨਾਲ ਪਾਚਨ ਤੰਤਰ, ਲਿਵਰ ਅਤੇ ਕਿਡਨੀ ’ਤੇ ਸਿੱਧਾ ਅਸਰ ਪੈਂਦਾ ਹੈ।
ਿਮਲਾਵਟੀ ਵਸਤਾਂ ਖਾਣ ਨਾਲ ਹੋਰ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਮਿਲਾਵਟੀ ਘਿਓ ਅਤੇ ਪਨੀਰ ਖਾਣ ਨਾਲ ਕੈਂਸਰ ਤੱਕ ਵੀ ਹੋ ਸਕਦਾ ਹੈ।
ਇਸ ਲਈ ਲੋੜ ਇਸ ਗੱਲ ਦੀ ਹੈ ਕਿ ਮਿਲਾਵਟੀ ਖੁਰਾਕੀ ਪਦਾਰਥ ਬਣਾਉਣ ਵਾਲਿਆਂ ’ਤੇ ਸਖਤੀ ਕੀਤੀ ਜਾਵੇ ਅਤੇ ਇਸ ’ਚ ਹੋਣ ਵਾਲੀ ਸਜ਼ਾ ਨੂੰ 7 ਸਾਲ ਤੋਂ ਵਧਾ ਕੇ ਉਮਰ ਕੈਦ ਕੀਤੀ ਜਾਵੇ। ਪ੍ਰਸ਼ਨ ਇਹ ਵੀ ਹੈ ਕਿ ਤਿਉਹਾਰਾਂ ਦੇ ਸਮੇਂ ਹੀ ਸਰਕਾਰ ਹਰਕਤ ’ਚ ਕਿਉਂ ਆਉਂਦੀ ਹੈ, ਹਮੇਸ਼ਾ ਕਿਉਂ ਨਹੀਂ?
–ਵਿਜੇ ਕੁਮਾਰ