ਜੀਵਨ ਦੀ ਆਖਰੀ ਯਾਤਰਾ ਲਈ ਤਿਆਰ ਹਾਂ

Thursday, Sep 12, 2024 - 06:10 PM (IST)

ਆਪਣੀ ਗੈਰ-ਰਵਾਇਤੀ ਸਿਆਸਤ, ਪਾਰਟੀ ਲਾਈਨ ਤੋਂ ਪਰ੍ਹੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਸਮਰੱਥਾ ਅਤੇ ਦੂਰਅੰਦੇਸ਼ੀ ਸੋਚ ਸਦਕਾ ਦੇਸ਼ ਦੀ ਸਿਆਸਤ ’ਚ ਵੱਖਰੀ ਪਛਾਣ ਬਣਾਉਣ ਵਾਲੇ ਸ਼ਾਂਤਾ ਕੁਮਾਰ 12 ਸਤੰਬਰ ਨੂੰ ਆਪਣੇ ਜੀਵਨ ਦੇ 90 ਸਾਲ ਪੂਰੇ ਕਰਨ ਜਾ ਰਹੇ ਹਨ। ਇਸ ਮੌਕੇ ਸ਼ਾਂਤਾ ਕੁਮਾਰ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ : ਜੀਵਨ ਦੇ 90 ਸਾਲ ਪੂਰੇ ਕਰਨ ’ਤੇ ਕਿਸ ਤਰ੍ਹਾਂ ਦਾ ਅਨੁਭਵ ਕਰ ਰਹੇ ਹੋ?

ਜਵਾਬ : ਮੈਂ ਆਪਣੀ ਜ਼ਿੰਦਗੀ ਦੇ 90 ਸਾਲ ਪੂਰੇ ਕਰਨ ’ਤੇ ਬਹੁਤ ਖੁਸ਼ ਹਾਂ ਅਤੇ ਪਰਮਾਤਮਾ, ਦੋਸਤਾਂ, ਪਰਿਵਾਰ ਅਤੇ ਪਾਰਟੀ ਦਾ ਧੰਨਵਾਦ ਕਰਦਾ ਹਾਂ। ਮੈਂ ਇਕ ਸ਼ਾਨਦਾਰ ਜੀਵਨ ਬਤੀਤ ਕੀਤਾ, 60 ਸਾਲ ਸਰਗਰਮ ਸਿਆਸਤ ਵਿਚ ਬਿਤਾਏ। ਦੇਸ਼ ਅਤੇ ਸੂਬੇ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੇਰੀ ਖੁਸ਼ਕਿਸਮਤੀ ਹੈ ਕਿ ਲੋਕਤੰਤਰ ਦੀ ਪਹਿਲੀ ਪੌੜੀ ਗ੍ਰਾਮ ਪੰਚਾਇਤ ਗੜ੍ਹ ਜਮੂਲਾ ਵਿਚ ਪੰਚ ਬਣ ਕੇ ਸ਼ੁਰੂ ਹੋਈ ਅਤੇ ਬੀ. ਡੀ. ਸੀ., ਜ਼ਿਲਾ ਪ੍ਰੀਸ਼ਦ ਰਾਹੀਂ ਹੁੰਦਾ ਹੋਇਆ ਵਿਧਾਨ ਸਭਾ ਵਿਚ ਪਹੁੰਚਿਆ, ਦੋ ਵਾਰ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਬਣਿਆ। ਲੋਕ ਸਭਾ ਅਤੇ ਰਾਜ ਸਭਾ ਦੀ ਪ੍ਰਤੀਨਿਧਤਾ ਕੀਤੀ। ਮੈਨੂੰ ਸੰਯੁਕਤ ਰਾਸ਼ਟਰ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਵੀ ਮਿਲਿਆ, ਜੋ 190 ਦੇਸ਼ਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਸੰਸਦ ਹੈ।

ਸਵਾਲ : 2 ਵਾਰ ਮੁੱਖ ਮੰਤਰੀ ਬਣੇ, ਕੀ ਅਨੁਭਵ ਰਿਹਾ?

ਜਵਾਬ : 1970 ਵਿਚ ਮੁੱਖ ਮੰਤਰੀ ਬਣਿਆ, ਬਹੁਤ ਘੱਟ ਸਮਾਂ ਮਿਲਿਆ ਪਰ ਇਤਿਹਾਸਕ ਕੰਮ ਕੀਤਾ। ਜਦੋਂ ਦੁਬਾਰਾ ਮੁੱਖ ਮੰਤਰੀ ਬਣਿਆ ਤਾਂ ਪਾਲਮਪੁਰ ਵਿਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਵਿਚਾਰ ਆਇਆ ਅਤੇ ਵਿਵੇਕਾਨੰਦ ਟਰੱਸਟ ਦਾ ਗਠਨ ਕੀਤਾ ਅਤੇ ਜਨਤਾ ਦਾ ਸਹਿਯੋਗ ਮੰਗਿਆ। ਕੁੱਲ 23 ਕਰੋੜ ਰੁਪਏ ਇਕੱਠੇ ਹੋਏ, ਜਿਸ ਵਿਚੋਂ 7 ਕਰੋੜ ਰੁਪਏ ਹਿਮਾਚਲ ਦੇ ਲੋਕਾਂ ਨੇ ਦਿੱਤੇ। ਅੱਜ ਪਾਲਮਪੁਰ ਵਿਚ ਵਿਵੇਕਾਨੰਦ ਟਰੱਸਟ ਤਹਿਤ 100 ਕਰੋੜ ਰੁਪਏ ਦੀਆਂ 4 ਸੰਸਥਾਵਾਂ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਦੇਸ਼ ਦੇ ਚਾਰ ਪ੍ਰਮੁੱਖ ਯੋਗਾ ਅਤੇ ਨੈਚਰੋਪੈਥੀ ਦਾ ਕੇਂਦਰ ਕਾਇਆਕਲਪ ਬਣ ਕੇ ਉਭਰਿਆ ਹੈ। ਮੈਂ ਆਪਣੇ ਜੀਵਨ ਦੇ ਆਖਰੀ ਦਿਨਾਂ ਤੱਕ ਸਵਾਮੀ ਵਿਵੇਕਾਨੰਦ ਜੀ ਦੇ ਚਰਨਾਂ ਵਿਚ ਸੇਵਾ ਕਰਦਾ ਰਹਾਂਗਾ।

ਸਵਾਲ : ਮੁੱਢਲਾ ਜੀਵਨ ਕਿਹੋ ਜਿਹਾ ਕਿਹਾ?

ਜਵਾਬ : ਸ਼ੁਰੂਆਤੀ ਜੀਵਨ ਸੰਕਟ ਵਿਚੋਂ ਲੰਘਿਆ। 17 ਸਾਲ ਦੀ ਉਮਰ ਵਿਚ 10ਵੀਂ ਜਮਾਤ ਕੀਤੀ ਅਤੇ ਘਰ-ਪਰਿਵਾਰ ਛੱਡ ਕੇ ਸੰਘ ਦਾ ਪ੍ਰਚਾਰਕ ਬਣ ਗਿਆ। 19 ਸਾਲ ਦੀ ਉਮਰ ਵਿਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਕਸ਼ਮੀਰ ਅੰਦੋਲਨ ਵਿਚ ਕੁੱਦ ਪਿਆ ਅਤੇ 8 ਮਹੀਨੇ ਹਿਸਾਰ ਜੇਲ ਵਿਚ ਰਿਹਾ। ਇਸ ਤੋਂ ਬਾਅਦ ਸਿਆਸਤ ਵਿਚ ਆਇਆ, ਨਾ ਰੁਕਿਆ ਅਤੇ ਨਾ ਹੀ ਥੱਕਿਆ। ਆਪਣੀਆਂ ਸ਼ਰਤਾਂ ’ਤੇ ਅਤੇ ਸਿਧਾਂਤ ਦੀ ਸਿਆਸਤ ਕੀਤੀ, ਲੋੜ ਪੈਣ ’ਤੇ ਸੱਤਾ ਵੀ ਛੱਡ ਦਿੱਤੀ ਪਰ ਆਪਣੇ ਸਿਧਾਂਤਾਂ ’ਤੇ ਡਟਿਆ ਰਿਹਾ। ਤਿੰਨ ਵਾਰ ਜੇਲ ਗਿਆ ਅਤੇ ਆਪਣੀ ਜ਼ਿੰਦਗੀ ਦੇ ਢਾਈ ਸਾਲ ਜੇਲ ਵਿਚ ਗੁਜ਼ਾਰੇ।

ਸਵਾਲ : ਮੌਜੂਦਾ ਸਿਆਸਤ ਨੂੰ ਕਿਵੇਂ ਦੇਖਦੇ ਹੋ?

ਜਵਾਬ : ਇਕ ਗੱਲ ਦਾ ਦੁੱਖ ਹੈ ਕਿ ਸਿਆਸਤ ਦਾ ਪੱਧਰ ਦਿਨੋ-ਦਿਨ ਡਿੱਗਦਾ ਜਾ ਰਿਹਾ ਹੈ। 1952-53 ਵਿਚ ਜਦੋਂ ਭਾਰਤੀ ਜਨਸੰਘ ਹੋਂਦ ਵਿਚ ਆਇਆ ਤਾਂ ਪਾਰਟੀ ਕੋਲ ਕੁਝ ਵੀ ਨਹੀਂ ਸੀ। ਪੁਲਸ ਦੀਆਂ ਲਾਠੀਆਂ, ਚੋਣ ਜ਼ਮਾਨਤਾਂ ਜ਼ਬਤ ਅਤੇ ਜੇਲਾਂ ਹੋਈਆਂ ਪਰ ਸਾਡੇ ਕੋਲ 3 ਚੀਜ਼ਾਂ ਸਨ ਜਿਵੇਂ ਸਮਰਪਿਤ ਵਰਕਰ, ਦੇਸ਼ ਭਗਤੀ ਅਤੇ ਇਮਾਨਦਾਰੀ ਦੀ ਸਿਆਸਤ। ਇਨ੍ਹਾਂ 3 ਗੱਲਾਂ ਕਰਕੇ ਲੋਕਾਂ ਨੇ ਉਸ ਸਮੇਂ ਦੀ ਦੁਨੀਆ ਦੀ ਸਭ ਤੋਂ ਛੋਟੀ ਪਾਰਟੀ ਨੂੰ ਅੱਜ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣਾ ਦਿੱਤਾ ਹੈ। ਦੇਸ਼ ਵਿਚ ਸਿਆਸਤ ਦੇ ਡਿੱਗਦੇ ਪੱਧਰ ਵਿਚ ਕਈ ਵਾਰ ਸਾਡੀ ਪਾਰਟੀ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਕਰ ਲੈਂਦੀ ਹੈ, ਜਿਸ ਨਾਲ ਦੁੱਖ ਹੰੁਦਾ ਹੈ। ਜਿਸ ’ਚ ਇਮਾਨਦਾਰੀ ਦੀ ਸਿਆਸਤ ਨਾਲ ਅਸੀਂ ਇੱਥੇ ਪੁੱਜੇ, ਸਾਡੀ ਪਾਰਟੀ ਨੂੰ ਸਿਆਸਤ ਦਾ ਉਹ ਪੱਧਰ ਨਹੀਂ ਛੱਡਣਾ ਚਾਹੀਦਾ।

ਸਵਾਲ : ਕੀ ਪਾਰਟੀ ਦੇ ਪੱਧਰ ’ਚ ਵੀ ਗਿਰਾਵਟ ਆਈ ਹੈ?

ਜਵਾਬ : ਅੱਜ ਦੀ ਸਿਆਸਤ ਵਿਚ ਸਾਡੀ ਪਾਰਟੀ ਕਈ ਗੱਲਾਂ ਵਿਚ ਦੂਜੀਆਂ ਪਾਰਟੀਆਂ ਨਾਲੋਂ ਬਿਹਤਰ ਹੈ, ਪਰ ਹੌਲੀ-ਹੌਲੀ ਸਾਡੀ ਪਾਰਟੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਕਰ ਰਹੀ ਹੈ, ਲੀਡਰਾਂ ਦਾ ਪੱਧਰ ਵੀ ਹੌਲੀ-ਹੌਲੀ ਡਿੱਗਦਾ ਜਾ ਰਿਹਾ ਹੈ। ਰਾਸ਼ਟਰੀ ਸਵੈਮਸੇਵਕ ਸੰਘ ਸਾਡੀ ਮਾਂ ਸੰਸਥਾ ਰਹੀ ਹੈ। ਕਈ ਵਾਰ ਸਾਡੀ ਪਾਰਟੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਰਾਸ਼ਟਰੀ ਸਵੈਮਸੇਵਕ ਸੰਘ ਅਤੇ ਪਾਰਟੀ ਦੇ ਸਾਰੇ ਆਗੂਆਂ ਨੂੰ ਬੇਨਤੀ ਹੈ ਕਿ ਪਾਰਟੀ ਦਾ ਉਹੀ ਪੱਧਰ ਕਾਇਮ ਰੱਖਿਆ ਜਾਵੇ ਜੋ ਪੰਡਿਤ ਦੀਨਦਿਆਲ ਉਪਾਧਿਆਏ ਅਤੇ ਅਟਲ ਬਿਹਾਰੀ ਵਾਜਪਾਈ ਵਰਗੇ ਆਗੂਆਂ ਨੇ ਬਣਾਇਆ ਸੀ, ਤਾਂ ਹੀ ਭਾਰਤ, ਭਾਰਤ ਰਹੇਗਾ।

ਸਵਾਲ : ਜ਼ਿੰਦਗੀ ’ਚ ਧਰਮਪਤਨੀ ਦਾ ਸਹਿਯੋਗ ਕਿਸ ਤਰ੍ਹਾਂ ਦਾ ਮਿਲਿਆ?

ਜਵਾਬ : ਮੇਰੀ ਪਤਨੀ ਮੇਰੀ ਜ਼ਿੰਦਗੀ ਦੇ ਹਰ ਮੋੜ ’ਤੇ ਚੱਟਾਨ ਵਾਂਗ ਮੇਰੇ ਨਾਲ ਖੜ੍ਹੀ ਰਹੀ। ਜਦੋਂ ਐਮਰਜੈਂਸੀ ਦੌਰਾਨ 19 ਮਹੀਨੇ ਦੀ ਕੈਦ ਕੱਟ ਰਿਹਾ ਸੀ ਤਾਂ ਮੈਨੂੰ ਦੱਸਿਆ ਗਿਆ ਕਿ ਮੇਰਾ ਪੁੱਤਰ ਬੀਮਾਰ ਹੈ। ਮੈਂ 7 ਦਿਨਾਂ ਦੀ ਪੈਰੋਲ ’ਤੇ ਘਰ ਆਇਆ, ਛੇਵਾਂ ਦਿਨ ਸੀ ਜਦੋਂ ਇਕ ਦੋਸਤ ਨੇ ਆ ਕੇ ਮੈਨੂੰ ਉਸ ਵੇਲੇ ਦੇ ਕਾਂਗਰਸ ਪ੍ਰਧਾਨ ਦੇ ਉਸ ਬਿਆਨ ਬਾਰੇ ਦੱਸਿਆ, ਜਿਸ ਵਿਚ ਉਸ ਨੇ ਕਿਹਾ ਸੀ ਕਿ ਕਿਸੇ ਨੂੰ ਜੇਲ ਵਿਚੋਂ ਨਹੀਂ ਛੱਡਿਆ ਜਾ ਸਕਦਾ ਅਤੇ ਉਨ੍ਹਾਂ ਨੂੰ ਸਮੁੰਦਰ ਵਿਚ ਸੁੱਟਣ ਦੀ ਗੱਲ ਕੀਤੀ ਸੀ। ਦੋਸਤ ਨੇ ਕਿਹਾ ਕਿ ਜੇਲ ਦੇ ਦਰਵਾਜ਼ੇ ਕਦੇ ਨਹੀਂ ਖੁੱਲ੍ਹਣਗੇ, ਇਨ੍ਹਾਂ ਬੱਚਿਆਂ ਦਾ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਕ ਵੱਡਾ ਆਗੂ ਉਨ੍ਹਾਂ ਦਾ ਦੋਸਤ ਹੈ। 3 ਹੋਰ ਲੋਕਾਂ ਨੂੰ ਜੇਲ ’ਚੋਂ ਛੁਡਵਾ ਚੁੱਕਾ ਹਾਂ, ਮੇਰੇ ਕਹਿਣ ’ਤੇ 2 ਸ਼ਬਦ ਲਿਖ ਦਿਓ ਤਾਂ ਜੇਲ ’ਚੋਂ ਛੁਡਵਾ ਦਿਆਂਗਾ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ, ਮੇਰੀ ਪਤਨੀ ਸੰਤੋਸ਼ ਸ਼ੈਲਜਾ ਨੇ ਗੁੱਸੇ ਵਿਚ ਕਿਹਾ, ਤੁਸੀਂ ਕੀ ਕਹਿ ਰਹੇ ਹੋ, ਉਹ ਕੁਝ ਨਹੀਂ ਲਿਖਣਗੇ, ਇਹ ਜੇਲ ਵਿਚ ਰਹਿਣਗੇ ਅਤੇ ਮੈਂ ਪਰਿਵਾਰ ਦਾ ਧਿਆਨ ਰੱਖਾਂਗੀ। ਸੰਤੋਸ਼ ਸ਼ੈਲਜਾ ਮੇਰੀ ਜ਼ਿੰਦਗੀ ਦੇ ਹਰ ਪਲ ਮੇਰੇ ਨਾਲ ਖੜ੍ਹੀ ਰਹੀ।

ਸਵਾਲ : ਜੀਵਨ ’ਚ ਕਿਸੇ ਨਾਲ ਕੋਈ ਗਿਲਾ-ਸ਼ਿਕਵਾ ਹੈ?

ਜਵਾਬ : ਮੈਂ ਜੀਵਨ ਦੇ ਆਖਰੀ ਮੋੜ ’ਤੇ ਹਾਂ, ਪਤਾ ਨਹੀਂ ਕਿਹੜੀ ਮੁਲਾਕਾਤ ਆਖਰੀ ਹੋ ਜਾਵੇ। ਕਿਸੇ ਨਾਲ ਕੋਈ ਗਿਲਾ ਨਹੀਂ, ਮੈਨੂੰ ਰੱਬ ਨੇ ਸਭ ਕੁਝ ਦਿੱਤਾ। ਹੁਣ ਜੀਵਨ ਦੀ ਆਖਰੀ ਯਾਤਰਾ ਲਈ ਤਿਆਰ ਹਾਂ, ਸੱਚ ਕਹਿੰਦਾ ਹਾਂ ਜਦ ਵੀ ਜਾਵਾਂਗਾ, ਹੱਸਦਿਆਂ, ਮੁਸਕਰਾਉਂਦਿਆਂ ਜਾਵਾਂਗਾ ਕਿਉਂਕਿ ਮੈਨੂੰ ਰੱਬ ਦੀ ਕ੍ਰਿਪਾ ਨਾਲ ਸਭ ਕੁਝ ਪ੍ਰਾਪਤ ਹੋਇਆ।

ਸ਼ਾਂਤਾ ਕੁਮਾਰ (ਸਾਬਕਾ ਮੁੱਖ ਮੰਤਰੀ ਹਿ.ਪ੍ਰ. ਅਤੇ ਸਾਬਕਾ ਕੇਂਦਰੀ ਮੰਤਰੀ)


Rakesh

Content Editor

Related News